ਕੈਫ਼ੀ ਕੌਣਤਾਕੀ
ਦੂਰ ਕਿਤੇ ਉੱਡਦੇ ਬੱਦਲਾਂ ਚੋਂ
ਕੋਈ ਕਹਾਣੀ ਝਾਕੀ ਏ
ਸਮੇਂ ਦੀ ਢੱਠੀ ਕੰਧ ’ਚ ਖ਼ੌਰੇ
ਯਾਦਾਂ ਦੀ ਇੱਕ ਤਾਕੀ ਏ
ਉਮਰਾਂ ਦੇ ਵਗਦੇ ਦਰਿਆਵਾਂ
ਕਈ ਕਿਨਾਰੇ ਤੋੜੇ ਨੇ
ਕੁਝ ਅਫ਼ਸਾਨੇ ਡੁੱਬ ਗਏ ਤੇ
ਕਈਆਂ ਦੇ ਰੁਖ਼ ਮੋੜੇ ਨੇ
ਖ਼ੌਰੇ ਧਰਤੀ ਦੇ ਕਿਸ ਟੁਕੜੇ
ਥੱਲੇ ਕ਼ੈਦ ਕਹਾਣੀ ਹੋਵੇ
ਖ਼ੌਰੇ ਕਿਹੜੀ ਕੰਧ ਟੱਪ ਕੇ
ਨੱਠੀ ਕੋਈ ਰਾਣੀ ਹੋਵੇ
ਅੱਖੀਂ ਵੇਖੀ ਚੀਜ਼ ਨਹੀਂ ਪਰ
ਕਈਆਂ ਇਹ ਗੱਲ ਆਖੀ ਏ
ਸਮੇਂ ਦੀ ਢੱਠੀ ਕੰਧ ਚ ਖ਼ੌਰੇ
ਯਾਦਾਂ ਦੀ ਇੱਕ ਤਾਕੀ ਏ
* * *
ਸ਼ੀਸ਼ਾ
ਧਰਤੀ ਦੀ ਦੀਵਾਰ ਤੇ ਟੰਗਿਆ
ਪਾਣੀ ਝਿਲਮਿਲਾਉਂਦਾ ਹੈ
ਅੰਬਰ ਚੋਂ ਲੰਘਦੇ ਬੱਦਲਾਂ ਨੂੰ
ਸਮੇਂ ਦਾ ਮੁਖ ਵਿਖਾਉਂਦਾ ਹੈ
ਰੁੱਖਾਂ ਉੱਤੋਂ ਕਿਰਦੇ ਪੱਤੇ
ਕੁਝ ਹੋਰ ਵੀ ਕਹਿੰਦੇ ਸੀ
ਸੁਣਿਐ ਇਸ ਜਗ੍ਹਾ ਤੇ ਪਹਿਲਾਂ
ਰੇਤ ਦੇ ਜੰਗਲ ਰਹਿੰਦੇ ਸੀ
ਜੰਗਲ ਦੇ ਰਾਜੇ ਦੀ ਕੈਦ ਚੋਂ
ਕਿਸਮਤ ਰਾਣੀ ਨਿਕਲ ਗਈ
ਕੱਸ ਕੇ ਰੱਖੀ ਮੁੱਠੀ ਵਿੱਚੋਂ
ਸਮੇਂ ਦੀ ਰੇਤ ਫਿਸਲ ਗਈ
ਉਸ ਰੇਤ ਵਿੱਚ ਸੂਰਜ ਉੱਗਿਆ
ਤਰਕਾਲਾਂ ਦਾ ਵੇਲ਼ਾ ਪੁੱਗਿਆ
ਦੂਰ ਦੂਰ ਤਕ ਚਾਨਣ ਦਾ ਇਹ
ਸੂਰਜ ਮੀਂਹ ਵਰਸਾਉਂਦਾ ਹੈ
ਅੰਬਰ ਚੋਂ ਲੰਘਦੇ ਬੱਦਲਾਂ ਨੂੰ
ਸਮੇਂ ਦਾ ਮੁਖ ਵਿਖਾਉਂਦਾ ਹੈ