ਯਾਦਵਿੰਦਰ ਸਿੰਘ*
ਕਾਗਜ਼ ਸੰਭਾਵਨਾ ਦੀ ਦਰਸ਼ਨੀ ਡਿਊਢੀ ਹੈ
ਜਦੋਂ ਕਾਗਜ਼ ਨਹੀਂ ਸੀ ਓਦੋਂ ਕਵਿਤਾ ਸੀ
ਜਦੋਂ ਇਨਸਾਨ ਨਹੀਂ ਸੀ, ਓਦੋਂ ਵੀ ਕਵਿਤਾ ਸੀ
– ਜੌਨ੍ਹ ਬਰਜਰ
ਲਿਖਿਆ ਅੱਖਰ –
ਚੁੱਪ ਆਵਾਜ਼ ਪਈ ਹੈ ਕਾਗਜ਼ ਉਤੇ
– ਅ. ਚੰਦਨ
ਬੋਲੇ ਜਾਂ ਲਿਖੇ ਜਾਣ ਤੋਂ ਪਹਿਲਾਂ ਸ਼ਬਦ ਕਿੱਥੇ ਹੈ? ਉਹ ਕਿਹੜੀ ਟਕਸਾਲ ਹੈ, ਜਿੱਥੇ ਇਸਨੇ ਘੜ੍ਹਿਆ ਜਾਣਾ ਹੈ? ਕੀ ਸ਼ਬਦ ਉਸ ਮਹਾਂਮੌਨ ਦੀ ਵਿਆਖਿਆ ਹੈ, ਜਿਸ ਵਿਚੋਂ ਇਹ ਉਪਜਿਆ? ਅਰਬਦ ਨਰਬਦ ਧੁੰਦੂਕਾਰੇ ਤੋਂ ਪਹਿਲਾਂ ਪਸਰੀ ਸੁੰਨ, ਭਾਸ਼ਾ ਅੰਦਰ ਕਿੰਝ ਸਮਾਈ? ਸ਼ਬਦ ਰੂਪੀ ਅੰਕੁਰ ਜਦੋਂ ਫੁੱਟਿਆ ਤਾਂ ਕੀ ਚੁੱਪ ਵੀ ਧਰਤ ਵਾਂਗ ਤਿੜਕੀ? ਕਰਤੇ ਨੇ ਜਿਹੜੇ ਅੱਖਰ ਬੀੜੇ, ਉਹ ਅਰਥ ਦੀ ਜੂਨੇ ਕਿੰਝ ਪਏ? ਕੀ ਇਹ ਸੁਣਨ/ਪੜ੍ਹਨ ਵਾਲੇ ਤੱਕ ਉਂਝ ਹੀ ਅੱਪੜੇ ਜਾਂ ਸ੍ਰੋਤਾ/ਪਾਠਕ ਇਨ੍ਹਾਂ ਵਿਚੋਂ ਆਪਣੇ ਹੋਣ-ਥੀਣ ਦਾ ਮਰ੍ਹਮ ਲੱਭਦਾ ਹੈ? ਅਮਰਜੀਤ ਚੰਦਨ ਦੀਆਂ ਕਵਿਤਾਵਾਂ ਦੀ ਪੋਥੀ ‘ਰਿਜ਼ਕ’ (ਕਾਪਰ ਕੋਆਇਨ, ਗਾਜ਼ੀਆਬਾਦ) ਪੜ੍ਹਦਿਆਂ ਅਜਿਹੇ ਕਈ ਸੁਆਲ ਮੈਨੂੰ ਜਿੱਚ ਕਰਦੇ ਰਹੇ।
ਅਡਾਰਨੋ ਕਹਿੰਦਾ ਕਿ ਲੇਖਕ ਦਾ ਕੋਈ ਟਿਕਾਣਾ ਨਹੀਂ ਹੁੰਦਾ। ਉਹਦੀ ਲਿਖਤ ਹੀ ਉਹਦਾ ਘਰ ਹੈ। ਰਿਜ਼ਕ ਦੀਆਂ ਕਵਿਤਾਵਾਂ ਅਮਰਜੀਤ ਚੰਦਨ ਦਾ ਸਿਰਨਾਵਾਂ ਦੱਸਦੀਆਂ ਨੇ। ਇਨ੍ਹਾਂ ਅੰਦਰ ਕਵੀ ਦਾ ਵਾਸ ਹੈ। ਚੰਦਨ ਨੇ ਆਪਣੇ ਲਹੂ-ਮਿੱਟੀ ਨਾਲ ਇਸ ਘਰ ਦੀ ਚਿਣਾਈ ਕੀਤੀ ਹੈ। ਇਹ ਉਹਦੀ ਨੇਕ ਕਮਾਈ ਦੀ ਬਰਕਤ ਹੈ; ਬਾਰੀਂ ਬਰਸੀਂ ਖੱਟ ਕੇ ਲਿਆਂਦਾ ਸ਼ਬਦ ਦਾ ਰਿਜ਼ਕ, ਜਿਸ ਨੂੰ ਤੱਕਿਆਂ, ਸੁੰਘਿਆਂ, ਚਖਿਆਂ ਚਾਅ ਚੜ੍ਹਦਾ ਹੈ। ਇਹ ਕਵਿਤਾਵਾਂ ਵਿਸ਼੍ਵਕਰਮਾ ਦੀ ਵੇਲ ਹਨ; ਕਿਰਤੀ ਬੰਦੇ ਦੇ ਨਾਮਲੇਵਾ ਹੋਣ ਦੀ ਗੁਆਹੀ।
ਲੱਕੜ ਪੱਥਰ ਮਿੱਟੀ ਘਾੜਾ
ਜੋ ਕਰਮ ਕਮਾਵੈ ਲੋਹਾ ਸੋਨਾ
ਕਰਮਕਾਰ ਕਹਾਵੈ ਕਰਮਾਂਵਾਲਾ
ਜੋ ਵੀ ਹੱਥੀਂ ਕਾਰ ਕਰੇਵਾ
ਓਹੀਓ ਤੇਰਾ ਨਾਮਲੇਵਾ ਹੈ
ਅਮਰਜੀਤ ਚੰਦਨ ਦੀ ਕਵਿਤਾ ਅਦਨ ਦੇ ਬਾਗ ਵਿਚੋਂ ਧਰਤ ’ਤੇ ਡਿੱਗਿਆਂ ਸ਼ਬਦ ਦਾ ਫਲ਼ ਹੈ, ਜਿਸਦੀ ਰੰਗਤ, ਮਿੱਠਤ ਤੇ ਰਸਨਾ ਪਾਠਕ ਨੂੰ ਤ੍ਰਿਪਤ ਵੀ ਕਰਦੀ ਹੈ ਤੇ ਕਿਸੇ ਅਣਡਿੱਠੇ, ਅਣਜਾਣੇ ਸਫ਼ਰ ’ਤੇ ਵੀ ਤੋਰਦੀ ਹੈ। ਘੁੰਮਦੀ ਧਰਤ ਵਾਂਗ ਅਦਨ ਦੇ ਬਾਗ ਵਿਚੋਂ ਧੱਕੇ ਜੀਆਂ ਨੂੰ ਵੀ ਤੁਰੇ ਰਹਿਣ ਦੀ ਬਖ਼ਸ਼ਿਸ਼ ਹੈ। ਆਦਮ-ਹਵਾ ਦੇ ਧੀਆਂ ਪੁੱਤਰਾਂ ਦੀ ਇਹ ਯਾਤਰਾ ਧਰਤੀ ਦੀ ਤਰ੍ਹਾਂ ਹੀ ਦੋ-ਦਿਸ਼ਾਵੀ ਹੈ; ਆਪਣੀ ਧੁਰੀ ਦੁਆਲੇ ਚੱਕੀ ਵੀ ਪੀਹਣੀ ਏ ਤੇ ਸੂਰਜ ਦੁਆਲੇ ਚਰਖਾ ਵੀ ਕੱਤਣਾ ਏ। ਆਪਣੇ ਪੂਰਨ ਹੋਣ ਦਾ ਭਰਮ ਪਾਲਦਾ ਵੀ ਬੰਦਾ ਦੂਜੇ ਦੀ ਤਲਾਸ਼ ਵਿਚ ਭਟਕਦਾ ਹੈ; ਅਜਿਹਾ ਕਰਦਿਆਂ ਉਹ ਚੱਕਰ ਘੱਤਦੀ ਧਰਤ ਵਾਲਾ ਹੀ ਕਰਮ ਨਿਭਾਉਂਦਾ ਹੈ। ਪਰ ਉਸ ਨੂੰ ਪਤਾ ਨਹੀਂ ਲੱਗਦਾ ਕਿ ਅੱਪੜਨਾ ਕਿੱਥੇ ਹੈ? ਇਹੀ ਉਹਦੇ ਹੋਣੇ ਦੀ ਗੁੰਝਲ ਹੈ, ਜਿਸ ਨੂੰ ਚੰਦਨ ਦੁੱਖ ਦੀ ਭੌਣੀ ਕਹਿੰਦਾ ਹੈ- ‘‘ਸਾਡੀ ਹੋਂਦ ਭੌਣੀ ਵਾਂਗੂ ਇਕੋ ਥਾਂ ਘੁੰਮਦੀ ਹੈ। ਇਹ ਭੌਣੀ ਦੁੱਖ ਦੀ ਹੈ। ਇਹਦੇ ਨਾਲ ਲੱਜ ਵਰ੍ਹਾਅ ਕੇ ਡੂੰਘੀ ਖੂਹੀ ਚੋਂ ਅਰਥਾਂ ਦਾ ਭਰਿਆ ਡੋਲ ਕੱਢਦੇ ਹਾਂ। ਬਹੁਤੀ ਵਾਰੀ ਮੌਣ ਤੱਕ ਅਪੜਦਿਆਂ ਸਾਰਾ ਪਾਣੀ ਚੋਅ ਚੁੱਕਾ ਹੁੰਦਾ ਹੈ। ਪਾਣੀ ਨਾਲ ਭਰਦਾ ਸੱਖਣਾ ਹੁੰਦਾ ਡੋਲ ਹੀ ਸ਼ਬਦ ਹੈ ਤੇ ਪਾਣੀ ਇਹਦਾ ਅਰਥ।’’
ਸ਼ਬਦ ਤੇ ਅਰਥ ਦਾ ਰਿਸ਼ਤਾ ਵੀ ਅਜੀਬ ਹੈ। ਆਪਣੀ ਧੁਰੀ ਦੁਆਲੇ ਘੁੰਮਦੇ ਅੱਖਰ ਨੇ ਅਰਥ ਦਾ ਮੁਖੌਟਾ ਧਾਰ ਰੱਖਿਆ ਹੈ। ਜਾਂ ਕਹੀਏ ਕਿ ਮੁਖੌਟੇ ਨੇ ਮੁਖੜੇ ਨੂੰ ਢਕ ਰੱਖਿਆ ਹੈ। ਪਰ ਕਵੀ ਦਾ ਸਫ਼ਰ ਉਲਟੇ ਰੁਖ਼ ਹੈ। ਉਸ ਅੰਦਰ ਮੁਖੜਾ ਤੇ ਮੁਖੌਟਾ ਇਕ ਦੂਜੇ ਦਾ ਰੂਪ ਵਟਾ ਲੈਂਦੇ ਹਨ। ਇਹ ਨਿਰਣਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਿਹੜਾ ਮੁਖੜਾ ਹੈ ਤੇ ਕਿਹੜਾ ਮੁਖੌਟਾ? ਕੌਣ ਕਿਸ ਨੂੰ ਝਕਾਨੀ ਦੇ ਰਿਹਾ ਹੈ? ਇਹ ਅੱਧੀ-ਅਧੂਰੀ ਭਾਸ਼ਾ ਅੰਦਰ ਅੱਧੇ ਅਧੂਰੇ ਬੰਦੇ ਦੀ ਅੱਧੀ ਅਧੂਰੀ ਇਬਾਰਤ ਹੈ, ਜਿਸ ਨਾਲ ਆਪਣੇ ਹੋਣ-ਥੀਣ ਦਾ ਤਰਕ ਘੜ੍ਹਦਾ ਬੰਦਾ ਕੁਝ ਕਹਿਣ/ਲਿਖਣ ਦਾ ਹੀਆ ਕਰਦਾ ਹੈ। ਕਵੀ ਦੇ ਸ਼ਬਦ, ਮੁਸੱਵਰ ਦੀਆਂ ਲੀਕਾਂ, ਸਾਜ਼ਿੰਦੇ ਦੀ ਧੁਨ ਇਸ ਅੰਦਰ ਦੀ ਚੁੱਪ ਨੂੰ ਉਠਾਲਣ ਦਾ ਹੀ ਹੀਲਾ-ਵਸੀਲਾ ਹੈ।
ਨੀਤਸ਼ੇ ਕਹਿੰਦਾ ਹੈ ਕਿ ਬੰਦੇ ਨੂੰ ਵਹਿਮ ਹੈ ਕਿ ਭਾਸ਼ਾ ਅੰਦਰ ਕੋਈ ਸੱਚ ਲੁਕਿਆ ਹੈ, ਜਿਸ ਨੂੰ ਉਹ ਦੇਰ-ਸਵੇਰ ਲੱਭ ਲਵੇਗਾ, ਪਰ ਅਜਿਹਾ ਹੈ ਨਹੀਂ। ਭਾਸ਼ਾ ਤਾਂ ਮਾਧਿਅਮ ਹੈ, ਜਿਹੜੀ ਦਿਸਦੇ/ਅਣਦਿਸਦੇ ਨੂੰ ਪ੍ਰਤੀਕਾਂ ਵਿਚ ਢਾਲਦੀ ਹੈ। ਇਹਦੇ ਓਹਲੇ ਕੋਈ ਅਜਿਹਾ ਸੱਚ ਨਹੀਂ ਛਿਪਿਆ ਜਿਸ ਨੂੰ ਖੋਜਿਆ ਜਾ ਸਕੇ। ਇਹ ਤਾਂ ਸੰਭਾਵਨਾ ਦੀ ਖੇਡ ਹੈ, ਜਿਸ ਨੂੰ ਬੱਸ ਮਾਣਿਆ ਜਾ ਸਕਦਾ ਹੈ। ਲਿਖਿਆ ਅੱਖਰ ਕਾਗਜ਼ ’ਤੇ ਪਈ ਚੁੱਪ ਦੀ ਆਵਾਜ਼ ਹੈ। ਸ਼ਬਦ ਦੇ ਗਜ਼ ਨਾਲ ਕਵੀ ਰੂਹ ਦੀਆਂ ਤਰਬਾਂ ਨੂੰ ਛੋਹੰਦਾ ਏ ਤਾਂ ਇਹ ਚੁੱਪ ਤਿੜਕਦੀ ਹੈ। ਤਿੜਕ ਕੇ ਖਿੰਡਰੀ ਚੁੱਪ ਵਿਚੋਂ ਧੁਨੀ ਦਾ ਚਸ਼ਮਾ ਫੁੱਟ ਤੁਰਦਾ ਏ। ਸ਼ਬਦ ਰੂਪ ਹੋ ਕੇ ਧੁਨੀ ਵਾਣੀ ਹੋ ਨਿੱਬੜਦੀ ਏ, ਜਿਸ ਅੰਦਰ ਬੰਦਾ ਆਪਣੇ ਹੋਣੇ ਦੀ ਕਥਾ ਕਹਿੰਦਾ ਏ। ਇਹ ਬੋਲ ਵੀ ਏ, ਲਿਖਤ ਵੀ ਤੇ ਕਾਗਜ਼ ’ਤੇ ਵਾਹੀ ਲੀਕ ਵੀ। ਜਿਹੜਾ ਬੋਲ ਕੇ ਕਹਿ ਨਹੀਂ ਹੁੰਦਾ, ਬੰਦਾ ਵਾਹ ਕੇ ਕਹਿਣ ਦੀ ਕੋਸ਼ਿਸ਼ ਕਰਦਾ।
ਵਾਹੁਣਾ ਵੀ ਲਿੱਪੀ
ਅਣਸਰਦੇ ਦੀ
ਜੋ ਗੱਲ ਲਿਖਣੇ ਵਿਚ ਲਿਖੀ ਨਾ ਜਾਂਦੀ
ਘਬਰਾ ਕੇ ਬੰਦਾ
ਮਿੱਟੀ ਉਤੇ
ਕਾਗਤ ਉਤੇ ਹਵਾ ਦੇ ਉਤੇ
ਲੀਕਾਂ ਵਾਹੁਣੇ ਲੱਗਦਾ
ਤਸ਼ਬੀਹਾਂ ਦੀ ਤਸਵੀਰਕਸ਼ੀ ਕਰਦੀ ਪੰਜਾਬੀ ਦੀ ਬਹੁਤੀ ਕਵਿਤਾ ਵਸਤ/ਵਰਤਾਰਿਆਂ ਦੀ ਵਿਆਖਿਆ ਦੇ ਰਾਹ ਪੈ ਕੇ ਕਿਸੇ ਉੱਚ ਨਛੱਤਰੀ ਖਿਆਲ਼ ਜਾਂ ਇਨਕਲਾਬ ਦੇ ਮਾਰਗ ਦੀ ਪਾਂਧੀ ਹੋ ਨਿੱਬੜਦੀ ਹੈ। ਅਮਰਜੀਤ ਚੰਦਨ ਦੀ ਕਵਿਤਾ ਦਾ ਵਹਿਣ ਵੱਖਰਾ ਹੈ। ਉਸ ਦੀ ਕਵਿਤਾ ਖਿੱਲਰੇ ਸ਼ਬਦਾਂ ਨੂੰ ਲੈਅ ਵਿਚ ਬੰਨ੍ਹਣ ਦੀ ਜੁਗਤ ਹੈ; ਆਪਣੇ ਆਲੇ-ਦੁਆਲੇ ਨੂੰ ਨੀਝ ਨਾਲ ਤੱਕਣ ਦੀ ਜਾਚ ਤੇ ਗ਼ੈਰ-ਮਨੁੱਖੀ ਕਹਿ ਕੇ ਨਕਾਰ ਦਿੱਤੀਆਂ ਸ਼ੈਆਂ ਨੂੰ ਜੀਵੰਤ ਵਰਤਾਰਿਆਂ ਵਾਂਗ ਦੇਖਣ ਦੀ ਦਿੱਬ ਦ੍ਰਿਸ਼ਟੀ। ਕਿਸੇ ਵਸਤ/ਵਰਤਾਰੇ ਨੂੰ ਉਸਦੇ ਤੈਅਸ਼ੁਦਾ ਅਰਥਾਂ ਤੋਂ ਵੱਖ ਕਰ ਦੇਣਾ ਹੀ ਚੰਦਨ ਦੀ ਕਵਿਤਾ ਦਾ ਚਮਤਕਾਰ ਹੈ। ਇਸ ਅੰਦਰਲਾ ਸੰਸਾਰ ਕਿਸੇ ਇਕਹਿਰੇ ਜਾਂ ਨੇਮਬੱਧ ਅਰਥਾਂ ਦਾ ਧਾਰਨੀ ਨਹੀਂ। ਸਾਡਾ ਆਲਾ-ਦੁਆਲਾ ਰਹੱਸ ਨਾਲ ਭਰਿਆ ਹੈ ਤੇ ਇਸ ਰਹੱਸ ਦੀ ਇਕ ਬਾਰੀ ਸਿਰਜਣਾ ਵੱਲ ਖੁੱਲ੍ਹਦੀ ਹੈ। ਚੰਦਨ ਦੀ ਕਵਿਤਾ ਇਸ ਬਾਰੀ ਥਾਣੀਂ ਸੰਸਾਰ ਨੂੰ ਤੱਕਣ ਦਾ ਤਹੱਈਆ ਹੈ।
ਅੱਖ ਅੱਖਰ ਹੈ
ਜੋ ਮੁੰਦ ਕੇ ਦੇਖੇ ਓਹੀ ਦ੍ਰਸ਼ਟਾ
ਇਸ ਕਾਇਨਾਤ ਨੂੰ ਕਦੇ ਵੀ ਪੂਰਨ ਤੌਰ ’ਤੇ ਨਾ ਜਾਣ ਸਕਣਾ ਹੀ ਸਿਰਜਣਾ ਵੱਲ ਜਾਂਦਾ ਰਾਹ ਹੈ। ਕਵਿਤਾ ਸਿਰਜਣਾ ਦੀ ਜੀਭ ਹੈ। ਬੰਦਾ ਇਸ ਪਸਾਰੇ ਨੂੰ ਕਿਸੇ ਖ਼ਾਸ ਜ਼ਾਵੀਏ ਤੋਂ ਦੇਖਣ ਦਾ ਆਦੀ ਹੋ ਚੁੱਕਿਆ ਹੈ। ਦਾਇਰਿਆਂ ਵਿਚ ਬੱਝੇ ਨਜ਼ਰੀਏ ਦੀ ਇਕਰੂਪਤਾ ਨੂੰ ਚੁਣੌਤੀ ਦੇਣਾ ਹੀ ਕਵਿਤਾ ਦਾ ਇਨਕਲਾਬ ਹੈ। ਰਿਜ਼ਕ ਦੀ ਕਵਿਤਾ ਨਿਰਜਿੰਦ ਕਹਿ ਕੇ ਨਕਾਰ ਦਿੱਤੀਆਂ ਸ਼ੈਆਂ ਦੇ ਜੀਵੰਤ ਹੋਣ ਦੀ ਗੁਆਹੀ ਹੈ। ਚੰਦਨ ਲਈ ਕੈਮਰਾ ਮਹਿਜ਼ ਮਸ਼ੀਨ ਨਹੀਂ, ਘਰ ਦਾ ਕਮਾਊ ਜੀਅ ਹੈ- ‘‘ਸਾਡੇ ਟੱਬਰ ਦਾ ਤਾਂ ਰਿਜ਼ਕ ਹੀ ਫੋਟੋ ਵਾਲਾ ਕੈਮਰਾ ਸੀ। ਪਵਿੱਤਰ ਸੰਦ। ਘਰ ਦਾ ਕਮਾਊ ਜੀਅ।’’ ਇਸੇ ਤਰ੍ਹਾਂ ਸਿੰਗਰ ਦੀ ਸਲਾਈ ਮਸ਼ੀਨ ਨਾਲ ਆਪਣੇ ਪਰਿਵਾਰ ਦੀ ਸਾਂਝ ਬਾਰੇ ਉਹ ਲਿਖਦਾ ਹੈ- ‘‘ਸਾਰੇ ਟੱਬਰ ਨੂੰ ਘਰ ਵਿਚ ਬੱਝੀ ਮੱਝ ਵਰਗੀ ਅਪਣੱਤ ਇਸ ਮਸ਼ੀਨ ਨਾਲ ਵੀ ਹੈ। ਇਹ ਸਾਡਾ ਨੰਗ ਢਕਦੀ ਹੈ; ਸਾਨੂੰ ਨਿੱਘ ਦਿੰਦੀ ਹੈ। ਇਹਦਾ ਹਰ ਅੰਗ ਹਰ ਪੁਰਜਾ ਅੱਜ ਵੀ ਛੁਹਵੰਤਾ ਏ – ਸੁਡੋਲ ਸੀਤ ਧਾਤ ਦੀਆਂ ਗੁਲਾਈਆਂ ’ਤੇ ਵਿਛਿਆ ਸ਼ਾਹ ਰੋਗਨ ਤੇ ਸੁਨਹਿਰੀ ਵੇਲ ਬੂਟੇ, ਹੱਥੀ, ਕੋਰੇ ਕੱਪੜੇ ਨਾਲ ਕੁੱਪੀ ’ਚ ਮਸ਼ੀਨੀ ਤੇਲ ਤੇ ਲੱਕੜ ਦੀ ਗੰਧ ਵੀ। ਚਲਦੀ, ਤੇਜ਼ ਤੇ ਮੱਧਮ ਹੁੰਦੀ ਘੱਰਰ ਘੱਰਰ ਦੀ ਆਵਾਜ਼।’’
ਕਵਿਤਾ ਤੋਂ ਵਿਛੁੰਨੇ ਬੰਦੇ ਨੇ ਇਸ ਸੰਸਾਰ ਨੂੰ ਖ਼ੁਦ ਤੋਂ ਵੱਖਰਾ ਕੋਈ ਬਾਹਰੀ ਜਗਤ ਮੰਨ ਲਿਆ ਹੈ। ਉਸ ਨੂੰ ਜਾਪਦਾ ਹੈ ਕਿ ਇਹ ਸੰਸਾਰ, ਸਾਡੀ ਹੋਂਦ ਤੇ ਸਾਡੀਆਂ ਸਿਮਰਤੀਆਂ ਵਿਚਲੀ ਕਸ਼ਮਕਸ਼ ਨਾਲ ਸਿਰਜਿਆ ਜਾ ਰਿਹਾ ਹੈ। ਇਕ ਪਾਸੇ ਹੁਣ-ਖਿਣ ਹੈ, ਦੂਜੇ ਪਾਸੇ ਯਾਦਾਂ ਦੀ ਪੰਡ ਤੇ ਤੀਜੇ ਪਾਸੇ ਕੱਲ੍ਹ ਦਾ ਸੁਪਨਾ। ਇਨ੍ਹਾਂ ਵਿਚ ਲੀਕ ਵਾਹ ਕੇ ਅਸੀਂ ਲਕੀਰੀ ਸਮੇਂ ਦਾ ਵਿਚਾਰ ਘੜ੍ਹ ਲਿਆ ਤੇ ਕਾਲ ਨੂੰ ਭੂਤ, ਵਰਤਮਾਨ ਤੇ ਭਵਿੱਖ ਵਿਚ ਵੰਡ ਲਿਆ। ਸਾਨੂੰ ਲੱਗਦਾ ਹੈ ਕਿ ਜੋ ਵੀ ਵਾਪਰ ਰਿਹਾ ਹੈ, ਉਹਦੇ ਅਰਥ ਸਮੇਂ ਵਿਚ ਹੀ ਨਿਹਿਤ ਹਨ। ਇਸੇ ਲਈ ਬੰਦਾ ਸਮੇਂ ਨੂੰ ਕਾਬੂ ਕਰਨਾ ਲੋਚਦਾ; ਕਦੇ ਇਸ ਨੂੰ ਪਾਵੇ ਨਾਲ ਬੰਨ੍ਹਣ ਦੀ ਕੋਸ਼ਿਸ਼ ਕਰਦਾ ਹੈ ਤੇ ਕਦੇ ਗੁੱਟ ਨਾਲ। ਪਰ ਸਮੇਂ ਨੂੰ ਝਕਾਨੀ ਦੇਣ ਤੁਰਿਆ ਬੰਦਾ ਕਦੋਂ ਆਪ ਇਸ ਦੀ ਗ੍ਰਿਫ਼ਤ ਵਿਚ ਆ ਜਾਂਦਾ ਹੈ, ਉਸ ਨੂੰ ਪਤਾ ਹੀ ਨਹੀਂ ਚੱਲਦਾ। ਪਲ, ਪਹਿਰ, ਦਿਨ, ਮਹੀਨਾ, ਸਾਲ, ਸਦੀ, ਜੁੱਗ; ਵਕਤ ਦੇ ਡੱਕਰੇ ਕਰਦਿਆਂ ਬੰਦਾ ਆਪ ਵੀ ਟੁਕੜਿਆਂ ਵਿਚ ਤਕਸੀਮ ਹੋਈ ਜਾਂਦਾ:
ਟਿਕ ਟਿਕ ਬੰਦੇ ਆਪ ਘੜੀ ਹੈ
ਪੱਠਿਆਂ ਦਾ ਟੋਕਾ ਗਿਰਦਾ –
ਸੁਟੀ ਜਾਂਦਾ ਕੁਤਰ ਕੁਤਰ ਕੇ
ਭੂਤ ਭਵਿੱਖਤ ਭਲਕੇ
ਇਤਿਹਾਸ, ਕਾਲ ਨੂੰ ਸਿੱਧੀ ਵਾਹੀ ਲੀਕ ਵਾਂਗ ਦੇਖਣਾ ਹੈ। ਇਹ ਖੋਜ ਦਾ ਵਿਸ਼ਾ ਹੈ, ਜਿਸ ਦਾ ਆਧਾਰ ਤੱਥ ਹਨ। ਦੂਜੇ ਪਾਸੇ ਕਵਿਤਾ ਸਿਮਰਤੀ ਨੂੰ ਲੋਕ ਮੁਹਾਵਰੇ ਵਿਚ ਢਾਲਣਾ ਹੈ। ਅਤੀਤ ਵਿਚ ਵਾਪਰੀ ਘਟਨਾ ਲੋਕ ਸਿਮਰਤੀ ਵਿਚ ਵਾਰ-ਵਾਰ ਘਟਦੀ ਕਈ ਰੂਪ ਵਟਾਉਂਦੀ ਹੈ। ਲੋਕ ਮਾਨਸ ਇਸ ਨੂੰ ਵਾਰ-ਵਾਰ ਨਵਿਆਉਂਦਾ ਹੈ। ਇਹ ਨਿਰੋਲ ਉਵੇਂ ਨਹੀਂ ਰਹਿੰਦੀ, ਜਿਵੇਂ ਵਾਪਰੀ ਸੀ। ਕਵਿਤਾ, ਘਟਨਾ ਨੂੰ ਉਸ ਦੇ ਇਤਿਹਾਸ ਤੋਂ ਮੁਕਤ ਕਰ ਦਿੰਦੀ ਹੈ। ਰਿਜ਼ਕ ਦੀ ਕਵਿਤਾ ਵੀ ਲਕੀਰੀ ਸਮੇਂ ਤੋਂ ਪਾਰ ਜਾ ਸਕਣ ਦੀ ਸੰਭਾਵਨਾ ਦਾ ਸੰਸਾਰ ਸਿਰਜਦੀ ਹੈ। ਇਸ ਬਾਰੇ ਅੰਗਰੇਜ਼ੀ ਕਵੀ ਜੌਨ੍ਹ ਬਰਜਰ ਦਾ ਕਥਨ ਹੈ, ‘‘ਅਮਰਜੀਤ ਚੰਦਨ ਦੀ ਕਵਿਤਾ ਪਾਠਕ ਜਾਂ ਸ੍ਰੋਤੇ ਨੂੰ ਅਕਾਲ ਖੰਡ ਵਿਚ ਲੈ ਜਾਂਦੀ ਹੈ। ਸਾਨੂੰ ਚਾਰ ਤਰ੍ਹਾਂ ਦੇ ਸਮੇਂ ਸਥਾਨ ਦੀ ਗੇਝ ਪਈ ਹੋਈ ਹੈ, ਪਰ ਚੰਦਨ ਦੀ ਕਵਿਤਾ ਵਿਚ ਸਮੇਂ ਦੇ ਅਨੇਕ ਅਯਾਮ ਨੇ।’’
ਕਵਿਤਾ ਦਾ ਮਕਸਦ ਹੈਰਤ ਵਿਚ ਪਾ ਦੇਣ ਵਾਲਾ ਵਿਚਾਰ ਦੇ ਕੇ ਸਾਡੀ ਸੋਚ ਨੂੰ ਚੁੰਧਿਆਉਣਾ ਨਹੀਂ, ਬਲਕਿ ਹਯਾਤੀ ਦੇ ਕਿਸੇ ਪਲ਼ ਨੂੰ ਅਭੁੱਲ ਬਣਾ ਦੇਣਾ ਹੈ। ਆਪਣੇ ਅਨੁਭਵ ਨੂੰ ਕਾਵਿ ਬਿੰਬ ਵਿਚ ਢਾਲਦਿਆਂ ਕਵੀ ਆਪਣੇ ਅੰਤਰ ਦੇਸ ਵੱਲ ਮੁੜਦਾ ਹੈ। ਇਹ ਪਿੱਛਲ ਪੈਰੀਂ ਤੁਰਿਆ ਸਫ਼ਰ ਹੈ, ਜਿੱਥੇ ਮੁਖੌਟਾ ਤੇ ਮੁਖੜਾ ਇਕਰੂਪ ਹੋ ਜਾਂਦੇ ਹਨ। ਕਵਿਤਾ ਘੜ੍ਹਦਿਆਂ ਕਵੀ ਨੇ ਵੀ ਘੜ੍ਹਿਆ ਜਾਣਾ ਹੁੰਦਾ ਹੈ। ਇਹ ਨਿੰਮਣ ਤੇ ਜੰਮਣ ਦੇ ਇਕੋ ਭਾਂਡੇ (ਗਰਭ) ਵਿਚ ਪ੍ਰਵਾਨ ਚੜ੍ਹਨ ਦਾ ਅਮਲ ਹੈ। ਬੇਸ਼ੱਕ ਰਿਜ਼ਕ ਦੀਆਂ ਕਵਿਤਾਵਾਂ ਅਮਰਜੀਤ ਚੰਦਨ ਦੀ ਘਾੜ੍ਹਤ ਦਾ ਵੀ ਥਹੁ-ਪਤਾ ਦਿੰਦੀਆਂ ਹਨ, ਪਰ ਇਸ ਮੰਜ਼ਰ ਨੂੰ ਤੱਕਣ ਲਈ ਅੱਖਾਂ ਦਾ ਪਾਣੀ ਦਰਕਾਰ ਹੈ:
ਅੱਥਰੂ ਜਦ ਡਿੱਗਿਆ
ਤਾਂ ਵਹਿ ਜਾਣਾ ਮੰਜ਼ਰ
ਰਹਿ ਜਾਣਾ ਖਾਲੀ ਦਿਸਹੱਦਾ
ਸੱਖਮ ਸੱਖਣਾ
ਜਿਸਦੀ ਹੋਂਦ ਨਾ ਕੋਈ।
* ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ।
ਸੰਪਰਕ: 70420-73084