ਦੁਆਬੇ ‘ਚ ਜਨਮੇ ਸ਼ਾਇਰ ਗਿਆਨ ਸਿੰਘ ਨੇ ਉੱਚਕੋਟੀ ਦੀ ਕਵਿਤਾ ਲਿਖੀ। ਜ਼ਿੰਦਗੀ ਦੀ ਤੋਰ ਅਜਿਹੀ ਸੀ ਜਿਸ ਵਿਚ ਕਵਿਤਾ ਛਪਣਾ ਛਪਵਾਉਣਾ ਲਗਾਤਾਰ ਪਿੱਛੇ ਪੈਂਦਾ ਰਿਹਾ। ਉਨ੍ਹਾਂ ਦੀ ਕਵਿਤਾ ਉੱਘੇ ਸਾਹਿਤਕਾਰ ਬਲਬੀਰ ਮਾਧੋਪੁਰੀ (93505-48100) ਨੇ ਸੰਪਾਦਿਤ ਕਰਕੇ ‘ਗਿਆਨ ਸਿੰਘ ਦੀ ਕਵਿਤਾ’ ਸਿਰਲੇਖ ਹੇਠ ਛਪਵਾਈ। ਡਾ. ਸੁਤਿੰਦਰ ਸਿੰਘ ਨੂਰ ਇਸ ਬਾਰੇ ਲਿਖਦੇ ਹਨ: ‘ਗਿਆਨ ਸਿੰਘ ਦਾ ਪਹਿਲਾ ਕਾਵਿ-ਸੰਗ੍ਰਹਿ ‘ਧਰਤੀ ਘੁੰਮਦੀ ਰਹੀ’ 1963 ਵਿਚ ਛਪਿਆ ਜਿਸ ਦਾ ਮੁੱਖਬੰਧ ਅੰਮ੍ਰਿਤਾ ਪ੍ਰੀਤਮ ਨੇ ਲਿਖਿਆ ਸੀ। ਉਨ੍ਹੀਂ ਦਿਨੀਂ ਉਹ ਉਵੇਂ ਹੀ ਚਰਚਾ ਵਿਚ ਆਇਆ ਜਿਵੇਂ ਹਰਿਭਜਨ ਸਿੰਘ, ਤਾਰਾ ਸਿੰਘ, ਸ਼ਿਵ ਕੁਮਾਰ ਤੇ ਹੋਰ ਕਈ ਚਰਚਾ ਵਿਚ ਸਨ। … ਉਹ ਬ੍ਰਹਿਮੰਡ ਦੇ ਰਹੱਸਾਂ ਦੇ ਨਵੇਂ ਪ੍ਰਸੰਗਾਂ ਵੱਲ ਲਗਾਤਾਰ ਰੁਚਿਤ ਰਿਹਾ ਹੈ। ਜ਼ਿੰਦਗੀ ਦੇ ਹੁਸੀਨ ਹੋਣ ਦੇ ਅਹਿਸਾਸ ਦਾ ਉਹ ਕੀਲਿਆ ਹੋਇਆ ਹੈ। ਉਸ ਸਮੇਂ ਦੇ ਕਈ ਹੋਰ ਪ੍ਰਗਤੀਸ਼ੀਲ ਕਵੀਆਂ ਵਾਂਗ ਉਹ ਸਿੱਧੇ ਤੌਰ ‘ਤੇ ਸਮੱਸਿਆਕਾਰਾਂ ਦੀ ਕਵਿਤਾ ਨਹੀਂ ਲਿਖਦਾ ਪਰ ਉਹ ਮਾਨਵੀ ਅਹਿਸਾਸ, ਉਮਾਹ ਤੇ ਸੁਪਨਿਆਂ ਨਾਲ ਲਗਾਤਾਰ ਸਰੋਕਾਰ ਰੱਖਦਾ ਹੈ’।
ਅਸੀਂ ਹਾਂ ਵਾਰਸ ਮੁਹੱਬਤਾਂ ਦੇ
ਅਸੀਂ ਹਾਂ ਵਾਰਸ ਮੁਹੱਬਤਾਂ ਦੇ,
ਚਲੋ, ਜ਼ਮਾਨੇ ਵਿਚ ਪਿਆਰ ਵੰਡੀਏ,
ਅਸੀਂ ਹਾਂ ਮਾਲਕ ਸੁਗੰਧੀਆਂ ਦੇ,
ਚਮਨ ਚਮਨ ਵਿਚ ਬਹਾਰ ਵੰਡੀਏ।
ਕਲੀ ਕਲੀ ਦੇ ਉਦਾਸ ਮੂੰਹ ਤੋਂ,
ਅਸੀਂ ਪਸੀਨੇ ਨੂੰ ਪੂੰਝ ਦਈਏ,
ਅਸੀਂ ਹਾਂ ਰਾਜੇ ਸੁਹੱਪਣਾਂ ਦੇ,
ਸੁਹੱਪਣਾਂ ਵਿਚ ਨਿਖਾਰ ਵੰਡੀਏ।
ਇਹ ਪਿਆਸੀ ਪਿਆਸੀ ਹੈ ਆਪਣੀ ਧਰਤੀ,
ਇਹ ਔੜਾਂ-ਮਾਰੀ ਹੈ ਆਪਣੀ ਨਗਰੀ,
ਚਲੋ, ਅਸੀਂ ਛਮ ਛਮਾ ਕੇ ਵਰ੍ਹੀਏ,
ਮਲ੍ਹਾਰ ਗਾਈਏ, ਫੁਹਾਰ ਵੰਡੀਏ।
ਨਿਰਾਸ ਸਮਿਆਂ ਨੇ ਅੱਗੇ ਵਧ ਕੇ,
ਵੰਗਾਰ ਪਾਈ ਹੈ ਹੁਣ ਅਸਾਨੂੰ,
ਅਸੀਂ ਨਾ ਵੰਡੀਏ, ਤਾਂ ਕੌਣ ਵੰਡੇ,
ਹੁਣ ਆਉ ਸਮਿਆਂ ਦਾ ਭਾਰ ਵੰਡੀਏ।
ਨਸ਼ੇ ਜਦੋਂ ਉਤਰੇ ਓਪਰੇ ਤਾਂ,
ਅਖ਼ੀਰ ਰਿੰਦਾਂ ਨੂੰ ਹੋਸ਼ ਆਈ,
ਕਿ ਆਪਣੇ ਮੁੜ੍ਹਕੇ ‘ਚ ਵੀ ਨਸ਼ਾ ਹੈ,
ਚਲੋ, ਇਹ ਸੱਜਰਾ ਖੁਮਾਰ ਵੰਡੀਏ।
* * *
ਦੋ ਚਾਰ ਸੁਗਾਤਾਂ ਫਜਰ ਦੀਆਂ
ਨ੍ਹੇਰੇ ਵਿਚ ਗਿਝੀਆਂ ਅੱਖੀਆਂ ਸਨ,
ਚਾਨਣ ਤਕ ਕੇ ਚੁੰਧਿਆ ਗਈਆਂ,
ਹੁਣ ਸੋਮਨ ਹੋ ਕੇ ਸਾਂਭ ਲਵੋ,
ਦੋ ਚਾਰ ਸੁਗਾਤਾਂ ਫਜਰ ਦੀਆਂ।
ਕਿਣਕਾ ਕਿਣਕਾ ਸੂਰਜ ਬਣਿਆ,
ਉਤਰੀ ਇਕ ਗੰਗਾ ਚਾਨਣ ਦੀ,
ਤੱਕੇ ਹਿਜਰਾਂ ਦੇ ਕਹਿਰ ਬਹੁਤ,
ਹੁਣ ਤੱਕੋ ਮਿਹਰਾਂ ਹਿਜਰ ਦੀਆਂ।
ਸੁਕਿਆਂ ਟਾਹਣਾਂ ਨੂੰ ਬੂਰ ਪਿਆ,
ਧਰਤੀ ਨੇ ਲਈਆਂ ਅੰਗੜਾਈਆਂ,
ਇਹ ਕੌਤਕ ਹਨ ਸਭ ਸਿਦਕਾਂ ਦੇ,
ਇਹ ਰਮਜ਼ਾਂ ਹਨ ਸਭ ਸਬਰ ਦੀਆਂ।
ਨ੍ਹੇਰਾ ਹੋਵੇ, ਚਾਨਣ ਹੋਵੇ,
ਸਭ ਕੁਝ ਅੰਦਰ ਹੀ ਹੁੰਦਾ ਹੈ,
ਇਹ ਗੱਲਾਂ ਜਾਗਣ ਸਉਣ ਦੀਆਂ,
ਜਾਂ ਆਪਣੀ ਆਪਣੀ ਨਜ਼ਰ ਦੀਆਂ।
ਨਾ ਅੱਗਾ ਹੈ, ਨਾ ਪਿੱਛਾ ਹੈ,
ਜੋ ਕੁਝ ਹੈ ਸਭ ਏਥੇ ਹੀ ਹੈ,
ਜੀਉਂਦੇ ਜੀਵਨ ਦੀ ਕਦਰ ਕਰੋ,
ਹੁਣ ਛੱਡੋ ਗੱਲਾਂ ਹਸ਼ਰ ਦੀਆਂ।
ਤਕਦੀਰਾਂ ਇਕ ਬਹਾਨਾ ਹਨ,
ਥੱਕੇ ਅੰਗਾਂ ਲਈ ਪੋਸਤ ਜਿਵੇਂ,
ਹੋਣੀ ਦੇ ਚਰਚੇ ਬੰਦ ਕਰੋ,
ਇਹ ਆਵਾਜ਼ਾਂ ਹਨ ਕਬਰ ਦੀਆਂ।
ਇਕ ਸਵਾਦ ਸਵਾਦ ਰਹਿ ਜਾਏਗਾ,
ਭੁੱਲ ਜਾਵਣਗੇ ਝਪਕਾਰੇ ਵਿਚ,
ਇਹ ਸੱਭੇ ਦਰਦ ਜਣੇਪੇ ਦੇ,
ਇਹ ਸਭੇ ਪੀੜਾਂ ਸਫ਼ਰ ਦੀਆਂ।
* * *
ਚਿਤ੍ਰਕਾਰ
ਚਿਤ੍ਰਕਾਰ,
ਤੇਰੇ ਚਿਤ੍ਰ ਬਹੁਤ ਸੁੰਦਰ ਹਨ,
ਸੁੰਦਰ ਪਹਾੜਾਂ ਦੇ ਚਿਤ੍ਰ,
ਸੁੰਦਰ ਝਰਨਿਆਂ ਦੇ ਚਿਤ੍ਰ,
ਸੁੰਦਰ ਨਾਰਾਂ ਦੇ ਚਿਤ੍ਰ,
ਸਭ ਕੁਝ ਸੁੰਦਰ,
ਰੰਗ ਦੀ ਸੁੰਦਰ,
ਦ੍ਰਿਸ਼ ਵੀ ਸੁੰਦਰ,
ਸਭ ਕੁਝ ਸੁੰਦਰ,
ਪਰ… ਮੈਂ?
ਮੈਂ ਤਾਂ ਸੁੰਦਰ ਨਹੀਂ ਹਾਂ,
ਮੇਰਾ ਮੈਲਾ ਮੈਲਾ ਰੰਗ,
ਮੇਰੇ ਕੋਹਜੇ ਕੋਹਜੇ ਨਕਸ਼ ਨੈਣ,
ਮੇਰੀਆਂ ਧਸੀਆਂ ਧਸੀਆਂ ਅੱਖਾਂ,
ਮੇਰੇ ਸੁੱਕੇ ਸੁੱਕੇ ਹੋਂਠ,
ਮੇਰਾ ਦਾਗੀ ਦਾਗੀ ਚਿਹਰਾ,
…ਕੁਝ ਵੀ ਤਾਂ ਸੁੰਦਰ ਨਹੀਂ ਹੈ,
ਪਰ, ਫਿਰ ਵੀ, ਫਿਰ ਵੀ,
ਕੀ ਤੂੰ ਮੇਰਾ ਚਿਤ੍ਰ ਬਣਾਏਂਗਾ?
ਤੇ ਕੀ…
ਤੇ ਕੀ…
ਇਸ ਚਿਤ੍ਰ ਨੂੰ ਸੁੰਦਰ ਬਣਾ ਸਕੇਂਗਾ?
* * *
ਕੀ ਕੁਝ ਤੇਰਾ?
ਵੇਖ ਨੀ ਜਿੰਦੇ, ਬੂਹੇ ਤੇਰੇ,
ਕਿਹੜਾ ਜੋਗੀ ਆਇਆ,
ਪੁਛ ਨੀ ਜਿੰਦੇ, ਕੀ ਕੁਝ ਮੰਗਦਾ,
ਕਿਵੇਂ ਫੜੀ ਕਸ਼ਕੋਲ।
ਉਠ ਨੀ ਜਿੰਦੇ, ਅੰਦਰ ਬਾਹਰ
ਝਾਤੀ ਆਪਣੇ ਮਾਰ,
ਦਸ ਨੀ ਜਿੰਦੇ, ਏਸ ਘੜੀ ਲਈ,
ਕੀ ਕੁਝ ਤੇਰੇ ਕੋਲ।
ਸੋਚ ਨੀ ਜਿੰਦੇ, ਕੀ ਕੁਝ ਤੇਰਾ,
ਕੀ ਕੁਝ ਤੇਰਾ ਨਾਂਹ,
ਛਾਂਟ ਨੀ ਜਿੰਦੇ, ਜੋ ਕੁਝ ਤੇਰਾ,
ਭਰ ਜੋਗੀ ਦੀ ਝੋਲ।
ਵਿਗਸ ਨੀ ਜਿੰਦੇ, ਅੱਜ ਦਾ ਵੇਲਾ,
ਸੁਖਣਾਂ ਸੁਖ ਸੁਖ ਆਇਆ,
ਸਾਂਭ ਨੀ ਜਿੰਦੇ, ਇਨ੍ਹਾਂ ਛਿਣਾਂ ਨੂੰ,
ਇਹ ਦੋ ਛਿਣ ਅਣਮੋਲ।
ਦੌੜ ਨੀ ਜਿੰਦੇ, ਕਾਹਲਾ ਜੋਗੀ,
ਪਲ ਠਹਿਰੇ, ਤੁਰ ਜਾਏ,
ਮੋੜ ਨੀ ਜਿੰਦੇ, ਮੁੜ ਨਾ ਜਾਏ,
ਬੂਹਿਓਂ ਸੱਖਣਾ ਢੋਲ।
* * *
ਅਲਵਿਦਾ
ਹੇ ਮਧੂਬਾਲਾ,
ਅਸੀਂ ਪਿਆਸੇ ਤੁਰ ਚੱਲੇ ਹਾਂ,
ਵਸਦਾ ਰਹੇ ਤੇਰਾ ਮਦਿਰਾਲਾ।
ਅੰਗ ਅੰਗ ਵਿਚ ਚਿਣਗ ਅਸਾਡੇ,
ਰੋਮ ਰੋਮ ਸਾਡੇ ਅਭਿਲਾਸ਼ਾ,
ਪ੍ਰਾਣ ਅਸਾਡੇ ਲਟ ਲਟ ਅਗਨੀ,
ਨੈਣ ਅਸਾਡੇ ਤਰਲ ਨਿਰਾਸ਼ਾ,
ਕਹਿ ਨਾ ਸਕੀਏ, ਦਸ ਨਾ ਸਕੀਏ,
ਕੌਣ ਸਮਝਦਾ ਗੁੰਗੀ ਭਾਸ਼ਾ,
ਫੁਕਦਾ ਜਾਏ ਕੋਈ ਚੁਪੀਤਾ,
ਵੇਖੀ ਜਾਏ ਕੋਈ ਤਮਾਸ਼ਾ,
ਰੂਪ ਕਿਹਾ ਇਹ ਰੁੱਦ੍ਰ ਸ਼ਿਵਾਂ ਦਾ,
ਨਾਲੇ ਬਲਦਾ ਜਾਏ ਸ਼ਿਵਾਲਾ।
ਆਦਿ ਅੰਤ ਤੋਂ ਬਿਨਾਂ ਕਹਾਣੀ,
ਜੀਵਨ ਇਕ ਅਧੂਰਾ ਸੁਪਨਾ,
ਇਕ ਧੁੰਦਲੀ ਧੁੰਦਲੀ ਜਹੀ ਭਟਕਣ,
ਇਕ ਉਲਝੀ ਉਲਝੀ ਜਹੀ ਤ੍ਰਿਸ਼ਨਾ,
ਕਿੰਨੀ ਕੁਝ ਇਹ ਸਫ਼ਲ ਕਮਾਈ,
ਕਿੰਨੀ ਕੁਝ ਨਾਕਾਮ ਯੋਜਨਾ,
ਇਕ ਛਿਟ ਪਾਣੀ, ਇਕ ਛਿਟ ਅਗਨੀ,
ਦੋ ਛਿੱਟਾਂ ਸ੍ਰਿਸ਼ਟੀ ਦੀ ਰਚਨਾ,
ਨਾ ਛਿਟ ਪਾਣੀ ਦੀ ਸੁਕ ਸਕਦੀ,
ਨਾ ਹੀ ਇਹ ਬੁਝ ਸਕਦੀ ਜਵਾਲਾ।
ਕੀ ਕਹੀਏ, ਹੁਣ ਅਸੀਂ ਦੀਵਾਨੇ,
ਪਿਆਰ ਨਹੀਂ ਹੈ, ਪੂਜਾ ਹੈ ਇਹ,
ਸਾਨੂੰ ਨਹੀਂ ਵਫ਼ਾ ਦਾ ਦਾਹਵਾ,
ਸਾਡੀ ਮੂਕ ਤਪੱਸਿਆ ਹੈ ਇਹ,
ਕੁਝ ਯਾਦਾਂ, ਕੁਝ ਤੀਬਰ ਤਰਾਟਾਂ,
ਸਾਨੂੰ ਏਥੋਂ ਲੱਭਾ ਹੈ ਇਹ,
ਏਸ ਭਰੀ ਦੁਨੀਆਂ ਵਿਚ ਸਾਡਾ,
ਸੱਖਣਾ ਮਨ ਹੈ, ਸੱਖਣਾ ਪਿਆਲਾ।
ਹੇ ਮਧੂਬਾਲਾ,
ਅਸੀਂ ਨਿਰਾਸ਼ੇ ਤੁਰ ਚਲੇ ਹਾਂ,
ਵਸਦਾ ਰਹੇ ਤੇਰਾ ਮਦਿਰਾਲਾ।
* * *
ਮ੍ਰਿਗ ਤ੍ਰਿਸ਼ਨਾ
ਕਹਿੰਦੇ ਹਨ, ਇਹ ਖੇਡ ਬਣੀ ਹੈ,
ਕਾਰਣ ਤੇ ਕਾਰਜ ਦੀ ਸਾਰੀ,
ਆਪਣੇ ਮਨ ਦੀ ਵਿਆਕੁਲਤਾ ਦਾ,
ਕੋਈ ਦੱਸੇ, ਕਾਰਨ ਕੀ ਹੈ।
ਇਕ ਬਿੰਦੀ ਤੇ ਆ ਕੇ ਰੁਕ ਗਈ,
ਜਨਮ ਜਨਮ ਦੀ ਕਠਨ ਸਾਧਨਾ,
ਰੁਕੀ ਰੁਕੀ ਅੱਖੀਆਂ ‘ਚੋਂ ਵਹਿ ਪਈ,
ਜੁਗਾਂ ਜੁਗਾਂ ਦੀ ਮੂਕ ਵੇਦਨਾ,
ਅੰਮ੍ਰਿਤ ਛਡ ਹਲਾਹਲ ਢੂੰਡੇ,
ਜੀਵਨ ਦੀ ਉਪਰਾਮ ਭਾਵਨਾ,
ਛਿਣ ਛਿਣ ਵਧਦੀ ਜਾਇ ਸਥੂਲਤਾ,
ਮੁੜ ਜੜ੍ਹ ਹੁੰਦੀ ਜਾਇ ਚੇਤਨਾ,
ਜੀਵਨ ਦੀ ਇਸ ਨਿਸਫ਼ਲਤਾ ਦਾ,
ਕੋਈ ਦੱਸੇ, ਕਾਰਨ ਕੀ ਹੈ।
ਆਏ ਨਦੀ ਸੌ ਰੀਝਾਂ ਲੈ ਕੇ,
ਸਾਗਰ ਖ਼ਾਰਾ ਤਕ ਪਛਤਾਏ,
ਕੀ ਕਹੀਏ ਉਸ ਰਾਹੀ ਨੂੰ ਜੋ,
ਮੰਜ਼ਲ ਤੇ ਆ ਕੇ ਸ਼ਰਮਾਏ,
ਮਿਥਿਆ ਥਲ, ਮਿਥਿਆ ਮ੍ਰਿਗ ਤ੍ਰਿਸ਼ਨਾ,
ਸਾਹ ਸਾਹ ਪ੍ਰਾਣਾਂ ਨੂੰ ਭਟਕਾਏ,
ਸਮਝਾਂ ਹੁੰਦਿਆਂ, ਸਮਝ ਪਏ ਨਾ,
ਨਜ਼ਰਾਂ ਹੁੰਦਿਆਂ ਨਜ਼ਰ ਨਾ ਆਏ,
ਨਜ਼ਰਾਂ ਦੀ ਇਸ ਨਿਰਬਲਤਾ ਦਾ,
ਕੋਈ ਦੱਸੇ, ਕਾਰਨ ਕੀ ਹੈ।
ਰੂਪ-ਹੀਣ ਇਕ ਸੰਸਕਾਰ ਹੈ,
ਰੂਪ ਅਨੇਕਾਂ ਬਦਲ ਰਿਹਾ ਹੈ,
ਸਵਾਸਾਂ ਦਾ ਇਕ ਮੌਨ ਯਾਤ੍ਰੀ,
ਡਿਗ ਡਿਗ ਕੇ ਫਿਰ ਸੰਭਲ ਰਿਹਾ ਹੈ,
ਹਾਰ ਜਿੱਤ ਦੋ ਗੱਲਾਂ ਬਣੀਆਂ,
ਕੌਣ ਅੰਤ ਵਿਚ ਸਫ਼ਲ ਰਿਹਾ ਹੈ,
ਖੇਡਣ ਵਾਲਾ ਮਨ ਵਿਚ ਹੱਸੇ,
ਕਿਵੇਂ ਖਿਡਾਉਣਾ ਮਚਲ ਰਿਹਾ ਹੈ,
ਨੇਤ੍ਰਹੀਣ ਇਸ ਚੰਚਲਤਾ ਦਾ,
ਕੋਈ ਦੱਸੇ, ਕਾਰਨ ਕੀ ਹੈ।
* * *
ਕਸਕ ਕਲੇਜੇ ਮਾਹਿ
ਹਾਂ ਦੋਸਤ, ਤੂੰ ਸਚ ਹੀ ਕਹਿਨਾਂ ਏ,
ਮੈਂ ਸੱਜਰਾ ਸੱਜਰਾ ਰੋਇਆ ਹਾਂ।
ਕੁਝ ਕਹਿ ਨਾ ਸਕਾਂ, ਕੁਝ ਦੱਸ ਨਾ ਸਕਾਂ,
ਉਹ ਪੀੜ ਜੋ ਅੰਦਰੋਂ ਰਿਸਦੀ ਏ।
ਜੁੱਗਾਂ ਜੁੱਗਾਂ ਦੇ ਰਾਹੀ ਦੀ,
ਅੱਜ ਢਾਰਸ ਟੁਟਦੀ ਦਿਸਦੀ ਏ।
ਰੁਕਿਆਂ ਰੁਕਿਆਂ ਤੂਫ਼ਾਨਾਂ ਨੂੰ,
ਕੰਬਣੀ ਜਹੀ ਜਾਂਦੀ ਛਿੜਦੀ ਏ।
ਤਸਵੀਰ ਅੱਜ ਕਿਸ ਦੀ ਵੇਖੀ ਏ,
ਫਿਰ ਯਾਦ ਅੱਜ ਆਈ ਕਿਸ ਦੀ ਏ।
ਹਾਂ ਦੋਸਤ, ਤੂੰ ਸਚ ਹੀ ਕਹਿਨਾਂ ਏ,
ਮੈਂ ਸੱਜਰਾ ਸੱਜਰਾ ਰੋਇਆ ਹਾਂ।
ਇਹ ਠੀਕ ਹੈ, ਅੰਦਰੋਂ ਅੰਦਰੀਂ ਮੈਂ,
ਕੋਈ ਕਸ਼ਟ ਚਿਰਾਂ ਤੋਂ ਜਰਦਾ ਹਾਂ।
ਕੋਈ ਚੀਸ ਦਬਾਉਂਦਾ ਰਹਿੰਦਾ ਹਾਂ,
ਕੋਈ ਜ਼ਖ਼ਮ ਲੁਕਾਉਂਦਾ ਫਿਰਦਾ ਹਾਂ।
ਕੁਝ ਮੈਨੂੰ ਖ਼ੁਦ ਵੀ ਸਮਝ ਨਹੀਂ,
ਕਿਉਂ ਜਿਊਂਦਾ ਹਾਂ, ਕਿਉਂ ਮਰਦਾ ਹਾਂ।
ਉਂਜ ਤੇਰੀ ਇਸ ਹਮਦਰਦੀ ਲਈ,
ਧੰਨਵਾਦ ਮੈਂ ਤੇਰਾ ਕਰਦਾ ਹਾਂ।
ਹਾਂ ਦੋਸਤ, ਤੂੰ ਸਚ ਹੀ ਕਹਿਨਾਂ ਏਂ,
ਮੈਂ ਸੱਜਰਾ ਸੱਜਰਾ ਰੋਇਆ ਹਾਂ।
ਕੁਝ ਯਾਦ ਰਿਹਾ, ਕੁਝ ਵਿਸਰ ਗਿਆ,
ਇਹ ਤੜਫਨ ਕਦ ਤੋਂ ਵਿਲਕ ਰਹੀ।
ਕਦ ਤੋਂ ਕੁਠਿਆਂ ਅਰਮਾਨਾਂ ਦੀ,
ਇਕ ਲਾਸ਼ ਅਧਮੋਈ ਸਿਸਕ ਰਹੀ।
ਕਦ ਤੋਂ ਸੁੰਞੀਆਂ ਰਾਹਵਾਂ ਉਤੇ,
ਮੁਰਝਾਈ ਜਿੰਦੜੀ ਥਿੜਕ ਰਹੀ।
ਕਦ ਤੋਂ ਇਹ ਬੱਦਲ ਵਰਸ ਰਹੇ,
ਕਦ ਤੋਂ ਇਹ ਬਿਜਲੀ ਲਿਸ਼ਕ ਰਹੀ।
ਹਾਂ ਦੋਸਤ, ਤੂੰ ਸੱਚ ਹੀ ਕਹਿਨਾਂ ਏ,
ਮੈਂ ਸੱਜਰਾ ਸੱਜਰਾ ਰੋਇਆ ਹਾਂ।
ਕੁਝ ਹੋਸ਼ ਨਹੀਂ, ਕੁਝ ਸਮਝ ਨਹੀਂ,
ਕਿਉਂ ਏਦਾਂ ਜਿੰਦ ਕੁਰਲਾ ਰਹੀ ਏ।
ਕਿਹੜੀਆਂ ਆਸਾਂ ਚਲ ਵੱਸੀਆਂ ਨੇ,
ਰੂਹ ਕਿਸ ਦਾ ਸੋਗ ਮਨਾ ਰਹੀ ਏ।
ਜੁੱਗਾਂ ਦੇ ਜੋਜਨ ਤੁਰ ਕੇ ਅੱਜ,
ਆਵਾਜ਼ ਇਹ ਕਿਧਰੋਂ ਆ ਰਹੀ ਏ।
ਜਨਮਾਂ ਤੋਂ ਗੁਆਚੇ ਪਿਆਰਾਂ ਦੀ,
ਕਿਉਂ ਯਾਦ ਅੱਜ ਫਿਰ ਤੜਪਾ ਰਹੀ ਏ।
ਹਾਂ ਦੋਸਤ, ਤੂੰ ਸਚ ਹੀ ਕਹਿਨਾਂ ਏ,
ਮੈਂ ਸੱਜਰਾ ਸੱਜਰਾ ਰੋਇਆ ਹਾਂ।
ਮੇਰਾ ਅੱਗਾ ਕੀ, ਮੇਰਾ ਪਿੱਛਾ ਕੀ,
ਮੈਂ ਸਭ ਕੁਝ ਭੁਲਦਾ ਜਾਂਦਾ ਹਾਂ।
ਸਭ ਜਾਣਦਿਆਂ, ਸਭ ਬੁਝਦਿਆਂ,
ਛੱਲਾਂ ਵਿਚ ਠੁਲ੍ਹਦਾ ਜਾਂਦਾ ਹਾਂ।
ਵਹਿਣਾ ਵਿਚ ਗੁੰਮਦਾ ਜਾਂਦਾ ਹਾਂ,
ਯਾਦਾਂ ਵਿਚ ਘੁਲਦਾ ਜਾਂਦਾ ਹਾਂ।
ਠੋਕਰ ਤੇ ਠੋਕਰ ਖਾਂਦਾ ਹਾਂ,
ਸੂਲਾਂ ਵਿਚ ਰੁਲਦਾ ਜਾਂਦਾ ਹਾਂ।
ਹਾਂ ਦੋਸਤ, ਤੂੰ ਸਚ ਹੀ ਕਹਿਨਾਂ ਏ,
ਮੈਂ ਸੱਜਰਾ ਸੱਜਰਾ ਰੋਇਆ ਹਾਂ।
ਤੇਰੀਆਂ ਗੱਲਾਂ ਸਭ ਸੁਣੀਆਂ ਮੈਂ,
ਸਭ ਇਹੀਓ ਕਹਿ ਕਹਿ ਜਾਂਦੇ ਨੇ।
ਉਂਜ ਠੀਕ ਵੀ ਇਹੀਓ ਲਗਦਾ ਏ,
ਗ਼ਮ ਹੋਰ ਵੀ ਸਹਿ ਸਹਿ ਜਾਂਦੇ ਨੇ।
ਪਰ ਕਰਾਂ ਕੀ, ਮੇਰੇ ਵੱਸ ਵਿਚ ਨਹੀਂ,
ਮੇਰੇ ਨਿਸਚੇ ਰਹਿ ਰਹਿ ਜਾਂਦੇ ਨੇ।
ਇਕ ਚੀਸ ਜਾਂ ਅੰਦਰੋਂ ਉਠਦੀ ਏ,
ਮੇਰੇ ਅੱਥਰੂ ਵਹਿ ਵਹਿ ਜਾਂਦੇ ਨੇ।
* * *
ਹਾਰ
ਦਾਸ ਸਾਥੀ, ਰਬ ਤੋਂ ਕੀ,
ਹਾਰ ਅੱਜ ਮੈਂ ਮੰਨ ਲਵਾਂ?
ਅੱਜ ਮੇਰੀ ਸਾਧਨਾ ਦੀ,
ਜੋਤ ਬੁਝਦੀ ਜਾ ਰਹੀ।
ਕਾਲੀ ਬੋਲੀ ਰਾਤ ਬਣ ਕੇ,
ਅੱਜ ਨਿਰਾਸ਼ਾ ਛਾ ਰਹੀ।
ਸ਼ਹੁ ਪੁਲਾੜਾਂ ਵਿਚ ਗੁਆਚੀ,
ਆਤਮਾ ਘਬਰਾ ਰਹੀ।
ਜ਼ਿੰਦਗੀ ਵਿਚ ਜਿਊਣ ਦੀ,
ਸਭ ਚਾਹ ਮੁਕਦੀ ਜਾ ਰਹੀ।
ਲੋਕ ਤੇ ਪਰਲੋਕ ਸਾਰੇ,
ਰੁਸ ਕੇ ਜਾਂਦੇ ਦਿਸ ਰਹੇ,
ਚੰਦ ਤਾਰੇ ਜ਼ਿੰਦਗੀ ਦਾ,
ਮੂੰਹ ਚਿੜਾਂਦੇ ਦਿਸ ਰਹੇ।
ਆਸ ਦੇ ਸੂਰਜ ਨੂੰ ਸੌ ਸੌ,
ਗ੍ਰਹਿਣ ਖਾਂਦੇ ਦਿਸ ਰਹੇ।
ਹਿੰਮਤਾਂ ਦੇ ਪੈਰ ਆਖ਼ਰ,
ਲੜਖੜਾਂਦੇ ਦਿਸ ਰਹੇ।
ਪੱਥਰਾਂ ਨੂੰ ਚੁੰਮ ਚੁੰਮ,
ਦਿਉਤੇ ਬਣਾਉਂਦਾ ਅਕ ਗਿਆਂ।
ਵਿਸ਼ਮਈ ਸੂਲਾਂ ਤੋਂ ਸੁਹਜਾਂ ਨੂੰ,
ਬਚਾਉਂਦਾ ਥਕ ਗਿਆਂ।
ਕਾਲ-ਵਿਥ ਦੇ ਦਲਦਲਾਂ ਵਿਚ,
ਘੇਰਿਆ ਲਕ ਲਕ ਗਿਆਂ।
ਜ਼ਿੰਦਗੀ ਨੂੰ ਹੋਰ ਕੁਝ,
ਲਾਰੇ ਦਿਵਾਉਣੋਂ ਝਕ ਗਿਆਂ।
ਕਿੰਨਿਆਂ ਜਨਮਾਂ ਤੋਂ ਇਹ,
ਸੁਪਨੇ ਸਜਾਉਂਦਾ ਮੈਂ ਰਿਹਾ।
ਕਿੰਨਿਆਂ ਜੁਗਾਂ ਤੋਂ ਤਪ ਦਾ,
ਹਠ ਨਿਭਾਉਂਦਾ ਮੈਂ ਰਿਹਾ।
ਕਿੰਨੀਆਂ ਸਦੀਆਂ ਤੋਂ ਇਹ,
ਰਾਹਵਾਂ ਬਣਾਉਂਦਾ ਮੈਂ ਰਿਹਾ,
ਕਿੰਨਿਆਂ ਪ੍ਰਾਣਾਂ ਦੀ,
ਆਹੂਤੀ ਚੜ੍ਹਾਉਂਦਾ ਮੈਂ ਰਿਹਾਂ।
ਜਾਣਦਾ ਸਾਂ, ਇਕ ਨਾ ਇਕ ਦਿਨ
ਏਦਾਂ ਹੋ ਕੇ ਰਹੇਗਾ।
ਅੰਤ ਕਦ ਤਕ ਇਸ ਤਰ੍ਹਾਂ
ਜੀਵਨ ਤਸੀਹੇ ਸਹੇਗਾ,
ਮੌਤ ਦੇ ਸਿਰ ਤੋਂ ਉਲਾਂਭਾ
ਜ਼ਿੰਦਗੀ ਦਾ ਲਹੇਗਾ।
ਤੜਫਦਾ ਪਿੰਜਰੇ ‘ਚ ਪੰਛੀ,
ਜਾਨ ਦੇ ਕੇ ਬਹੇਗਾ।
ਇਸ਼ਕ ਦੇ ਸਰਗਮ ਲੁਟਾਉਂਦੀ,
ਟੁਟ ਚੱਲੀ ਤਾਰ ਹੈ।
ਅਜ ਇਹ ਸਾਰੀ ਸ੍ਰਿਸ਼ਟੀ,
ਸਾਰਾ ਕੁਝ ਬੇਕਾਰ ਹੈ।
ਹੋਣੀਆਂ ਦੇ ਵਹਿਣ ਅੱਗੇ,
ਹਰ ਕੋਈ ਲਾਚਾਰ ਹੈ।
ਹਾਰ ਮੇਰੀ ਹੀ ਨਹੀਂ,
ਇਹ ਰੱਬ ਦੀ ਵੀ ਹਾਰ ਹੈ।
ਦਸ ਸਾਥੀ ਰੱਬ ਤੋਂ ਕੀ,
ਹਾਰ ਅੱਜ ਮੈਂ ਮੰਨ ਲਵਾਂ?
* * *
ਕੀਕਣ ਸਰਸੀ ਕਾਮਣੀ
ਸਹਿਮੀ, ਸੁੰਗੜੀ, ਓਦਰੀ, ਆਈ ਤੁਹਾਡੇ ਦੁਆਰ, ਮੇਰੇ ਲਾਲ ਜੀਉ।
ਮੇਰੀ ਜਿੰਦ ਈਆਨੜੀ, ਭੁੱਲੀ ਭੁਲਣਹਾਰ, ਮੇਰੇ ਲਾਲ ਜੀਉ।
ਚਰਨ ਕੰਵਲ ਸਿਉਂ ਵਿਛੜੀ, ਹੋਈ ਰੱਜ ਖਵਾਰ, ਮੇਰੇ ਲਾਲ ਜੀਉ।
ਦੂਰ ਸੁਹਾਵਾ ਮੇਘਲਾ, ਤਰਸਾਂ ਸਾਰੰਗ ਹਾਰ, ਮੇਰੇ ਲਾਲ ਜੀਉ।
ਕਮਲੀ ਰਮਲੀ ਮੈਂ ਬਣੀ, ਦੀਨ ਦੁਨੀ ਤੋਂ ਪਾਰ, ਮੇਰੇ ਲਾਲ ਜੀਉ।
ਥਲ ਡੂਗਰ ਮੈਂ ਭਉਂ ਰਹੀ, ਭਟਕ ਭਟਕ ਗਈ ਹਾਰ, ਮੇਰੇ ਲਾਲ ਜੀਉ।
ਰਸੀਆ ਪੀਆ ਰੀਝਾਉਣ ਦੀ, ਮੈਂ ਕੀ ਜਾਣਾ ਸਾਰ, ਮੇਰੇ ਲਾਲ ਜੀਉ।
ਰੂਪ, ਰੰਗ ਨਾ ਜੋਬਨਾ, ਨਾ ਮਸਤਕ ਸ਼ਿੰਗਾਰ, ਮੇਰੇ ਲਾਲ ਜੀਉ।
ਤਨ ਫਿੱਕਾ, ਮਨ ਸੱਖਣਾ, ਸਿਰ ਤੇ ਡਾਹਡਾ ਭਾਰ, ਮੇਰੇ ਲਾਲ ਜੀਉ।
ਅੱਗਾ ਪਿੱਛਾ ਕੋਈ ਨਾ, ਨਾ ਪੱਲੇ ਗੁਣ ਚਾਰ, ਮੇਰੇ ਲਾਲ ਜੀਉ।
ਸੇਜਲ ਸੇਜਲ ਅੱਖੀਆਂ, ਰੁੰਨੀਆਂ ਜ਼ਾਰੋ ਜ਼ਾਰ, ਮੇਰੇ ਲਾਲ ਜੀਉ।
ਬੋਝਲ ਬੋਝਲ ਹਿਕੜੀ, ਡੂੰਘੇ ਸੱਲ ਹਜ਼ਾਰ, ਮੇਰੇ ਲਾਲ ਜੀਉ।
ਤਰਸੇ ਮਾਂਗ ਸੰਧੂਰ ਨੂੰ, ਪਲਕਾਂ ਕੱਜਲ-ਧਾਰ, ਮੇਰੇ ਲਾਲ ਜੀਉ।
ਸੁੰਞੀਆਂ ਦੋਇ ਕਲਾਈਆਂ, ਅੰਗ ਅੰਗ ਲਾਚਾਰ, ਮੇਰੇ ਲਾਲ ਜੀਉ।
ਬਿਸਰੀ ਮੈਨੂੰ ਰਾਗਣੀ, ਟੁਟੀ ਮੇਰੀ ਸਿਤਾਰ, ਮੇਰੇ ਲਾਲ ਜੀਉ।
ਜਾਦੂ ਬੋਲਾਂ ਵਿਚ ਨਾ, ਨਾ ਕੋਈ ਨਜ਼ਰ ਕਟਾਰ, ਮੇਰੇ ਲਾਲ ਜੀਉ।
ਚਾਨਣ ਚਾਨਣ ਤੁਸੀਂ ਹੋ, ਨਿਰਾ ਨੂਰ ਤੇ ਨਾਰ, ਮੇਰੇ ਲਾਲ ਜੀਉ।
ਮੈਂ ਮਿੱਟੀ ਦੀ ਮੂਰਤੀ, ਮੇਰਾ ਕਵਣ ਸ਼ੁਮਾਰ, ਮੇਰੇ ਲਾਲ ਜੀਉ।
ਸੋਚੀਂ ਡੁਬਦੀ ਜਾ ਰਹੀ, ਸ਼ਹੁ ਕਿਵ ਧਰੇ ਪਿਆਰ, ਮੇਰੇ ਲਾਲ ਜੀਉ।
ਕੀਕਣ ਸਰਸੇ ਕਾਮਣੀ, ਰੰਗਲਾ ਕੰਤ ਵਿਸਾਰ ਮੇਰੇ ਲਾਲ ਜੀਉ।
* * *
ਕਾਮਣਿ ਨਉ ਨਿਧਿ ਪਾਈ
ਧੰਨ ਭਾਗ, ਮਾਏ, ਅਜ ਸਾਡੇ, ਸੱਜਣ ਜੀ ਸਾਡੇ ਘਰ ਆਏ,
ਸਾਡੇ ਵਿਹੜੇ ਕੇਸਰ ਵਰ੍ਹਿਆ, ਸਾਡੇ ਅੰਗਣ ਨੂਰ ਸਵਾਏ,
ਪੂਰਬ ਲਾੜੀ ਲਾਈ ਮਹਿੰਦੀ, ਸਰਸ-ਸੰਧੂਰੀ ਹੁੰਦੀ ਜਾਏ,
ਕੰਤ ਰਵੀ ਦਾ ਦਰਸ਼ ਸੁਹਾਵਾ, ਮਿਹਰ ਕਰੇ, ਲੂੰ-ਲੂੰ ਵਰੁਸਾਏ,
ਚਾਨਣ ਚਾਨਣ ਹੋਵਣ ਰਾਹਵਾਂ, ਜਿਤ ਜਿਤ ਮਾਹੀ ਨਜ਼ਰ ਉਠਾਏ,
ਸਹਸ ਸੁਗੰਧਾਂ ਦਹਿਦਸਿ ਵਸੀਆਂ, ਮਉਲ ਪਈ ਸਗਲੀ ਬਣਰਾਏ,
ਰੰਗਣਾਂ ਨੈਣ ਵਿਛਾਏ ਰਾਹੀਂ, ਸੀਤ ਸਮੀਰਾਂ ਚੌਰ ਝੁਲਾਏ,
ਵਾਵਣ ਪੌਣਾਂ ਨਾਦ ਭੇਰੀਆਂ, ਯੁਵਕ ਬਸੰਤਾਂ ਮੰਗਲ ਗਾਏ,
ਕਣ ਕਣ ਵਿਚ ਵਿਸਮਾਦ ਅਗੰਮੀ, ਨਿਮਖ ਨਿਮਖ ਸੌ ਸੁਆਦ ਸਮਾਏ,
ਜਿਸ ਮਾਹੀ ਲਈ ਸੁਖਣਾ ਸੁਖੀਆਂ, ਜਿਸ ਮਾਹੀ ਲਈ ਜਨਮ ਬਿਤਾਏ,
ਉਹ ਮਾਹੀ ਅੱਜ ਆਪੇ ਤੁਠਿਆ, ਸਵਾਸ ਸਵਾਸ ਸਾਡਾ ਸਰਸਾਏ,
ਜਿਸ ਰਸੀਏ ਦੇ ਸੁੰਦਰ ਸੁਪਨੇ, ਜੁਗ ਜੁਗ ਪਲਕਾਂ ਵਿਚ ਵਸਾਏ,
ਉਹ ਸਾਹਵੇਂ ਸਾਕਾਰ ਬਿਰਾਜਾ, ਵਿਗਸ ਵਿਗਸ ਸਾਨੂੰ ਵਿਗਸਾਏ,
ਸਵਰਨ-ਕਟੋਰਾ, ਅਮਿਓਂ ਭਰਿਆ, ਛਲਕ ਛਲਕ ਹਿਕੜੀ ਛਲਕਾਏ,
ਰੂਪ ਅਨੁਪਮ, ਨੂਰ ਸਰੂਪਮ, ਡਲ੍ਹਕ ਡਲ੍ਹਕ ਜਿੰਦੜੀ ਡਲ੍ਹਕਾਏ,
ਇਕ ਆਨੰਦ, ਇਕ ਸਹਿਜ-ਅਵਸਥਾ, ਝਮ ਝਮ ਝਮ ਅੰਦਰ ਰੁਸ਼ਨਾਏ,
ਜਨਮ ਜਨਮ ਦੀ ਪੀੜ ਗਵਾਏ, ਜੁਗਾਂ ਜੁਗਾਂ ਦੀ ਤਪਸ਼ ਮਿਟਾਏ,
ਇਕ ਅਸਗਾਹ ਤਪੱਸਿਆ ਪੁੱਗੀ, ਅੰਤ ਅਸੀਂ ਅੱਜ ਸ਼ਹੁ ਮਨ ਭਾਏ,
ਜੈਸਾ ਸੁਣਿਆ, ਤੈਸਾ ਡਿਠਾ, ਜੋ ਵਰ ਮੰਗੇ, ਸੋਈ ਪਾਏ,
ਹਿਮ ਪ੍ਰਬਤ ਤੋਂ ਚੱਲਣ ਨਦੀਆਂ, ਦੂਰੋਂ ਸ਼ਾਹ ਸਮੁੰਦ ਬੁਲਾਏ,
ਧੰਨ ਧੰਨ ਕਿਸਮਤ ਓਸ ਨਦੀ ਦੀ, ਜਿਤ ਵਲ ਆਪ ਸੁਮੰਦਰ ਆਏ।
* * *
ਅੜਾਉਣੀ
ਬਾਤ ਪਾਵਾਂ, ਬਤੌਲੀ ਪਾਵਾਂ,
ਲੱਗੇ ਰੋਗ ਅਵੱਲੇ,
ਤੇਰੇ ਮਨ ਦੀ ਤੇਰੇ ਮਨ ਵਿਚ,
ਮੇਰੇ ਮਨ ਦੀ ਮੇਰੇ ਮਨ ਵਿਚ,
ਨਾ ਮੈਂ ਕੋਈ ਅੰਤਰਜਾਮੀ,
ਨਾ ਤੂੰ ਕੋਈ ਅੰਤਰਜਾਮੀ,
ਕੀਕਣ ਖੁੱਲ੍ਹੇ ਫੇਰ ਅੜਾਉਣੀ,
ਕਿਵੇਂ ਕਹਾਣੀ ਅੱਗੇ ਚੱਲੇ?
ਬਾਤ ਪਾਵਾਂ, ਬਤੌਲੀ ਪਾਵਾਂ,
ਸੱਖਣੇ ਸੱਖਣੇ ਪੱਲੇ,
ਕਿੰਨੀਆਂ ਵਾਯੂ ਵਿਚ ਸੁਗੰਧਾਂ,
ਕਿੰਨੀਆਂ ਸੀਨੇ ਵਿਚ ਝਰਨਾਟਾਂ,
ਬੱਝ ਨਾ ਸਕਣ ਕਦੇ ਸੁਗੰਧਾਂ,
ਆਉਣ ਨਾ ਕਾਬੂ ਵਿਚ ਝਰਨਾਟਾਂ,
ਕੀਕਣ ਭਰਨ ਕਲਾਵੇ ਸੱਖਣੇ,
ਕਿਵੇਂ ਕਹਾਣੀ ਅੱਗੇ ਚੱਲੇ?
ਬਾਤ ਪਾਵਾਂ, ਬਤੌਲੀ ਪਾਵਾਂ,
ਰਾਹ ਨ੍ਹੇਰੇ ਨੇ ਮੱਲੇ,
ਲੱਖਾਂ ਦੀਪ ਜਗੇ ਧਰਤੀ ‘ਤੇ,
ਲੱਖਾਂ ਤਾਰੇ ਚੜ੍ਹੇ ਗਗਨ ‘ਤੇ,
ਚਾਨਣ ਫਿਰ ਵੀ ਥੋੜ੍ਹਾ ਥੋੜ੍ਹਾ,
ਤਾਰੇ ਫਿਰ ਵੀ ਦੂਰ ਦੁਰਾਡੇ,
ਕੀਕਣ ਛੰਡੇ ਜਾਣ ਹਨੇਰੇ,
ਕਿਵੇਂ ਕਹਾਣੀ ਅੱਗੇ ਚੱਲੇ?
ਚਿਰ ਤੋਂ ਲੱਗੇ ਰੋਗ ਅਵੱਲੇ,
ਚਿਰ ਤੋਂ ਸੱਖਣੇ ਸੱਖਣੇ ਪੱਲੇ,
ਚਿਰ ਤੋਂ ਰਾਹ ਨ੍ਹੇਰੇ ਨੇ ਮੱਲੇ,
ਕਿਵੇਂ ਕਹਾਣੀ ਅੱਗੇ ਚੱਲੇ?
* * *
ਗ਼ਜ਼ਲ
ਸਿੱਕ ਤੇਰੀ ‘ਚ ਚਲੋ ਰੋਣਾ ਵੀ ਕੁਝ ਵੇਰ ਸਹੀ,
ਚਾਨਣੇ ਪੱਖ ‘ਚ ਇਹ ਥੋੜ੍ਹਾ ਜਿਹਾ ਨ੍ਹੇਰ ਸਹੀ।
ਅੰਤ ਬੱਦਲ ਸਦਾ ਆਕਾਸ਼ ਤੇ ਨਹੀਂ ਰਹਿ ਸਕਦੇ,
ਮੰਨਿਆ ਅੱਜ ਦਿਨਾਂ ਵਿਚ ਜ਼ਰਾ ਕੁਝ ਫੇਰ ਸਹੀ।
ਇਹੀ ਦੁਨੀਆਂ, ਇਹੀ ਬ੍ਰਹਿਮੰਡ, ਇਹੀ ਰੱਬ ਦਾ ਘਰ ਹੈ,
ਉਂਜ ਇਸ਼ਨਾਨ ਲਹੂ ਮਾਸ ਦਾ ਇਕ ਢੇਰ ਸਹੀ।
ਜਬਰ ਤੇਰੇ ਦੀ, ਸਬਰ ਮੇਰੇ ਦੀ ਕੁਝ ਹੱਦ ਨਹੀਂ,
ਉਮਰ ਲੰਘੀ ਹੈ, ਤਾਂ ਕੁਝ ਹੋਰ ਜ਼ਰਾ ਦੇਰ ਸਹੀ।
ਆਇਆ ਹਾਂ ਦੁਨੀਆਂ ਤੇ, ਕੁਝ ਦੇਰ ਤਾਂ ਠਹਿਰਾਂਗਾ ਹੀ,
ਹੋ ਗਿਆ ਛੇਤੀ ਹੀ ਭਾਵੇਂ ਮਿਰਾ ਮਨ ਸੇਰ ਸਹੀ।
ਵਿਚ ਇਨਸਾਨਾਂ ਦੇ ਆ ਕੇ ਜੇ ਰਹੇ, ਤਾਂ ਮੰਨੀਏ,
ਰੱਬ ਆਕਾਸ਼ ਤੇ ਬੈਠਾ ਹੀ ਬਹੁਤ ਸ਼ੇਰ ਸਹੀ।
ਹੁਣ ਤਾਂ ਇਹ ਮੌਤ ਵੀ ਆਦਤ ਜਹੀ ਇਕ ਬਣ ਗਈ ਹੈ,
ਆਈ ਸੌ ਵੇਰ ਹੈ, ਤਾਂ ਹੋਰ ਵੀ ਇਕ ਵੇਰ ਸਹੀ।
ਅੱਜ ਦੀ ਰਾਤ ਜੇ ਲੰਘੇ ਤਾਂ ਅਸੀਂ ਜਾਣਾਂਗੇ,
ਪਹਿਲਾਂ ਨਿੱਤ ਆਉਂਦੀ ਮਗਰ ਰਾਤ ਦੇ ਇਕ ਸਵੇਰ ਸਹੀ।
ਹੋਣੇ ਜੋ ਪਰਲੋ ਤੋਂ ਪਿੱਛੋਂ ਉਹ ਵੀ ਜਾ ਤੱਕਾਂਗੇ,
ਪੈ ਰਹੀ ਹਾਲਾਂ ਜ਼ਰਾ ਖਿਅਲ ਤੋਂ ਕੁਝ ਘੇਰ ਸਹੀ।
ਮਿਲ ਹੀ ਜਾਵਾਂਗੇ, ਕਦੇ ਆਵਾਗਾਵਣ ਦੇ ਰਾਹ ਵਿਚ,
ਹੁਣ ਨਹੀਂ ਫੇਰ ਸਹੀ, ਫੇਰ ਨਹੀਂ, ਫੇਰ ਸਹੀ।
* * *
shy;ਉਜਾੜ
(ਟੀ.ਐਸ ਇਲਯਟ ਦੀ ਰਚਨਾ ‘ਵੇਸਟਲੈਂਡ’ ਦੀਆਂ ਕੁਝ ਟੂਕਾਂ ਦਾ ਪੰਜਾਬੀ ਰੁਪਾਂਤਰ)
ਏਸ ਪਥਰੀਲੀ, ਤੇ ਬੰਜਰ ਜਹੀ ਘਾਟੀ ਅੰਦਰ,
ਤਪਦੀਆਂ ਖੁਸ਼ਕ ਚਟਾਨਾਂ ਨੇ, ਬਿਨਾਂ ਪਾਣੀ ਦੇ,
ਤੇ ਇਹ ਇਕ ਰੇਤਲੀ, ਤੇ ਝੁਲਸੀ ਹੋਈ ਪਗਡੰਡੀ,
ਅੱਖੀਆਂ ਮੀਟੀ ਲਈ ਜਾਏ, ਜੋ ਅੱਗੇ ਅੱਗੇ,
ਕਿਧਰੇ ਏਥੇ ਤੇ ਕਿਤੇ ਪਾਣੀ ਦੀ ਛਿਟ ਮਿਲ ਜਾਂਦੀ
ਤਾਂ ਜ਼ਰਾ ਠਹਿਰ ਕੇ ਦੋ ਘੁਟ ਅਸੀਂ ਪੀ ਹੀ ਲੈਂਦੇ,
ਕੌਣ ਪਰ ਐਵੇਂ ਇਨ੍ਹਾਂ ਖੁਸ਼ਕ ਚਟਾਨਾਂ ਤੇ ਰੁਕੇ।
ਖੁਸ਼ਕ ਮੁੜ੍ਹਕਾ ਹੈ, ਤੇ ਧਸਦੇ ਨੇ ਬਰੇਤੇ ਵਿਚ ਪੈਰ,
ਕਾਸ਼, ਪਾਣੀ ਕਿਤੇ ਮਿਲ ਸਕਦਾ ਇਨ੍ਹਾਂ ਟਿੱਬਿਆਂ ਤੇ।
ਪਰ ਇਹ ਸਭ ਮੁਰਦਾ ਨੇ- ਇਹ ਖੁਸ਼ਕ ਤੇ ਬੰਜਰ ਟਿੱਬੇ,
ਗੁੰਮ ਸੁੰਮ ਬਸ ਖੜੇ ਨੇ ਇਹ ਜਬਾੜੇ ਖੋਲ੍ਹੀ,
ਮਾਸਖ਼ੋਰੇ ਦੇ ਖਰੋਚੇ ਹੋਏ ਦੰਦਾਂ ਦੀ ਕਤਾਰ,
ਥੁਕ ਤਕ ਵੀ ਤਾਂ ਨਹੀਂ ਰਿਸਦਾ ਕਿਤੇ ਇਨ੍ਹਾਂ ‘ਚੋਂ।
ਕੋਈ ਏਥੇ ਕਿਵੇਂ ਬੈਠੇ, ਕਿਵੇਂ ਦੋ ਪਲ ਠਹਿਰੇ,
ਛਾਂ ਹੀ ਕਿਥੇ ਹੈ, ਜੋ ਦੋ ਘੜੀਆਂ ਕੋਈ ਲੇਟ ਲਵੇ,
ਇਨ੍ਹਾਂ ਟਿੱਬਿਆਂ ਤੇ ਤਾਂ ਚੁਪ ਤਕ ਵੀ ਨਹੀਂ ਹੈ ਕਿਧਰੇ,
ਬਸ ਇਕ ਬਾਂਝ ਗਰਜ- ਮੀਂਹ ਜੋ ਲਿਆ ਨਹੀਂ ਸਕਦੀ।
ਇਨ੍ਹਾਂ ਟਿੱਬਿਆਂ ਤੇ ਇਕਲ੍ਹ ਵੀ ਤਾਂ ਨਹੀਂ ਹੈ ਕਿੱਧਰੇ,
ਸਾਰਿਆਂ ਪਾਸਿਆਂ ਵਲ ਦਿਸਦੇ, ਤੇ ਅਣਦਿਸਦੇ ਜਹੇ,
ਤਮਤਮਾਂਦੇ ਹੋਏ ਕੁਝ ਰੁਸੇ ਜਹੇ ਚਿਹਰੇ ਨੇ,
ਜੋ ਧੁਆਂਖੀ ਹੋਈ ਮਿੱਟੀ ਦੀਆਂ ਝੁਗੀਆਂ ਵਿਚੋਂ,
ਬੁਤ ਬਣੇ ਝਾਕ ਰਹੇ ਝੀਥਾਂ ਤੇ ਵਿਰਲਾਂ ਥਾਣੀਂ,
ਲੰਘਦੇ ਰਾਹੀਆਂ ਨੂੰ ਟਿਕ ਬੰਨ੍ਹ ਕੇ ਘੂਰੀ ਜਾਂਦੇ…।
* * *
ਜਨਮ ਦਿਨ
(ਰਾਬਿੰਦਰ ਨਾਥ ਟੈਗੋਰ ਦੀ ਆਪਣੇ ਜਨਮ ਦਿਨ ਬਾਰੇ ਲਿਖੀ ਕਵਿਤਾ ਦਾ ਅਨੁਵਾਦ)
ਅੱਜ ਮੇਰਾ ਜਨਮ ਦਿਨ ਹੈ,
ਮੈਂ ਗੁਆਚਾ ਫਿਰ ਰਿਹਾ ਹਾਂ।
ਮੇਰੇ ਮਿਤ੍ਰ ਕੋਲ ਨਹੀਂ ਹਨ,
ਕੂਲੀਆਂ ਛੋਹਾਂ ਨੂੰ ਮੇਰਾ
ਬਲ ਰਿਹਾ ਜੁੱਸਾ ਸਹਿਕਦੈ।
ਤੇ ਮੇਰੀ ਇਹ ਕਾਮਨਾ ਹੈ-
ਜ਼ਿੰਦਗੀ ਦੀ ਕੁਲ ਮੁਹੱਬਤ
ਸਾਰੇ ਇਸ ਧਰਤੀ ਦੇ ਚੁੰਮਣ
ਤੇ ਮਨੁੱਖ ਦੀਆਂ ਸਭ ਅਸੀਸਾਂ
ਨਾਲ ਆਪਣੇ ਲੈ ਕੇ ਚੱਲਾਂ
ਝੋਲੀ ਪਰ ਸੱਖਣੀ ਹੈ ਮੇਰੀ।
ਮੈਂ ਲੁਟਾ ਚੁਕਾ ਹਾਂ ਸਭ ਕੁਝ,
ਜੋ ਵੀ ਮੇਰੇ ਕੋਲ ਹੈ ਸੀ।
ਏਸ ਦੇ ਬਦਲੇ ਜੋ ਕੁਝ ਨਿਕੀਆਂ ਸੁਗਾਤਾਂ,
ਕੁਝ ਖ਼ਿਮਾਂ, ਕੁਝ ਪਿਆਰ ਯਾਦਾਂ
ਨਾਲ ਲੈ ਕੇ ਚਲਿਆ ਹਾਂ।
ਅੰਤ ਦੇ ਖਾਮੋਸ਼ ਮੇਲੇ ਵੱਲ,
ਸਫ਼ਰ ਮੇਰਾ ਹੈ ਨੇੜੇ,
ਇਸ ਸਫ਼ਰ ਦੇ ਨਾਲ ਆਪਣੇ,
ਏਹੀ ਪੂੰਜੀ ਲੈ ਕੇ ਚਲਿਆਂ।