ਰਾਬਿੰਦਰਨਾਥ ਟੈਗੋਰ
ਉਪਗੁਪਤ, ਬੁੱਧ ਦਾ ਚੇਲਾ,
ਘੂਕ ਸੁੱਤਾ ਪਿਆ ਸੀ
ਮਥੁਰਾ ਦੀ ਹੱਦ ਦੇ ਬਾਹਰ
ਕੱਚੀ ਮਿੱਟੀ ਦੇ ਬਿਸਤਰੇ ’ਤੇ।
ਸਭ ਰੋਸ਼ਨੀਆਂ ਬੁਝ ਚੁੱਕੀਆਂ ਸਨ
ਤੇ ਸਾਰੇ ਦਰਵਾਜ਼ੇ ਵੀ ਬੰਦ ਸਨ
ਤੇ ਉੱਪਰ ਆਕਾਸ਼ ਵਿੱਚ ਛਾਏ
ਅਗਸਤ ਦੇ ਕਾਲੇ ਬੱਦਲਾਂ ਨੇ
ਲੈ ਲਿਆ ਸੀ ਸਭਨਾਂ ਤਾਰਿਆਂ ਨੂੰ
ਆਪਣੀ ਵਿਸ਼ਾਲ ਬੁੱਕਲ ਵਿੱਚ।
ਤੇ ਫਿਰ …ਤੇ ਫਿਰ ਅਚਾਨਕ
ਉਸ ਘੁੱਪ ਹਨੇਰੇ ਅੰਦਰ
ਕਿਸੇ ਦੇ ਝਾਂਜਰਾਂ ਵਾਲੇ ਪੈਰ
ਬੜੇ ਜ਼ੋਰ ਨਾਲ ਜਾ ਟਕਰਾਏ ਸਨ
ਉਪਗੁਪਤ ਦੇ ਚੌੜੇ ਸੀਨੇ ਨਾਲ।
ਇਕਦਮ ਤ੍ਰਭਕ ਕੇ ਉੱਠਿਆ ਸੀ ਉਹ
ਤੇ ਫਿਰ ਅਚਾਨਕ ਹੀ ਉਸ ਦੇ ਦਇਆ
ਅਤੇ ਖਿਮਾ ਭਰੇ ਨੈਣਾਂ ਨਾਲ
ਜਾ ਟਕਰਾਈ ਸੀ ਲੋਅ ਇੱਕ ਲਾਲਟੈਨ ਦੀ
ਜੋ ਫੜੀ ਸੀ ਇੱਕ ਖ਼ੂਬਸੂਰਤ ਮੁਟਿਆਰ ਨੇ।
ਉਹ ਤਾਂ ਗਹਿਣਿਆਂ ਲੱਦੀ ਨਚਾਰ ਸੀ
ਜਿਸਦੇ ਮਨਮੋਹਕ ਨੈਣਾਂ ’ਚੋਂ
ਤਿਪ-ਤਿਪ ਟਪਕ ਰਹੀ ਸੀ
ਮਸਤ ਜਵਾਨੀ ਦੀ ਨਸ਼ੀਲੀ ਸ਼ਰਾਬ।
ਉਸ ਸੁੰਦਰੀ ਨੇ ਲਾਲਟੈਣ ਦੀ ਲੋਏ
ਬੜੀ ਹੀ ਗਹੁ ਨਾਲ ਸੀ ਤੱਕਿਆ
ਉਸ ਲੰਮੇ ਤੇ ਤਕੜੇ ਜੋਗੀ ਨੂੰ
ਜੋ ਸੀ ਅੰਤਾਂ ਦਾ ਖ਼ੂਬਸੂਰਤ।
‘‘ਮੁਆਫ਼ ਕਰੀ ਵੇ ਜੋਗੀਆ,’’ ਉਸ ਕਿਹਾ।
‘‘ਆ ਮੇਰੇ ਨਾਲ ਮੇਰੇ ਚੁਬਾਰੇ ’ਚ ਚੱਲ
ਇਹ ਕੱਚੀ ਮਿੱਟੀ ਦਾ ਬਿਸਤਰ
ਤੇਰੇ ਲਈ ਨਹੀਂ ਏ ਸਹੀ ਸੇਜ।’’
ਸੁਣ ਕੇ ਉਸ ਨਾਰ ਦੀ ਗੁੱਝੀ ਗੱਲ
ਮੁਸਕਰਾ ਪਿਆ ਸੀ ਉਹ ਮਸਤਾਨਾ ਜੋਗੀ।
ਝੁਕਾ ਕੇ ਨੈਣ ਤੇ ਜੋੜ ਕੇ ਹੱਥ
ਉਸ ਆਖਿਆ, ‘‘ਜਾ ਨਾਰੇ, ਜਾ ਚਲੀ ਜਾ।
ਜਦੋਂ ਆਏਗਾ ਸਹੀ ਸਮਾਂ
ਮੈਂ ਖ਼ੁਦ ਚੱਲ ਕੇ ਆਵਾਂਗਾ ਕੋਲ ਤੇਰੇ।’’
ਉਸਦਾ ਇਹ ਬੋਲ ਪੂਰਾ ਹੁੰਦਿਆਂ ਹੀ
ਅਚਾਨਕ ਆਕਾਸ਼ ’ਚ ਕੜਕੀ ਸੀ ਬਿਜਲੀ
ਤੇ ਇੱਕ ਕੋਨੇ ਤੋਂ ਦਿੱਤੀ ਸੀ ਸੁਣਾਈ
ਕਿਸੇ ਤੇਜ਼ ਤੂਫ਼ਾਨ ਦੀ ਆਹਟ
ਤੇ ਉਹ ਸੁੰਦਰੀ ਕਿਸੇ ਅਗਿਆਤ ਡਰ ਨਾਲ
ਗਈ ਸੀ ਕੰਬ, ਸਿਰ ਤੋਂ ਪੈਰਾਂ ਤੱਕ।
ਅਜੇ ਸਾਲ ਵੀ ਨਹੀਂ ਸੀ ਲੰਘਿਆ
ਉਸ ਕਾਲੀ ਬੋਲੀ ਰਾਤ ਦੇ ਵਾਕੇ ਨੂੰ।
ਅਪਰੈਲ ਦੀ ਸੁਗੰਧਾਂ ਭਰੀ ਬਸੰਤੀ ਰੁੱਤ ਦੀ
ਇੱਕ ਹਸੀਨ ਸ਼ਾਮ ਦਾ ਸਮਾਂ ਸੀ।
ਸ਼ਹਿਰ ਦੀ ਮੁੱਖ ਸੜਕ ਦੇ ਦੋਵਾਂ ਪਾਸੇ
ਲੱਗੇ ਰੁੱਖਾਂ ਦੀਆਂ ਟਹਿਣੀਆਂ
ਸੋਹਣੇ ਫੁੱਲਾਂ ਨਾਲ ਸਨ ਲਬਰੇਜ਼
ਤੇ ਦੂਰ ਕਿਤਿਉਂ ਦੇ ਰਹੀ ਸੀ ਸੁਣਾਈ
ਬੰਸਰੀ ਦੀ ਮਿੱਠੀ ਜਿਹੀ ਤਾਨ।
ਸ਼ਹਿਰਵਾਸੀ ਸਭ ਗਏ ਸਨ ਜੰਗਲ ਨੂੰ
ਮਨਾਉਣ ਲਈ ਮੇਲਾ ਬਸੰਤ ਦਾ।
ਫਿਰ ਜਦ ਰਾਤ ਢਲੀ ਤਾਂ
ਪੁੰਨਿਆਂ ਦੇ ਚੰਨ ਨੇ ਉੱਠ ਕੇ ਆਕਾਸ਼ੋਂ
ਮਾਰੀ ਸੀ ਇੱਕ ਨਿਗ੍ਹਾ ਉਸ ਸ਼ਹਿਰ ’ਤੇ
ਜੋ ਪਿਆ ਸੀ ਸੁੰਨਸਾਨ ਤੇ ਸ਼ਾਂਤ।
ਉਨ੍ਹਾਂ ਇਕਾਂਤਮਈ ਗਲੀਆਂ ਵਿੱਚ
ਸ਼ਾਂਤ ਭਾਵ ਨਾਲ ਜਾ ਰਿਹਾ ਸੀ ਟੁਰਿਆ
ਉਹ ਸੋਹਣਾ ਜੋਗੀ ਤੇ ਉਸਦੇ ਕੰਨਾਂ ’ਚ
ਪੈ ਰਹੀਆਂ ਸਨ ਦਰਦੀਲੀਆਂ ਕੂਕਾਂ
ਕਿਸੇ ਬਿਰਹੋਂ ਮਾਰੀ ਕੋਇਲ ਦੀਆਂ
ਜੋ ਗਾ ਰਹੀ ਸੀ ਅੰਬਾਂ ਦੇ ਬਾਗ਼ ਵਿੱਚ।
ਉਪਗੁਪਤ ਚੱਲਦਿਆਂ-ਚੱਲਦਿਆਂ
ਆਣ ਪੁੱਜਿਆ ਸੀ ਸ਼ਹਿਰੋਂ ਬਾਹਰ
ਤੇ ਓਥੇ ਆਣ ਕੇ ਕੀ ਵੇਖਦੈ
ਕਿ ਅੰਬ ਦੇ ਇੱਕ ਸੰਘਣੇ ਰੁੱਖ ਹੇਠਾਂ
ਲੇਟੀ ਹੈ ਕੋਈ ਬੇਪਛਾਣ ਇਸਤਰੀ
ਜਿਸਦੇ ਨਾਜ਼ੁਕ ਬਦਨ ’ਤੇ ਹੈ ਪਸਰਿਆ
ਕੋਹੜ ਦਾ ਭੈੜਾ ਤੇ ਕੁਲੱਛਣਾ ਰੋਗ
ਤੇ ਜਿਸਦਾ ਸਾਰਾ ਬਦਨ ਲਬਾਲਬ ਹੈ
ਰੇਸ਼ਾ ਰਿਸਦੇ ਫੋੜਿਆਂ ਨਾਲ।
ਸ਼ਹਿਰਵਾਸੀਆਂ ਨੇ ਉਸ ਭੈੜੇ ਰੋਗ ਤੋਂ
ਆਪਣੀਆਂ ਦੇਹਾਂ ਦੀ ਰਾਖੀ ਖ਼ਾਤਰ
ਉਸਨੂੰ ਸੁੱਟ ਦਿੱਤਾ ਸੀ ਸ਼ਹਿਰੋਂ ਬਾਹਰ।
ਉਹ ਨੌਜਵਾਨ ਜੋਗੀ ਅਖ਼ੀਰ ਹੁਣ
ਨਿਮਰਤਾ ਸਹਿਤ ਆਣ ਬੈਠਿਆ ਸੀ
ਉਸ ਰੋਗਣ ਨਾਰ ਦੇ ਕੋਲ।
ਉਸਨੇ ਉੱਪਰ ਚੁੱਕਿਆ ਉਸਦਾ ਸਿਰ
ਤੇ ਰੱਖ ਲਿਆ ਸੀ ਆਪਣੀ ਗੋਦ ’ਚ।
ਉਸ ਨੇ ਉਸ ਰੋਗਣ ਦੇ ਸੁੱਕੇ ਬੁੱਲਾਂ ਨੂੰ
ਛੂਹਾਇਆ ਜਲ ਤੇ ਲਗਾ ਦਿੱਤੀ ਮਲ੍ਹਮ
ਉਸਦੇ ਕੋਹੜ ਭਰੇ ਬਦਨ ’ਤੇ।
‘‘ਕੌਣ ਏ ਤੂੰ ਹੇ ਦਿਆਲੂ ਪੁਰਖ?’’
ਬੜੇ ਹੀ ਵੇਦਨਾਮਈ ਸੁਰ ’ਚ
ਪੁੱਛਿਆ ਸੀ ਉਸ ਬੇਸਹਾਰਾ ਨਾਰ ਨੇ।
‘‘ਮੈਂ ਆਖਿਆ ਸੀ ਤੈਨੂੰ ਮੁਟਿਆਰੇ
ਕਿ ਜਦੋਂ ਆਏਗਾ ਸਹੀ ਸਮਾਂ
ਮੈਂ ਆਪ ਚੱਲ ਕੇ ਆਵਾਂਗਾ ਤੇਰੇ ਕੋਲ
ਤੇ ਲੈ ਜ਼ਰਾ ਅੱਖ ਚੁੱਕ ਕੇ ਵੇਖ
ਹੁਣ ਆ ਗਿਐ ਉਹ ਸਹੀ ਸਮਾਂ
ਤੇ ਵੇਖ ਮੈਂ ਤੇਰੇ ਕੋਲ ਹਾਂ।’’
ਮੁਸਕਰਾ ਕੇ ਬੋਲਿਆ ਸੀ ਉਹ ਸੋਹਣਾ ਜੋਗੀ।
– ਪੰਜਾਬੀ ਰੂਪ: ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਸੰਪਰਕ: 97816-46008
* * *
ਓ ਯੁੱਧਾਂ ਦੇ ਘਾੜਿਓ
ਭੁਪਿੰਦਰ ਸਿੰਘ ਪੰਛੀ
ਉਹ ਯੁੱਧਾਂ ਦੇ ਘਾੜਿਓ
ਉਹ ਜੰਗਾਂ ਦੇ ਲਾੜਿਓ
ਖ਼ੁਸ਼ ਰਹਿਣ ਦਿਓ ਵਸਦੀ ਰਸਦੀ ਦੁਨੀਆ ਬਾਕੀ ਨੂੰ
ਮੁੜ ਕੇ ਨਾ ਦੁਹਰਾਇਓ ਹੀਰੋਸ਼ੀਮਾ ਨਾਗਾਸਾਕੀ ਨੂੰ
ਰੂਸ ਨੂੰ ਜਾ ਕੇ ਦੇਵੋ ਅਕਲ ਦੀ ਕੋਈ ਦਵਾਈ ਜੀ
ਉਸ ਨੂੰ ਜਾ ਕੇ ਦੱਸੋ ਯੂਕਰੇਨ ਤੇਰਾ ਛੋਟਾ ਭਾਈ ਜੀ
ਇਕੱਠੇ ਹੋ ਖੋਲ੍ਹ ਦਿਓ ਸਮਝੌਤੇ ਵਾਲੀ ਤਾਕੀ ਨੂੰ
ਮੁੜ ਕੇ ਨਾ ਦੁਹਰਾਇਓ…
ਇਕੱਠੇ ਕਰ ਬਿਠਾਓ ਇਜ਼ਰਾਈਲ ਫ਼ਲਸਤੀਨ ਨੂੰ
ਇਕੱਠੇ ਹੋ ਕੇ ਆਵਾਜ਼ਾਂ ਮਾਰੋ ਮਾਹੌਲ ਰੰਗੀਨ ਨੂੰ
ਰਲ ਕੇ ਤੁਸੀਂ ਪਾਣੀ ਪਾਓ ਬੁਝਾਓ ਅੱਗ ਲੜਾਕੀ ਨੂੰ
ਮੁੜ ਕੇ ਨਾ ਦੁਹਰਾਇਓ…
ਕਿਸੇ ਮਸਲੇ ਦਾ ਹੱਲ ਲੜਾਈਆਂ ਨਹੀਂ ਯਾਰੋ
ਦੁੱਖ ਸੁਖ ਸਾਂਝਾ ਕਰਕੇ ਹੋਣ ਚੜ੍ਹਾਈਆਂ ਯਾਰੋ
ਨਾਲ ਖੁਸ਼ਹਾਲੀ ਭਰ ਦਿਉ ਪੰਛੀ ਦੁਨੀਆ ਆਕੀ ਨੂੰ
ਮੁੜ ਕੇ ਨਾ ਦੁਹਰਾਇਓ…
ਸੰਪਰਕ: 98559-91055
* * *
ਕੁਦਰਤ ਦਾ ਕਹਿਰ
ਹਰਪ੍ਰੀਤ ਪੱਤੋ
ਕਿਧਰੇ ਹੜ੍ਹਾਂ ਤੂਫ਼ਾਨਾਂ ਦਾ ਕਹਿਰ ਵਰਤੇ,
ਕਿਤੇ ਖਿਸਕੇ ਪਈ ਜ਼ਮੀਨ ਮੀਆਂ।
ਹੱਸਦੇ ਵੱਸਦਿਆਂ ਸਿਰ ਕਾਲ ਕੜਕੇ,
ਮਾਹੌਲ ਬਣ ਜਾਂਦਾ ਗ਼ਮਗੀਨ ਮੀਆਂ।
ਇੱਥੇ ਵੱਸਿਆ ਸੀ ਕੋਈ ਸ਼ਹਿਰ ਪਹਿਲਾਂ,
ਮੁਸ਼ਕਿਲ ਹੁੰਦਾ ਹੋਣਾ ਯਕੀਨ ਮੀਆਂ।
ਜਿਹੜੇ ਬਚੇ, ਮਰਿਆਂ ਵਰਗੇ ਹੋ ਜਾਂਦੇ,
ਹੁੰਦਾ ਉਨ੍ਹਾਂ ਦਾ ਕਿਹਾ ਜੀਣ ਮੀਆਂ।
ਵਿਗਿਆਨੀ ਖੋਜਦੇ ਇਹ ਹੋਇਆ ਕਿੱਦਾਂ,
ਕਿਵੇਂ ਬਣਿਆ ਭਿਆਨਕ ਸੀਨ ਮੀਆਂ।
ਇਹ ਸਮਝ ਲੱਗਦੀ, ਮਨੁੱਖ ਵਿਰੋਧ ਕਰਦਾ,
ਪਰ ਹੈ ਕੁਦਰਤ ਮੂਹਰੇ ਦੀਨ ਮੀਆਂ।
ਹਰਪ੍ਰੀਤ ਪੱਤੋ, ਬੰਦੇ ਦੀ ਸੋਚ ਇਹੀ,
ਕੁਦਰਤ ਹੋਵੇ ਉਹਦੇ ਅਧੀਨ ਮੀਆਂ।
ਸੰਪਰਕ: 94658-21417
* * *
ਮਹੀਨਾ ਸਾਵਣ
ਮੇਜਰ ਸਿੰਘ ਨਾਭਾ
ਹਾੜ੍ਹ ਮਹੀਨਾ ਤਪਤ ਤਪਾਈ
ਲੋਕਾਂ ਬੜੀ ਦੁਹਾਈ ਪਾਈ
ਆ ਗਿਆ ਹੁਣ ਮਹੀਨਾ ਸਾਵਣ
ਕਾਲੇ ਕਾਲੇ ਬੱਦਲ ਆਵਣ।
ਮੋਰ ਵੀ ਖ਼ੁਸ਼ੀ ’ਚ ਪੈਲਾਂ ਪਾਵਣ
ਕੁਦਰਤ ਦੇ ਬਲਿਹਾਰੇ ਜਾਵਣ।
ਮੀਂਹ ਨੇ ਆ ਕੇ ਤਪਤ ਬੁਝਾਈ
ਖ਼ੁਸ਼ ਹੋ ਗਈ ਸਾਰੀ ਲੋਕਾਈ।
ਪੰਛੀ ਵੀ ਫਿਰ ਖ਼ੁਸ਼ ਹੋ ਕੇ
ਮੀਹਾਂ ਦੇ ਪਾਣੀ ਵਿੱਚ ਨ੍ਹਾਵਣ।
ਬੱਚਿਆਂ ਨੂੰ ਇਹ ਚੰਗਾ ਲਗਦਾ
ਕਿਸ਼ਤੀਆਂ ਆਪਣੀਆਂ ਵਿੱਚ ਚਲਾਵਣ।
ਰਲ ਮਿਲ ’ਕੱਠੇ ਸਾਰੇ ਬੱਚੇ
ਕੁਦਰਤ ਦੀਆਂ ਖ਼ੂਸ਼ੀਆਂ ਮਨਾਵਣ।
ਖੀਰ ਪੂੜੇ ਘਰ ਘਰ ਪਕਾਵਣ
ਬੱਚੇ ਬੁੱਢੇ ਰੱਜ ਰੱਜ ਖਾਵਣ
ਕੁਦਰਤ ਦੀ ਇਹ ਖੇਡ ਨਿਰਾਲੀ
ਨਾਲ ਸਮੇਂ ਦੇ ਸਭ ਹੀ ਆਵਣ।
* * *
ਗੱਲ ਸੁਣ
ਮਨਜੀਤ ਸਿੰਘ ਬੱਧਣ
ਮੈਂ ਹਰ ਗੱਲ, ਹਰ ਗੱਲ ਤੇਰੀ ਮੰਨਾ ਵੇ।
ਮੇਰੀ ਵੀ ਗੱਲ ਸੁਣ, ਗੱਲ ਸੁਣ ਚੰਨਾ ਵੇ।
ਬੰਨ੍ਹ ਲੈ ਪੱਗ, ਪੀ ਲੱਸੀ ਵਾਲਾ ਛੰਨਾ ਵੇ।
ਤੂੰ ਨਾਲ ਚੱਲ ਮੇਰੇ, ਚੱਲ ਮੇਰੇ ਚੰਨਾ ਵੇ।
ਮੇਰੀ ਗੱਲ ਸੁਣ ਗੱਲ ਸੁਣ ਚੰਨਾ ਵੇ…
ਚੜ੍ਹਿਆ ਸਾਵਣ, ਪੇਕੇ ਫੇਰਾ ਪਾਉਣਾ ਮੈਂ।
ਕੁਝ ਦਿਨ ਬਾਬਲ ਦੇ ਡੇਰਾ ਲਾਉਣਾ ਮੈਂ।
ਜਵਾਕਾਂ ਤੋਂ ਭੂਆ-ਭੂਆ ਕਹਾਉਣਾ ਮੈਂ।
ਲੈ ਚੱਲ ਮੈਨੂੰ, ਵੇਖੀਂ ਪਾਵੀਂ ਨਾ ਨੰਨਾ ਵੇ,
ਮੇਰੀ ਵੀ ਗੱਲ ਸੁਣ ਗੱਲ ਸੁਣ ਚੰਨਾ ਵੇ…
ਜੁਗ ਜੁਗ ਜੀਵੇ, ਮੇਰੀ ਅੰਮੜੀ ਦਾ ਜਾਇਆ।
ਸਦਾ ਸੁਹਾਗਣ ਭਾਬੋ, ਮੱਥੇ ਵੱਟ ਨਾ ਪਾਇਆ।
ਸੁਖੀ ਵਸੇ ਚਾਚਾ, ਸੁਖੀ ਵਸੇ ਮੇਰਾ ਤਾਇਆ।
ਮਿਲਾ ਲਿਆ ਉਨ੍ਹਾਂ ਨੂੰ, ਹੱਥ ਤੇਰੇ ਬੰਨ੍ਹਾਂ ਵੇ,
ਮੇਰੀ ਵੀ ਗੱਲ ਸੁਣ ਗੱਲ ਸੁਣ ਚੰਨਾ ਵੇ…
ਅੰਮੜੀ ਵਾਲਾ ਸੂਹਾ ਸੂਟ ਮੈਂ ਪਾਉਣਾ ਏ।
ਸੱਸੜੀ ਵਾਲਾ ਹਾਰ ਗਲ ’ਚ ਸਜਾਉਣਾ ਏ।
ਸੁਖੀ ਵਸਦੀ ਲਾਡੋ, ਬਾਪੂ ਨੂੰ ਜਤਾਉਣਾ ਏ।
ਜਿਹੜਾ ਲਾਵੇ ਨਜ਼ਰ, ਡੇਲੇ ਉਹਦੇ ਭੰਨਾ ਵੇ,
ਮੇਰੀ ਵੀ ਗੱਲ ਸੁਣ ਗੱਲ ਸੁਣ ਚੰਨਾ ਵੇ…
ਚੰਨਾ! ਕਦੀ ਸਹੇਲੀਆਂ ਕੋਲ ਮੈਂ ਵਸਦੀ ਸਾਂ।
ਚੰਨਾ! ਆਪਣੀ ਮੰਗਣੀ ਦੀ ਗੱਲ ਦੱਸਦੀ ਸਾਂ।
ਚੰਨਾ! ਨਾਲ ਉਨ੍ਹਾਂ ਉੱਚੀ-ਉੱਚੀ ਹੱਸਦੀ ਸਾਂ।
ਚੰਨਾ! ਲੈ ਆਇਓਂ ਮੈਨੂੰ, ਬਣ ਮੇਰਾ ਬੰਨਾ ਵੇ
ਮੇਰੀ ਵੀ ਗੱਲ ਸੁਣ ਗੱਲ ਸੁਣ ਚੰਨਾ ਵੇ…
ਰਾਂਝੇ ਨਾਲ ਬੈਠ ਗਈ ਉਹਦੀ ਹੀਰ ਅਸ਼ਕੇ!
ਨਿਕਲੀ ਘਰੋਂ ਗੱਡੀ ਜਿਉਂ ਕਮਾਨੋ ਤੀਰ ਅਸ਼ਕੇ!
ਬੁੱਲ੍ਹੀਆਂ ’ਤੇ ਹੈ ਹਾਸਾ ਅੱਖੀਆਂ ’ਚ ਨੀਰ ਅਸ਼ਕੇ!
ਪੇਕਿਆਂ ਨੂੰ ਲੈ ਜਾਵੇ ਮਾਹੀ, ਖ਼ੁਸ਼ ਹੋਵਣ ਰੰਨਾਂ ਵੇ,
ਮੇਰੀ ਵੀ ਗੱਲ ਸੁਣ ਗੱਲ ਸੁਣ ਚੰਨਾ ਵੇ…
ਹਰ ਗੱਲ ਹਰ ਗੱਲ ਤੇਰੀ ਮੰਨਾ ਵੇ…
ਮੇਰੀ ਵੀ ਗੱਲ ਸੁਣ ਗੱਲ ਸੁਣ ਚੰਨਾ ਵੇ…
ਸੰਪਰਕ: 94176-35053
* * *
ਨਹੀਂ ਉਹ ਬਦਲਦਾ
ਡਾ. ਗੁਰਦੀਪ ਕੌਰ
ਸਭ ਕੁਝ ਬਦਲਦਾ ਰਹਿੰਦਾ ਏ,
ਪਰ ਨਹੀਂ ਉਹ ਆਪਣਾ ਆਪ ਬਦਲਦਾ,
ਜੀਵਨ ਸਾਰਾ ਲੰਘ ਜਾਂਦਾ ਏ,
ਖ਼ੁਸ਼ੀਆਂ ਲੱਭਦਿਆਂ ਮੁੱਕ ਜਾਂਦਾ ਏ,
ਪਰ ਨਹੀਂ ਬੰਦਾ ਆਪਣਾ ਆਪ ਬਦਲਦਾ,
ਨਹੀਂ ਉਹ ਆਪਣਾ ਆਪ ਬਦਲਦਾ।
ਗਹਿਣੇ ਕੱਪੜੇ ਸ਼ਿੰਗਾਰ ਬਦਲਦਾ ਏ,
ਸੁਖ ਸਾਧਨ ਦਾ ਸਾਮਾਨ ਬਦਲਦਾ ਏ,
ਸੰਗੀ ਸਾਥੀ ਪਿਆਰ ਬਦਲਦਾ ਏ,
ਪਰ ਨਹੀਂ ਉਹ ਆਪਣਾ ਆਪ ਬਦਲਦਾ।
ਦੀਨ ਧਰਮ ਈਮਾਨ ਬਦਲਦਾ ਏ,
ਗੱਲ ਗੱਲ ’ਤੇ ਆਪਣੀ ਬਾਤ ਬਦਲਦਾ ਏ,
ਜਾਤ, ਗੋਤ, ਜਮਾਤ ਬਦਲਦਾ ਏ,
ਖ਼ੁਸ਼ੀਆਂ ਲਈ ਹਾਲਾਤ ਬਦਲਦਾ ਏ,
ਸਭ ਕੁਝ ਬਦਲਦਾ ਰਹਿੰਦਾ ਏ,
ਪਰ ਨਹੀਂ ਉਹ ਆਪਣਾ ਆਪ ਬਦਲਦਾ।
ਰਹਿਣੀ ਬਹਿਣੀ ਵਪਾਰ ਬਦਲਦਾ ਏ,
ਆਸ ਉਮੀਦ, ਮਿਆਦ ਬਦਲਦਾ ਏ,
ਜੀਵਨ ਨੂੰ ਖ਼ੁਸ਼ੀਆਂ ਦੇ ਰੰਗਾਂ ’ਚ ਰੰਗਣ ਲਈ,
ਸਿਆਹੀ ਕਲਮ ਦਵਾਤ ਬਦਲਦਾ ਏ,
ਪਰ ਨਹੀਂ ਬੰਦਾ ਆਪਣਾ ਆਪ ਬਦਲਦਾ।
ਕੋਸ਼ਿਸ਼ ਕਰ ਕਰ ਮੁੱਕ ਜਾਂਦਾ ਏ,
ਪਰ ਨਹੀਂ ਉਹ ਆਪਣਾ ਆਪ ਬਦਲਦਾ,
ਹਉਮੈਂ, ਸੁਆਰਥ ਵਿੱਚ ਅੰਨ੍ਹਾ ਹੋ ਕੇ,
ਨਹੀਂ ਬੰਦਾ ਆਪਣਾ ਆਪ ਬਦਲਦਾ।
ਇੱਥੋਂ ਤੱਕ ਕਿ ਖ਼ੁਸ਼ੀਆਂ ਖ਼ਾਤਰ,
ਦਰ ਮੰਦਰ ਦਰਗਾਹ ਬਦਲਦਾ ਏ,
ਪਰ ਨਹੀਂ ਬੰਦਾ ਆਪਣਾ ਆਪ ਬਦਲਦਾ,
ਨਹੀਂ ਉਹ ਆਪਣਾ ਆਪ ਬਦਲਦਾ।
ਸੰਪਰਕ: 92115-48389
* * *
ਗ਼ਜ਼ਲ
ਰਣਜੀਤ ਰਤਨ
ਪਲਕਾਂ ਓਹਲੇ ਖ਼ਾਬ, ਸਜਾਈ ਬੈਠੇ ਹਾਂ।
ਚਾਵਾਂ ਵਾਲੀ ਪੀਂਘ, ਚੜ੍ਹਾਈ ਬੈਠੇ ਹਾਂ।
ਅੱਖਰ ਸ਼ਬਦਾਂ ਵਾਕਾਂ ਦੀ, ਇਹ ਖੇਡ ਨਹੀਂ,
ਕਾਗਜ਼ ਉੱਤੇ ਆਪਾ, ਵਾਹੀ ਬੈਠੇ ਹਾਂ।
ਬੈਂਤ ਰੁਬਾਈ ਕਵਿਤਾ ਗ਼ਜ਼ਲਾਂ, ਇਸ਼ਕ ਨਿਰਾ,
ਗੀਤਾਂ ਦੇ ਸੰਗ ਮੋਹ, ਵਧਾਈ ਬੈਠੇ ਹਾਂ।
ਖ਼ਾਲੀ ਢੋਲ ਚੁਬਾਰੇ, ਚੜ੍ਹ ਕੇ ਖੜਕ ਰਿਹਾ,
ਭਰਿਆ ਭਾਂਡਾ ਬਸ, ਟੁਣਕਾਈ ਬੈਠੇ ਹਾਂ।
ਮਹਿਫ਼ਲ ਵਿੱਚ ਉਹ ਲਿਸ਼ਕੇ ਪੁਸ਼ਕੇ ਫਿਰਦੇ ਨੇ,
ਨੈਣਾਂ ਅੰਦਰ ਲੱਜ, ਸਮਾਈ ਬੈਠੇ ਹਾਂ।
ਪੀੜਾਂ ਪੱਲੇ ਪਾ ਕੇ, ਮੁਕਰੇ ਮਾਹੀ ਦਾ,
ਦਿਲ ਅੰਦਰ, ਇੱਕ ਭੇਤ ਲੁਕਾਈ ਬੈਠੇ ਹਾਂ।
* * *