ਸੁਖਚੈਨ ਸਿੰਘ ਕੁਰੜ
ਮੇਰੇ ਖ਼ਿਆਲ ਅੰਦਰ ਉਹ ਸ਼ਾਇਰ ਸ਼ਾਇਰ ਹੁੰਦਾ,
ਖੰਡ ਨੂੰ ਖੰਡ ਜੋ ਜ਼ਹਿਰ ਨੂੰ ਜ਼ਹਿਰ ਆਖੇ,
ਜੋ ਕੁਝ ਹੁੰਦਾ ਏ ਹੋਵੇ ਨਾ ਡਰੇ ਹਰਗਿਜ਼,
ਰਹਿਮ ਨੂੰ ਰਹਿਮ ਜੋ ਕਹਿਰ ਨੂੰ ਕਹਿਰ ਆਖੇ।
ਇਨ੍ਹਾਂ ਸਤਰਾਂ ਨੂੰ ਆਪਣੇ ਆਖ਼ਰੀ ਸਾਹਾਂ ਤੱਕ ਨਿਭਾਉਣ ਵਾਲਾ ਚਿਰਾਗ਼ ਦੀਨ ਪੰਜਾਬੀ ਜ਼ੁਬਾਨ ਦਾ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਕਵੀ ਸੀ। ਚਿਰਾਗ਼ ਦੀਨ ਨਾਂ ਦਾ ਇਹ ਸ਼ਖ਼ਸ ਪੂਰੀ ਦੁਨੀਆਂ ਵਿੱਚ ਪੰਜਾਬੀ ਬੋਲੀ ਦੇ ਇੱਕ ਦਲੇਰ ਪੁੱਤ ਉਸਤਾਦ ਦਾਮਨ ਦੇ ਨਾਂ ਨਾਲ ਆਪਣੀ ਕਲਮ ਰਾਹੀਂ ਚਰਚਾ ਵਿੱਚ ਆਇਆ। ਇਸ ਸਦਕਾ ਉਸਤਾਦ ਦਾਮਨ ਦਾ ਨਾਂ ਰਹਿੰਦੀ ਦੁਨੀਆਂ ਤੱਕ ਸਾਂਝੇ ਪੰਜਾਬ ਦੇ ਲੋਕ ਕਵੀ ਵਜੋਂ ਹਮੇਸ਼ਾਂ ਸਤਿਕਾਰਿਆ ਜਾਂਦਾ ਰਹੇਗਾ।
ਚਿਰਾਗ਼ ਦੀਨ ਦਾ ਜਨਮ 4 ਸਤੰਬਰ 1911 ਨੂੰ ਮੀਆਂ ਮੀਰ ਬਖ਼ਸ਼ ਅਤੇ ਕਰੀਮ ਬੀਬੀ ਦੇ ਘਰ ਇੱਕ ਗ਼ਰੀਬ ਪਰਿਵਾਰ ਵਿੱਚ ਹੋਇਆ। ਅੰਮੀ ਨੇ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜ ਕੇ ਘਰ ਦਾ ਗੁਜ਼ਾਰਾ ਕੀਤਾ। ਘਰ ਦੇ ਹਾਲਾਤ ਨੂੰ ਸਮਝਦਿਆਂ ਚਿਰਾਗ਼ ਦੀਨ ਨੇ ਪਿਤਾ ਦਾ ਦਰਜ਼ੀ ਦੇ ਕੰਮ ਵਿੱਚ ਸਾਥ ਦਿੱਤਾ। ਕੰਮ ਕਰਦਿਆਂ ਲੋਕਾਂ ਦੀ ਮੰਗ ’ਤੇ ਨਵੇਂ ਫ਼ੈਸ਼ਨ ਦੇ ਪੈਂਟ-ਕੋਟ ਆਦਿ ਸਿਉਂ ਕੇ ਦੇਣੇ ਪਰ ਖ਼ੁਦ ਹਮੇਸ਼ਾਂ ਸ਼ੁੱਧ ਪੰਜਾਬੀ ਪਹਿਰਾਵਾ ਕੁੜਤਾ-ਚਾਦਰਾ, ਸਿਰ ’ਤੇ ਪਰਨਾ ਅਤੇ ਮੋਢੇ ਸਾਫਾ ਰੱਖਿਆ।
ਚਿਰਾਗ਼ ਦੀਨ ਨੇ ਦਸਵੀਂ ਤਕ ਦੀ ਪੜ੍ਹਾਈ ਦੇਵ ਸਮਾਜ ਸਕੂਲ ਤੋਂ ਕੀਤੀ। ਉਹ ਉਰਦੂ, ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਫ਼ਾਰਸੀ ਅਤੇ ਬੰਗਾਲੀ ਤੋਂ ਇਲਾਵਾ ਥੋੜ੍ਹੀ ਬਹੁਤੀ ਪਸ਼ਤੋ ਵੀ ਜਾਣਦੇ ਸਨ। ਬਹੁ-ਭਾਸ਼ਾਈ ਜਾਣਕਾਰ ਹੋਣ ਦੇ ਬਾਵਜੂਦ ਪੰਜਾਬੀ ਭਾਸ਼ਾ ਲਈ ਹੱਦ ਤੋਂ ਵੱਧ ਸ਼ੈਦਾਈ ਸਨ। ਪੰਜਾਬੀ ਬੋਲੀ ਲਈ ਉਸਤਾਦ ਦਾਮਨ ਦਾ ਮੋਹ ਇਸ ਕਵਿਤਾ ਤੋਂ ਹੀ ਜਾਣਿਆ ਜਾ ਸਕਦਾ ਹੈ:
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਦ੍ਹੀ ’ਚ ਪਲ ਕੇ ਜਵਾਨ ਹੋਇਉਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈ,
ਜਿਥੇ ਖਲਾ ਖਲੋਤਾ ਏਂ ਥਾਂ ਛੱਡ ਦੇ।
ਮੈਨੂੰ ਇੰਝ ਲਗਦੈ, ਲੋਕੀਂ ਆਖਦੇ ਨੇ,
ਤੂੰ ਪੁੱਤਰਾ ਅਪਣੀ ਮਾਂ ਛੱਡ ਦੇ।
ਉਸਤਾਦ ਦਾਮਨ ਦੀ ਜ਼ਿੰਦਗੀ ਭਰ ਦੀ ਸਾਹਿਤਕ ਕਿਰਤ ਨੂੰ ਵਾਚਦਿਆਂ ਅਹਿਸਾਸ ਹੁੰਦਾ ਹੈ ਕਿ ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਅਤੇ ਵਾਰਸ ਸ਼ਾਹ ਤੋਂ ਬਾਅਦ ਵੀਹਵੀਂ ਸਦੀ ਵਿੱਚ ਪੰਜਾਬੀ ਬੋਲੀ ਦੀਆਂ ਬਗ਼ਾਵਤੀ ਕਲਮਾਂ ਵਿੱਚ ਉਹ ਸ਼ੁਮਾਰ ਹੈ। ਜਦੋਂ ਜਦੋਂ ਵੀ ਦਾਮਨ ਨੂੰ ਪੰਜਾਬੀ ਵਿੱਚ ਲਿਖਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਉਦੋਂ ਹੀ ਉਨ੍ਹਾਂ ਨੇ ਆਪਣੀ ਕਲਮ ਰਾਹੀਂ ਇਸ ਦਾ ਜਵਾਬ ਦਿੱਤਾ:
ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ,
ਉਰਦੂ ਵਿੱਚ ਕਿਤਾਬਾਂ ਦੇ ਠਣਦੀ ਰਹੇਗੀ।
ਇਹਦਾ ਪੁੱਤਰ ਹਾਂ ਇਹਦੇ ਤੋਂ ਦੁੱਧ ਮੰਗਨਾ,
ਮੇਰੀ ਭੁੱਖ ਇਹੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ਼ ਪਏ ਹੋਣ ਪੈਦਾ,
ਦਿਨ-ਬ-ਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ,
ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।
ਲੋਕਾਂ ਦੀ ਭਾਸ਼ਾ ਪੰਜਾਬੀ ਵਿੱਚ ਲੋਕ ਮਸਲਿਆਂ ਬਾਰੇ ਸਮੇਂ-ਸਮੇਂ ’ਤੇ ਲਿਖਦਿਆਂ ਉਸਤਾਦ ਦਾਮਨ ਨੇ ਸਾਂਝੇ ਪੰਜਾਬ ਦੇ ਲੋਕ ਕਵੀ ਹੋਣ ਦਾ ਰੁਤਬਾ ਹਮੇਸ਼ਾਂ ਬਣਾਈ ਰੱਖਿਆ। ਗੱਲ ਪੰਜਾਬੀ ਭਾਸ਼ਾ ਦੀ ਹੋਵੇ ਜਾਂ ਆਮ ਲੋਕਾਈ ਮਸਲਿਆਂ ਨਾਲ ਇਨਸਾਨੀਅਤ ਦੀ ਦਾਮਨ ਨੇ ਆਪਣੀ ਸ਼ਾਇਰੀ ਅਣਖ ਨਾਲ ਕੀਤੀ। ਜਦੋਂ ਵੀ ਉਸਤਾਦ ਦਾਮਨ ਨੂੰ ਉਰਦੂ ਵਿੱਚ ਲਿਖਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਆਪਣੀ ਕਵਿਤਾ ਰਾਹੀਂ ਜਵਾਬ ਦਿੱਤਾ:
ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ,
ਪੁੱਛਦੇ ਹੋ ਮੇਰੇ ਦਿਲ ਦੀ ਬੋਲੀ- ਹਾਂ ਜੀ ਹਾਂ ਪੰਜਾਬੀ ਏ
ਆਜ਼ਾਦੀ ਸੰਗਰਾਮ ਦੀ ਸਿਆਸਤ ਦੀ ਜਾਗ ਉਨ੍ਹਾਂ ਨੂੰ ਮੀਆਂ ਇਫ਼ਤਿਖ਼ਾਰਉੱਦੀਨ ਨੇ ਲਾਈ ਸੀ। ਦਰਅਸਲ, 1930 ਵਿੱਚ ਉਸਤਾਦ ਦਾਮਨ ਦੀ ਸ਼ਾਇਰੀ ਸੁਣਨ ਦਾ ਸਬੱਬ ਮੀਆਂ ਇਫ਼ਤਿਖ਼ਾਰਉੱਦੀਨ ਲਈ ਉਦੋਂ ਬਣਿਆ ਜਦੋਂ ਉਹ ਆਪਣੇ ਇੱਕ ਸੂਟ ਦੀ ਸਿਲਾਈ ਲਈ ਉਨ੍ਹਾਂ ਦੀ ਦੁਕਾਨ ’ਤੇ ਆਇਆ। ਸ਼ਾਇਰੀ ਤੋਂ ਪ੍ਰਭਾਵਿਤ ਹੋ ਕੇ ਮੀਆਂ ਨੇ ਇੱਕ ਜਲਸੇ ਦੌਰਾਨ ਕਵਿਤਾ ਸੁਣਾਉਣ ਲਈ ਦਾਮਨ ਨੂੰ ਸੱਦਾ ਦਿੱਤਾ। ਇਸ ਜਲਸੇ ਮੌਕੇ ਦਾਮਨ ਨੇ ਆਪਣੀ ਕਵਿਤਾ ਰਾਹੀਂ ਹਰ ਇਨਸਾਨੀਅਤਪਸੰਦ ਵਿਅਕਤੀ ਨੂੰ ਮੋਹ ਲਿਆ:
ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ-ਵਿੱਚੀ,
ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਕੁਝ ਉਮੀਦ ਏ ਜ਼ਿੰਦਗੀ ਮਿਲ ਜਾਵੇਗੀ,
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।
ਜਿਉਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ,
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।
ਉਸ ਮੌਕੇ ਉੱਥੇ ਹਾਜ਼ਰ ਪੰਡਤ ਨਹਿਰੂ ਨੇ ਭਾਵੁਕ ਹੋਕੇ ਉਸਤਾਦ ਦਾਮਨ ਨੂੰ ਗਲਵੱਕੜੀ ਵਿੱਚ ਲੈ ਲਿਆ ਤੇੇ ‘ਆਜ਼ਾਦੀ ਦਾ ਸ਼ਾਇਰ’ ਕਹਿ ਕੇ ਉਨ੍ਹਾਂ ਦੀ ਕਲਮ ਨੂੰ ਮਾਣ ਬਖ਼ਸ਼ਿਆ। ਦਾਮਨ ਦਾ ਪੰਜਾਬੀ ਭਾਸ਼ਾ ਲਈ ਮੋਹ ਜੱਗ ਜ਼ਾਹਰ ਹੈ। ਇਸ ਦੇ ਨਾਲ ਹੀ ਦਾਮਨ ਦੀ ਬਾਗ਼ੀਆਨਾ ਕਲਮ ਸਿੱਧੇ ਰੂਪ ਵਿੱਚ ਸਮੇਂ ਦੀਆਂ ਹਕੂਮਤਾਂ ਨੂੰ ਸਵਾਲ ਵੀ ਕਰਦੀ ਰਹੀ ਹੈ ਅਤੇ ਵਿਅੰਗਮਈ ਰੂਪ ਵਿੱਚ ਚੋਟ ਵੀ।
ਸਾਡੇ ਸੱਭਿਆਚਾਰ ਦੇ ਪੱਖ ਤੋਂ ਦਾਮਨ ਦੇ ਲਿਖੇ ਇੱਕ ਗੀਤ ਦੇ ਬੋਲ ‘ਮੈਨੂੰ ਧਰਤੀ ਕਲੀ ਕਰਾ ਦੇ, ਮੈਂ ਨੱਚਾਂਗੀ ਸਾਰੀ ਰਾਤ’ ਹਮੇਸ਼ਾਂ ਸਾਡੀਆਂ ਖ਼ੁਸ਼ੀਆਂ ਵਿੱਚ ਭਾਈਵਾਲ ਬਣ ਕੇ ਰਹੇ ਹਨ ਤੇ ਅੱਗੇ ਵੀ ਹਮੇਸ਼ਾਂ ਰਹਿਣਗੇ।
ਅੱਜ ਦੇ ਦੌਰ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੋਂ ਦੂਰ ਹੋ ਰਹੀ ਪੀੜ੍ਹੀ ਅਤੇ ਸਾਡੇ ਪੰਜਾਬ ਦੀ ਧਰਤੀ ਨਾਲ ਜੁੜੇ ਸਾਹਿਤਕਾਰਾਂ ਨੂੰ ਉਸਤਾਦ ਦਾਮਨ ਦੀ ਕਲਮ ਤੇ ਪੰਜਾਬੀ ਭਾਸ਼ਾ ਲਈ ਮੋਹ ਤੋਂ ਸੇਧ ਲੈਣ ਦੀ ਬਹੁਤ ਵੱਡੀ ਲੋੜ ਹੈ।
ਪੰਜਾਬੀ ਸ਼ਾਇਰ ਗੁਰਭਜਨ ਗਿੱਲ, ਉਸਤਾਦ ਦਾਮਨ ਬਾਰੇ ਲਿਖਦਾ ਹੈ ਕਿ ‘ਉਸਤਾਦ ਦਾਮਨ ਦਰਵੇਸ਼ ਸ਼ਾਇਰ ਸੀ। ਉਸ ਨੇ ਰੱਜ ਕੇ ਸਾਂਝੇ ਪੰਜਾਬ ਦਾ ਦਰਦ ਗਾਇਆ। ਉਸ ਦੀ ਹਰ ਸਤਰ ’ਚੋਂ ਪੀੜ ਨੁੱਚੜਦੀ ਹੈ, ਜਿਵੇਂ ਵੇਲਣੇ ’ਚ ਗੰਨੇ ਨਹੀਂ, ਬੰਦੇ ਪੀੜੇ ਜਾ ਰਹੇ ਹੋਣ’।
ਉਸਤਾਦ ਦਾਮਨ ਦੇ ਜਿਉਂਦੇ ਜੀਅ ਉਨ੍ਹਾਂ ਦੀ ਕੋਈ ਪੁਸਤਕ ਪ੍ਰਕਾਸ਼ਿਤ ਨਾ ਹੋਣ ਬਾਰੇ ਪਤਾ ਲੱਗਦਾ ਹੈ। ਉਹ ਹਮੇਸ਼ਾ ਜ਼ੁਬਾਨੀ ਹੀ ਯਾਦ ਰੱਖਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨ ਲਈ ਕੁਝ ਉਪਰਾਲੇ ਜ਼ਰੂਰ ਹੋਏ ਹਨ। ਉਸਤਾਦ ਦਾਮਨ ਬਾਰੇ ਜਿੰਨਾ ਵੀ ਲਿਖਿਆ ਜਾਵੇ, ਥੋੜ੍ਹਾ ਹੈ। ਉਨ੍ਹਾਂ ਦੀ ਸਾਹਿਤਕ ਦੇਣ ਹਮੇਸ਼ਾਂ ਹੀ ਪੰਜਾਬੀ ਭਾਸ਼ਾ ਵਿੱਚ ਧਰੂ ਤਾਰੇ ਵਾਂਗ ਚਮਕਦੀ ਰਹੇਗੀ। ਕਿਰਤੀ ਪੰਜਾਬੀਆਂ ਲਈ ਉਸਤਾਦ ਦੇ ਲਿਖੇ ਇਹ ਢੁਕਵੇਂ ਬੋਲ ਹਨ:
ਬਿਖਰੇ ਵਰਕਿਆਂ ਦੀ ਹੋ ਗਈ ਜਿਲਦਬੰਦੀ,
ਮੈਂ ਇੱਕ ਖੁੱਲ੍ਹੀ ਕਿਤਾਬ ਨੂੰ ਵੇਖਦਾ ਆਂ।
ਇਹ ਵਿਸਾਖੀ ਦੀਆਂ ਮਿਹਰਬਾਨੀਆਂ ਨੇ,
ਬੰਬੇ ਵਿੱਚ ਵੀ ਪੰਜਾਬ ਨੂੰ ਵੇਖਦਾ ਆਂ।