ਐਡਵਿਨ ਆਰਨਲਡ ਦੀ ਲਿਖੀ ਪ੍ਰਸਿੱਧ ਕਿਤਾਬ ‘Light Of Asia’ ਦਾ ਅਨੁਵਾਦ ਮੋਹਨ ਸਿੰਘ ਨੇ ‘ਏਸ਼ੀਆ ਦਾ ਚਾਨਣ’ ਨਾਂ ਹੇਠ ਕੀਤਾ। ਇਸ ਕਾਰਜ ਨੂੰ ਮੁਕੰਮਲ ਕਰਨ ਵਿਚ ਮੋਹਨ ਸਿੰਘ ਨੂੰ ਅੱਠ ਸਾਲ ਲੱਗੇ। ਇਹ ਪੰਜਾਬੀ ਵਿਚ ਕਾਵਿ-ਅਨੁਵਾਦ ਦੀ ਸਰਵੋਤਮ ਕ੍ਰਿਤ ਹੈ ਜੋ ਅਨੁਵਾਦ ਦੀ ਥਾਂ ਮੌਲਿਕ ਕ੍ਰਿਤ ਭਾਸਦੀ ਹੈ। ਪੰਜਾਬ ਡਿਜੀਟਲ ਲਾਇਬਰੇਰੀ ਦੇ ਦਵਿੰਦਰ ਪਾਲ ਸਿੰਘ ਦੇ ਸਹਿਯੋਗ ਨਾਲ ਇਸ ਰਚਨਾ ਦੇ ਕੁਝ ਅੰਸ਼ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ:
ਐਪਰ ਹਾਲੇ ਤੀਕਰਾਂ ਬਾਲਕ ਬੁਧ ਭਗਵਾਨ
ਦੁਖ ਦਰਦੋਂ ਬੇਖ਼ਬਰ ਸੀ, ਹੰਝੂਆਂ ਤੋਂ ਅਨਜਾਣ।
ਤਾਹੀਉਂ ਏਦਾਂ ਹੋਇਆ ਇਕ ਦਿਨ ਵਿਚ ਬਹਾਰ
ਲੰਘੀ ਸ਼ਾਹੀ ਬਾਗ਼ ਚੋਂ ਵਣ-ਹੰਸਾਂ ਦੀ ਡਾਰ।
ਮਿਠੀਆਂ ਬੋਲੀਆਂ ਬੋਲਦੇ ਬੱਝੇ ਕਿਸੇ ਪਿਆਰ
ਉਡਦੇ ਸੀ ਉਹ ਜਾ ਰਹੇ ਜਿੱਧਰ ਧੌਲੀ ਧਾਰ।
ਵੀਰ ਚਚੇਰੇ ਕੰਵਰ ਦੇ ਦੇਵਦੱਤ ਬਲਵਾਨ,
ਕੰਨਾਂ ਤੀਕਰ ਖਿੱਚ ਕੇ ਵਾਹਿਆ ਕਹਿਰੀ ਬਾਣ,
ਸਭ ਤੋਂ ਅਗਲੇ ਹੰਸ ਦਾ ਵਿੰਨ੍ਹਿਆ ਉਸ ਖੰਭਲੇਟ,
ਪੀੜ ਨਾਲ ਕੁਰਲਾਉਂਦਾ ਆ ਢੱਠਾ ਉਹ ਹੇਠ।
ਖੁਭਾ ਚੰਦਰਾ ਤੀਰ ਸੀ ਅਜੇ ਖੰਭ ਵਿਚਕਾਰ,
ਵੱਗੀ ਚਿੱਟੇ ਪਰਾਂ ਤੋਂ ਲਾਲ ਲਹੂ ਦੀ ਧਾਰ।
ਚੁਕ ਲਿਆ ਰਾਜ ਕੁਮਾਰ ਨੇ ਇਉਂ ਪੰਛੀ ਨੂੰ ਤੱਕ,
ਸਹਿਜੇ ਅਪਣੀ ਗੋਦ ਵਿਖ ਲਿਆ ਓਸਨੂੰ ਰੱਖ।
ਸਹਿਮੇ ਜੰਗਲੀ ਹੰਸ ਨੂੰ ਪਿਆਰ ਨਾਲ ਪੁਚਕਾਰ,
ਕਾਹਲੀ ਉਸਦੀ ਧੜਕਣੀ ਕੀਤੀ ਠੰਢੀ ਠਾਰ।
ਤਹਿ ਕੀਤੇ ਫਿਰ ਮਲਕੜੇ ਖਿਲਰੇ ਉਸਦੇ ਖੰਭ,
ਅਜੇ ਤੀਕ ਜੋ ਰਹੇ ਸਨ ਨਾਲ ਪੀੜ ਦੇ ਕੰਬ।
ਰਾਜ ਕੰਵਰ ਦੀਆਂ ਤੱਲੀਆਂ ਕੋਮਲ ਹੈ ਸਨ ਅੱਤ,
ਟੁੱਟਾ ਕੇਲੇ ਬਿਰਛ ਤੋਂ ਸਜਰਾ ਜਿੱਦਾਂ ਪੱਤ।
ਹਥ ਖੱਬੇ ਦੇ ਵਿਚ ਫੜੀ, ਸੱਜੇ ਹੱਥ ਦੇ ਨਾਲ
ਫਟ ਚੋਂ ਪੁਟਿਆ ਕੰਵਰ ਨੇ ਡੂੰਘਾ ਖੁਭਿਆ ਫਾਲ।
ਫਟ ਦੇ ਉਤੇ ਰੱਖ ਕੇ ਠੰਢੇ ਪੱਤਰ ਢੇਰ
ਸ਼ਹਿਦ ਸੁਖਾਵਾਂ ਬੰਨ੍ਹਿਆਂ ਰਾਜ ਕੰਵਰ ਨੇ ਫੇਰ।
ਪਰ ਸੀ ਇਤਨਾ ਪੀੜ ਤੋਂ ਰਾਜ ਕੰਵਰ ਅਨਜਾਣ,
ਨਾਲ ਅਚੰਭੇ ਬਾਂਹ ਵਿਚ ਖੋਭ ਲਿਆ ਉਸ ਬਾਣ।
ਚੋਭ ਨਾਲ ਕੰਬ ਉਠਿਆ ਨੈਨੀ ਨੀਰ ਉਛਾਲ,
ਪੰਛੀ ਨੂੰ ਉਸ ਘੁਟ ਲਿਆ ਤੁਰਤ ਕਲੇਜੇ ਨਾਲ।
ਤੱਦ ਕਿਸੇ ਆ ਆਖਿਆ, ‘‘ਮੇਰੇ ਰਾਜ ਕੁਮਾਰ,
ਨਾਲ ਬਾਣ ਦੇ ਹੰਸ ਇਕ ਭੁੰਜੇ ਲਿਆ ਉਤਾਰ।
ਏਥੇ ਵਿਚ ਗੁਲਾਬ ਦੇ ਢੱਠਾ ਹੈ ਉਹ ਆਣ,
ਨਾਲ ਕ੍ਰਿਪਾ ਕੀ ਹੰਸ ਉਹ ਮੈਨੂੰ ਕਰੋ ਪ੍ਰਦਾਨ?’’
‘‘ਨਹੀਂ,’’ ਸਿਧਾਰਥ ਆਖਿਆ, ‘‘ਹਾਂ, ਜੇ ਮਰਦਾ ਹੰਸ,
ਘਾਤਕ ਦਾ ਹਕ ਓਸ ਤੇ ਹੁੰਦਾ ਫੇਰ ਨਿਸ਼ੰਸ,
ਪਰ ਉਹ ਹਾਲੇ ਜੀਉਂਦਾ। ਮੇਰਾ ਕੰਵਰ ਭਰਾ
ਸਿਰਫ਼ ਉਡਾਰੀ ਹੰਸ ਦੀ ਸਕਿਆ ਹੈ ਫੜਕਾ!’’
ਦੇਵ ਦਤ ਨੇ ਘਲਿਆ ਉੱਤਰ ਓਸੇ ਪੱਲ:
‘‘ਹੰਸ ਮੋਇਆ ਜਾਂ ਜੀਂਵਦਾ ਮੈਨੂੰ ਦੇਵੋ ਘੱਲ।
ਨਹੀਂ ਸੀਗਾ ਉਹ ਕਿਸੇ ਦਾ ਉਡਦਾ ਵਿਚ ਅਸਮਾਨ
ਪਰ ਉਹ ਉਸ ਦਾ ਹੋ ਗਿਆ ਡੰਗਿਆ ਜਿਸਦੇ ਬਾਣ।’’
ਤਦ ਸਾਡੇ ਭਗਵਾਨ ਨੇ ਨਾਲ ਗੱਲ੍ਹ ਦੇ ਲਾ
ਧੌਣ ਨਿਤਾਣੀ ਹੰਸ ਦੀ ਆਖਿਆ, ‘‘ਦੱਸੋ ਜਾ
ਮੇਰਾ ਆਪਣਾ ਹੰਸ ਇਹ, ਆਖੇ ਮੇਰੀ ਤਮੀਜ਼
ਪਹਿਲੀ ਮੇਰੀ ਆਪਣੀ ਲੱਖਾਂ ਚੋਂ ਇਹ ਚੀਜ਼,
ਜਿਸ ਤੇ ਮੇਰੇ ਪਿਆਰ ਨੇ ਨਾਲੇ ਦਯਾ ਅਪਾਰ
ਸਹਿਜ ਸੁਭਾ ਅਣਜਾਣਿਆਂ ਦਿੱਤਾ ਹੈ ਅਧਿਕਾਰ।
ਮੇਰੇ ਵਿਚ ਕੁਝ ਧੜਕਦਾ ਕਹੇ ਜੋ ਬਾਰੰਗਬਾਰ
ਮਾਨੁੱਖਤਾ ਵਿਚ ਦਯਾ ਦਾ ਕਰਨਾ ਮੈਂ ਪਰਚਾਰ।
ਜੀਭ ਬਣਾਂਗਾ ਜਗ ਦੀ ਗੁੰਗੀ ਜਿਸ ਦੀ ਚਾਹ,
ਨਾਲੇ ਲਿੱਸਾ ਕਰਾਂਗਾ ਦੁੱਖਾਂ ਦਾ ਪਰਵਾਹ।
ਮੇਰੇ ਕੰਵਰ ਭਰਾ ਨੂੰ ਪਰ ਜੇ ਕੋਈ ਸ਼ੱਕ,
ਸਿਆਣਿਆਂ ਅੱਗੇ ਗਲ ਇਹ ਸਕਦਾ ਏ ਉਹ ਰੱਖ।
ਏਦਾਂ ਹੀ ਕੀਤਾ ਗਿਆ: ਭਰੇ ਪਰ੍ਹੇ ਵਿਚਕਾਰ
ਸਭ ਵੱਲੋਂ ਇਸ ਗਲ ਤੇ ਕੀਤੀ ਗਈ ਵਿਚਾਰ।
ਰਾਵਾਂ ਆਪੋ ਅਪਣੀਆਂ ਸਭ ਨੇ ਦਸੀਆਂ ਖੋਲ੍ਹ
ਨਾਵਕਫ ਇਕ ਪ੍ਰੋਹਤ ਨੇ ਆਖਿਆ ਓੜਕ ਬੋਲ-
‘‘ਜੇ ਜੀਵਨ ਕੋਈ ਚੀਜ਼ ਹੈ, ਜੀਵਨ ਰਖਿਅਕ ਤਦ
ਮਾਲਕ ਜਿਉਂਦੀ ਚੀਜ਼ ਦਾ ਹੈ ਉਸ ਨਾਲੋਂ ਵਧ,
ਜਿਹੜਾ ਜਿਉਂਦੀ ਚੀਜ਼ ਨੂੰ ਮਾਰਨ ਦਾ ਚਾਹਵਾਨ,
ਕਿਉਂਕਿ ਰਖਿਅਕ ਪਾਲਦਾ, ਘਾਤਕ ਕਰੇ ਵੀਰਾਨ।
ਰਾਜ ਕੰਵਰ ਨੂੰ ਹੰਸ ਇਹ ਦਿੱਤਾ ਜਾਏ ਸੰਭਾਲ,
ਕਿਉਂਕਿ ਉਸ ਦੀ ਜਿੰਦ ਦਾ ਬਣਿਆ ਇਹ ਰਖਵਾਲ।’’
ਸਭ ਨੇ ਕੀਤਾ ਪ੍ਰੋਹਤ ਦਾ ਨਿਰਨਾ ਇਹ ਪਰਵਾਨ,
ਪਰ ਰਾਜੇ ਨੇ ਪ੍ਰੋਹਤ ਵਲ ਮਾਰਿਆ ਜਦ ਧਿਆਨ,
ਹੋਇਆ ਉਹ ਅਲੋਪ ਸੀ ਰੂਪ ਸੱਪ ਦਾ ਧਾਰ,
ਏਸ ਤਰ੍ਹਾਂ ਵੀ ਦੇਵਤੇ ਆਉਂਦੇ ਹਨ ਕਈ ਵਾਰ।
ਇਸ ਪੰਛੀ ਦੇ ਦੁਖ ਬਿਨਾ ਸਾਡੇ ਬੁਧ ਭਗਵਾਨ
ਹੋਰ ਸਰਾਪੇ ਦੁਖਾਂ ਤੋਂ ਹਾਲੇ ਸਨ ਅਨਜਾਣ।
ਨਾਲੇ ਫੱਟੜ ਹੰਸ ਉਹ ਹੋ ਰਾਜ਼ੀ ਤਤਕਾਲ
ਜਾ ਰਲਿਆ ਸੀ ਉਡ ਕੇ ਅਪਣੇ ਸੰਗੀਆਂ ਨਾਲ।