ਸਤਪਾਲ ਸਿੰਘ ਦਿਓਲ
ਦਰਿਆਵਾਂ ਦਾ ਪਾਣੀ ਏਂ
ਤੇਰੇ ਨਾਂ ਲਵਾਤੀ ਜ਼ਿੰਦਗੀ
ਤੂੰ ਤਾਂ ਰੂਹਾਂ ਦਾ ਹਾਣੀ ਏਂ
ਕਣੀ ਨਿੱਕੀ ਨਿੱਕੀ ਪੈਂਦੀ ਏ
ਤੂੰ ਦੱਸ ਕਦੋਂ ਆਉਣਾ
ਅੱਖ ਰਾਹਾਂ ’ਤੇ ਰਹਿੰਦੀ ਏ
ਅੱਖ ਅੱਜ ਮੇਰੀ ਫੇਰ ਫਰਕੇ
ਉਂਝ ਚੱਲਣੇ ਦੀ ਵਾਹ ਕੋਈ ਨਾ
ਸਾਹ ਚਲਦੇ ਨੇ ਤੇਰੇ ਕਰਕੇ
ਟੁੱਟਾ ਦਿਲ ਅੱਜ ਕਿਸਦਾ ਏ
ਜ਼ਖ਼ਮ ਜਿਹੜਾ ਤੂੰ ਦੇ ਦਿੱਤਾ
ਸਦਾ ਰਹਿੰਦਾ ਹੀ ਰਿਸਦਾ ਏ
ਸੇਰੂ ਬੇਰੀ ਦੇ, ਤੇ ਕਿੱਕਰਾਂ ਦੇ ਪਾਵੇ
ਕਦੇ-ਕਦੇ ਤੂੰ ਦਿਸ ਜਾਏਂ
ਦਿਲ ਕੁਝ ਵੀ ਨਾ ਹੋਰ ਚਾਹਵੇ
ਪਾਣੀ ਖੂਹਾਂ ਦਾ ਮੈਂ ਪੀਵਾਂ
ਜੀਹਦੇ ਵਿੱਚ ਤੂੰ ਹੈ ਨਹੀਂ
ਉਹ ਜ਼ਿੰਦਗੀ ਮੈਂ ਕਿੰਝ ਜੀਵਾਂ
ਰੁੱਤ ਆ ਗਈ ਬਹਾਰਾਂ ਦੀ
ਕੱਚ ਵਾਂਗੂੰ ਟੁੱਟ ਜਾਂਦੀ
ਯਾਰੀ ਸੋਹਣੀਆਂ ਨਾਰਾਂ ਦੀ
ਸ਼ਹਿਰ ਵਸਦੇ ਨੇ ਤੇਰੇ ਨੀਂ
ਮਿੱਤਰਾਂ ਨੇ ਸਾਂਭ ਕੇ ਰੱਖੇ
ਸੱਲ ਹਿਜਰਾਂ ਦੇ ਤੇਰੇ ਨੀਂ
ਜੇ ਲਿਖਿਆ ਵਿਛੜੇ ਹੀ ਮਰਨਾ
ਜਿਹੜੀ ਜ਼ਿੰਦਗੀ ’ਚ ਤੂੰ ਨਾ ਹੋਵੇਂ
ਮੈਂ ਉਸ ਜ਼ਿੰਦਗੀ ਦਾ ਕੀ ਕਰਨਾ
ਦਾਣੇ ਚੁਗ ਲਏ ਮੋਰਾਂ ਨੇ
ਮਿੱਤਰਾਂ ਨੂੰ ਜ਼ਖ਼ਮ ਦਿੱਤੇ
ਤੇਰੇ ਰਾਹ ਦੀਆਂ ਥੋਹਰਾਂ ਨੇ
ਸੰਪਰਕ: 98781-70771
ਕੱਲ੍ਹ ਸਾਨੂੰ ਮੁਆਫ਼ ਨਾ ਕਰੂ
ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਅਸੀਂ ਅੱਜ ਨਾ ਨਿਭਾਈਆਂ ਜ਼ਿੰਮੇਵਾਰੀਆਂ।
ਕੱਲ੍ਹ ਸਾਨੂੰ ਮੁਆਫ਼ ਨਾ ਕਰੂ।
ਲਿਖੀ ਜਾਂਦਾ ਏ ਵਕਤ ਗੱਲਾਂ ਸਾਰੀਆਂ
ਕੱਲ੍ਹ ਸਾਨੂੰ ਮੁਆਫ਼ ਨਾ ਕਰੂ।
ਵੇਖ ਇਤਿਹਾਸ ਵਾਲੇ ਪੰਨੇ ਜ਼ਰਾ ਫੋਲ ਕੇ,
ਮਿਲੀ ਇਹ ਆਜ਼ਾਦੀ ਸਾਨੂੰ ਕਿੰਨਾ ਖ਼ੂਨ ਡੋਲ੍ਹ ਕੇ,
ਅਸੀਂ ਸਿਰਾਂ ਵੱਟੇ ਲਈਆਂ ਸਰਦਾਰੀਆਂ
ਕੱਲ੍ਹ ਸਾਨੂੰ ਮੁਆਫ਼ ਨਾ ਕਰੂ।
ਕੰਧ ਬਣ ਖੜ੍ਹ ਜਾਵੀਂ ਅੱਗੇ ਤੂੰ ਤੂਫ਼ਾਨ ਦੇ,
ਜ਼ਾਲਮਾਂ ਦੇ ਅੱਗੇ ਸੀਨਾ ਡਟ ਕੇ ਤੂੰ ਤਾਣ ਦੇ,
ਅਸੀਂ ਵੇਖੇ ਤੇ ਹੰਢਾਏ ਆਰੇ ਆਰੀਆਂ
ਕੱਲ੍ਹ ਸਾਨੂੰ ਮੁਆਫ਼ ਨਾ ਕਰੂ।
ਫ਼ਾਇਦਾ ਕੀ ਏ ਬੋਝ ਥੱਲੇ ਉਮਰਾਂ ਗੁਜ਼ਾਰ ਕੇ,
ਜੀਣਾ ਵੀ ਕੀ ਜੀਣਾ ਏ ਜ਼ਮੀਰਾਂ ਨੂੰ ਹੀ ਮਾਰ ਕੇ,
ਪਿੱਛਲੱਗੂ ਬਣ ਜੂਨਾਂ ਹੀ ਗੁਜ਼ਾਰੀਆਂ
ਕੱਲ੍ਹ ਸਾਨੂੰ ਮੁਆਫ਼ ਨਾ ਕਰੂ।
ਯੋਧੇ ਸੂਰਬੀਰਾਂ ਨੂੰ ਨਹੀਂ ਲੋਕ ਕਦੇ ਭੁੱਲਦੇ,
ਹੀਰੇ ਕਦਾਚਿੱਤ ਨਹੀਂ ਬਲੌਰਾਂ ਵੱਟੇ ਤੁੱਲਦੇ,
ਰੱਖੋ ‘ਪਾਰਸ’ ਦੇ ਉੱਤੇ ਦਾਅਵੇਦਾਰੀਆਂ
ਕੱਲ੍ਹ ਸਾਨੂੰ ਮੁਆਫ਼ ਨਾ ਕਰੂ।
ਸੰਪਰਕ: 99888-11681
ਕਹਾਣੀ ਦੇਸ਼ ਵਿਦੇਸ਼ ਦੀ
ਗੁਰਿੰਦਰ ਸਿੰਘ ਸੰਧੂਆਂ
ਦੋ ਮਿੱਤਰਾਂ ਦੀ ਦੋਸਤੀ ਵੱਖੋ ਵੱਖ ਵਿਚਾਰ।
ਕਹਾਣੀ ਦੇਸ਼ ਵਿਦੇਸ਼ ਦੀ ਕਵਿਤਾ ਰਹੀ ਉਚਾਰ।
ਪੱਮਾ ਤੇ ਪਰਮਜੀਤ ਦੋਵੇਂ ਇੱਕ ਪਿੰਡ ਰਹਿੰਦੇ
ਨੇੜੇ ਨੇੜੇ ਘਰ ਨਾਲੇ ਦੋਵੇਂ ਪੱਕੇ ਯਾਰ ਜੀ।
ਹਰ ਇੱਕ ਕੰਮ ਲਈ ਬੈਠ ਕੇ ਇਕੱਠੇ ਦੋਵੇਂ
ਭਾਈਆਂ ਵਾਂਗੂੰ ਕਰਦੇ ਵੀਰਨੋ ਵਿਚਾਰ ਜੀ।
ਦੋਵਾਂ ਕੋਲ ਮੁੰਡਾ ਕੁੜੀ ਬਖ਼ਸ਼ੀ ਔਲਾਦ ਦਾਤੇ
ਪੜ੍ਹਨ ਲਿਖਣ ਨੂੰ ਸੀ ਬੱਚੇ ਹੁਸ਼ਿਆਰ ਜੀ।
ਪਰਮਜੀਤ ਆਖਦਾ ਰਹਿੰਦਾ ਸੀ ਪੱਮੇ ਦੇ ਤਾਈਂ
ਬੱਚੇ ਆਪਾਂ ਭੇਜ ਦੇਣੇ ਪੱਮੇ ਸਿਹਾਂ ਬਾਹਰ ਜੀ
ਚੰਗੀ ਪੈਲੀ ਤੇਰੇ ਕੋਲ ਕਰਨਾ ਕੀ ਪੈਸਾ ਬਾਹਲ਼ਾ
ਹੋਣ ਕੋਲ ਬੱਚੇ ਹੁੰਦੀ ਮਸਤ ਬਹਾਰ ਜੀ।
ਪਰਮਜੀਤ ਦੇ ਨੇ ਬੱਚੇ ਜਾਕੇ ਤੇ ਵਿਦੇਸ਼ਾਂ ਵੱਸੇ
ਦਿਨ ਰਾਤ ਕੰਮ ਕੀਤਾ ਭਰਤੇ ਭੰਡਾਰ ਜੀ।
ਭੇਜਦੇ ਰਹੇ ਸੀ ਪੈਸਾ ਬੜਾ ਉਹ ਬਾਪੂ ਤਾਈਂ
ਕੋਠੀਆਂ ਹਵੇਲੀਆਂ ਦੇ ਹੋਗੇ ਸ਼ਾਹੂਕਾਰ ਜੀ।
ਪੜ੍ਹ ਲਿਖ ਦੇਸ਼ ਵਿੱਚ, ਪੰਮੇ ਦਾ ਸਿਆਣਾ ਪੁੱਤ
ਕਰੀ ਜਾਂਦਾ ਸੁੱਖ ਨਾਲ ਚੰਗਾ ਕੰਮ ਕਾਰ ਜੀ।
ਘਰ ਵਿੱਚ ਪ੍ਰੋਗਰਾਮ ਰੱਖ ਕੇ ਪਰਮਜੀਤ
ਕਰ ਲਿਆ ’ਕੱਠ ਵੱਡਾ ਸਜੇ ਦਰਬਾਰ ਜੀ।
ਵੇਖ ਵੇਖ ਲੋਕਾਂ ਤਾਈਂ ਚੜ੍ਹੀ ਜਾਂਦਾ ਚਾਅ ਉਹਨੂੰ
ਬੱਲੇ ਬੱਲੇ ਸੁਣ ਹੋਇਆ ਅੱਜ ਪੱਬਾਂ ਭਾਰ ਜੀ।
ਧੰਨਵਾਦ ਲਈ ਜਦੋਂ ਉੱਠਿਆ ਪਰਮਜੀਤ
ਫ਼ਤਹਿ ਨੂੰ ਬੁਲਾਕੇ ਕਰੇ ਉਸ ਨੇ ਦੀਦਾਰ ਜੀ
ਪੱਮੇ ਸੋਹਣੇ ਯਾਰ ਵਾਲੀ ਗੱਲ ਦਾ ਧਿਆਨ ਆਇਆਂ
ਕਰ ਕੇ ਬਚਨ ਯਾਦ ਰੋਵੇਂ ਭੁੱਬਾਂ ਮਾਰ ਜੀ।
ਬੇਨਤੀ ਹੈ ਮੇਰੀ ਅੱਜ ਸੁਣ ਲੈਣੀ ਸੰਗਤ ਜੀ
ਸਭ ਤੋਂ ਅਮੀਰ ਜਾਣੋਂ, ਕੋਲ ਪਰਿਵਾਰ ਜੀ।
ਬੇਬੇ ਬਾਪੂ ਤਰਸ’ਗੇ ਅੱਜ ਦੋਵੇਂ ਬੱਚਿਆਂ ਨੂੰ
ਕੋਠੀਆਂ ਹਵੇਲੀਆਂ ਕੀ ਕਰਨੇ ਭੰਡਾਰ ਜੀ।
ਜਿਹੋ ਜਿਹੀ ਮੱਤ ਅਸੀਂ ਦਿੱਤੀ ਸੀਗੀ ਬੱਚਿਆਂ ਨੂੰ
ਮਿਲੀ ਜਾਂਦਾ ਸਾਨੂੰ ਉਹੋ ਜਿਹਾ ਹੈ ਪਿਆਰ ਜੀ।
ਚੰਗਾ ਜੇ ਗੁਜ਼ਾਰਾ ਹੋਵੇਂ ਗੱਲ ਸੁਣ ਸੰਧੂਆਂ ਤੂੰ
ਲੈਣਾ ਕੀ ਹੈ ਦੱਸ ਫੇਰ ਜਾਕੇ ਇੱਥੋ ਬਾਹਰ ਜੀ।
* * *
ਗ਼ਜ਼ਲ
ਰਾਕੇਸ਼ ਕੁਮਾਰ
ਘਰ ਤਾਂ ਅਕਸਰ ਘਰ ਹੁੰਦੈ।
ਨਾ ਕਿਸੇ ਦਾ ਜਿੱਥੇ ਡਰ ਹੁੰਦੈ।
ਹੰਝੂ ਕਿਸੇ ਦੇ ਪੂੰਝ ਦੇਈਏ ਤਾਂ,
ਮਨ ਅੰਦਰੋਂ ਕਿੰਨਾ ਤਰ ਹੁੰਦੈ।
ਰੁਕਣ ਨਾ ਦਿੰਦੇ ਜੋ ਕਦਮਾਂ ਨੂੰ,
ਮਿੱਥਿਆ ਨਿਸ਼ਾਨਾ ਸਰ ਹੁੰਦੈ।
ਕਿਉਂ ਦਰਜਾ ਦੇਣਾ ਮਰਦਾਂ ਨੂੰ,
ਔਰਤ ਤੋਂ ਹੀ ਪੈਦਾ ਨਰ ਹੁੰਦੈ।
ਵਿਤਕਰਾ ਹੈ ਧਰਮ ਵਿੱਚ ਵੀ,
ਆਸਥਾ ਤਾਈਂ ਨਾ ਜਰ ਹੁੰਦੈ।
ਸੰਪਰਕ: 94630-24455
ਡਿਜੀਟਲ ਹੋਏ ਰਿਸ਼ਤੇ
ਮੁਨੀਸ਼ ਭਾਟੀਆ
ਸਾਰੀ ਉਮਰ ਕਰਦੇ ਰਹੇ ਹਾਂ
ਅਸੀਂ ਇੱਕ ਪਿਆਰੇ ਦੀ ਉਡੀਕ,
ਪਰ ਇੱਥੇ ਹਰ ਕੋਈ
ਰੁੱਝਿਆ ਹੋਇਆ ਹੈ,
ਆਪਣੀ ਹੀ ਇੱਛਾ ਦੇ ਨਵੇਂ
ਰਿਸ਼ਤੇ ਬਣਾਉਣ ਵਿੱਚ!
ਰਿਸ਼ਤਿਆਂ ਦੀ ਇੱਜ਼ਤ ਹੁਣ,
ਡਿਜੀਟਲ ਵਜੋਂ ਹੋ ਗਈ ਹੈ,
ਇੱਥੇ ਹਰ ਕੋਈ
ਰਿਸ਼ਤੇ ਨਿਭਾਉਂਦਾ ਹੈ,
ਸੁਆਰਥ ਦੀ ਖ਼ਾਤਰ,
ਇਹ ਸੋਚ ਕੇ ਕਦੋਂ ਅਤੇ ਕਿੱਥੇ
ਕਿਸ ਨਾਲ ਕੀ ਕੰਮ ਪੈ ਜਾਏ!
ਰਿਸ਼ਤਿਆਂ ਦੀ ਖ਼ਾਤਰ
ਸੁਆਹ ਕਈ ਵਾਰ ਹੁੰਦੇ
ਦੁਨੀਆਦਾਰੀ ਵਿੱਚ ਅਸੀਂ,
ਜਦਕਿ ਸਾਡੇ ਆਪਣੇ
ਰਿਸ਼ਤੇ ਨਹੀਂ ਕਰ ਸਕਦੇ,
ਭਾਵਨਾਵਾਂ ਨਾਲ ਨਿਆਂ ਕਦੇ!
ਰੇਸ਼ਮ ਜਿਹੇ ਰਿਸ਼ਤੇ
ਸੁਰੱਖਿਅਤ ਨਹੀਂ ਹਨ,
ਹੁਣ ਕਿਸੇ ਨੂੰ ਕੁਝ
ਕਹਿਣ ਦਾ ਸਮਾਂ ਨਹੀਂ,
ਨਾ ਹੀ ਸੱਚ ਸੁਣਨ ਲਈ ਹਿੰਮਤ,
ਪਰ ਬੇਅੰਤ ਦੁੱਖ ਦੇ ਬਾਵਜੂਦ,
ਦਿਲ ਅਜੇ ਵੀ ਪਿਆਰ
ਆਪਣਿਆਂ ਨੂੰ ਹੀ ਕਰਦਾ ਹੈ!
ਸੰਪਰਕ: 70271-20349
ਮਾਂ ਜ਼ਰੂਰੀ ਹੈ…
ਮਨਜੀਤ ਕੌਰ ਧੀਮਾਨ
ਸੱਭੇ ਸਹੇਲੀਆਂ ਪੇਕੀਂ ਜਾਵਣ,
ਮੈਂ ਕਿਹੜੇ ਦਰ ਜਾਵਾਂ ਨੀਂ,
ਕੱਲੀ ਛੱਡ ਕੇ ਤੁਰ ਗਈ ਮਾਏਂ,
ਦੱਸ ਜਾ ਕੋਈ ਸਿਰਨਾਵਾਂ ਨੀਂ।
ਸੱਭੇ ਸਹੇਲੀਆਂ…
ਕਦੇ ਦਿਸੇ ਮੈਨੂੰ ਚੁੱਕੀ ਆਉਂਦੀ,
ਸਿਰ ਉੱਤੇ ਪੀਪਾ ਸੰਧਾਰੇ ਦਾ।
ਖ਼ਾਲੀ ਵਿਹੜਾ ਖਾਣ ਨੂੰ ਆਵੇ,
ਕੀ ਕਰਾਂ ਮਨ ਹਾਰੇ ਦਾ।
ਤੇਰੀ ਫੋਟੋ ਦੇ ਨਾਲ਼ ਹੁਣ ਤਾਂ,
ਗੱਲਾਂ ਕਰੀ ਮੈਂ ਜਾਵਾਂ ਨੀਂ।
ਸੱਭੇ ਸਹੇਲੀਆਂ…
ਬਾਪੂ ਦਾ ਵੀ ਪਿਆਰ ਬਥੇਰਾ,
ਪਰ ਤੇਰੀ ਗੱਲ ਹੋਰ ਹੀ ਸੀ।
ਉਂਗਲ ਕੋਈ ਨਹੀਂ ਸੀ ਕਰਦਾ,
ਸ਼ਾਇਦ ਤੇਰਾ ਜ਼ੋਰ ਹੀ ਸੀ।
ਤੇਰੇ ਹੱਥ ਦੇ ਸੁਆਦਾਂ ਵਾਲ਼ੀ,
ਚੂਰੀ ਦੱਸ ਕਿੱਥੋਂ ਖਾਵਾਂ ਨੀਂ।
ਸੱਭੇ ਸਹੇਲੀਆਂ…
ਟੁੱਟੇ ਹੋਏ ਦਿਲ ਦੇ ਟੁਕੜੇ,
ਜ਼ਿਕਰ ਤੇਰਾ ਹੀ ਕਰਦੇ ਨੇ।
ਸੁਪਨੇ ਤੇਰੇ ਪਿਆਰ ਦੀ,
ਗਵਾਹੀ ਅੱਜ ਵੀ ਭਰਦੇ ਨੇ।
ਤੇਰੀ ਇੱਕ ਗਲਵਕੜੀ ਨੂੰ,
ਤਰਸਣ ਮੇਰੀਆਂ ਬਾਹਵਾਂ ਨੀਂ।
ਸੱਭੇ ਸਹੇਲੀਆਂ…
ਕੱਚੀ ਨਾ ਸੀ ਉਮਰ ਮੇਰੀ,
ਪਰ ਫਿਰ ਵੀ ਮਾਂ ਜ਼ਰੂਰੀ ਹੈ।
ਦੂਰ ਕਿਤੇ ਛੱਡ ਕੇ ਤੁਰ ਗਈ,
ਦੱਸ ਤੇਰੀ ਕੀ ਮਜਬੂਰੀ ਹੈ।
ਤੇਰੀ ਹੀ ‘ਮਨਜੀਤ’ ਨੂੰ ਗੋਦ ਮਿਲੇ,
ਕਦੇ ਦੂਜਾ ਜਨਮ ਜੇ ਪਾਵਾਂ ਨੀਂ।
ਸੱਭੇ ਸਹੇਲੀਆਂ….
ਸੰਪਰਕ: 94646-33059
ਚੁੱਪ
ਹਰਮਨ ਕੌਰ
ਢਲਦੇ ਪਰਛਾਵੇਂ,
ਉੱਜੜੀਆਂ ਨਜ਼ਰਾਂ,
ਕੋਹਾਂ ਪਿਛਾਂਹ ਰਹਿ ਗਈ ਹੋਂਦ।
ਲੰਘੇ ਪਲਾਂ ਨੂੰ
ਜ਼ਿਹਨ ’ਚ ਉੱਕਰਿਆਂ
ਮੁੱਦਤਾਂ ਬੀਤ ਗਈਆਂ।
ਹਰ ਜ਼ੁਬਾਨ ’ਤੇ ਜ਼ਿਕਰ ਏ
ਚਾਨਣ ਦੀ ਲੀਕ ਦਾ,
ਘੁਲਦੇ ਜਾ ਰਹੇ ਰੰਗਾਂ ਦਾ,
ਤੇ ਮੈਂ ਪਿਛਾਂਹ ਰਹਿ ਗਈ ਆਪਣੀ ਹੋਂਦ ਨੂੰ
ਵਾਰ-ਵਾਰ ਆਵਾਜ਼ਾਂ ਮਾਰ ਪੁੱਛਦਾ ਹਾਂ
ਚਾਨਣ ਦੇ ਕੀ ਮਾਇਨੇ ਹੁੰਦੇ ਨੇ?
ਰੰਗ ਕਿਸ ਸ਼ੈਅ ਦਾ ਨਾਮ ਏ?
ਹਨੇਰੇ ਵਿੱਚ ਲੁਪਤ ਹੋਈ ਨਜ਼ਰ,
ਬੀਤੇ ਪਰਛਾਵਿਆਂ ਤੋਂ ਪੱਲਾ ਛੁਡਾ,
ਮੇਰੇ ਜ਼ਿਹਨ ਦੇ
ਬਿਖ਼ਰੇ ਟੁਕੜਿਆਂ ਨੂੰ
ਇਕੱਠਾ ਕਰਦੀ ਏ
ਤੇ ਜਿਨ੍ਹਾਂ ਜ਼ਖ਼ਮਾਂ ਨੂੰ
ਮੈਂ ਮਰ ਚੁੱਕੇ ਸਮਝਿਆ ਸੀ
ਫਿਰ ਤੋਂ ਸਾਹਮਣੇ ਆ ਪੁੱਛਦੇ ਨੇ
ਉਨ੍ਹਾਂ ਜਿਸਮਾਂ ਦਾ ਸਿਰਨਾਵਾਂ
ਜੋ ਨਫ਼ਰਤ ਦੀ ਅੱਗ ਵਿੱਚ
ਸੁਲਗ਼ਦੇ ਰਹੇ।
ਉਹ ਪੁੱਛਦੇ ਨੇ
ਕਿੱਥੇ ਜਾ ਦਫ਼ਨ ਹੋਈਆਂ
ਉਹ ਕੁਰਲਾਹਟਾਂ
ਜਿਨ੍ਹਾਂ ਨੇ
ਨਫ਼ਰਤ ਦੀ ਅੱਗ ਸੇਕਣ ਤੋਂ
ਇਨਕਾਰ ਕਰ ਦਿੱਤਾ ਸੀ।
ਉਨ੍ਹਾਂ ਨੂੰ ਇਤਰਾਜ਼ ਹੈ
ਮੇਰੀ ਚੁੱਪ ’ਤੇ
ਪਰ ਉਹ ਨਹੀਂ ਜਾਣਦੇ
ਕਿ ਹਰ ਚੁੱਪ
ਜ਼ੁਲਮਾਂ ਦੀ ਦਾਸਤਾਂ ਨੂੰ
ਠੰਢੇ ਬਸਤੇ ਨਹੀਂ ਪਾ ਦਿੰਦੀ।
ਹਰ ਚੁੱਪ ਵਿੱਚ
ਦਫ਼ਨ ਹੁੰਦੀਆਂ ਨੇ
ਕਈ ਆਵਾਜ਼ਾਂ,
ਜੋ ਇਨਸਾਨ ਦੇ
ਖ਼ੁਦ ਨਾਲੋਂ ਟੁੱਟਦੇ ਵਕਤ
ਆਸਮਾਨ ਦਾ ਸੀਨਾ ਵੀ
ਚੀਰ ਜਾਂਦੀਆਂ ਨੇ
ਤੇ ਜ਼ਾਲਮ ਦੇ ਕੰਨਾਂ ਨੂੰ
ਸੁਣਾਈ ਵੀ ਨਹੀਂ ਦਿੰਦੀਆਂ।
ਉਹ ਸਮਝਦੇ ਕਿਉਂ ਨਹੀਂ
ਕਿ ਜਿਸਮ ਸਮਾ ਜਾਂਦੇ ਨੇ ਧਰਤ ਵਿੱਚ
ਪਰ ਕੁਰਲਾਹਟਾਂ, ਪੀੜਾਂ, ਦਰਦਾਂ ਦੀ
ਕੋਈ ਕਬਰ ਨਹੀਂ ਹੁੰਦੀ।
ਇਹ ਜਿਉਂਦੇ ਰਹਿੰਦੇ ਨੇ
ਨਫ਼ਰਤਾਂ ਦੇ ਸਾਏ ਹੇਠ
ਸਹਿਕਦੀ ਜ਼ਿੰਦਗੀ ਦਾ
ਪਰਛਾਵਾਂ ਬਣਕੇ।