ਗੁਰਮੀਤ ਆਰਿਫ
ਕਥਾ ਪ੍ਰਵਾਹ
ਦਸੰਬਰ ਮਹੀਨੇ ਦੀ ਕੜਕਵੀਂ ਠੰਢ ਵਿਚ ਸਵੇਰ ਦੇ ਪੰਜ ਵਜੇ ਮੈਂ ਨੋਇਡਾ ਦੇ ਸੈਕਟਰ ਤਰੇਹਠ ਦੀ ਉਸ ਨੁੱਕਰ ’ਤੇ ਖੜ੍ਹਾ ਸਾਂ ਜਿੱਥੋਂ ਮੈਟਰੋ ਬੰਦ ਹੋ ਜਾਂਦੀ ਹੈ। ਇੱਥੋਂ ਆਟੋ ਅੱਠ ਵਜੇ ਚੱਲਦੇ ਨੇ ਤੇ ਬੱਸ ਲਗਭਗ ਨੌਂ ਵਜੇ। ਗੁੱਟ ’ਤੇ ਬੰਨ੍ਹੀ ਘੜੀ ਵੱਲ ਸਰਸਰੀ ਨਜ਼ਰ ਨਾਲ ਵੇਖਦਾ ਹਾਂ। ਏਨਾ ਚਿਰ ਕਿੱਥੇ ਉਡੀਕ ਕਰਾਂਗਾ…? ਮਨ ’ਚ ਸੋਚ ਹੀ ਰਿਹਾ ਸਾਂ ਕਿ ਸਾਹਮਣਿਉਂ ਧੁੰਦ ’ਚੋਂ ਆਉਂਦਾ ਰਿਕਸ਼ੇ ਵਾਲਾ ਮੇਰੇ ਕੋਲ ਆ ਰੁਕਿਆ।
‘‘ਚਲਨਾਂ ਹੈ ਸਰਦਾਰ ਜੀ?’’
‘‘ਹਾਂ ਏਕ ਸੌ ਉਨਾਹਠ ਬੀ। ਕਿਤਨੇ ਪੈਸੇ ਲੋਗੇ…?’’ ਮੈਂ ਸੁਭਾਇਕ ਹੀ ਪੁੱਛਿਆ।
‘‘ਵੈਸੇ ਤੋ ਪਚਾਸ ਲੇਤੇ ਹੈਂ, ਪਰ ਅਭੀ ਬੋਹਨੀਂ ਕਾ ਟਾਈਮ ਹੈ ਆਪ ਚਾਲੀਸ ਦੇ ਦੇਨਾਂ।’’
ਉਹ ਰਿਕਸ਼ੇ ਦੇ ਹੈਂਡਲ ਉੱਤੋਂ ਦੀ ਲੱਤ ਘੁਮਾ ਕੇ ਲੰਙ ਮਾਰਦਾ ਮੇਰੇ ਕੋਲ ਆ ਖੜ੍ਹਾ। ਮੈਨੂੰ ਘਿਣ ਜਿਹੀ ਆਈ ਤੇ ਮੈਂ ਉਹਨੂੰ ਜਾਣ ਤੋਂ ਮਨ੍ਹਾਂ ਕਰ ਦਿੱਤਾ। ਉਹ ਠੰਢ ’ਚ ਠਰਦੇ ਹੱਥਾਂ ਨੂੰ ਕੱਛਾਂ ’ਚ ਘੁੱਟਦਾ ਤੇ ਮੇਰੇ ਵੱਲ ਵੇਖਦਾ ਪਰ੍ਹਾਂ ਜਾ ਖੜ੍ਹਾ ਹੋਇਆ। ਆਸੇ ਪਾਸੇ ਕੋਈ ਹੋਰ ਸਵਾਰੀ ਨਾ ਹੋਣ ਕਾਰਨ ਉਹ ਕਿੰਨਾ ਹੀ ਚਿਰ ਮੇਰੇ ਵੱਲ ਵੇਖਦਾ ਰਿਹਾ।
ਖੜ੍ਹੇ ਖੜ੍ਹੇ ਦੇ ਮਨ ’ਚ ਪਤਾ ਨਹੀਂ ਕੀ ਆਈ, ਮੈਂ ਇਸ਼ਾਰੇ ਨਾਲ ਉਹਨੂੰ ਆਪਣੇ ਕੋਲ ਸੱਦਿਆ। ਉਹਨੇ ਸਿਰ ਤੋਂ ਨਿੱਘਾ ਮਫਲਰ ਲਾਹ ਕੇ ਸੀਟ ਸਾਫ਼ ਕੀਤੀ ਤੇ ਬੜੇ ਅਦਬ ਨਾਲ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ। ਰਿਕਸ਼ਾ ਤੋਰਨ ਲੱਗੇ ਨੇ ਦੋ ਵਾਰ ਹੈਂਡਲ ਤੋਂ ਹੱਥ ਚੱਕ ਕੰਨਾਂ ਨਾਲ ਛੁਹਾਏ ਜਿਵੇਂ ਕਿਸੇ ਦੇਵੀ ਦੇਵਤੇ ਨੂੰ ਧਿਆ ਰਿਹਾ ਹੋਵੇ। ਸੱਜੇ ਪੈਰ ਦੇ ਜ਼ੋਰ ਨਾਲ ਰਿਕਸ਼ਾ ਰੇਹੜ ਕੇ ਸੜਕ ’ਤੇ ਕਰਦਿਆਂ ਉਹਨੇ ਫਿਰ ਲੱਤ ਹੈਂਡਲ ਉੱਤੋਂ ਦੀ ਘੁਮਾਈ ਤੇ ਉਹ ਵਾਹੋਦਾਹੀ ਸੜਕ ’ਤੇ ਦੌੜਨ ਲੱਗ ਪਿਆ। ਜਿੱਥੇ ਮੈਂ ਜਾਣਾ ਸੀ ਉਹ ਲਗਭਗ ਡੇਢ ਦੋ ਕਿਲੋਮੀਟਰ ਤੇ ਫੈਕਟਰੀ ਏਰੀਏ ਦਾ ਵਿੰਗਾ ਟੇਢਾ ਰਾਹ ਹੈ।
ਰਿਕਸ਼ਾ ਚਲਾ ਰਹੇ ਉਸ ਬੰਦੇ ਵੱਲ ਵੇਖ ਕੇ ਮੈਨੂੰ ਆਪਣੇ ਆਪ ’ਤੇ ਗਿਲਾਨੀ ਜੇਹੀ ਆਈ ਬਈ ਆਪ ਸਾਬਤ ਸੂਰਤ ਹੋ ਕੇ ਇਕ ਅੰਗਹੀਣ ਬੰਦੇ ਦੇ ਮੌਰੀਂ ਚੜ੍ਹਿਆ ਬੈਠਾ ਹਾਂ, ਪਰ ਏਹਨੂੰ ਵੀ ਇਹੋ ਜਾ ਸਖ਼ਤ ਕੰਮ ਨਹੀਂ ਕਰਨਾ ਚਾਹੀਦਾ। ਇਹ ਆਪਣੇ ਸਰੀਰ ਦੇ ਹਿਸਾਬ ਨਾਲ ਕੋਈ ਕੰਮ ਕਿਉਂ ਨਹੀਂ ਲੱਭ ਲੈਂਦਾ। ਕਿਉਂ ਐਨਾ ਤੰਗ ਹੋ ਰਿਹਾ ਹੈ, ਪਰ ਕੀ ਪਤਾ ਅੰਗਹੀਣ ਹੋਣ ਤੋਂ ਪਹਿਲਾਂ ਦਾ ਹੀ ਇਹ ਰਿਕਸ਼ਾ ਚਲਾਉਂਦਾ ਹੋਵੇ? ਮੇਰੇ ਮਨ ’ਚ ਉਹਦੇ ਪ੍ਰਤੀ ਦਿਲਚਸਪੀ ਜਿਹੀ ਵਧ ਗਈ ਤੇ ਨਾਲ ਕਈ ਸਵਾਲ ਵੀ…। ਦਿਲ ਕੀਤਾ ਉਹਦੇ ਨਾਲ ਗੱਲਾਂ ਕਰਾਂ… ਉਹਦੇ ਬਾਰੇ ਜਾਣਾਂ, ਤੇ ਮੈਂ ਉਹਨੂੰ ਬੁਲਾ ਲਿਆ।
‘‘ਕਿਆ ਨਾਮ ਹੈ ਤੁਮ੍ਹਾਰਾ…?’’
‘‘ਰਮੇਸ਼ ਹੈ ਜੀ।’’
‘‘ਸ਼ਾਦੀ ਸ਼ੁਦਾ ਹੋ…?’’
‘‘ਹਾਂ ਜੀ ਸਾਹਬ।’’
‘‘ਕਿਤਨੇ ਬੱਚੇ ਹੈਂ…?’’
‘‘ਬੱਚੇ…? ਮਾਲਤੀ ਕੋ ਲੇ ਕੇ ਤੀਨ ਬੇਟੀਆਂ ਹੈਂ ਜੀ।’’ ਉਹਨੇ ਧੌਣ ਪਿਛਾਂਹ ਕਰਕੇ ਕਿਹਾ।
‘‘ਮਾਲਤੀ ਕੋ ਲੇ ਕੇ ਤੀਨ ਹੈਂ…! ਇਹ ਕੀ ਗੱਲ ਹੋਈ ਭਲਾ…?’’
‘‘ਨਈਂ ਜੀ ਨਈਂ, ਅਸਲ ਮੇਂ ਵੋਹ ਹਮਾਰੀ ਸਬ ਸੇ ਬੜੀ ਬੇਟੀ ਹੈ, ਪਰ ਉਸ ਕੋ ਹਮਨੇ ਜਨਮ ਨਹੀਂ ਦੀਆ। ਲੇਕਿਨ ਉਸ ਕੋ ਹਮ ਅਪਨੇ ਬੱਚੋਂ ਸੇ ਭੀ ਬੜਕਰ ਮਾਨਤੇ ਹੈਂ। ਬਹੁਤ ਕਿਸਮਤ ਵਾਲੀ ਹੈ ਜੀ ਵੋਹ ਹਮਾਰੇ ਲੀਏ। ਚਾਰ ਸਾਲ ਪਹਿਲੇ ਕੀ ਬਾਤ ਹੈ। ਇਧਰ ਈ ਏਕ ਛੋਟਾ ਸਾ ਸਟੇਸ਼ਨ ਔਰ ਹੈ। ਪਹਿਲੇ ਮੈਂ ਉਸ ਤਰਫ਼ ਰਿਕਸ਼ਾ ਚਲਾਤਾ ਥਾ। ਐਸੇ ਹੀ ਮੈਂ ਸੁਬਹ ਸੁਬਹ ਜਾ ਰਹਾ ਥਾ। ਵਹੀਂ ਪਰ ਸਟੇਸ਼ਨ ਕੇ ਬਾਹਰ ਜਹਾਂ ਰਿਕਸ਼ੇ ਰੁਕਤੇ ਹੈਂ, ਮੈਨੇ ਇਸ ਕੇ ਰੋਨੇ ਕੀ ਅਵਾਜ਼ ਸੁਨੀ। ਮੁਝੇ ਬੜਾ ਅਸਚਰਜ ਹੂਆ ਕਿ ਇਸ ਟਾਈਮ ਛੋਟਾ ਸਾ ਬੱਚਾ ਕਹਾਂ ਰੋ ਰਹਾ ਹੈ। ਜਬ ਜਾ ਕੇ ਦੇਖਾ ਮੇਰੇ ਤੋ ਹੋਸ਼ ਈ ਉੜ ਗਏ। ਮਖਮਲੀ ਕਪੜੋਂ ਮੇਂ ਲਪੇਟੀ ਬੇਚਾਰੀ ਰੋ ਰੋ ਕੇ ਬੇਹਾਲ ਥੀ। ਕਪੜੋਂ ਸੇ ਲਗਤਾ ਥਾ ਕਾਫ਼ੀ ਬੜੇ ਘਰ ਕੀ ਬੇਟੀ ਹੋਗੀ, ਪਰ ਸਾਹਬ ਸ਼ਾਇਦ ਉਸ ਬੜੇ ਘਰ ਵਾਲੋਂ ਕਾ ਦਿਲ ਬੜਾ ਨਹੀਂ ਹੋਗਾ ਜਿਸ ਵਜ੍ਹਾ ਸੇ ਵੋਹ ਇਸ ਕੋ ਵੀਰਾਨੇ ਮੇਂ ਫੈਂਕ ਕੇ ਚਲਾ ਗਿਆ। ਨਈਂ ਅਪਨੇ ਬੱਚੇ ਕੇ ਸਾਥ ਕੋਈ ਐਸੇ…। ਮੈਂ ਉਠਾਕਰ ਇਸੇ ਅਪਨੇ ਘਰ ਲੇ ਆਇਆ। ਮੇਰੀ ਪਤਨੀ ਨੇ ਇਸ ਕੋ ਬਹੁਤ ਪਿਆਰ ਦੀਆ। ਪਹਿਲੇ ਹਮਾਰੇ ਘਰ ਮੇਂ ਕੋਈ ਬੱਚਾ ਨਹੀਂ ਥਾ, ਪਰ ਇਸ ਕੇ ਆਨੇ ਕੇ ਬਾਦ ਹਮਾਰੇ ਘਰ ਮੇਂ ਦੋ ਬੇਟੀਆਂ ਹੂਈ। ਬੜੀ ਖੁਸ਼ਕਿਸਮਤ ਹੈ ਹਮਾਰੇ ਲੀਏ ਤੋ। ਕਈ ਬਾਰ ਸੋਚਤਾ ਹੂੰ ਅਗਰ ਯੇਹ ਅਪਨੇ ਮਾਂ ਬਾਪ ਕੇ ਪਾਸ ਹੋਤੀ ਤੋ ਉਨਕੇ ਲੀਏ ਭੀ ਕਿਸਮਤ ਵਾਲੀ ਹੋਤੀ। ਪਰ ਸ਼ਾਇਦ ਵੋਹ ਬਦਕਿਸਮਤ ਥੇ।’’
‘‘ਤੁਮਾਰੀ ਪਤਨੀ ਭੀ ਕੋਈ ਕਾਮ ਕਰਤੀ ਹੈ ਕਿਆ…?’’
‘‘ਨਹੀਂ ਜੀ, ਪਹਲੇ ਕਰਤੀ ਥੀ ਪਰ ਅਬ ਘਰ ਪਰ ਹੀ ਬੱਚੋਂ ਕੋ ਦੇਖਤੀ ਹੈ।’’
‘‘ਕਿਤਨਾ ਕਮਾ ਲੇਤੇ ਹੋ ਸਾਰੇ ਦਿਨ ਮੇਂ?’’ ਮੈਂ ਅਗਲਾ ਸਵਾਲ ਕੀਤਾ।
‘‘ਸਾਰਾ ਦਿਨ ਕਾਮ ਕਰਨੇ ਕੇ ਬਾਦ ਪੇਟ ਭਰ ਖਾਨਾ ਔਰ ਅਰਾਮ ਕੀ ਨੀਂਦ ਸੋ ਜਾਏਂ ਇਸ ਸੇ ਬਡਕਰ ਕਿਆ ਚਾਹੀਏ। ਬਾਕੀ ਸੰਤੁਸ਼ਟੀ ਤੋ ਆਦਮੀ ਕੋ ਤਬ ਭੀ ਨਹੀਂ ਆਤੀ ਚਾਹੇ ਸਾਰੀ ਦੁਨੀਆਂ ਕੀ ਦੌਲਤ ਮਿਲ ਜਾਏ।’’
‘‘ਤੁਮਾਰੇ ਪੈਰ ਕੋ ਕਿਆ ਹੂਆ ਹੈ…?’’
‘‘ਯੇਹ…! ਨਕਲੀ ਹੈ ਸਰਦਾਰ ਜੀ। ਏਕ ਬਾਰ ਹਮ ਗਾਓਂ ਜਾ ਰਹੇ ਥੇ। ਟਰੇਨ ਮੇਂ ਭੀੜ ਬਹੁਤ ਜਿਆਦਾ ਥੀ। ਕਿਸੀ ਨੇ ਧੱਕਾ ਦੇ ਦੀਆ ਹਮ ਨੀਚੇ ਗਿਰ ਗਏ ਔਰ ਪੈਰ ਟਰੇਨ ਕੇ ਨੀਚੇ ਆ ਕੇ ਕਟ ਗਿਆ। ਪਹਲੇ ਤੋ ਹਮ ਮਿਸਤਰੀ ਕੇ ਸਾਥ ਦਿਹਾੜੀ ਜਾਤੇ ਥੇ। ਲੇਕਿਨ ਪੈਰ ਕਟਨੇ ਕੇ ਬਾਦ ਕਿਸੀ ਨੇ ਕਾਮ ਨਹੀਂ ਦੀਆ ਤੋ ਹਮ ਰਿਕਸ਼ਾ ਚਲਾਨੇ ਲਗ ਗਏ। ਪਹਿਲੇ ਕਿਰਾਏ ਪਰ ਚਲਾਤੇ ਥੇ ਪਰ ਅਬ ਅਪਨਾ ਲੇ ਲੀਆ ਹੈ।’’
‘‘ਅਪਨਾ ਘਰ ਹੈ ਜਾਂ ਕਿਰਾਏ ਪਰ ਰਹਤੇ ਹੋ…?’’
‘‘ਨਹੀਂ ਨਹੀਂ ਅਪਨਾ ਕਹਾਂ ਸਰਦਾਰ ਜੀ। ਇਸ ਸ਼ਹਿਰ ਮੇਂ ਤੋ ਮਕਾਨ ਕਾ ਸਪਨਾ ਭੀ ਨਹੀ ਦੇਖ ਸਕਤੇ। ਇਧਰ ਈ ਆਗੇ ਚਲਕੇ ਥੋੜੀ ਦੂਰ ਸ਼ਮਸ਼ਾਨਘਾਟ ਹੈ। ਉਸੀ ਕੀ ਬਗਲ ਮੇਂ ਝੁਗੀ ਹੈ ਹਮਾਰੀ। ਉਸੀ ਮੇਂ ਰਹਤੇ ਹੈਂ ਬੱਚੋਂ ਕੇ ਸਾਥ।’’
‘‘ਤੁਮ ਲਾਵਾਰਿਸ ਬੱਚੀ ਕੋ ਉਠਾ ਕੇ ਲੇ ਆਏ। ਤੁਮਹੇਂ ਨੀ ਲਗਤਾ ਤੁਮ੍ਹਾਰੇ ਅਪਨੇ ਦੋ ਬੇਟੀਆਂ ਹੈਂ। ਅਗਰ ਲੜਕਾ ਹੋਤਾ ਤੋ ਬਾਤ ਔਰ ਥੀ। ਬੜਾ ਹੋਕਰ ਮਰਦ ਬਨਤਾ ਤੁਮ੍ਹਾਰੇ ਸਾਥ ਖੜ੍ਹਾ ਹੋਤਾ…?’’
‘‘ਕੌਨ ਕਿਸੀ ਕੇ ਸਾਥ ਖੜ੍ਹਾ ਹੋਤਾ ਹੈ ਜੀ ਆਜ ਕੇ ਜਮਾਨੇਂ ਮੇਂ। ਆਖਿਰ ਇਸ ਕੋ ਭੀ ਤੋ ਕਿਸੀ ਮਰਦ ਨੇ ਹੀ ਪੈਦਾ ਕੀਆ ਹੋਗਾ। ਕਿਆ ਹੂਆ… ਛੋੜ ਕੇ ਭਾਗ ਗਯਾ। ਲੇਕਿਨ ਮਾਲਤੀ ਹਮਾਰੇ ਲੀਏ ਬੇਟੇ ਸੇ ਕਮ ਨਹੀਂ ਹੈ ਜੀ। ਜਿਸ ਦਿਨ ਸੇ ਹਮਾਰੇ ਘਰ ਆਈ ਹੈ ਕਭੀ ਭੂਖੇ ਨਹੀਂ ਸੋਏ। ਨਈਂ ਤੋ ਪਹਲੇ ਕਈ ਬਾਰ ਕਾਮ ਨਾ ਮਿਲਨੇ ਕੀ ਵਜ੍ਹਾ ਸੇ ਭੂਖੇ ਸੋਨਾ ਪੜਤਾ ਥਾ। ਪਰ ਅਬ ਭਗਵਾਨ ਕੀ ਦਯਾ ਹੈ ਜੀ।’’
‘‘ਆਪਕੇ ਕਿਤਨੇ ਬੱਚੇ ਹੈਂ ਜੀ…?’’ ਉਹਨੇ ਝਕਦੇ ਜਿਹੇ ਨੇ ਸਵਾਲ ਕੀਤਾ।
ਮੈਂ ਚੁੱਪ ਕਰ ਗਿਆ। ਕੀ ਦੱਸਦਾ… ਅਜੇ ਕੱਲ੍ਹ ਹੀ ਤਾਂ ਮੰਮੀ ਦਾ ਫੋਨ ਆਇਆ ਸੀ। ਕਹਿੰਦੇ, ‘‘ਰਾਜਵਿੰਦਰ ਅੱਜ ਮਨੀ ਦਾ ਟੈਸਟ ਕਰਾਇਆ ਸੀ। ਮੇਰੇ ਤਾਂ ਦਿਲ ਤੋਂ ਪੱਥਰ ਚੱਕਿਆ ਗਿਆ। ਮਾਰ੍ਹਾਜ ਨੇ ਸਾਡੀ ਜੜ੍ਹ ਤੋਰਤੀ। ਹੁਣ ਮੈਨੂੰ ਮਰਨ ਲੱਗੀ ਨੂੰ ਕੋਈ ਫਿਕਰ ਨੀ। ਨਈਂ ਜੇ ਪੋਤੇ ਦਾ ਮੂੰਹ ਵੇਖੇ ਬਿਨਾਂ ਮਰ ਜਾਂਦੀ ਸ਼ਾਇਦ ਮੇਰੀ ਗਤੀ ਨਾ ਹੁੰਦੀ।’’
ਕਾਤਲਾਂ ਦੀ ਵੀ ਕਦੀ ਗਤੀ ਹੋਈ ਐ। ਉਹ ਵੀ ਉਨ੍ਹਾਂ ਦੀ ਜਿਨ੍ਹਾਂ ਨੇ ਬਿਨਾਂ ਕਾਰਨ ਦੁਸ਼ਮਣੀ ਕੱਢੀ ਹੋਵੇ। ਮੇਰੇ ਅੰਦਰੋਂ ਲਾਹਣਤ ਵਰਗਾ ਕੁਝ ਫੁੱਟਿਆ। ਆਸ਼ੂ ਦੇ ਜਨਮ ਤੋਂ ਬਾਦ ਮਨੀ ਇਕ ਵਾਰ ਫਿਰ ਆਸਵੰਦ ਹੋਈ ਸੀ। ਮੰਮੀ ਜੀ ਕਹਿੰਦੇ, ‘‘ਰਾਜਵਿੰਦਰ, ਜੇ ਐਸ ਵਾਰੀ ਮੁੰਡਾ ਹੋਜੇ ਤਾਂ ਵਧੀਆ, ਫੈਮਿਲੀ ਕੰਪਲੀਟ ਹੋਜੂ। ਨਾਲੇ ਪੋਤੇ ਦੀਆਂ ਕਿਲਕਾਰੀਆਂ ਨਾਲ ਘਰ ਗੂੰਜਦਾ ਰਹੂ। ਕੁੜੀਆਂ ਦਾ ਕੀ ਐ ਇਹ ਤਾਂ ਨਿਰਾ ਅੰਨ ਤੇ ਧਨ ਦਾ ਖੌਅ ਹੁੰਦੀਆਂ। ਜਿੱਧਰ ਵੀ ਜਾਣਗੀਆਂ ਕੁਸ਼ ਲੈ ਕੇ ਈ ਜਾਣਗੀਆਂ। ਪੁੱਤ ਹੋਊ ਤਾਂ ਲੈ ਕੇ ਆਊ।’’ …ਤੇ ਮੈਂ ਮੰਮੀ ਦੇ ਮਗਰ ਲੱਗ ਮਨੀ ਦਾ ਅਬਾਰਸ਼ਨ ਕਰਵਾਇਆ ਸੀ। ਉਹ ਵਿਚਾਰੀ ਨਾ ਚਾਹੁੰਦੇ ਹੋਏ ਵੀ ਕਿੰਨੇ ਦਿਨ ਮੇਰੀ ਹਿੱਕ ਨਾਲ ਲੱਗ ਕੇ ਸਹਿਕਦੀ ਰਹੀ ਸੀ।
ਪਰ ਹੁਣ ਜਦੋਂ ਉਹਨੂੰ ਏਸ ਗੱਲ ਦਾ ਪਤਾ ਲੱਗਾ ਹੋਵੇਗਾ ਕਿ ਨਹੀਂ ਏਸ ਵਾਰ ਨਹੀਂ ਤਾਂ ਉਹਦੇ ਵੀ ਸਾਹ ’ਚ ਸਾਹ ਆ ਗਏ ਹੋਣਗੇ।
‘‘ਕਿਆ ਹੂਆ ਸਰਦਾਰ ਜੀ… ਕਹਾਂ ਖੋ ਗਏ…?’’
‘‘ਆ ਹਾਂ… ਕੁਸ਼ ਨਈਂ ਯਾਰ ਮੇਰੀ ਏਕ ਬੇਟੀ ਹੈ।’’ ਬੜੀ ਮੁਸ਼ਕਿਲ ਨਾਲ ਮੇਰੇ ਸੰਘ ’ਚੋਂ ਨਿਕਲਿਆ।
‘‘ਬੜੀ ਕਿਸਮਤ ਵਾਲੇ ਹੋ ਜੀ ਆਪ ਤੋ। ਕਹਿਤੇ ਹੈਂ ਬੇਟੀ ਕਾ ਦਾਨ ਸਭ ਸੇ ਉਤਮ ਦਾਨ ਹੈ। ਮੇਰੇ ਬਾਬੂ ਜੀ ਕਹਿਤੇ ਥੇ ਕੰਨਿਆ ਦਾਨ ਕਰਕੇ ਆਦਮੀ ਚੌਰਾਸੀ ਕੇ ਚੱਕਰ ਸੇ ਮੁਕਤ ਹੋ ਜਾਤਾ ਹੈ ਜੀ।’’
‘ਸਾਡੇ ਵਰਗਿਆਂ ਨੂੰ ਕਿੱਥੇ ਮੁਕਤੀ ਮਿਲਣੀ ਐ ਜਿਨ੍ਹਾਂ ਨੇ…?’’ ਮੈਂ ਮਨ ’ਚ ਸੋਚਿਆ।
‘‘ਲੀਜੀਏ ਸਰਦਾਰ ਜੀ ਆਪਕਾ ਸਟੇਸ਼ਨ ਆ ਗਿਆ।’’
ਮੈਂ ਪੰਜਾਹ ਦਾ ਨੋਟ ਕੱਢ ਕੇ ਉਹਨੂੰ ਫੜਾਉਂਦਿਆਂ ਉਹਦੇ ਮੋਢੇ ’ਤੇ ਹੱਥ ਧਰਿਆ। ਉਹਨੇ ਜੇਬ੍ਹ ’ਚੋਂ ਦਸ ਦਾ ਨੋਟ ਕੱਢ ਕੇ ਮੇਰੇ ਵੱਲ ਵਧਾ ਦਿੱਤਾ।
‘‘ਨਈਂ ਨਈਂ ਰੱਖ ਲੈ ਯਾਰ ਤੂੰ… ਕੋਈ ਗੱਲ ਨੀ।’’
‘‘ਕਿਆ ਬਾਤ ਕਰਤੇ ਹੈਂ ਸਰਦਾਰ ਜੀ, ਐਸੇ ਹਮ ਆਪਸੇ ਜਿਆਦਾ ਪੈਸੇ ਕੈਸੇ ਲੇ ਸਕਤੇ ਹੈਂ। ਜੋ ਏਕ ਬਾਰ ਬਾਤ ਕਰ ਲੀਏ ਸੋ ਕਰ ਲੀਏ। ਗਰੀਬ ਜਰੂਰ ਹੈਂ ਪਰ ਕਿਸੀ ਕਾ ਹੱਕ ਨਹੀਂ ਮਾਰਤੇ ਸਰਦਾਰ ਜੀ।’’
ਉਹ ਰਿਕਸ਼ਾ ਰੇੜ੍ਹ ਕੇ ਲੰਙ ਮਾਰਦਾ ਅੱਗੇ ਨਿਕਲ ਗਿਆ। …ਤੇ ਮੈਂ ਮੁੱਠ ’ਚ ਦਸਾਂ ਦਾ ਨੋਟ ਘੁੱਟੀ ਭਰੇ ਮਨ ਨਾਲ ਉਹਨੂੰ ਪਿੱਛੋਂ ਵੇਖਦਾ ਰਿਹਾ।
ਸੰਪਰਕ: 94638-83994