ਸੁਰਿੰਦਰ ਸਿੰਘ ਤੇਜ
ਅਮਰੀਕਾ ਨੇ ਜੰਗਾਂ-ਯੁੱਧਾਂ ਤੋਂ ਕੁਝ ਨਹੀਂ ਸਿੱਖਿਆ। ਦੂਜੇ ਵਿਸ਼ਵ ਯੁੱਧ ਨੇ ਇਸ ਨੂੰ ਸੰਸਾਰ ਦੀ ਸਭ ਤੋਂ ਵੱਡੀ ਫ਼ੌਜੀ ਤੇ ਆਰਥਿਕ ਸ਼ਕਤੀ ਬਣਾਇਆ, ਪਰ ਇਸ ਰੁਤਬੇ ਦਾ ਲਾਭ ਇਸ ਮੁਲਕ ਨੇ ਸੂਝ-ਬੂਝ ਨਾਲ ਨਹੀਂ ਲਿਆ। ਵਿਸ਼ਵ ਯੁੱਧ ਦੇ ਖ਼ਾਤਮੇ ਮਗਰੋਂ ਸਾਮਵਾਦ ਤੇ ਪੂੰਜੀਵਾਦ ਦਰਮਿਆਨ ਟਕਰਾਅ ਦਾ ਦੌਰ ਸ਼ੁਰੂ ਹੋ ਗਿਆ ਸੀ। ਦੂਜੇ ਪਾਸੇ ਯੂਰੋਪੀਅਨ ਬਸਤੀਵਾਦ ਤੇਜ਼ੀ ਨਾਲ ਦਮ ਤੋੜਨ ਲੱਗਾ ਸੀ। ਨਵ-ਆਜ਼ਾਦ ਪਰ ਗ਼ਰੀਬ ਮੁਲਕ ਸਮਾਜਵਾਦੀ/ਸਾਮਵਾਦੀ ਪ੍ਰਬੰਧ ਵੱਲ ਖਿੱਚੇ ਜਾ ਰਹੇ ਸਨ। ਪੂੰਜੀਵਾਦੀ ਅਮਰੀਕਾ ਨੂੰ ਇਹ ਰੁਝਾਨ ਗਵਾਰਾ ਨਹੀਂ ਸੀ। ਇਸ ਨੂੰ ਰੋਕਣ ਲਈ ਉਸ ਨੇ ਧੌਂਸਵਾਦ ਦਾ ਸਹਾਰਾ ਲਿਆ। ਹੋਰਨਾਂ ਮੁਲਕਾਂ ਦੇ ਵਿਹੜਿਆਂ ਵਿਚ ਜਾ ਕੇ ਜੰਗਾਂ ਲੜੀਆਂ। ਬਹੁਤੀਆਂ ਨਿੱਕੀਆਂ-ਨਿੱਕੀਆਂ, ਦੋ ਵੱਡੀਆਂ। ਪਹਿਲਾਂ ਕੋਰੀਆ (1950-53) ਅਤੇ ਫਿਰ ਵੀਅਤਨਾਮ (1955-1975) ਵਿਚ। ਬੜੀ ਤਬਾਹੀ ਢਾਹੀ, ਬੜੀ ਤਬਾਹੀ ਝੱਲੀ। ਪਰ ਧੌਂਸਵਾਦੀ ਪਹੁੰਚ ਨਾ ਛੱਡੀ। ਇਹੋ ਪਹੁੰਚ ਬਾਅਦ ਵਿਚ ਇਰਾਕ (2003-2011) ਅਤੇ ਅਫ਼ਗਾਨਿਸਤਾਨ (2001 ਤੋਂ 2021) ਜੰਗਾਂ ਦੀ ਵਜ੍ਹਾ ਵੀ ਬਣੀ। ਭਰਵੀਂ ਨਮੋਸ਼ੀ ਦਾ ਬਾਇਜ਼ ਬਣੀਆਂ ਇਹ ਸਾਰੀਆਂ ਜੰਗਾਂ, ਪਰ ਅਮਰੀਕੀ ਸੋਚ-ਸੁਹਜ ਵਿਚ ਤਬਦੀਲੀ ਨਹੀਂ ਆਈ। ਉਸ ਦੀ ਚਾਲ ਤੇ ਚਰਿੱਤਰ ਅੱਜ ਵੀ ਅਮਨਪਸੰਦ ਮੁਲਕ ਵਾਲੇ ਨਹੀਂ। ਕਥਨੀ ਤੇ ਕਰਨੀ ਵਿਚ ਅੱਜ ਵੀ ਓਨੀ ਹੀ ਬੇਮੇਲਤਾ ਹੈ ਜਿੰਨੀ ਦੂਜੇ ਮਹਾਂਯੁੱਧ ਵੇਲੇ ਸੀ। ਅਮਨ ਤੇ ਮਾਨਵਤਾ ਦੇ ਨਾਂ ’ਤੇ ਜੰਗ-ਯੁੱਧ ‘ਘੜਨ’ ਦੀ ਬਿਰਤੀ ਹੁਣ ਵੀ ਅਮਰੀਕੀ ਵਿਦੇਸ਼ ਨੀਤੀ ਦਾ ਮੁੱਖ ਲੱਛਣ ਹੈ।
ਇਸੇ ਵਿਸ਼ਾ-ਵਸਤੂ ਨੂੰ ਬਾਖ਼ੂਬੀ ਵਿਆਖਿਆਨਦੀ ਹੈ ਸੈਮੂਏਲ ਮੌਇਨ ਦੀ ਕਿਤਾਬ ‘ਹਿਊਮੇਨ: ਹਾਊ ਦਿ ਯੂਨਾਈਟਿਡ ਸਟੇਟਸ ਅਬੈਂਡਨਡ ਪੀਸ ਐਂਡ ਰੀਇਨਵੈਂਟਿਡ ਵਾਰ’ (ਇਨਸਾਨੀਅਤ ਦੇ ਬਹਾਨੇ ਅਮਰੀਕਾ ਵੱਲੋਂ ਅਮਨ ਦਾ ਤਿਆਗ, ਯੁੱਧ ਨਾਲ ਮੋਹ-ਪਿਆਰ; ਵਰਸੋ ਬੁੱਕਸ; 484 ਪੰਨੇ; 1815 ਰੁਪਏ)। ਸੈਮੂਏਲ ਮੌਇਨ ਜ਼ੱਦ ਪੱਖੋਂ ਯਹੂਦੀ ਅਤੇ ਪੇਸ਼ੇ ਤੋਂ ਯੇਲ ਯੂਨੀਵਰਸਿਟੀ (ਅਮਰੀਕਾ) ਵਿਚ ਇਤਿਹਾਸ ਤੇ ਕਾਨੂੰਨ ਦਾ ਪ੍ਰੋਫੈਸਰ ਹੈ। ਜੰਗਾਂ-ਯੁੱਧਾਂ, ਅਮਨ ਵਾਰਤਾਵਾਂ ਤੇ ਇਨਸਾਨੀ ਹੱਕਾਂ ਬਾਰੇ ਤਿੰਨ ਕਿਤਾਬਾਂ ਉਹ ਪਹਿਲਾਂ ਛਪਵਾ ਚੁੱਕਾ ਹੈ। ਤਿੰਨੋਂ ਖ਼ੂਬ ਚਰਚਿਤ ਰਹੀਆਂ। ‘ਹਿਊਮੇਨ’ ਇਨ੍ਹਾਂ ਤਿੰਨਾਂ ਤੋਂ ਵੱਧ ਬਾਦਲੀਲ ਅਤੇ (ਬੌਧਿਕਤਾ ਪੱਖੋਂ) ਵੱਧ ਵਜ਼ਨੀ ਹੈ। ਇਹ ਅਮਰੀਕੀ ਨੀਤੀਆਂ ਦੇ ਅੰਨ੍ਹੇ ਵਿਰੋਧ ਤੋਂ ਨਹੀਂ ਉਪਜੀ; ਸਗੋਂ ਇਨ੍ਹਾਂ ਨੀਤੀਆਂ ਦੇ ਮਾਨਵੀ ਅਸਰਾਤ ਦੇ ਗਹਿਨ ਅਧਿਐਨ ਦੀ ਪੈਦਾਇਸ਼ ਹੈ। ਮੌਇਨ ਲਿਖਦਾ ਹੈ ਕਿ 19ਵੀਂ ਸਦੀ ਤੋਂ ਜੰਗਾਂ-ਯੁੱਧਾਂ ਨੂੰ ਮਾਨਵਵਾਦੀ ਸਿਧਾਂਤਾਂ ਦੇ ਦਾਇਰੇ ਵਿਚ ਲਿਆਉਣ ਦੇ ਯਤਨ ਲਗਾਤਾਰ ਹੁੰਦੇ ਆਏ ਹਨ। ਰੈੱਡ ਕਰਾਸ ਦੀ ਸਥਾਪਨਾ ਅਤੇ ਜਨੇਵਾ ਕਨਵੈਨਸ਼ਨ ਅਜਿਹੇ ਯਤਨਾਂ ਦਾ ਹੀ ਸਿੱਟਾ ਸਨ। ਪਰ ਕੀ ਅਜਿਹੇ ਯਤਨ ਜੰਗਾਂ ਦੀ ਵਹਿਸ਼ਤ ਅਤੇ ਇਸ ਵਹਿਸ਼ਤ ਰਾਹੀਂ ਹੋਣ ਵਾਲੀ ਮਾਨਵਤਾ ਦੀ ਤਬਾਹੀ ਨੂੰ ਕਿਸੇ ਵੀ ਤਰ੍ਹਾਂ ਘਟਾ ਸਕੇ? ਕੀ ਇਹ ਯਤਨ ਵੱਡੀਆਂ ਤਾਕਤਾਂ ਨੂੰ (ਮਾਨਵਤਾ ਬਚਾਉਣ ਦੇ ਬਹਾਨੇ) ਜੰਗਾਂ ਛੇੜਨ ਤੋਂ ਰੋਕਣ ਪੱਖੋਂ ਕਾਰਗਰ ਸਾਬਤ ਹੋਏ? ਸੰਧੀਆਂ, ਸਮਝੌਤਿਆਂ ਤੇ ਕਨਵੈਨਸ਼ਨਾਂ ਵਿਚ ਜ਼ੋਰ ਇਕੋ ਗੱਲ ’ਤੇ ਰਿਹਾ ਕਿ ਜੰਗ ਕਿਵੇਂ ਲੜੀ ਜਾਵੇ (ਤਾਂ ਜੋ ਆਮ ਲੋਕਾਈ ਦਾ ਘਾਣ ਘੱਟ ਤੋਂ ਘੱਟ ਹੋਵੇ)। ਜ਼ੋਰ ਤਾਂ ਇਸ ਗੱਲ ’ਤੇ ਰਹਿਣਾ ਚਾਹੀਦਾ ਸੀ ਕਿ ਜੰਗ ਲੜੀ ਹੀ ਕਿਉਂ ਜਾਵੇ। ਕਿਤਾਬ ਦੇ ਪੰਨਾ 45 ’ਤੇ ਮੌਇਨ ਕਬੂਲਦਾ ਹੈ ਕਿ ਉਸ ਦੀ ਇਹ ਸੋਚ ਮੌਲਿਕ ਨਹੀਂ। ਉਸ ਦਾ ਮੁਰਸ਼ਦ ਤਾਂ ਲਿਓ ਤਾਲਸਤਾਏ ਹੈ ਜਿਸ ਨੇ ਆਪਣੇ ਸ਼ਾਹਕਾਰ ਨਾਵਲ ‘ਜੰਗ ਤੇ ਅਮਨ’ ਵਿਚ ‘ਕਿਵੇਂ’ ਦੀ ਥਾਂ ‘ਕਿਉਂ’ ਵਾਲਾ ਵਿਚਾਰ ਸਿੱਧੇ ਤੌਰ ’ਤੇ ਉਭਾਰਿਆ ਸੀ। ਤਾਲਸਤਾਏ ਨੇ ਭਵਿੱਖਬਾਣੀ ਵੀ ਕੀਤੀ ਸੀ ਕਿ ਸੰਧੀਆਂ/ਕਨਵੈਨਸ਼ਨਾਂ ਰਾਹੀਂ ਜੰਗਾਂ ਨੂੰ ਸੀਮਾਬੰਦ ਕਰਨ ਵਾਲਾ ਰਸਤਾ ਨਾ ਸਿਰਫ਼ ਜੰਗਾਂ ਨੂੰ ਜਾਇਜ਼ਤਾ ਤੇ ਕਾਨੂੰਨੀ ਵੈਧਤਾ ਪ੍ਰਦਾਨ ਕਰੇਗਾ ਸਗੋਂ ਇਨ੍ਹਾਂ ਨੂੰ ਵੱਧ ਲੰਮੇਰਾ ਅਤੇ ਵੱਧ ਖ਼ੂਨੀ ਵੀ ਬਣਾਏਗਾ। ਇਹ ਭਵਿੱਖਬਾਣੀ ਕਿੰਨੀ ਸਹੀ ਸੀ, ਇਸ ਦੇ ਪ੍ਰਮਾਣ ਵੀਅਤਨਾਮ ਤੇ ਅਫ਼ਗਾਨ ਯੁੱਧ ਹਨ।
ਕਿਉਂਕਿ ਕਿਤਾਬ ਮੁੱਖ ਤੌਰ ’ਤੇ ਅਮਰੀਕਾ ਬਾਰੇ ਹੈ, ਇਸ ਲਈ ਮੌਇਨ ਨੇ 1945 ਤੋਂ ਬਾਅਦ ਅਮਰੀਕਾ ਵੱਲੋਂ ਲੜੀਆਂ ਚਾਰ ਜੰਗਾਂ ਉਪਰ ਹੀ ਆਪਣਾ ਅਧਿਐਨ ਕੇਂਦ੍ਰਿਤ ਕੀਤਾ ਹੈ। ਉਹ ਦੱਸਦਾ ਹੈ ਕਿ ਕੋਰੀਆ, ਵੀਅਤਨਾਮ, ਇਰਾਕ ਤੇ ਅਫ਼ਗਾਨ ਯੁੱਧਾਂ ਵਿਚ ਹਰ ਕਿਸਮ ਦੀ ਬਕਤਰਬੰਦੀ ਦੇ ਬਾਵਜੂਦ ਡੇਢ ਲੱਖ ਤੋਂ ਵੱਧ ਅਮਰੀਕੀ ਫ਼ੌਜੀ ਮਰੇ, ਚਾਰ ਲੱਖ ਤੋਂ ਵੱਧ ਜ਼ਖ਼ਮੀ ਹੋਏ ਅਤੇ ਬੇਪਨਾਹ ਮਾਲੀ ਨੁਕਸਾਨ ਹੋਇਆ। ਕਿਸੇ ਵੀ ਜੰਗ ਵਿਚ ਅਮਰੀਕਾ ਨੂੰ ਜਿੱਤ ਨਸੀਬ ਨਹੀਂ ਹੋਈ। ਪਰਮਾਣੂ ਹਥਿਆਰਾਂ ਨੂੰ ਛੱਡ ਕੇ ਹੋਰ ਸਾਰੇ ਵਿਨਾਸ਼ਕਾਰੀ ਅਸਤਰ ਇਨ੍ਹਾਂ ਯੁੱਧਾਂ ਵਿਚ ਵਰਤੇ ਗਏ। ਕੋਰੀਆ ਦੀ ਜੰਗ ਭਾਵੇਂ ਤਿੰਨ ਵਰ੍ਹੇ ਚੱਲੀ, ਪਰ ਇਸ ਵਿਚ ਪ੍ਰਤੀ ਵਿਅਕਤੀ ਜਾਨੀ ਨੁਕਸਾਨ ਦੋ ਮਹਾਂਯੁੱਧਾਂ ਨਾਲੋਂ ਵੀ ਵੱਧ ਹੋਇਆ। ਤਿੰਨ ਵਰ੍ਹੇ, 30 ਲੱਖ ਮੌਤਾਂ; ਉਹ ਵੀ ਇਕ ਔਸਤ ਅਮਰੀਕੀ ਰਾਜ ਜਿੰਨੇ ਜ਼ਮੀਨੀ ਖਿੱਤੇ ਵਿਚ। ਅਮਰੀਕਾ ਦੇ ਆਪਣੇ 40 ਹਜ਼ਾਰ ਫ਼ੌਜੀ ਮਰੇ। ਇਸ ਯੁੱਧ ਨੂੰ ਤਾਂ ਸੰਯੁਕਤ ਰਾਸ਼ਟਰ ਦੀ ਪ੍ਰਵਾਨਗੀ ਹਾਸਲ ਸੀ, ਵੀਅਤਨਾਮ ਬਾਰੇ ਤਾਂ ਅਮਰੀਕਾ ਨੇ ਜੰਗ ਦਾ ਰਸਮੀ ਐਲਾਨ ਤੱਕ ਨਹੀਂ ਕੀਤਾ। ਇਹ ਜੰਗ ਹਰ ਤਰ੍ਹਾਂ ਗ਼ੈਰਕਾਨੂੰਨੀ ਸੀ, ਪਰ 57 ਹਜ਼ਾਰ ਫ਼ੌਜੀ ਮਰਵਾ ਕੇ ਅਤੇ 15 ਲੱਖ ਤੋਂ ਵੱਧ ਵੀਅਤਨਾਮੀਆਂ ਦਾ ਘਾਣ ਕਰ ਕੇ ਵੀ ਅਮਰੀਕਾ ਨੇ ਸਬਕ ਸਿੱਖਣ ਵਾਲੀ ਬਿਰਤੀ ਨਹੀਂ ਦਿਖਾਈ। ਇਸੇ ਜੰਗ ਵਿਚ ਅਮਰੀਕਾ ਨੇ ਵਿਆਪਕ ਅੱਗਜ਼ਨੀ ਰਾਹੀਂ ਧਰਤੀ ਨੂੰ ਦਹਾਕਿਆਂ ਤੱਕ ਲੂਹ ਜਾਣ ਵਾਲੇ ਨੇਪਾਮ ਬੰਬ ਵੀ ਅਜ਼ਮਾਏ ਅਤੇ ਹਰਿਆਲੀ ਦਾ ਵਿਨਾਸ਼ ਕਰਨ ਤੇ ਮਿੱਟੀ-ਪਾਣੀ ਨੂੰ ਵਿਸ਼ੈਲਾ ਬਣਾਉਣ ਵਾਲੇ ‘ਏਜੰਟ ਔਰੇਂਜ’ ਵਰਗੇ ਜੈਵਿਕ ਹਥਿਆਰ ਵੀ ਵਰਤੇ। ਜੰਗੀ ਕੈਦੀਆਂ ਨੂੰ ਬਿਜਲਈ ਜੰਤਰਾਂ ਨਾਲ ਤਸੀਹੇ ਦੇਣ ਦੀਆਂ ਵਿਧੀਆਂ ਵੀ ਇਸੇ ਜੰਗ ਦੌਰਾਨ ਈਜਾਦ ਕੀਤੀਆਂ ਗਈਆਂ ਜਿਨ੍ਹਾਂ ਨੂੰ ਬਾਅਦ ਵਿਚ ਅਫ਼ਗਾਨ ਜੰਗ ਤੇ ਇਰਾਕ ਜੰਗ ਵੇਲੇ ਗੁਆਂਟਨਾਮੋ ਬੇਅ ਤੇ ਅਬੂ ਗ਼ਰੀਬ ਜੇਲ੍ਹਾਂ ਵਿਚ ਵੱਧ ਜ਼ਾਲਮਾਨਾ ਢੰਗਾਂ ਰਾਹੀਂ ਵਰਤਿਆ ਗਿਆ।
ਮੌਇਨ ਮੁਤਾਬਿਕ ਇਨ੍ਹਾਂ ਚੌਹਾਂ ਜੰਗਾਂ ਦੌਰਾਨ ਮੀਡੀਆ ਪਹਿਲਾਂ ਤਾਂ ਸਰਕਾਰੀ ਕੁਪ੍ਰਚਾਰ ਵਿਚ ਭਾਗੀਦਾਰ ਬਣਿਆ ਰਿਹਾ, ਪਰ ਬਾਅਦ ਵਿਚ ਉਸ ਨੇ ਸਰਕਾਰੀ ਝੂਠਾਂ ਨੂੰ ਬੇਪਰਦ ਕਰਨ ਵਿਚ ਪ੍ਰਮੁੱਖ ਭੂਮਿਕਾ ਨਿਭਾਈ। ਸਥਿਤੀ ਦਾ ਤ੍ਰਾਸਦਿਕ ਪੱਖ ਇਹ ਰਿਹਾ ਕਿ ਕਿਸੇ ਵੀ ਜੰਗ ਨੂੰ ਆਰੰਭਣ ਵੇਲੇ ਅਜਿਹੀ ਕੋਈ ਯੋਜਨਾ ਨਹੀਂ ਵਿਉਂਤੀ ਗਈ ਕਿ ਜੰਗ ਤੋਂ ਬਾਅਦ ਵਾਲੀ ਸਥਿਤੀ ਨਾਲ ਕਿਵੇਂ ਨਜਿੱਠਿਆ ਜਾਵੇਗਾ ਅਤੇ ਕਿਹੜਾ ਬਦਲਵਾਂ ਪ੍ਰਬੰਧ ਹੋਂਦ ਵਿਚ ਆਵੇਗਾ। ਇਰਾਕ ਵਿਚ ਅਮਰੀਕੀ ਦਖ਼ਲ ਦੋ ਮਹੀਨਿਆਂ ਅੰਦਰ ਸੱਦਾਮ ਹੁਸੈਨ ਦੀ ਗ੍ਰਿਫ਼ਤਾਰੀ ਦੇ ਨਾਲ ਖ਼ਤਮ ਹੋ ਜਾਣਾ ਚਾਹੀਦਾ ਸੀ, ਪਰ ਬਦਲਵੇਂ ਪ੍ਰਬੰਧ ਬਾਰੇ ਯੋਜਨਾਬੰਦੀ ਦੀ ਘਾਟ ਇਹ ਦਖ਼ਲ ਅੱਠ ਵਰ੍ਹੇ ਲੰਮਾ ਬਣਾ ਗਈ। ਕਿਤਾਬ ਦੇ ਆਖਰੀ ਅਧਿਆਇ ਵਿਚ ਲੇਖਕ, ਅਮਰੀਕੀ ਪਹੁੰਚ ਵਿਚ ਤਬਦੀਲੀ ਆਉਣ ਦੀ ਕੋਈ ਉਮੀਦ ਨਹੀਂ ਜਗਾਉਂਦਾ। ਉਹ ਲਿਖਦਾ ਹੈ ਕਿ ਬਰਾਕ ਓਬਾਮਾ, ਡੋਨਲਡ ਟਰੰਪ ਤੇ ਜੋਅ ਬਾਇਡਨ ਜੰਗ-ਵਿਰੋਧੀ ਲੱਫ਼ਾਜ਼ੀ ਰਾਹੀਂ ਰਾਸ਼ਟਰਪਤੀ ਦੀ ਚੋਣ ਜਿੱਤੇ, ਪਰ ਸੱਤਾਵਾਨ ਹੁੰਦਿਆਂ ਹੀ ਜੰਗਬਾਜ਼ਾਂ ਵਾਂਗ ਵਿਚਰਨ ਲੱਗੇ। ਰਾਜਸੀ-ਫ਼ੌਜੀ-ਸਨਅਤੀ ਗੱਠਜੋੜ ਹੈ ਹੀ ਏਨਾ ਤਾਕਤਵਰ ਕਿ ਹਰ ਅਮਰੀਕੀ ਰਾਜਨੇਤਾ ਇਸ ਅੱਗੇ ਗੋਡੇ ਟੇਕਣ ’ਚ ਹੀ ਆਪਣੀ ਖ਼ੈਰ ਸਮਝਦਾ ਹੈ। ਜਦੋਂ ਤੱਕ ਇਹ ਆਲਮ ਹੈ, ਉਦੋਂ ਤੱਕ ਅਮਰੀਕਾ ਕਿਸੇ ਨਾ ਕਿਸੇ ਮੁਲਕ ਦੀ ਜੰਗ ਵਿਚ ਆਪਣੇ ਪੈਰ ਫਸਾਈ ਹੀ ਰੱਖੇਗਾ। 1945 ਤੋਂ ਬਾਅਦ 128 ਮੁਲਕ ਤਾਂ ਅਜਿਹਾ ਦਖ਼ਲ ਭੋਗ ਹੀ ਚੁੱਕੇ ਹਨ, ਭਵਿੱਖ ਕੁਝ ਸੁਖਾਵਾਂ ਵਾਪਰਨ ਦੀ ਆਸ ਨਹੀਂ ਬੰਨ੍ਹਾਉਂਦਾ।
ਦਾਨਿਸ਼ਵਰੀ ਅਤੇ ਪੜ੍ਹਨਯੋਗਤਾ ਦਾ ਸੁਮੇਲ ਹੈ ਮੌਇਨ ਦੀ ਕਿਤਾਬ।
* * *
ਗ਼ਰੀਬ ਘਰ ਦਾ 17 ਵਰ੍ਹਿਆਂ ਦਾ ਮੁੰਡਾ ਨਹਿਰਾਂ ਵਾਲੀ ਇਤਾਲਵੀ ਨਗਰੀ ਵੈਨਿਸ ਤੋਂ ਸਮੁੰਦਰੀ ਜਹਾਜ਼ ’ਤੇ ਚੋਰੀਂ ਜਾ ਚੜ੍ਹਿਆ। ਆਪਣੀ ਤਕਦੀਰ ਬਦਲਣ ਲਈ ਉਹ ਕਿਸੇ ਧਨਾਢ ਮੁਲਕ ਪੁੱਜਣਾ ਚਾਹੁੰਦਾ ਸੀ। ਜਹਾਜ਼ ਉਸ ਨੂੰ ਫਰਾਂਸ ਦੇ ਸਾਹਿਲ ਤੱਕ ਲੈ ਗਿਆ। ਉੱਥੇ ਬੈਲੋਮੌਂਟ ਦਾ ਵਿਸਕਾਊਂਟ ਮੌਜੂਦ ਸੀ ਜਿਸ ਨੇ ਇੰਗਲੈਂਡ ਦੇ ਸਮਰਾਟ ਚਾਰਲਸ ਦੋਇਮ ਦੇ ਸਫ਼ੀਰ ਵਜੋਂ ਪਹਿਲਾਂ ਫਾਰਸ (ਇਰਾਨ) ਤੇ ਫਿਰ ਹਿੰਦੋਸਤਾਨ ਜਾਣਾ ਸੀ। ਮੁੰਡੇ ਨੂੰ ਵਿਸਕਾਊਂਟ ਦੇ ਕਾਫ਼ਲੇ ਵਿਚ ਰਲਾ ਲਿਆ ਗਿਆ। ਵਿਸਕਾਊਂਟ, ਹਿੰਦੋਸਤਾਨ ਵਿਚ ਪੁੱਜਦਿਆਂ ਹੀ ਦਮ ਤੋੜ ਗਿਆ। ਕਾਫ਼ਲੇ ਨੇ ਮੁੜਨਾ ਵਾਜਬ ਸਮਝਿਆ। ਵੈਨਿਸ਼ੀਅਨ ਮੁੰਡਾ ਅਣਜਾਣੀ ਭੂਮੀ ’ਤੇ ਇਕੱਲਾ ਰਹਿ ਗਿਆ। ਨਾ ਭਾਸ਼ਾ ਦੀ ਸਮਝ ਸੀ, ਨਾ ਤਹਿਜ਼ੀਬ ਦੀ। ਪਰ ਸੀ ਉਹ ਅਕਲਮੰਦ ਤੇ ਜੁਗਾੜੀ। ਜੁਗਾੜ ਕਰ ਕੇ ਲਾਹੌਰ ਅੱਪੜ ਗਿਆ। ਉੱਥੇ ਮੁਗ਼ਲ ਸ਼ਹਿਜ਼ਾਦੇ ਦਾਰਾ ਸ਼ਿਕੋਹ ਦੀ ਫ਼ੌਜ ਵਿਚ ਸ਼ਾਮਲ ਕਰ ਲਿਆ ਗਿਆ। ਸਿਪਾਹੀ ਵਜੋਂ ਨਹੀਂ, ਡਾਕਟਰ ਵਜੋਂ; ਯੂਰੋਪੀਅਨ ਇਲਾਜ ਪ੍ਰਣਾਲੀਆਂ ਦਾ ਥੋੜ੍ਹਾ ਜਿਹਾ ਗਿਆਨ ਹੋਣ ਦੀ ਬਦੌਲਤ। ਜਦੋਂ ਦਾਰਾ ਸ਼ਿਕੋਹ, ਔਰੰਗਜ਼ੇਬ ਪਾਸੋਂ ਹਾਰ ਗਿਆ ਤਾਂ ਮੁੰਡਾ ਵੀ ਜੰਗੀ ਕੈਦੀ ਵਜੋਂ ਦਿੱਲੀ ਲਿਆਂਦਾ ਗਿਆ। ‘ਫਿਰੰਗੀ ਡਾਕਟਰ’ ਹੋਣਾ ਇੱਥੇ ਵੀ ਫ਼ਾਇਦੇਮੰਦ ਸਿੱਧ ਹੋਇਆ। ਇਲਾਜ ਵਿਧੀਆਂ ਜਾਣਨ ਬਾਰੇ ਉਸ ਨੇ ਮਿਹਨਤ ਵੀ ਕੀਤੀ। ਨਾਲ ਹੀ ਭਾਸ਼ਾਵਾਂ ਵੀ ਸਿੱਖੀਆਂ। ਪਰ ਵੈਨਿਸ ਪਰਤਣ ਦੀ ਇੱਛਾ ਜ਼ੋਰ ਮਾਰਨ ਲੱਗੀ। ਵਾਪਸੀ ਸਮੁੰਦਰ ਦੇ ਰਸਤੇ ਹੀ ਹੋ ਸਕਦੀ ਸੀ।
ਇਹ ਚੱਕਰ ਪਹਿਲਾਂ ਉਸ ਨੂੰ ਬੰਗਾਲ ਲੈ ਗਿਆ, ਫਿਰ ਉੜੀਸਾ ਤੇ ਫਿਰ ਗੋਆ। ਉੱਥੋਂ ਫਿਰ ਦੱਖਣ। ਜਦੋਂ ਵੈਨਿਸ ਪਰਤਣ ਦਾ ਕੋਈ ਜੁਗਾੜ ਨਾ ਬਣਿਆ ਤਾਂ ਉਸ ਨੇ ਪੁੱਡੂਚੇਰੀ ਵਿਚ ਹੀ ਪੱਕੇ ਤੌਰ ’ਤੇ ਡੇਰਾ ਲਾ ਲਿਆ। 82 ਵਰ੍ਹਿਆਂ ਦੀ ਉਮਰ ਵਿਚ ਉਸ ਦੀ ਮੌਤ ਹੋਈ। ਉਦੋਂ ਤੱਕ ਉਹ ਇਤਾਲਵੀ, ਫਰੈਂਚ, ਪੁਰਤਗੀਜ਼, ਫ਼ਾਰਸੀ, ਉਰਦੂ ਤੇ ਤੁਰਕੀ ਭਾਸ਼ਾਵਾਂ ਬੋਲ, ਪੜ੍ਹ ਤੇ ਲਿਖ ਲੈਂਦਾ ਸੀ। ਉਸ ਨੇ ਮੁਗ਼ਲ ਹਿੰਦ ਵਿਚ 1653 ਤੋਂ 1708 ਤੱਕ ਗੁਜ਼ਾਰੇ ਅਰਸੇ ਬਾਰੇ ਕਿਤਾਬਾਂ ਲਿਖੀਆਂ ਜੋ ਉਸ ਯੁੱਗ ਦੇ ਇਤਿਹਾਸ ਦਾ ਵੱਡਾ ਚਾਨਣ ਸਰੋਤ ਹਨ। ਦਾਰਾ ਸ਼ਿਕੋਹ ’ਤੇ ਬ੍ਰਿਟਿਸ਼ ਇਤਿਹਾਸਕਾਰ ਵੀ ਮਿਹਰਬਾਨ ਰਹੇ ਹਨ ਅਤੇ ਭਾਰਤੀ ਇਤਿਹਾਸਕਾਰ ਵੀ। ਪਰ ਨਿਕੋਲੋ ਮਾਨੂਚੀ ਨਾਮੀ ਵੈਨਿਸ਼ੀਅਨ ਨੇ ਜੋ ਚਰਿੱਤਰ ਆਪਣੀ ਲੇਖਣੀ ਰਾਹੀਂ ਚਿਤਰਿਆ ਹੈ, ਉਹ ਕਿਸੇ ਵੀ ਤਰ੍ਹਾਂ ਸੁਖਾਵਾਂ ਨਹੀਂ।
ਮਾਨੂਚੀ ਦੀ ਕਹਾਣੀ ਨੂੰ ਇਤਾਲਵੀ ਇਤਿਹਾਸਕਾਰ ਮਾਰਕੋ ਮੋਨੇਟਾ ਨੇ 2019 ਵਿਚ ਪ੍ਰਕਾਸ਼ਿਤ ਕਰਵਾਇਆ। ਇਸ ਦਾ ਅੰਗਰੇਜ਼ੀ ਅਨੁਵਾਦ ਐਲਿਜ਼ਾਬੈੱਟਾ ਰਸਕੌਨ ਨੇ 2021 ਵਿਚ ਮੁਕੰਮਲ ਕੀਤਾ। ਇਹ ਕਿਤਾਬ ਹੁਣ ‘ਏ ਵੈਨਿਸ਼ੀਅਨ ਇਨ ਮੁਗ਼ਲ ਕੋਰਟ’ (ਪੈਂਗੁਇਨ/ਵਿਨਟੇਜ; 276 ਪੰਨੇ; 699 ਰੁਪਏ) ਦੇ ਸਿਰਲੇਖ ਹੇਠ ਉਪਲਬਧ ਹੈ। ਜ਼ਰਾ ਵੀ ਖ਼ੁਸ਼ਕ ਨਹੀਂ ਇਹ ਕਿਤਾਬ। ਇਤਿਹਾਸ ਤਾਂ ਹੈ ਹੀ, ਚੰਗੀ ਗਲਪ ਵਰਗੀ ਸੁਆਦਲੀ ਵੀ ਹੈ।
* * *
ਆਜ਼ਾਦੀ ਸੰਗਰਾਮ ਵਿਚ ਪੰਜਾਬ ਦੀ ਭੂਮਿਕਾ ਅਤੇ ਸਿੱਖ ਲਹਿਰਾਂ ਦੇ ਇਤਿਹਾਸ ਦੇ ਸਾਹਿਤਕ ਰੂਪਾਂ ਨੂੰ ਲੱਭਣ-ਖੋਜਣ, ਸੰਭਾਲਣ ਅਤੇ ਪੁਸਤਕਾਂ ਦੇ ਰੂਪ ਵਿਚ ਸੰਕਲਿਤ ਕਰਨ ਵਿਚ ਡਾ. ਗੁਰਦੇਵ ਸਿੰਘ ਸਿੱਧੂ ਦਾ ਯੋਗਦਾਨ ਬਹੁਤ ਵਡਮੁੱਲਾ ਹੈ। ਉਨ੍ਹਾਂ ਦੀ ਲਗਨ ਤੇ ਮਿਹਨਤ ਉੱਤੇ ਫ਼ਖ਼ਰ ਵੀ ਹੁੰਦਾ ਹੈ ਅਤੇ ਰਸ਼ਕ ਵੀ। ਪੁਸਤਕ ‘ਦੋ ਸ਼ਹੀਦੀ ਸਾਕੇ’ (ਪ੍ਰਕਾਸ਼ਕ: ਖਾਲਸਾ ਕਾਲਜ, ਪਟਿਆਲਾ; ਪੰਨੇ 334; 400 ਰੁਪਏ) ਡਾ. ਸਿੱਧੂ ਦੇ ਇਸ ਮਿਆਰੀ ਯੋਗਦਾਨ ਦੀ ਨਵੀਂ ਮਿਸਾਲ ਹੈ। ਇਹ ਸਾਕਾ ਤਰਨ ਤਾਰਨ (26 ਜਨਵਰੀ 1921) ਅਤੇ ਸਾਕਾ ਨਨਕਾਣਾ ਸਾਹਿਬ (20 ਫਰਵਰੀ 1921) ਬਾਰੇ ਲਿਖੇ ਗਏ ਤਤਕਾਲੀਨ ਪੰਜਾਬੀ ਕਾਵਿ ਦਾ ਸੰਗ੍ਰਹਿ ਹੈ। ਇਨ੍ਹਾਂ ਸਾਕਿਆਂ ਨੇ ਸਿੱਖ ਚੇਤਨਾ ਨੂੰ ਹਲੂਣਿਆ ਅਤੇ ਗੁਰਦੁਆਰਾ ਸੁਧਾਰ ਲਹਿਰ ਨੂੰ ਪ੍ਰਚੰਡਤਾ ਬਖ਼ਸ਼ੀ। ਉਸ ਦੌਰ ਦੀਆਂ ਕਾਵਿ ਰਚਨਾਵਾਂ ਦੀ ਅਹਿਮੀਅਤ ਡਾ. ਸਿੱਧੂ ਇਨ੍ਹਾਂ ਸ਼ਬਦਾਂ ਨਾਲ ਬਿਆਨ ਕਰਦੇ ਹਨ: ‘‘ਨਿਸ਼ਚੇ ਹੀ ਇਹ ਰਚਨਾਵਾਂ ਇਤਿਹਾਸਕ ਸਾਕਿਆਂ ਬਾਰੇ ਜਾਣਕਾਰੀ ਦੇਣ ਦਾ ਮੂਲ ਸਰੋਤ ਹੋਣ ਦੇ ਨਾਲ-ਨਾਲ ਸਾਡੀ ਮੁੱਲਵਾਨ ਸਾਹਿਤ ਨਿਧੀ ਤਾਂ ਹਨ ਹੀ, ਇਹ ਉਸ ਸਮੇਂ ਦੀ ਸਿੱਖ ਮਨੋਬਿਰਤੀ ਨੂੰ ਸਮਝਣ ਲਈ ਸਮਾਜ ਵਿਗਿਆਨੀਆਂ ਲਈ ਲੋੜੀਂਦੀ ਪ੍ਰਾਥਮਿਕ ਸਮੱਗਰੀ ਵੀ ਹਨ।’’ ਪੁਸਤਕ ਵਿਚ ਸ਼ਾਮਲ ਸਾਰੀ ਸਮੱਗਰੀ ਉਪਰੋਕਤ ਵਿਚਾਰ ਨੂੰ ਸਾਰਥਿਕ ਸਿੱਧ ਕਰਦੀ ਹੈ।
ਇਸ ਦੇ ਤਿੰਨ ਭਾਗ ਹਨ। ਪਹਿਲਾ ਸਾਕਾ ਤਰਨ ਤਾਰਨ ਅਤੇ ਦੂਜਾ ਸਾਕਾ ਨਨਕਾਣਾ ਸਾਹਿਬ ਬਾਰੇ ਹੈ। ਨਨਕਾਣਾ ਸਾਹਿਬ ਸਾਕੇ ਬਾਰੇ ਲਿਖੀਆਂ ਫੁਟਕਲ ਕਵਿਤਾਵਾਂ ਨੂੰ ਤੀਜੇ ਭਾਗ ਵਿਚ ਸ਼ਾਮਲ ਕੀਤਾ ਗਿਆ ਹੈ। ਇਸੇ ਭਾਗ ਵਿਚ ਤਿੰਨ ਉਰਦੂ ਕਵਿਤਾਵਾਂ ਨੂੰ ਵੀ ਗੁਰਮੁਖੀ ਵਿਚ ਲਿੱਪੀ-ਅੰਤਰਿਤ ਕਰ ਕੇ ਸੰਮਿਲਿਤ ਕੀਤਾ ਗਿਆ ਹੈ। ਜਿੱਥੇ ਪਹਿਲੇ ਦੋ ਭਾਗਾਂ ਵਾਲੀਆਂ ਰਚਨਾਵਾਂ, ਕਿੱਸਿਆਂ ਦੇ ਰੂਪ ਵਿਚ ਸਮੁੱਚਾ ਸਾਕਾ ਬਿਆਨਦੀਆਂ ਹਨ, ਉੱਥੇ ਫੁਟਕਲ ਕਵਿਤਾਵਾਂ ਸਾਕਿਆਂ ਦੇ ਅਸਰਾਤ ਅਤੇ ਸ਼ਹੀਦੀਆਂ ਦੇ ਮਹੱਤਵ ਦੀ ਬਾਤ ਪਾਉਂਦੀਆਂ ਹਨ। ਇਨ੍ਹਾਂ ਕਵਿਤਾਵਾਂ ਦੇ ਰਚੇਤਿਆਂ ਵਿਚ ਆਮ ਕਵੀਆਂ ਤੋਂ ਇਲਾਵਾ ਗਿਆਨੀ ਹੀਰਾ ਸਿੰਘ ਦਰਦ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਤੇ ਬਾਬੂ ਫ਼ਿਰੋਜ਼ਦੀਨ ਸ਼ਰਫ ਵਰਗੇ ਦਾਨਿਸ਼ਵਰ ਵੀ ਸ਼ਾਮਲ ਹਨ। ਸਾਕਾ ਤਰਨ ਤਾਰਨ ਵਾਲੇ ਭਾਗ ਦੀਆਂ ਤਿੰਨ ਰਚਨਾਵਾਂ ਵਿਚ ‘ਭਾਈ ਨਾਨਕ ਸਿੰਘ ਪਸ਼ਾਵਰ ਨਿਵਾਸੀ’ (ਬਾਅਦ ’ਚ ਨਾਨਕ ਸਿੰਘ ਨਾਵਲਿਸਟ) ਦੀ ਰਚਨਾ ‘ਸ੍ਰੀ ਤਰਨ ਤਾਰਨ ਦੇ ਪੁਜਾਰੀਆਂ ਦੀ ਕਰਤੂਤ ਤੇ ਭਾਈ ਹਜ਼ਾਰਾ ਸਿੰਘ ਜੀ ਦੀ ਸ਼ਹੀਦੀ ਅਤੇ ਖਾਲਸੇ ਦੀ ਫਤੇਹ’ ਉਚੇਚੇ ਤੌਰ ’ਤੇ ਜ਼ਿਕਰਯੋਗ ਹੈ। ਇਹ ਕਥਾ ਕਹਿਣ ਦੀ ਵਿਧਾ ਉਪਰ ਉਨ੍ਹਾਂ ਦੀ ਪਕੜ ਦਾ ਨਮੂਨਾ ਹੈ। ਉਨ੍ਹਾਂ ਦੀ ਇਕ ਹੋਰ ਰਚਨਾ ‘ਕਰਤਾਰ ਬੇਦੀਨ ਦਾ ਸਿਆਪਾ’ ਸਾਕਾ ਨਨਕਾਣਾ ਸਾਹਿਬ ਵਾਲੇ ਭਾਗ ਦਾ ਹਿੱਸਾ ਹੈ। ਬੇਸ਼ਕੀਮਤੀ ਹੈ ਸਮੁੱਚੀ ਕਿਤਾਬ।
* * *
ਪਰਵਾਸੀ ਸਾਹਿਤ, ਪਰਵਾਸ ਦੇ ਸੁੱਖਾਂ-ਦੁਖਾਂ ਦਾ ਤਰਜ਼-ਇ-ਇਜ਼ਹਾਰ ਹੋਣ ਕਰਕੇ ਪੰਜਾਬੀ ਅਦਬ ਦੀ ਵੱਖਰੀ ਧਾਰਾ ਬਣ ਚੁੱਕਾ ਹੈ। ਰਵਿੰਦਰ ਸਿੰਘ ਸੋਢੀ ਵੱਲੋਂ ਸੰਪਾਦਿਤ ਪੁਸਤਕ ‘ਪਰਵਾਸੀ ਕਲਮਾਂ’ (ਪ੍ਰੀਤ ਪਬਲੀਕੇਸ਼ਨ, ਨਾਭਾ; 264 ਪੰਨੇ; 350 ਰੁਪਏ) ਇਸੇ ਧਾਰਾ ਨੂੰ ਅੱਗੇ ਤੋਰਦੀ ਹੈ। ਇਹ ਪੁਸਤਕ (ਬਕੌਲ ਸੰਪਾਦਕ) ‘‘ਕੁਝ ਨਵੇਂ, ਕੁਝ ਪੁਰਾਣੇ ਅਤੇ ਕੁਝ ਸਥਾਪਿਤ’’ ਲੇਖਕਾਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਕਿਸੇ ਇਕ ਸਾਹਿਤਕ ਰੂਪ ਤਕ ਸੀਮਿਤ ਨਾ ਰਹਿ ਕੇ ਇਹ ਕਹਾਣੀਆਂ, ਵਾਰਤਕ ਤੇ ਕਵਿਤਾਵਾਂ ਦੀ ਚੰਗੇਰ ਵਾਂਗ ਹੈ। ਹਰ ਲੇਖਕ ਨਾਲ ਤੁਆਰਫ਼ ਕਰਵਾਉਣ ਮਗਰੋਂ ਉਸ ਦੀਆਂ ਕੁਝ ਪ੍ਰਤੀਨਿਧ ਰਚਨਾਵਾਂ ਨੂੰ ਥਾਂ ਦਿੱਤੀ ਗਈ ਹੈ। ਇਹ ਤਜਰਬਾ ਨਿਵੇਕਲਾ ਹੈ। 20 ਅਦੀਬਾਂ ਦੀਆਂ ਰਚਨਾਵਾਂ ਵਾਲੇ ਇਸ ਸੰਗ੍ਰਹਿ ਦਾ ਆਗਾਜ਼ ਐੱਸ. ਸਾਕੀ ਦੀਆਂ ਤਿੰਨ ਮਿਆਰੀ ਕਹਾਣੀਆਂ (ਹਮ ਚਾਕਰ ਗੋਬਿੰਦ ਕੇ; ਦੋ ਬਲਦੇ ਸਿਵੇ; ਸ਼ੇਰਾ) ਨਾਲ ਕੀਤਾ ਗਿਆ ਹੈ। ਬਾਕੀ ਅਦੀਬਾਂ ਦੀਆਂ ਰਚਨਾਵਾਂ ਵੀ ਮਿਆਰੀ ਹਨ। ਸ਼ਲਾਘਾਯੋਗ ਹੈ ਇਹ ਉੱਦਮ।