ਬਲਦੇਵ ਸਿੰਘ (ਸੜਕਨਾਮਾ)
ਸ਼ੇਖ ਫਰੀਦ ਦੇ ਜਨਮ, ਜੀਵਨ ਅਤੇ ਰਚਨਾ ਬਾਰੇ ਗੱਲ ਕਰਨ ਤੋਂ ਪਹਿਲਾਂ ਸ਼ੇਖ ਫਰੀਦ ਜੀ ਬਾਰੇ ਪਾਏ ਭਰਮ-ਭੁਲੇਖਿਆਂ ਦਾ ਜ਼ਿਕਰ ਕਰਨਾ ਬਣਦਾ ਹੈ। ਇਹ ਭੁਲੇਖੇ ਪਾਏ ਜਾਣ ਦੇ ਕੁਝ ਪ੍ਰਮੁੱਖ ਕਾਰਨ ਹਨ। ਖੋਜਕਾਰਾਂ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸ਼ੇਖ ਫਰੀਦ ਦੀ ਆਪਣੀ ਰਚਨਾ ਵਿਚ ਕਿਧਰੇ ਵੀ ਆਪਣੇ ਆਪ, ਜਨਮ ਜਾਂ ਰਚਨਾ ਬਾਰੇ ਕੋਈ ਸਿੱਧੀ ਸੂਚਨਾ ਨਹੀਂ ਮਿਲਦੀ ਜਿਸ ਤਰ੍ਹਾਂ ਪੰਜਾਬੀ ਜ਼ੁਬਾਨ ਦੇ ਹੋਰ ਕਿੱਸਾਕਾਰਾਂ ਨੇ ਰਚਨਾ ਦਾ ਸਮਾਂ, ਸਥਾਨ ਤੇ ਹੋਰ ਤਫ਼ਸੀਲਾਂ ਦਿੱਤੀਆਂ ਹਨ।
ਸ਼ੇਖ ਫਰੀਦ ਦੀ ਰਚਨਾ ਤੋਂ ਇਹ ਤਾਂ ਜ਼ਰੂਰ ਪਤਾ ਲੱਗਦਾ ਹੈ ਕਿ ਉਹ ਉੱਚ ਪਾਏ ਦੇ ਮੁਕਾਮ ’ਤੇ ਪੁੱਜੇ ਮਹਾਨ ਸੂਫ਼ੀ ਪੈਗੰਬਰ ਸਨ। ਉਨ੍ਹਾਂ ਦੀ ਰਚਨਾ ਤੋਂ ਪਤਾ ਲੱਗਦਾ ਹੈ ਕਿ ਫਰੀਦ ਜੀ ਸ਼ੇਖ ਸਨ, ਦਰਵੇਸ਼ ਸਨ, ਸੂਫ਼ੀ ਸਨ। ਦੋਵੇਂ ਪੰਜਾਬਾਂ ਵਿਚ ਉਨ੍ਹਾਂ ਦਾ ਨਾਮ ਬੜੇ ਆਦਰ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਦੀ ਰਚਨਾ ਦੀ ਮਹਾਨਤਾ ਇਸ ਗੱਲ ਤੋਂ ਵੇਖੀ ਜਾ ਸਕਦੀ ਹੈ ਕਿ ਸਿੱਖਾਂ ਦੇ ਸਰਬਉੱਚ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਦੀ ਬਾਣੀ ਦਰਜ ਹੈ।
ਕੁਝ ਖੋਜਕਾਰਾਂ ਦਾ ਮੱਤ ਹੈ ਕਿ ਸ਼ੇਖ ਫਰੀਦ ਦੀ ਰਚਨਾ ਅਸਲ ਵਿਚ ਸ਼ੇਖ ਇਬਰਾਹੀਮ ਦੀ ਹੈ। ਪੰਜਾਬੀ ਦੇ ਸਮਰੱਥ ਖੋਜਕਾਰ ਪ੍ਰੋ. ਪ੍ਰੀਤਮ ਸਿੰਘ ਨੇ ਆਪਣੀ ਪੁਸਤਕ ‘ਸ਼ੇਖ ਫਰੀਦ ਦੀ ਭਾਲ’ ਵਿਚ ਇਹ ਸਿੱਧ ਕੀਤਾ ਹੈ ਕਿ ਫਵਾਇਦੁਲ ਫੁਆਦ-ਖੈਰਲ, ਮਜਲਿਸ ਤੇ ਸਿਅਰੁਲ ਔਲੀਆ ਆਦਿ ਪ੍ਰਮਾਣਿਕ ਪੁਸਤਕਾਂ ਵਿਚ ਸ਼ੇਖ ਫਰੀਦ ਦੇ ਜੀਵਨ ਬਾਰੇ ਜਿਹੜੀ ਜਾਣਕਾਰੀ ਮਿਲਦੀ ਹੈ, ਉਹ ਸ਼ੇਖ ਫਰੀਦ ਦੇ ਸ਼ਲੋਕਾਂ ਵਿਚ ਆਏ ਹਵਾਲਿਆਂ ਉਪਰ ਪੂਰੀ ਤਰ੍ਹਾਂ ਢੁੱਕਦੀ ਹੈ।
ਸ਼ੇਖ ਫਰੀਦ ਦੀ ਰਚਨਾ ਤੋਂ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਉਨ੍ਹਾਂ ਨੇ ਬਹੁਤ ਲੰਮੀ ਉਮਰ ਭੋਗੀ ਹੈ:
ਬੁਢਾ ਹੋਆ ਸੇਖ ਫਰੀਦ ਕੰਬਣਿ ਲਗੀ ਦੇਹ।।
ਜੇ ਸਉ ਵਰਿਆ ਜੀਵਣਾ ਭੀ ਤਨੁ ਹੋਸੀ ਖੇਹ।।
ਜਾਂ
ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ।।
ਅਜੁ ਫਰੀਦਾ ਕੂਜੜਾ ਸੈ ਕੋਹਾਂ ਥੀਓਮ।।
ਸ਼ੇਖ ਫਰੀਦ ਬੜੇ ਸ਼ਾਂਤ ਸੁਭਾਅ, ਮਿੱਠਾ ਬੋਲਣ, ਸਬਰ ਸੰਤੋਖ ਅਤੇ ਰੱਬ ਦਾ ਭਾਣਾ ਮੰਨਣ ਵਾਲੇ ਸੂਫ਼ੀ ਸਨ। ਸ਼ੇਖ ਫਰੀਦ ਦੇ ਵਿਚਾਰ ਉਨ੍ਹਾਂ ਦੇ ਮੁਰੀਦਾਂ ਅਤੇ ਆਮ ਲੋਕਾਂ ਵਿਚ ਬੇਹੱਦ ਮਕਬੂਲ ਹੋਏ ਹਨ। ਉਨ੍ਹਾਂ ਦੇ ਕੁਝ ਚੋਣਵੇਂ ਬਚਨਾਂ ਦੀ ਵੰਨਗੀ ਕਮਾਲ ਹੈ:
- ਆਪਣੇ ਆਪ ਤੋਂ ਭੱਜਣਾ, ਅੱਲ੍ਹਾ ਤੱਕ ਪਹੁੰਚਣਾ ਹੈ।
- ਜੇ ਤੁਸੀਂ ਬਜ਼ੁਰਗਾਂ ਵਾਲੇ ਰੁਤਬੇ ਉੱਤੇ ਪਹੁੰਚਣਾ ਚਾਹੁੰਦੇ ਹੋ ਤਾਂ ਵੇਲੇ ਦੇ ਬਾਦਸ਼ਾਹਾਂ ਵੱਲ ਬੇਰੁਖ਼ੀ ਵਰਤਣ ਨੂੰ ਵੀ ਜ਼ਰੂਰੀ ਸਮਝੋ।
- ਮੁਲਕ ਨੂੰ ਖ਼ੁਦਾ ਤੋਂ ਡਰਨ ਵਾਲੇ ਵਜ਼ੀਰ ਦੇ ਹੱਥ ਸੌਂਪਣਾ ਚਾਹੀਦਾ ਹੈ।
- ਵੈਰੀ ਤੋਂ ਮਸ਼ਵਰਾ ਨਹੀਂ ਲੈਣਾ ਚਾਹੀਦਾ।
- ਦੁਨੀਆ ਵਿਚ ਉਸ ਬੰਦੇ ਨੂੰ ਸਭ ਤੋਂ ਘਟੀਆ ਅਤੇ ਕਮੀਨਾ ਸਮਝੋ ਜੋ ਖਾਣ-ਪੀਣ, ਪਹਿਨਣ ਤੋਂ ਛੁੱਟ ਹੋਰ ਕੁਝ ਵੀ ਕਰਨ ਜੋਗਾ ਨਹੀਂ।
ਸ਼ੇਖ ਫਰੀਦ ਜੀ ਦੇ ਜੀਵਨ ਬਾਰੇ ਜਾਨਣ ਲਈ ਸਭ ਤੋਂ ਵਧੇਰੇ ਪ੍ਰਮਾਣਿਕ ਪੁਸਤਕ ‘ਸਿਅਰੁਲ-ਔਲੀਆ’ ਹੈ ਜਿਸ ਨੂੰ ਮੁਹੰਮਦ ਮੁਬਾਰਕ ਅਲਅਲਵੀ ਅਲਕਿਰਮਾਨੀ ਨੇ ਲਿਖਿਆ ਹੈ ਜੋ ਅਮੀਰ ਖ਼ੁਰਦ ਦੇ ਨਾਮ ਨਾਲ ਪ੍ਰਸਿੱਧ ਹੋਇਆ। ਇਸ ਪੁਸਤਕ ਅਨੁਸਾਰ ਸ਼ੇਖ ਫਰੀਦ ਦਾ ਪਿਛੋਕੜ ਕਾਬਲ ਦੇ ਬਾਦਸ਼ਾਹ ਫਾਰੁਖ਼ ਸ਼ਾਹ ਨਾਲ ਜੁੜਦਾ ਹੈ। ਚੰਗੇਜ਼ ਖ਼ਾਨ ਨੇ ਜਦੋਂ ਕਾਬਲ ਉਜਾੜਿਆ ਤਾਂ ਸ਼ੇਖ ਫਰੀਦ ਦੇ ਦਾਦਾ ਕਾਜ਼ੀ ਸੁਐਬ ਆਪਣੇ ਤਿੰਨ ਪੁੱਤਰਾਂ ਸਮੇਤ ਲਾਹੌਰ ਤੋਂ ਹੁੰਦੇ ਹੋਏ ਕਸੂਰ ਵਿਚ ਜਾ ਟਿਕੇ। ਸਮੇਂ ਦੇ ਹਾਕਮ ਨੇ ਉਨ੍ਹਾਂ ਨੂੰ ਖੋਤਵਾਲ ਜਿਸ ਨੂੰ ਕੋਠੇਵਾਲ ਵੀ ਆਖਦੇ ਸਨ, ਦਾ ਕਾਜ਼ੀ ਲਾ ਦਿੱਤਾ। ਸ਼ੇਖ ਫਰੀਦ ਦਾ ਜਨਮ ਇਸੇ ਪਿੰਡ ਵਿਚ ਹੋਇਆ। ਇਹ 1173 ਈਸਵੀ ਦਾ ਦਿਨ ਸੀ। ਖੋਜਕਾਰਾਂ ਅਨੁਸਾਰ 5 ਅਪਰੈਲ ਦਾ ਦਿਨ ਬਣਦਾ ਹੈ। ਇਹ ਖ਼ਾਨਦਾਨ ਦੂਜੇ ਖ਼ਲੀਫ਼ਾ ਹਜ਼ਰਤ ਉਮਰ ਫ਼ਾਰੂਕ ਨਾਲ ਸਿੱਧਾ ਜਾ ਮਿਲਦਾ ਹੈ।
ਮਾਤਾ ਦੇ ਯਤਨਾਂ ਨਾਲ ਫਰੀਦ ਨੇ ਅੱਠ ਸਾਲਾਂ ਦੀ ਉਮਰ ਵਿਚ ‘ਕੁਰਾਨ ਸ਼ਰੀਫ਼’ ਜ਼ਬਾਨੀ ਯਾਦ ਕਰ ਲਿਆ। ਜਦੋਂ ਫਰੀਦ ਬੰਦਗੀ ਕਰਨ ਬੈਠਦੇ ਤਾਂ ਮਾਤਾ ਚਟਾਈ ਹੇਠਾਂ ਸ਼ੱਕਰ ਛੁਪਾ ਦਿੰਦੀ। ਬੰਦਗੀ ਤੋਂ ਉੱਠਦੇ, ਚਟਾਈ ਹੇਠੋਂ ਸ਼ੱਕਰ ਮਿਲਦੀ ਤਾਂ ਫ਼ਰੀਦ ਸਮਝਦੇ, ਖ਼ੁਦਾ ਦੀ ਬੰਦਗੀ ਕਾਰਨ ਹੀ ਸ਼ੱਕਰ ਮਿਲਦੀ ਹੈ।
ਇਸ ਸਮੇਂ ਇਸਲਾਮੀ ਜਗਤ ਦੀ ਅਗਵਾਈ ਅਰਬਾਂ ਤੋਂ ਖੁੱਸ ਕੇ ਤੁਰਕਾਂ ਦੇ ਹੱਥ ਚਲੀ ਗਈ ਸੀ। ਸ਼ੇਖ ਫਰੀਦ ਅਫ਼ਗਾਨ ਜਾਤੀ ਵਿਚੋਂ ਸਨ। ਮੰਗੋਲ ਜਾਤੀ (ਜਿਨ੍ਹਾਂ ਵਿਚ ਚੰਗੇਜ਼ ਖਾਂ ਤੇ ਹਿਲਾਕੂ ਆਦਿ ਸਨ) ਨੇ ਤੁਰਕਾਂ ਨੂੰ ਮੱਧ ਏਸ਼ੀਆ ਵਿਚੋਂ ਭਜਾ ਦਿੱਤਾ। ਉਹ ਅਫ਼ਗਾਨਿਸਤਾਨ ਤੇ ਹਿੰਦ ਵੱਲ ਨੱਠ ਆਏ। ਉਸ ਸਮੇਂ ਇਧਰ ਬੁੱਧ ਮੱਤ ਦਾ ਜ਼ੋਰ ਸੀ। ਫਿਰ ਤੁਰਕਾਂ ਨੇ ਇਨ੍ਹਾਂ ਨੂੰ ਹਰਾ ਕੇ ਆਪਣਾ ਰਾਜ ਸਥਾਪਿਤ ਕਰ ਲਿਆ ਤੇ ਹਿੰਦੁਸਤਾਨ ਵਿਚ ਇਸਲਾਮ ਦੀ ਨੀਂਹ ਰੱਖੀ।
ਸ਼ੇਖ ਫਰੀਦ ਦੇ ਜਵਾਨ ਹੋਣ ਤੱਕ ਪੰਜਾਬ ਵਿਚ ਇਸਲਾਮ ਧਰਮ ਨੂੰ ਸੱਤਾ ਹਾਸਲ ਕੀਤਿਆਂ 200 ਸਾਲ ਹੋ ਗਏ ਸਨ। ਕੋਠੇਵਾਲ ਉਦੋਂ ਸਿੰਧ ਸੂਬੇ ਦਾ ਹਿੱਸਾ ਸੀ।
ਪ੍ਰੋ. ਪ੍ਰੀਤਮ ਸਿੰਘ ਦੀ ਖੋਜ ਅਨੁਸਾਰ: ਖਵਾਜਾ ਹਸਨ ਬਸਰੀ ਦੇ ਚੌਦ੍ਹਵੇਂ ਖ਼ਲੀਫ਼ੇ ਸਨ ਮੋਇਨ-ਉਦ-ਦੀਨ ਹਸਨ ਚਿਸ਼ਤੀ। ਇਨ੍ਹਾਂ ਨੇ ਹਿੰਦ ਵਿਚ ਸੂਫ਼ੀਆਂ ਦੇ ਚਿਸ਼ਤੀ ਸਿਲਸਿਲੇ ਦੀ ਨੀਂਹ ਰੱਖੀ। ਆਪਣੀਆਂ ਸਰਗਰਮੀਆਂ ਦਾ ਕੇਂਦਰ ਪਹਿਲਾਂ ਦਿੱਲੀ ਤੇ ਫਿਰ ਅਜਮੇਰ ਨੂੰ ਬਣਾਇਆ। ਅੱਜਕੱਲ੍ਹ ਅਜਮੇਰ ਨੂੰ ‘ਅਜਮੇਰ ਸ਼ਰੀਫ਼’ ਕਿਹਾ ਜਾਂਦਾ ਹੈ।
ਖ਼ਵਾਜਾ ਮੋਇਨ-ਉਦ-ਦੀਨ ਨੇ ਆਪਣੀ ਗੱਦੀ ਖ਼ਵਾਜਾ ਕੁਤਬ-ਉਦ-ਦੀਨ ਬਖ਼ਤਯਾਰ ਕਾਕੀ ਨੂੰ ਬਖ਼ਸ਼ੀ। ਸ਼ੇਖ ਫਰੀਦ ਉਚੇਰੀ ਸਿੱਖਿਆ ਲਈ ਮੁਲਤਾਨ ਗਏ, ਉੱਥੇ ਉਨ੍ਹਾਂ ਦਾ ਮੇਲ ਬਖ਼ਤਯਾਰ ਕਾਕੀ ਨਾਲ ਹੋਇਆ ਤੇ ਸ਼ੇਖ ਫਰੀਦ ਉਨ੍ਹਾਂ ਦੇ ਮੁਰੀਦ ਬਣ ਗਏ। ਸ਼ੇਖ ਫਰੀਦ ਦੇ ਵਾਲਿਦ ਸ਼ੇਖ ਜਮਾਲੁਦੀਨ ਸੁਲੇਮਾਨ ਸਨ ਤੇ ਮਾਤਾ ਦਾ ਨਾਂ ਮਰੀਅਮ ਸੀ।
ਮੈਕਾਲਿਫ ਦੀ ਖੋਜ ਅਨੁਸਾਰ ਸ਼ੇਖ ਫਰੀਦ ਦੀਆਂ ਤਿੰਨ ਸ਼ਾਦੀਆਂ ਹੋਈਆਂ। ਜਦੋਂ ਬਲਬਨ ਦਿੱਲੀ ਦੇ ਤਖ਼ਤ ’ਤੇ ਬੈਠਾ ਤਾਂ ਉਸ ਨੇ ਸ਼ੇਖ ਫਰੀਦ ਨੂੰ ਸ਼ਾਹੀ ਮਹਿਮਾਨ ਵਜੋਂ ਦਿੱਲੀ ਆਉਣ ਦਾ ਸੱਦਾ ਦਿੱਤਾ। ਸ਼ੇਖ ਫਰੀਦ ਨੂੰ ਜਦੋਂ ਸ਼ਾਹੀ ਮਹੱਲ ਅੰਦਰ ਲਿਜਾਇਆ ਗਿਆ ਤਾਂ ਉਨ੍ਹਾਂ ਦੀ ਨਜ਼ਰ ਬਲਬਨ ਦੀ ਧੀ ਹਜ਼ਬਰਾ ਉਪਰ ਪਈ। ਫਰੀਦ ਨੇ ਫੁਰਮਾਇਆ, ‘‘ਇਸ ਦੇ ਮਸਤਕ ’ਤੇ ਲਿਖਿਆ ਹੈ, ਇਸ ਦਾ ਨਿਕਾਹ ਮੇਰੇ ਨਾਲ ਹੋਵੇਗਾ।’’
ਨਿਕਾਹ ਹੋ ਗਿਆ। ਬਾਦਸ਼ਾਹ ਨੇ ਆਪਣੀ ਧੀ ਦੀ ਖ਼ਿਦਮਤ ਲਈ 300 ਨੌਕਰ ਤੇ ਬਾਂਦੀਆਂ ਨਾਲ ਭੇਜੀਆਂ। ਫਰੀਦ ਨੇ ਦੋ ਸੇਵਾਦਾਰ ਤੇ ਦੋ ਬਾਂਦੀਆਂ ਰੱਖ ਕੇ ਬਾਕੀ ਸਭਨਾਂ ਨੂੰ ਵਾਪਸ ਮੋੜ ਦਿੱਤਾ। ਸੁਹਾਗ ਰਾਤ ਸਮੇਂ ਬੀਬੀ ਹਜ਼ਬਰਾ ਸ਼ਾਹੀ ਪੁਸ਼ਾਕਾਂ ਪਹਿਨੀ ਆਪਣੇ ਖਾਵੰਦ ਦੀ ਉਡੀਕ ਕਰਦੀ ਰਹੀ। ਸ਼ੇਖ ਫਰੀਦ ਬਾਹਰ ਆਪਣੇ ਮੁਸੱਲੇ ’ਤੇ ਹੀ ਲੇਟੇ ਰਹੇ। ਅਗਲੇ ਦਿਨ ਪੁੱਛਣ ’ਤੇ ਫਰੀਦ ਨੇ ਕਿਹਾ:
‘‘ਬਾਦਸ਼ਾਹੀ ਠਾਠ-ਬਾਠ ਨਾਲ ਫ਼ਕੀਰਾਂ ਦਾ ਕੀ ਕੰਮ? ਇਹ ਹੀਰੇ ਜਵਾਹਰਾਤ, ਗਹਿਣੇ ਗ਼ਰੀਬਾਂ ਵਿਚ ਵੰਡ ਕੇ ਦਰਵੇਸਾਂ ਵਾਲਾ ਵੇਸ ਧਾਰਨ ਕਰੋ।’’
ਬੀਬੀ ਹਜ਼ਬਰਾ ਸਹਿਮਤ ਹੋ ਗਈ। ਫਿਰ ਉਹ ਦਿੱਲੀ ਛੱਡ ਕੇ ਅਜੋਧਨ ਰਹਿਣ ਲੱਗ ਪਏ। ਬਾਅਦ ਵਿਚ ਇਸ ਦਾ ਨਾਮ ਪਾਕਪਟਨ ਪਿਆ। ਅਜੋਧਨ ਵਿਚ ਹਰ ਆਏ ਗਏ ਲਈ ਲੰਗਰ ਹਰ ਵਕਤ ਤਿਆਰ ਰੱਖਿਆ ਜਾਂਦਾ ਸੀ। ਫਰੀਦ ਜੀ ਫੋਕੇ ਦਿਖਾਵੇ ਦੇ ਵਿਰੁੱਧ ਸਨ। ਰਾਤ ਨੂੰ ਸੌਣ ਸਮੇਂ ਕਰੜੇ ਵਾਣ ਨਾਲ ਬੁਣੀ ਮੰਜੀ ਡਾਹੀ ਜਾਂਦੀ। ਫਰੀਦ ਪਾਸ ਜੋ ਭੇਟਾ ਆਉਂਦੀ, ਸੇਵਕਾਂ ਜਾਂ ਲੋੜਵੰਦਾਂ ਵਿਚ ਵੰਡ ਦਿੱਤੀ ਜਾਂਦੀ। ਅੰਤਲੇ ਦਿਨਾਂ ਵਿਚ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ।
ਅਮੀਰ ਖੁਰਦ ਦੀ ਪੁਸਤਕ ‘ਸਿਅਰੁਲ ਔਲੀਆ’ ਅਨੁਸਾਰ: ਕੋਈ ਮੁਰੀਦ ਆ ਕੇ ਦੱਸਦਾ ਕਿ ਆਪ ਦਾ ਫਲਾਨਾ ਪੁੱਤਰ ਇਕ ਦਿਨ ਤੋਂ ਭੁੱਖਾ ਭਾਣਾ ਪਿਆ ਹੈ ਜਾਂ ਬੇਟੀ ਭੁੱਖ ਨਾਲ ਤੜਪ ਰਹੀ ਹੈ (ਫਰੀਦ ਦੇ ਪੰਜ ਪੁੱਤਰ ਅਤੇ ਤਿੰਨ ਧੀਆਂ ਸਨ) ਤਾਂ ਫਰੀਦ ਅਣਸੁਣੀ ਕਰ ਛੱਡਦੇ ਤੇ ਕਹਿੰਦੇ- ‘ਜੋ ਹੋਣੀ ਉਨ੍ਹਾਂ ਦੇ ਸਿਰ ’ਤੇ ਸਵਾਰ ਹੈ ਤਾਂ ਖ਼ੁਦਾ ਦਾ ਬੰਦਾ ਮਸਊਦ ਕੀ ਕਰ ਸਕਦਾ ਹੈ?’
ਵਿਦਵਾਨ ਗੁਰਬਚਨ ਸਿੰਘ ਤਾਲਬਿ ਅਨੁਸਾਰ: ਸ਼ੇਖ ਫਰੀਦ ਬਹੁਤ ਹੀ ਸਖ਼ਤ ਅਨੁਸ਼ਾਸਨ ਵਿਚ ਰਹਿੰਦੇ ਸਨ। ਖਾਣ-ਪੀਣ ਅਤੇ ਕੱਪੜਿਆਂ ਦੇ ਮਾਮਲੇ ਵਿਚ ਬੜੇ ਸੰਜਮੀ ਸਨ। ਉਹ ਇਕ ਪਾਟਿਆ-ਪੁਰਾਣਾ ਕੰਬਲ ਲੈ ਕੇ ਸੌਂਦੇ ਸਨ ਜਿਹੜਾ ਉਨ੍ਹਾਂ ਦੇ ਸਰੀਰ ਨੂੰ ਢਕਣ ਲਈ ਨਾਕਾਫ਼ੀ ਹੁੰਦਾ ਸੀ।
ਭਾਵੇਂ ਸ਼ੇਖ ਫਰੀਦ ਬਹੁਤ ਸੰਜਮੀ ਸਨ ਤੇ ਕਿਸੇ ਤਰ੍ਹਾਂ ਦੇ ਵਿਖਾਵੇ ਦੇ ਵਿਰੁੱਧ ਸਨ ਤਾਂ ਵੀ ਕਰਾਮਾਤਾਂ ਮਹਾਂਪੁਰਖਾਂ, ਪੀਰਾਂ-ਫ਼ਕੀਰਾਂ ਅਤੇ ਦਰਵੇਸ਼ਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਬਣ ਜਾਂਦੀਆਂ ਹਨ। ਕਰਾਮਾਤਾਂ ਬਾਬਾ ਫਰੀਦ ਜੀ ਦੇ ਜੀਵਨ ਨਾਲ ਵੀ ਜੁੜੀਆਂ ਹੋਈਆਂ ਸਨ। ਫ਼ਾਰਸੀ ਦੀ ਇਕ ਕਹਾਵਤ ਹੈ:
‘‘ਪੀਰਾਂ ਨਮੀ ਪਰੰਦ, ਮੁਰੀਦਾਂ ਮੀ ਪਰਾਨੰਦ’’
(ਪੀਰ ਨਹੀਂ ਉੱਡਿਆ ਕਰਦੇ, ਉਨ੍ਹਾਂ ਦੇ ਮੁਰੀਦ ਉਨ੍ਹਾਂ ਨੂੰ ਉਡਾਇਆ ਕਰਦੇ ਹਨ)
ਬਹੁਤੀਆਂ ਕਰਾਮਾਤਾਂ ਅਤੇ ਸਾਖੀਆਂ ਵਿਚੋਂ ਮਿਸਾਲ ਦੇ ਤੌਰ ’ਤੇ ਇਕ ਸਾਖੀ ਇਸ ਤਰ੍ਹਾਂ ਹੈ:
‘…ਇਕ ਦਿਨ ਫਰੀਦ ਜੀ ਉਜਾੜ ਵਿਚੋਂ ਲੰਘ ਰਹੇ ਸਨ। ਪਿਆਸ ਦੇ ਮਾਰੇ ਉਹ ਇਕ ਖੂਹ ਉੱਤੇ ਗਏ। ਉੱਥੇ ਨਾ ਡੋਲ ਨਾ ਰੱਸਾ। ਫਰੀਦ ਜੀ ਉਦਾਸ ਹੋ ਕੇ ਖੂਹ ਦੇ ਲਾਗੇ ਬਹਿ ਗਏ। ਏਨੇ ਵਿਚ ਦੋ ਹਿਰਨ ਆਪਣੀ ਪਿਆਸ ਮਿਟਾਉਣ ਆਏ। ਉਨ੍ਹਾਂ ਲਈ ਪਾਣੀ ਆਪਣੇ-ਆਪ ਉੱਪਰ ਤੱਕ ਆ ਗਿਆ, ਉਹ ਪਾਣੀ ਪੀ ਕੇ ਚਲੇ ਗਏ। ਜਦੋਂ ਫਰੀਦ ਜੀ ਪਾਣੀ ਪੀਣ ਨੇੜੇ ਆਏ ਤਾਂ ਪਾਣੀ ਫਿਰ ਹੇਠਾਂ ਲਹਿ ਗਿਆ ਤੇ ਆਵਾਜ਼ ਆਈ- ‘ਤੂੰ ਰੱਸੀ ਤੇ ਡੋਲ ਦਾ ਆਸਰਾ ਭਾਲਦਾ ਸੈਂ, ਹਿਰਨਾਂ ਨੇ ਕੇਵਲ ਮੇਰਾ ਆਸਰਾ ਤੱਕਿਆ।’ ਕਹਿੰਦੇ ਹਨ ਫਰੀਦ ਜੀ ਨੇ ਪੂਰੇ 40 ਦਿਨ ਪਾਣੀ ਵੀ ਮੂੰਹ ਨਾ ਲਾਇਆ ਤੇ ਖੂਹ ਵਿਚ ਪੁੱਠੇ ਲਟਕ ਕੇ ਬੰਦਗੀ ਕੀਤੀ।
ਬਾਬਾ ਫਰੀਦ ਦੀ ਰਚਨਾ ਵਿਚੋਂ ਜੋ ਉਨ੍ਹਾਂ ਦਾ ਅਕਸ ਉੱਭਰਦਾ ਹੈ, ਉਹ ਉੱਚ ਕੋਟੀ ਦੇ ਵਿਦਵਾਨ ਸਨ। ਦੂਰ ਦੂਰ ਤੱਕ ਜਾਣੇ ਜਾਂਦੇ ਹਨ। ਪਾਕਪਟਨ ਨੂੰ ਆਪਣਾ ਪੱਕਾ ਟਿਕਾਣਾ ਬਣਾਉਣ ਪਿੱਛੋਂ ਵੀ ਉਹ ਜੰਗਲੀ ਕੰਦ-ਮੂਲ ਖਾ ਕੇ ਗੁਜ਼ਾਰਾ ਕਰਦੇ ਸਨ। ਵਰਤ ਬਹੁਤ ਰੱਖਦੇ ਸਨ। ਉਨ੍ਹਾਂ ਦਾ ਆਪਣਾ ਫ਼ਰਮਾਨ ਹੈ:
-ਜ਼ਕਾਤ ਤਿੰਨ ਤਰ੍ਹਾਂ ਦਾ ਹੁੰਦਾ ਹੈ। ਇਕ ਸ਼ਰੀਅਤ ਦਾ, ਦੂਜਾ ਤਰੀਕਤ ਦਾ, ਤੀਜਾ ਹਕੀਰਤ ਦਾ। ਸ਼ਰੀਅਤ ਦੇ ਦਾਨ ਵਿਚ 20 ਫ਼ੀਸਦੀ ਵਿਚੋਂ 5 ਰੁਪਏ ਦਿੱਤੇ ਜਾਂਦੇ ਹਨ। ਤਰੀਕਤ ਦੇ ਦਾਨ ਵਿਚ 5 ਰੁਪਏ ਰੱਖ ਕੇ ਬਾਕੀ ਸਭ ਦੇ ਦਿੱਤੇ ਜਾਂਦੇ ਹਨ। ਹਕੀਰਤ ਦੇ ਦਾਨ ਵਿਚ ਆਪਣੇ ਪੱਲੇ ਕੁਝ ਵੀ ਨਹੀਂ ਰੱਖੀਦਾ, ਸਭ ਕੁਝ ਦੇ ਦਿੱਤਾ ਜਾਂਦਾ ਹੈ। ਸ਼ੇਖ ਫਰੀਦ ਸਾਰੀ ਹਯਾਤੀ ਹਕੀਰਤ ਦੇ ਦਾਨ ਉੱਪਰ ਪਹਿਰਾ ਦਿੰਦੇ ਰਹੇ।
ਬਾਬਾ ਫਰੀਦ ਦੇ ਮੱਤ ਅਨੁਸਾਰ: ਸਾਰੇ ਦੁੱਖਾਂ ਕਲੇਸ਼ਾਂ ਅਤੇ ਪੁਆੜਿਆਂ ਦੀ ਜੜ੍ਹ ਸਿਰਫ਼ ਪੈਸਾ ਅਤੇ ਜ਼ਮੀਨ-ਜਾਇਦਾਦ ਦਾ ਲਾਲਚ ਹੈ।
ਸ਼ੇਖ ਫਰੀਦ ਦੀ ਉੱਤਮ ਰਚਨਾ ਨੂੰ ਵਾਚ ਕੇ ਹੈਰਾਨੀ ਹੁੰਦੀ ਹੈ ਕਿ ਕਿਵੇਂ ਬਾਰ੍ਹਵੀਂ-ਤੇਰ੍ਹਵੀਂ ਸਦੀ ਵਿਚ ਹੀ ਪੰਜਾਬੀ ਭਾਸ਼ਾ ਦੇ ਸਾਹਿਤ ਨੇ ਇੰਨਾ ਪਕੇਰਾ ਅਤੇ ਸ੍ਰੇਸ਼ਟ ਰੂਪ ਧਾਰਨ ਕਰ ਲਿਆ ਸੀ। ਪ੍ਰਸਿੱਧ ਵਿਦਵਾਨ ਡਾ. ਜੀਤ ਸਿੰਘ ਸੀਤਲ ਲਿਖਦੇ ਹਨ:
‘‘ਦੇਸ਼ ਦੀ ਲੋਕ ਭਾਸ਼ਾ ਪੁਰਾਤਨ ਪੰਜਾਬੀ ਅਥਵਾ ਲਹਿੰਦੀ ਵਿਚ ਪਹਿਲੀ ਵੇਰ ਸ਼ੇਖ ਫਰੀਦ ਨੇ ਉੱਚ ਪੱਧਰ ਦੀ ਕਵਿਤਾ ਰਚੀ। ਉਹ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਪਹਿਲੇ ਸਾਹਿਤਕਾਰ ਹਨ, ਭਗਤੀ, ਬੰਦਗੀ ਕਾਵਿ ਦੇ ਪਹਿਲੇ ਸ਼੍ਰੋਮਣੀ ਕਵੀ ਅਤੇ ਗੁਰਮਤਿ ਵਿਚਾਰਧਾਰਾ ਦੇ ਪਹਿਲੇ ਪੇਸ਼-ਰੌ ਹਨ।’’
ਸ਼ੇਖ ਫਰੀਦ ਦੀ ਬਾਣੀ ਸ਼ਲੋਕਾਂ ਅਤੇ ਸ਼ਬਦਾਂ ਵਿਚ ਹੈ ਤੇ ਉਪਮਾਵਾਂ, ਆਲੰਕਾਰਾਂ ਅਤੇ ਬਿੰਬਾਂ ਨਾਲ ਸ਼ਿੰਗਾਰੀ ਹੋਈ ਹੈ।
ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ।।
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ।।
ਡਾ. ਤਾਰਨ ਸਿੰਘ ਨੇ ਕੁਝ ਕੁ ਸ਼ਬਦਾਂ ਨਾਲ ਫਰੀਦ ਜੀ ਦੀ ਬਾਣੀ ਨੂੰ ਗਾਗਰ ਵਿਚ ਸਾਗਰ ਵਾਂਗ ਬੰਦ ਕਰ ਦਿੱਤਾ ਹੈ:
‘‘ਬਾਬਾ ਫਰੀਦ ਨੂੰ ਸਭ ਤੋਂ ਵੱਧ ਤਜਰਬਾ ਘਰੋਗੀ ਸਾਧਾਰਨ ਜਾਤੀ ਜੀਵਨ ਦਾ ਹੀ ਹੈ। ਜਿਸ ਵਿਚੋਂ ਰੋਟੀ, ਲਾਵ੍ਹਣ, ਭੁੱਖ, ਰੁੱਖੀ ਸੁੱਖੀ ਤੇ ਚੋਪੜੀ ਦਾ ਤਜਰਬਾ ਹੈ। ਜਿਸ ਵਿਚ ਖਟੋਲਾ, ਵਾਣ, ਵਿਛਾਈ ਤੇ ਲੇਫ ਦੀ ਵਰਤੋਂ ਹੈ। ਜਿਸ ਵਿਚ ਛੱਪਰ, ਤੁੱਟੇ ਮੇਹ, ਕੋਠੇ, ਪੱਤਣ, ਕੇਤੜੀ ਦੀ ਸੋਝੀ ਹੈ, ਜਿਵੇਂ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓਂ, ਦੁੱਧ, ਖਜੂਰੀ ਪੱਕੀਆਂ ਨਾਲ ਵਾਹ ਰਹਿੰਦਾ ਹੈ। ਜਿੱਥੇ ਵਿਛੋੜੇ ਦੀਆਂ ਰਾਤਾਂ ਦਾ ਅਨੁਭਵ ਹੈ। … ਜਿੱਥੇ ਕਥੂਰੀ ਤੇ ਹਿੰਗ ਦੇ ਭੇਤ ਦੀ ਸੂਝ ਹੈ, ਜਿੱਥੇ ਲੋਕ ਪੱਗ ਦੀ ਸੰਭਾਲ ਕਰਦੇ ਕਰਦੇ ਭੁੱਲ ਜਾਂਦੇ ਹਨ ਕਿ ਸਿਰ ਭੀ ਮਿੱਟੀ ਖਾ ਜਾਏਗੀ। … ਜਿੱਥੇ ਗ੍ਰਿਸਤੀ ਜੀਵਨ, ਵਿਆਹ ਦੇ ਸਾਹੇ, ਤਿਲਵੇਤਰੀ ਦੀ ਰਸਮ, ਸਹੁ ਕੱਢਣ ਦਾ ਪਤਾ, ਲੋੜ, ਗੰਢ, ਸਹੁਰੇ-ਪੇਕੇ ਸਬੰਧਾਂ ਦਾ ਪਤਾ ਲੱਗਦਾ ਹੈ…।’’
ਫਰੀਦ ਦੀ ਬਾਣੀ ਵਿਚ ਹੰਸ ਅਤੇ ਬਗਲੇ ਦੇ ਬਿੰਬ ਸਥਾਈ ਰੂਪ ਧਾਰ ਗਏ ਹਨ। ਹੰਸ ਸਾਊ ਵਿਅਕਤੀ ਨੂੰ ਪ੍ਰਗਟਾਉਂਦਾ ਹੈ ਜਦੋਂਕਿ ਬਗਲਾ ਪਾਖੰਡੀ ਹੁੰਦਾ ਹੈ। ਇਸ ਤਰ੍ਹਾਂ ਸ਼ੇਖ ਫਰੀਦ ਦੀ ਰਚਨਾ ਵਸਤੂ ਅਤੇ ਰੂਪ ਦੋਹਾਂ ਪੱਖਾਂ ਤੋਂ ਪੰਜਾਬੀ ਸਾਹਿਤ ਵਿਚ ਬਹੁਤ ਮਹਾਨਤਾ ਰੱਖਦੀ ਹੈ ਤੇ ਇਸ ਨੂੰ ਲਹਿੰਦੀ ਪੰਜਾਬੀ ਦੀ ਪਹਿਲੀ ਰਚਨਾ ਹੋਣ ਦਾ ਮਾਣ ਹਾਸਲ ਹੈ।
ਸ਼ੇਖ ਫਰੀਦ ਜੀ ਦੇ ਉਸ ਸਮੇਂ ਦੀ ਰਿਆਸਤ ਫ਼ਰੀਦਕੋਟ (ਚੜ੍ਹਦੇ ਪੰਜਾਬ) ਨਾਲ ਸਬੰਧਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਫ਼ਰੀਦਕੋਟ ਦਾ ਨਾਮ ਮਹਾਨ ਸੂਫ਼ੀ ਸ਼ੇਖ ਫਰੀਦ ਨਾਲ ਜੁੜਿਆ ਹੋਇਆ ਹੈ। ਪ੍ਰੋ. ਪ੍ਰੀਤਮ ਸਿੰਘ ਦੀ ਪੁਸਤਕ ‘ਸ਼ੇਖ ਫ਼ਰੀਦ ਦੀ ਭਾਲ’ ਦੇ ਹਵਾਲੇ ਨਾਲ ਇਕ ਦੰਦ ਕਥਾ ਇਸ ਪ੍ਰਕਾਰ ਹੈ:
ਸ਼ੇਖ ਫਰੀਦ ਆਪਣੇ ਮੁਰਸ਼ਦ ਖ਼ਵਾਜਾ ਕੁਤਬ-ਉਦ-ਦੀਨ ਬਖ਼ਤਯਾਰ ਕਾਕੀ ਨੂੰ ਮਿਲਣ ਪਿੱਛੋਂ ਦਿੱਲੀ ਤੋਂ ਹਾਂਸੀ-ਹਿਸਾਰ ਦੇ ਰਸਤੇ ਪਾਕਪਟਨ ਵੱਲ ਜਾ ਰਹੇ ਸਨ। ਰਸਤੇ ਵਿਚ ‘ਮੋਕਲਹਰ’ ਦੇ ਸਥਾਨ ’ਤੇ ਵੇਲੇ ਦੇ ਚੌਧਰੀ ਮੋਕਲਸੀਂਹ ਵੱਲੋਂ ਕਿਲ੍ਹੇ ਦੀ ਉਸਾਰੀ ਹੋ ਰਹੀ ਸੀ। ਚੌਧਰੀ ਦੇ ਕਰਿੰਦਿਆਂ ਨੇ ਬਾਬਾ ਫਰੀਦ ਨੂੰ ਆਮ ਬੰਦਾ ਜਾਣ ਕੇ ਜਬਰੀ ਵਗਾਰ ’ਤੇ ਲਾ ਲਿਆ ਤੇ ਗਾਰੇ ਦੀ ਤਗਾਰੀ ਚੁਕਵਾ ਦਿੱਤੀ। ਕਿਹਾ ਜਾਂਦਾ ਹੈ ਕਿ ਤਗਾਰੀ ਫਰੀਦ ਜੀ ਦੇ ਸਿਰ ਤੋਂ ਕੁਝ ਉਪਰ ਹਵਾ ਵਿਚ ਤੈਰਨ ਲੱਗੀ। ਹੋਰ ਲੋਕ ਤੇ ਮਜ਼ਦੂਰ ਹੈਰਾਨ ਹੋਏ। ਗੱਲ ਚੌਧਰੀ ਤੱਕ ਜਾ ਪੁੱਜੀ। ਉਸ ਨੇ ਆ ਕੇ ਬਾਬਾ ਫਰੀਦ ਦੇ ਪੈਰ ਫੜ ਲਏ, ਖ਼ਿਮਾ ਮੰਗੀ। ਉਸ ਸਮੇਂ ਦਰਿਆ ਸਤਲੁਜ ‘ਮੋਕਲਹਰ’ ਦੇ ਉੱਤਰ-ਪੱਛਮ ਵੱਲ ਦੀ ਗੁਜ਼ਰਦਾ ਸੀ ਤੇ ਹਰ ਵਰ੍ਹੇ ਇਹ ਨਗਰ ਉਜੜਦਾ ਸੀ। ਨਗਰ ਵਾਸੀਆਂ ਦੇ ਕਹਿਣ ’ਤੇ ਬਾਬਾ ਫਰੀਦ ਨੇ ਗਰਾਂ ਦੀ ਖ਼ੈਰ ਸੁੱਖ ਲਈ ਦੁਆ ਕੀਤੀ। ਫਿਰ ਉਨ੍ਹਾਂ ਨੇ ਬਾਬਾ ਫਰੀਦ ਦੀ ਆਗਿਆ ਲੈ ਕੇ ‘ਮੋਕਲਹਰ’ ਦਾ ਨਾਮ ‘ਫ਼ਰੀਦਕੋਟ’ ਰੱਖ ਦਿੱਤਾ। ਜਿਸ ਥਾਂ ਬਾਬਾ ਫਰੀਦ ਨੂੰ ਤਗਾਰੀ ਚੁਕਾਈ ਗਈ ਸੀ, ਹੁਣ ਉੱਥੇ ‘ਕਿਲ੍ਹਾ ਬਾਬਾ ਫਰੀਦ’ ਬਣਿਆ ਹੋਇਆ ਹੈ। ਜਿਸ ਵਣ ਦੇ ਰੁੱਖ ਨਾਲ ਫਰੀਦ ਜੀ ਨੇ ਗਾਰੇ ਨਾਲ ਲਿੱਬੜੇ ਆਪਣੇ ਹੱਥ ਪੂੰਝੇ ਸਨ। ਉਸ ਦੇ ਹੇਠ ਸ਼ਰਧਾਲੂ ਲੋਕ ਚਿਰਾਗ ਬਾਲ ਕੇ ਆਪਣੀ ਅਕੀਦਤ ਭੇਟ ਕਰਦੇ ਹਨ। ਇਹ ਵਣ ਅੱਜ ਵੀ ਪੂਰੀ ਤਰ੍ਹਾਂ ਹਰਿਆ-ਭਰਿਆ ਹੈ।
ਫ਼ਰੀਦਕੋਟ ਵਿਚ ਬਾਬਾ ਫਰੀਦ ਦੀ ਆਮਦ ਨਾਲ ‘ਗੋਦੜੀ’ ਦੀ ਦੰਦਕਥਾ ਵੀ ਜੁੜੀ ਹੋਈ ਹੈ। ਜਦ ਉਹ ਮੋਕਲਹਰ ਪਹੁੰਚੇ ਤਾਂ ਆਪਣੀ ਪਛਾਣ ਛੁਪਾਉਣ ਲਈ ਉਨ੍ਹਾਂ ਨੇ ਆਪਣੀ ਗੋਦੜੀ ਉਤਾਰ ਕੇ ਨਗਰ ਦੀ ਜੂਹ ਤੋਂ ਬਾਹਰ ਇਕ ਰੁੱਖ ਦੇ ਦੁਸਾਂਗੇ ਵਿਚ ਰੱਖ ਦਿੱਤੀ ਤੇ ਆਪ ਨਗਰ ਵੱਲ ਚਲੇ ਗਏ। ਮਗਰੋਂ ਪਸ਼ੂ ਚਾਰਨ ਵਾਲੇ ਮੁੰਡਿਆਂ ਨੇ ਇਸ ਗੋਦੜੀ ਦੀ ਖਿੱਦੋ ਬਣਾ ਕੇ ਖੇਡਣਾ ਸ਼ੁਰੂ ਕਰ ਦਿੱਤਾ। ਜਦੋਂ ਬਾਬਾ ਫਰੀਦ ਵਾਪਸ ਗੋਦੜੀ ਰੱਖਣ ਵਾਲੀ ਥਾਂ ਉਪਰ ਆਏ ਤਾਂ ਗੋਦੜੀ ਦੀ ਇਕ ਵੀ ਟਾਕੀ ਨਹੀਂ ਸੀ ਬਚੀ। ਇਸ ਜਗ੍ਹਾ ਹੁਣ ਗੁਰਦੁਆਰਾ ਗੋਦੜੀ ਸਾਹਿਬ ਬਣਿਆ ਹੋਇਆ ਹੈ। ਇੱਥੇ ਹਰ ਸਾਲ ਬਾਬਾ ਫਰੀਦ ਆਗਮਨ ਦਿਵਸ ਤੇ ਪੁਰਬ ਮਨਾਇਆ ਜਾਂਦਾ ਹੈ ਜੋ ਹੁਣ ਮਾਲਵੇ ਦੇ ਵੱਡੇ ਸਭਿਆਚਾਰਕ ਮੇਲੇ ਦਾ ਰੂਪ ਧਾਰ ਗਿਆ ਹੈ। ਕੁਝ ਸਾਲਾਂ ਤੋਂ ਇੱਥੇ ਇਨ੍ਹਾਂ ਦਿਨਾਂ ਵਿਚ ਪੁਸਤਕ ਮੇਲਾ ਵੀ ਲੱਗਣ ਲੱਗਾ ਹੈ।
ਸ਼ੇਖ ਫਰੀਦ ਬਾਰੇ ਇਕ ਹੋਰ ਦੰਦਕਥਾ ਸੁਣਨ ਨੂੰ ਮਿਲਦੀ ਹੈ। ਬਾਬਾ ਜੀ ਆਪਣੇ ਮੁਰੀਦਾਂ ਵਿਚ ਘਿਰੇ ਹੋਏ ਸਨ। ਉਨ੍ਹਾਂ ਦਾ ਇਕ ਮੁਰੀਦ ਲੁਹਾਰ ਜੋ ਕੈਂਚੀਆਂ ਬਣਾਉਂਦਾ ਸੀ, ਸ਼ੇਖ ਜੀ ਲਈ ਇਕ ਖ਼ੂਬਸੂਰਤ ਕੈਂਚੀ ਭੇਟ ਕਰਨ ਲਈ ਲੈ ਕੇ ਆਇਆ।
ਕੈਂਚੀ ਵੇਖ-ਪਰਖ ਕੇ ਬਾਬਾ ਫਰੀਦ ਨੇ ਕਿਹਾ, ‘‘ਤੇਰੀ ਕੈਂਚੀ ਆਲ੍ਹਾ ਦਰਜ਼ੇ ਦੀ ਹੈ ਪਰ ਇਹ ਕੱਟਣ ਅਤੇ ਵੱਖ ਕਰਨ ਦਾ ਕਾਰਜ ਕਰਦੀ ਹੈ। ਇਹ ਤੋੜਦੀ ਹੈ ਜੋੜਦੀ ਨਹੀਂ। ਮੈਨੂੰ ਤਾਂ ਸੂਈ ਧਾਗੇ ਦੀ ਲੋੜ ਹੈ ਜੋ ਪਾਟਿਆਂ ਨੂੰ ਜੋੜਦਾ ਹੈ ਸੀਂਦਾ ਹੈ। ਮੈਨੂੰ ਸੂਈ-ਧਾਗਾ ਦਿਉ।’’ ਸ਼ੇਖ ਫਰੀਦ ਨੇ ਲੁਹਾਰ ਦੀ ਭੇਟ ਨਾਮਨਜ਼ੂਰ ਕਰ ਦਿੱਤੀ।
ਇਹ ਵੀ ਜਾਣਕਾਰੀ ਮਿਲਦੀ ਹੈ ਕਿ ਸ਼ੇਖ ਫਰੀਦ ਦੀ ਕੁਝ ਬਾਣੀ ਤੇ ਸ਼ਲੋਕ ਸਾਂਭੇ ਨਹੀਂ ਗਏ। ਉਨ੍ਹਾਂ ਦੀ ਰਚਨਾ ਲਿਖਤੀ ਰੂਪ ਵਿਚ ਜਾਂ ਮੂੰਹੋਂ-ਮੂੰਹ ਤੁਰਦੀ, ਲੋਕਾਂ ਦੇ ਹਿਰਦਿਆਂ ਵਿਚ ਜਿਉਂਦੀ ਹੈ। ਉਨ੍ਹਾਂ ਦੇ ਕੁਝ ਸ਼ਲੋਕ ਜੋ ਲਿਖਤੀ ਰੂਪ ਵਿਚ ਨਹੀਂ ਆਏ:
– ਉੱਠ ਫਰੀਦਾ ਸੁਤਿਆ ਦੁਨੀਆਂ ਵੇਖਣ ਜਾਹ,
ਮਤ ਕੋਈ ਬਖਸ਼ਿਆ ਹੋਵਈ ਤੂੰ ਵੀ ਬਖਸ਼ਿਆ ਜਾਹ।
– ਉੱਠ ਫਰੀਦਾ ਸੁਤਿਆ ਮਨ ਦਾ ਦੀਵਾ ਬਾਲ,
ਸਾਹਿਬ ਜਿਨ੍ਹਾਂ ਦੇ ਜਾਗਦੇ ਨਫ਼ਰ ਕੀ ਸੋਵਣ ਨਾਲ।
– ਫਰੀਦਾ ਔਹ ਜੋ ਪਈਆਂ ਢੇਰੀਆਂ ਉਪਰ ਮੇਲੇ ਕੱਖ,
ਉਧਰੋਂ ਕੋਈ ਨਾ ਆਵਈ ਇਧਰੋਂ ਵੰਞੇ ਲੱਖ।
ਆਖ਼ਰੀ ਸਮੇਂ ਸ਼ੇਖ ਫਰੀਦ ਬੇਹੱਦ ਕਮਜ਼ੋਰ ਹੋ ਗਏ ਸਨ। ਉਨ੍ਹਾਂ ਨੂੰ ਨਿਮੂਨੀਆ ਹੋ ਗਿਆ ਸੀ। ਉੱਠ ਕੇ ਚੱਲ ਫਿਰ ਨਹੀਂ ਸਨ ਸਕਦੇ। ਉਨ੍ਹਾਂ ਨੂੰ ਵਜ਼ੂ ਕਰਨ ਵਾਲਾ ਲਾਗੇ ਪਿਆ ਕੁੱਜਾ ਵੀ ਸੌ ਕੋਹਾਂ ਦੂਰ ਪਿਆ ਭਾਸਦਾ ਸੀ।
ਮੈਕਸ ਆਰਥਰ ਮੈਕਾਲਿਫ ਆਪਣੀ ਪੁਸਤਕ ‘ਦਿ ਸਿੱਖ ਰਿਲੀਜਨ, ਵਾਲਿਯੂਮ-4’ ਵਿਚ ਲਿਖਦਾ ਹੈ:
‘‘ਫਰੀਦ ਜੀ ਫਰਮਾਇਆ ਕਰਦੇ ਸਨ- ਮੌਤ ਇਨਸਾਨ ਦੀ ਤਲਾਸ਼ ਵਿਚ ਹੈ, ਉਸੇ ਤਰ੍ਹਾਂ ਰਿਜ਼ਕ ਵੀ ਉਸ ਦੀ ਤਲਾਸ਼ ਵਿਚ ਹੈ।’’ ਉਨ੍ਹਾਂ ਅਨੁਸਾਰ ਸ਼ੇਖ ਫਰੀਦ 5 ਮਰਹੱਮ 664 ਹਿਜਰੀ ਨੂੰ ਅੱਲਾਹ ਨੂੰ ਪਿਆਰੇ ਹੋ ਗਏ। ਇਹ ਸੰਨ 1266 ਈਸਵੀ ਬਣਦਾ ਹੈ।
ਬਿਮਾਰੀ ਅਤੇ ਕਮਜ਼ੋਰੀ ਦੀ ਹਾਲਤ ਵਿਚ ਉਹ ਆਪਣੇ ਮੁਰੀਦਾਂ ਨੂੰ ਨਸੀਹਤਾਂ ਕਰਦੇ ਰਹੇ:
ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ।।
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ।
ਸੰਪਰਕ: 98147-83069