ਡਾ. ਗੁਰਦੇਵ ਸਿੰਘ ਸਿੱਧੂ
ਇਤਿਹਾਸ
ਮਹਾਰਾਜਾ ਦਲੀਪ ਸਿੰਘ ਦੀ ਮੰਗਣੀ ਸ਼ੇਰ ਸਿੰਘ ਅਟਾਰੀ ਵਾਲੇ ਦੀ ਭੈਣ ਨਾਲ ਹੋਈ ਸੀ, ਪਰ ਉਸ ਨੂੰ ਪੰਜਾਬ ਬਦਰ ਕਰਨ ਵਾਲੇ ਅੰਗਰੇਜ਼ਾਂ ਨੂੰ ਮਹਾਰਾਜੇ ਦਾ ਵਿਆਹ ਕਿਸੇ ਸਿੱਖ ਪਰਿਵਾਰ ਵਿਚ ਹੋਣਾ ਮਨਜ਼ੂਰ ਨਹੀਂ ਸੀ। ਇਸ ਤਹਿਤ ਉਨ੍ਹਾਂ ਨੇ ਮਹਾਰਾਜੇ ਦਾ ਪਾਲਣ ਪੋਸ਼ਣ ਇਸ ਤਰ੍ਹਾਂ ਕੀਤਾ ਕਿ ਉਹ ਅਜਿਹਾ ਸੋਚੇ ਵੀ ਨਾ।
ਰਚ 1849 ਵਿਚ ਸਿੱਖਾਂ ਅਤੇ ਅੰਗਰੇਜ਼ਾਂ ਦਰਮਿਆਨ ਹੋਈ ਦੂਜੀ ਜੰਗ ਵਿਚ ਸਿੱਖ ਫ਼ੌਜ ਦੀ ਹਾਰ ਉਪਰੰਤ ਈਸਟ ਇੰਡੀਆ ਕੰਪਨੀ ਨੇ ਪੰਜਾਬ ਨੂੰ ਆਪਣੀ ਸਲਤਨਤ ਵਿਚ ਸ਼ਾਮਲ ਕਰਨ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਰਾਜ-ਭਾਗ ਤੋਂ ਦਸਤਬਰਦਾਰ ਕਰਕੇ ਪੰਜਾਬ ਤੋਂ ਬਾਹਰ ਲੈ ਜਾਣ ਦਾ ਨਿਰਣਾ ਲਿਆ। ਫਲਸਰੂਪ ਇਕ ਅੰਗਰੇਜ਼ ਡਾਕਟਰ ਲੋਗਨ ਦੀ ਸਪੁਰਦਗੀ ਅਧੀਨ ਸੰਯੁਕਤ ਪ੍ਰਾਂਤ ਦਾ ਸ਼ਹਿਰ ਫਤਹਿਗੜ੍ਹ ਮਹਾਰਾਜਾ ਦਲੀਪ ਸਿੰਘ ਦੇ ਨਿਵਾਸ ਲਈ ਚੁਣਿਆ ਗਿਆ। ਡਾ. ਲੋਗਨ ਮਹਾਰਾਜਾ ਦਲੀਪ ਸਿੰਘ ਅਤੇ ਉਸ ਦੇ ਨੌਕਰਾਂ ਚਾਕਰਾਂ ਨੂੰ ਨਾਲ ਲੈ ਕੇ ਫਰਵਰੀ 1850 ਵਿਚ ਫਤਹਿਗੜ੍ਹ ਪੁੱਜਾ ਜਿੱਥੇ ਦਰਿਆ ਗੰਗਾ ਕਿਨਾਰੇ ਕੁਝ ਕੋਠੀਆਂ ਦੇ ਸਮੂਹ ਵਿਚ ਉਨ੍ਹਾਂ ਦੇ ਠਹਿਰਣ ਦਾ ਇੰਤਜ਼ਾਮ ਕੀਤਾ ਗਿਆ। ਗਵਰਨਰ ਜਨਰਲ ਵੱਲੋਂ ਤਿਆਰ ਕੀਤੀ ਸੋਚੀ ਸਮਝੀ ਯੋਜਨਾ ਅਨੁਸਾਰ ਮਹਾਰਾਜਾ ਡਾ. ਲੋਗਨ ਦੀ ਸਰਪ੍ਰਸਤੀ ਹੇਠ ਸਿੱਖਿਆ ਪ੍ਰਾਪਤ ਕਰਨ ਲੱਗਾ। ਨਤੀਜੇ ਵਜੋਂ ਹੌਲੀ ਹੌਲੀ ਉਸ ਦੇ ਮਨ ਵਿਚ ਲਾਹੌਰ ਦਰਬਾਰ ਅਤੇ ਆਪਣੇ ਸਕੇ ਸੰਬੰਧੀਆਂ ਪ੍ਰਤੀ ਮੋਹ ਦੀ ਥਾਂ ਨਫ਼ਰਤ ਪੈਦਾ ਹੋਣ ਲੱਗੀ। ਅਜਿਹੀ ਮਨੋ-ਸਥਿਤੀ ਵਿਚੋਂ ਗੁਜ਼ਰਦਿਆਂ ਉਹ ਅਤੀਤ ਨਾਲੋਂ ਟੁੱਟਣ ਲੱਗਾ। ਡਾ. ਲੋਗਨ ਨੇ 16 ਜੁਲਾਈ 1850 ਨੂੰ ਆਪਣੀ ਪਤਨੀ ਵੱਲ ਲਿਖੀ ਚਿੱਠੀ ਵਿਚ ਲਿਖਿਆ ਕਿ ਮਹਾਰਾਜਾ ਦਲੀਪ ਸਿੰਘ ਨਾਲ ਉਸ ਦੇ ਵਿਆਹ ਬਾਰੇ ਗੱਲ ਛੇੜਨ ਉੱਤੇ ਮਹਾਰਾਜਾ ਨੇ ਆਖਿਆ ਕਿ ਸ਼ੇਰ ਸਿੰਘ ਅਟਾਰੀ ਵਾਲੇ ਦੀ ਭੈਣ, ਜਿਸ ਨਾਲ ਉਸ ਦੀ ਮੰਗਣੀ ਹੋ ਚੁੱਕੀ ਹੈ, ਨਾਲ ਉਹ ਕਿਸੇ ਕਿਸਮ ਦਾ ਸਬੰਧ ਬਣਾਈ ਰੱਖਣਾ ਨਹੀਂ ਚਾਹੁੰਦਾ। ਡਾ. ਲੋਗਨ ਨੇ ਇਹ ਗੱਲ ਗਵਰਨਰ ਜਨਰਲ ਨਾਲ ਵੀ ਸਾਂਝੀ ਕੀਤੀ। ਗਵਰਨਰ-ਜਨਰਲ ਤਾਂ ਪਹਿਲਾਂ ਹੀ ਇਹੋ ਚਾਹੁੰਦਾ ਸੀ। ਉਸ ਨੇ ਆਪਣੀ ਸੋਚ ਨੂੰ ਸਪਸ਼ਟ ਕਰਦਿਆਂ ਡਾ. ਲੋਗਨ ਨੂੰ ਲਿਖਿਆ ਕਿ ‘‘ਮਹਾਰਾਜੇ ਦੀ ਸ਼ਾਦੀ ਕਰਨਾ ਸਾਡੇ ਲਈ ਹੋਰ ਵੀ ਕਠਿਨ ਮਾਮਲਾ ਹੈ। ਮੈਂ ਨਿਸ਼ਚਿਤ ਤੌਰ ’ਤੇ ਇਤਰਾਜ਼ ਕਰਾਂਗਾ ਅਤੇ ਨਹੀਂ ਚਾਹਾਂਗਾ ਕਿ ਹੁਣ ਤੋਂ ਮਹਾਰਾਜੇ ਦੇ ਕਿਸੇ ਸਿੱਖ ਪਰਿਵਾਰ ਵਿਚ ਵਿਆਹ ਜਾਂ ਸਿੱਖ ਭਾਵਨਾਵਾਂ ਪ੍ਰਤੀ ਹਮਦਰਦੀ ਸਦਕਾ ਮਹਾਰਾਜੇ ਅਤੇ ਸਿੱਖ ਕੌਮ ਦਰਮਿਆਨ ਕੋਈ ਸੰਪਰਕ ਬਣਿਆ ਰਹੇ।’’ ਇਸ ਤਰ੍ਹਾਂ ਬਰਤਾਨਵੀ ਸਰਕਾਰ ਦੀ ਸੋਚੀ ਸਮਝੀ ਨੀਤੀ ਅਨੁਸਾਰ ਮਹਾਰਾਜਾ ਦਲੀਪ ਸਿੰਘ ਦੇ ਅਟਾਰੀ ਖਾਨਦਾਨ ਨਾਲ ਜੁੜਨ ਵਾਲੇ ਵਿਆਹ ਸੰਬੰਧ ਦਾ ਭੋਗ ਪੈ ਗਿਆ।
ਮਹਾਰਾਜਾ ਦਲੀਪ ਸਿੰਘ ਦੇ ਮਹਾਰਾਜਾ ਸ਼ੇਰ ਸਿੰਘ ਦੀ ਵਿਧਵਾ, ਆਪਣੀ ਭਰਜਾਈ, ਨਾਲ ਵਿਆਹ ਬਾਰੇ ਵੀ ਚਰਚਾ ਹੁੰਦੀ ਰਹੀ। ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਨਿਕਾਲਾ ਦੇਣ ਪਿੱਛੇ ਬਰਤਾਨਵੀ ਸਰਕਾਰ ਦਾ ਇਹ ਡਰ ਵੀ ਸੀ ਕਿ ਜੇਕਰ ਦਲੀਪ ਸਿੰਘ ਪੰਜਾਬ ਵਿੱਚ ਹਾਜ਼ਰ ਰਿਹਾ ਤਾਂ ਸਿੱਖ ਕੌਮ ਆਪਣੇ ਮਹਾਰਾਜੇ ਨੂੰ ਰਾਜ ਭਾਗ ਮੁੜ ਦਿਵਾਉਣ ਲਈ ਕਦੇ ਵੀ ਸੰਘਰਸ਼ ਦੇ ਰਾਹ ਪੈ ਸਕਦੀ ਹੈ। ਇਸ ਸੋਚ ਅਧੀਨ ਹੀ ਗਵਰਨਰ ਜਨਰਲ ਨੇ ਮਹਾਰਾਜਾ ਦਲੀਪ ਸਿੰਘ ਦੇ ਨਾਲ ਹੀ ਉਸ ਪਿੱਛੋਂ ਲਾਹੌਰ ਦੀ ਰਾਜਗੱਦੀ ਉੱਤੇ ਦਾਅਵਾ ਕਰ ਸਕਣ ਵਾਲੇ ਕੰਵਰ ਸ਼ਾਹਦੇਵ ਸਿੰਘ ਨੂੰ ਵੀ ਫਤਹਿਗੜ੍ਹ ਭੇਜ ਦਿੱਤਾ ਸੀ। ਕੰਵਰ ਸ਼ਾਹਦੇਵ ਸਿੰਘ ਮਹਾਰਾਜਾ ਸ਼ੇਰ ਸਿੰਘ ਦਾ ਪੁੱਤਰ ਅਤੇ ਦਲੀਪ ਸਿੰਘ ਦਾ ਭਤੀਜਾ ਸੀ। ਸ਼ਾਹਦੇਵ ਸਿੰਘ ਦੀ ਮਾਂ ਰਾਣੀ ਦੁਕਨੂੰ, ਕਾਂਗੜਾ ਪਹਾੜੀ ਖੇਤਰ ਦੇ ਕਿਸੇ ਪੁਰਾਣੇ ਰਾਜਪੂਤ ਖਾਨਦਾਨ ਵਿਚੋਂ ਸੀ ਜਿਸ ਦੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਸ਼ੇਰ ਸਿੰਘ ਨੇ ਗੱਦੀ ਉੱਤੇ ਬੈਠਣ ਉਪਰੰਤ ਉਸ ਨਾਲ ਵਿਆਹ ਕੀਤਾ ਸੀ। ਮਹਾਰਾਜਾ ਸ਼ੇਰ ਸਿੰਘ ਦੇ ਕਤਲ ਹੋਣ ਸਮੇਂ ਸ਼ਾਹਦੇਵ ਸਿੰਘ ਦੀ ਉਮਰ ਕੇਵਲ ਚਾਰ ਮਹੀਨੇ ਦੀ ਸੀ ਅਤੇ ਇਉਂ ਜਦ ਉਸ ਨੂੰ ਮਹਾਰਾਜਾ ਦਲੀਪ ਸਿੰਘ ਨਾਲ ਪੰਜਾਬ-ਬਦਰ ਕੀਤਾ ਤਾਂ ਉਹ ਹਾਲੇ ਉਮਰ ਦੇ ਸੱਤਵੇਂ ਵਰ੍ਹੇ ਵਿਚ ਸੀ। ਰਾਣੀ ਦੁਕਨੂੰ ਨੇ ਰੈਜ਼ੀਡੈਂਟ ਨੂੰ ਬੇਨਤੀ ਕੀਤੀ ਕਿ ਉਸ ਨੂੰ ਵੀ ਆਪਣੇ ਬਾਲ ਪੁੱਤਰ ਦੇ ਨਾਲ ਜਾਣ ਦੀ ਆਗਿਆ ਦਿੱਤੀ ਜਾਵੇ। ਫਲਸਰੂਪ, ਉਹ ਵੀ ਫਤਹਿਗੜ੍ਹ ਵਿਖੇ ਆਪਣੇ ਪੁੱਤਰ ਸਮੇਤ ਮਹਾਰਾਜਾ ਦਲੀਪ ਸਿੰਘ ਦੇ ਗੁਆਂਢ ਇਕ ਕੋਠੀ ਵਿਚ ਰਹਿੰਦੀ ਰਹੀ। ਮਹਾਰਾਜਾ ਦਲੀਪ ਸਿੰਘ ਕਦੇ ਕਦਾਈਂ ਰਾਣੀ ਦੁਕਨੂੰ ਅਤੇ ਆਪਣੇ ਭਤੀਜੇ ਸ਼ਾਹਦੇਵ ਸਿੰਘ ਨੂੰ ਮਿਲਣ ਉਨ੍ਹਾਂ ਦੇ ਨਿਵਾਸ ਉੱਤੇ ਵੀ ਜਾਂਦਾ ਸੀ। ਅਜਿਹੇ ਮੌਕਿਆਂ ਉੱਤੇ ਰਾਣੀ ਉਸ ਨੂੰ ਖਾਨਦਾਨ ਦਾ ਮੁਖੀ ਸਮਝਦਿਆਂ ਨੰਗੇ ਮੂੰਹ ਮਿਲਦੀ ਸੀ ਅਤੇ ਬਣਦਾ ਮਾਣ ਸਤਿਕਾਰ ਵੀ ਦਿੰਦੀ। ਭਾਵੇਂ ਇਸ ਸਮੇਂ ਮਹਾਰਾਜਾ ਦਲੀਪ ਸਿੰਘ ਅਜੇ ਉਮਰ ਦੇ ਤੇਰ੍ਹਵੇਂ-ਚੌਦਵੇਂ ਵਰ੍ਹੇ ਵਿਚ ਹੀ ਸੀ, ਪਰ ਕਿਵੇਂ ਨਾ ਕਿਵੇਂ ਮਹਾਰਾਜਾ ਦਲੀਪ ਸਿੰਘ ਅਤੇ ਕੰਵਰ ਸ਼ਾਹਦੇਵ ਸਿੰਘ ਨਾਲ ਗਏ ਪੰਜਾਬੀ ਸੇਵਾਦਾਰਾਂ ਅਤੇ ਹੋਰਨਾਂ ਵਿਚ ਕਾਨਾਫੂਸੀ ਹੋਣ ਲੱਗੀ ਕਿ ਦਲੀਪ ਸਿੰਘ ਚਾਦਰ ਪਾਉਣ ਦੀ ਰਸਮ ਕਰਕੇ ਆਪਣੀ ਵਿਧਵਾ ਭਰਜਾਈ ਰਾਣੀ ਦੁਕਨੂੰ ਨਾਲ ਵਿਆਹ ਕਰਵਾ ਲਏਗਾ। ਸਿੱਖ ਪਰੰਪਰਾ ਅਜਿਹਾ ਕਰਨ ਦੀ ਆਗਿਆ ਵੀ ਦਿੰਦੀ ਸੀ, ਪਰ ਮਹਾਰਾਜਾ ਦਲੀਪ ਸਿੰਘ ਦੇ ਰਾਣੀ ਦੁਕਨੂੰ ਪ੍ਰਤੀ ਵਰਤੋਂ ਵਿਹਾਰ ਤੋਂ ਅਜਿਹਾ ਕੋਈ ਸੰਕੇਤ ਨਾ ਮਿਲਿਆ। ਫਲਸਰੂਪ ਇਹ ਕੇਵਲ ਅਫ਼ਵਾਹ ਮਾਤਰ ਹੀ ਰਹੀ।
ਮਹਾਰਾਜਾ ਦਲੀਪ ਸਿੰਘ ਨੂੰ ਵਿਆਹ ਬੰਧਨ ਵਿੱਚ ਬੰਨ੍ਹਣ ਲਈ ਰਾਜਾ ਕੁਰਗ ਦੀਆਂ ਰਾਜਕੁਮਾਰੀਆਂ ਨੂੰ ਵੀ ਵਿਚਾਰਿਆ ਗਿਆ। ਜਿਵੇਂ ਪਹਿਲਾਂ ਲਿਖਿਆ ਗਿਆ ਹੈ ਕਿ ਮਹਾਰਾਜੇ ਦੇ ਫਤਹਿਗੜ੍ਹ ਨਿਵਾਸ ਸਮੇਂ ਡਾ. ਲੋਗਨ ਵੀ ਉਸ ਦੇ ਵਿਆਹ ਬਾਰੇ ਸੋਚ-ਵਿਚਾਰ ਕਰਦਾ ਰਿਹਾ। ਗਵਰਨਰ ਜਨਰਲ ਲਾਰਡ ਡਲਹੌਜ਼ੀ ਦੀ ਹਦਾਇਤ ਅਨੁਸਾਰ ਦਲੀਪ ਸਿੰਘ ਨੂੰ ਕਿਸੇ ਸਿੱਖ ਪਰਿਵਾਰ ਵਿੱਚ ਵਿਆਹੁਣ ਬਾਰੇ ਕੋਈ ਸੰਭਾਵਨਾ ਨਹੀਂ ਸੀ। ਇਸ ਲਈ ਡਾ. ਲੋਗਨ ਨੇ ਆਪਣੇ ਜਾਣੂੰਆਂ ਨੂੰ ਯੁਵਕ ਮਹਾਰਾਜੇ ਲਈ ਢੁੱਕਵੀਂ ਲੜਕੀ ਦੀ ਦੱਸ ਪਾਉਣ ਬਾਰੇ ਆਖਿਆ। ਗਵਰਨਰ ਜਨਰਲ ਦੇ ਬਨਾਰਸ ਵਿਚਲੇ ਏਜੰਟ ਮੇਜਰ ਸਟੀਵਰਟ ਨੇ ਡਾ. ਲੋਗਨ ਨੂੰ ਕੁਰਗ ਦੀ ਰਾਜਕੁਮਾਰੀ ਬਾਰੇ ਦੱਸ ਪਾਈ ਜੋ ਉਨ੍ਹੀਂ ਦਿਨੀਂ ਬਨਾਰਸ ਰਹਿ ਕੇ ਅੰਗਰੇਜ਼ ਬਾਲਕਾਂ ਵਾਂਗ ਹੀ ਸਿੱਖਿਆ ਪ੍ਰਾਪਤ ਕਰ ਰਹੀ ਸੀ ਅਤੇ ਰਾਜਾ ਕੁਰਗ ਨੇ ਉਸ ਦੀ ਉਚੇਰੀ ਪੜ੍ਹਾਈ ਲਈ ਉਸ ਨੂੰ ਇੰਗਲੈਂਡ ਭੇਜਣ ਲਈ ਇਜਾਜ਼ਤ ਲਈ ਹੋਈ ਸੀ। ਅੱਠ ਸਾਲ ਉਮਰ ਦੀ ਇਹ ਰਾਜਕੁਮਾਰੀ ਸੋਹਣੀ ਸਨੁੱਖੀ ਅਤੇ ਅਕਲਮੰਦ ਸੀ। ਲਾਰਡ ਡਲਹੌਜ਼ੀ ਨੇ ਵੀ ਡਾ. ਲੋਗਨ ਨੂੰ ਕੁਰਗ ਦੇ ਰਾਜੇ ਦੀ ਧੀ ਬਾਰੇ ਹੀ ਦੱਸ ਪਾਈ, ਪਰ ਉਸ ਨੇ ਵੱਡੀ ਰਾਜਕੁਮਾਰੀ, ਜਿਸ ਬਾਰੇ ਮੇਜਰ ਸਟੀਵਰਟ ਨੇ ਗੱਲ ਕੀਤੀ ਸੀ, ਦੀ ਬਜਾਏ ਛੋਟੀ ਰਾਜਕੁਮਾਰੀ ਨੂੰ ਦਲੀਪ ਸਿੰਘ ਦੇ ਰਿਸ਼ਤੇ ਲਈ ਯੋਗ ਸਮਝਿਆ। ਇਨ੍ਹਾਂ ਦੋਵਾਂ ਰਾਜਕੁਮਾਰੀਆਂ ਵਿਚੋਂ ਕਿਸੇ ਇਕ ਨਾਲ ਦਲੀਪ ਸਿੰਘ ਦੇ ਰਿਸ਼ਤੇ ਦੀ ਗੱਲ ਇਸ ਦੱਸ-ਪੁੱਛ ਤੋਂ ਅੱਗੇ ਨਹੀਂ ਵਧੀ। ਮਹਾਰਾਜਾ ਦਲੀਪ ਸਿੰਘ 19 ਮਈ 1854 ਨੂੰ ਇੰਗਲੈਂਡ ਲਈ ਰਵਾਨਾ ਹੋਇਆ ਅਤੇ ਜੁਲਾਈ ਵਿਚ ਲੰਡਨ ਪਹੁੰਚ ਗਿਆ।
ਇਸ ਸਮੇਂ ਤੱਕ ਰਾਜਾ ਕੁਰਗ ਦੀ ਵੱਡੀ ਰਾਜਕੁਮਾਰੀ ਵੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਲੰਡਨ ਪਹੁੰਚ ਚੁੱਕੀ ਸੀ ਜਿੱਥੇ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਨੇ ਉਸ ਨੂੰ ਆਪਣੀ ਧਰਮ ਦੀ ਧੀ ਬਣਾ ਕੇ ਰੱਖਿਆ ਹੋਇਆ ਸੀ। ਇੰਗਲੈਂਡ ਪਹੁੰਚਣ ਉਪਰੰਤ ਥੋੜ੍ਹੇ ਸਮੇਂ ਅੰਦਰ ਹੀ ਮਹਾਰਾਜਾ ਦਲੀਪ ਸਿੰਘ ਵੀ ਮਹਾਰਾਣੀ ਦਾ ਚਹੇਤਾ ਬਣ ਗਿਆ। ਇੱਥੇ ਹੀ ਮਹਾਰਾਜਾ ਦਲੀਪ ਸਿੰਘ ਅਤੇ ਰਾਜਕੁਮਾਰੀ ਗੌਰਮਾ, ਜਿਸ ਨੂੰ ਮਹਾਰਾਣੀ ਨੇ ਆਪਣਾ ਨਾਉਂ ਦਿੱਤਾ ਹੋਣ ਕਾਰਨ ਵਿਕਟੋਰੀਆ ਗੌਰਮਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ, ਦੀ ਪਹਿਲੀ ਮੁਲਕਾਤ ਹੋਈ। ਮਹਾਰਾਣੀ ਵਿਕਟੋਰੀਆ ਦੀ ਤੀਬਰ ਇੱਛਾ ਸੀ ਅਤੇ ਉਹ ਮਨ ਹੀ ਮਨ ਇਹ ਫ਼ੈਸਲਾ ਕਰ ਚੁੱਕੀ ਸੀ ਕਿ ਦਲੀਪ ਸਿੰਘ ਅਤੇ ਗੌਰਮਾ ਪਤੀ ਪਤਨੀ ਦੇ ਰਿਸ਼ਤੇ ਵਿਚ ਬੱਝ ਜਾਣ। ਉਸ ਨੇ ਇਕ ਇਤਾਲਵੀ ਬੁੱਤਘਾੜੇ ਮਰੋਚੇਟੀ ਪਾਸੋਂ ਦੋਵਾਂ ਦੇ ਬੁੱਤ ਬਣਵਾ ਕੇ ਨਾਲੋ ਨਾਲ ਵਿੰਡਸਰ ਕੈਸਲ ਵਿਚ ਰੱਖੇ ਹੋਏ ਸਨ। ਰਾਜਕੁਮਾਰੀ ਆਪਣੀ ਟਿਊਟਰ ਮਿਸਿਜ਼ ਡਰੂਮੋਂਡ ਨਾਲ ਕਈ ਵਾਰ ਡਾ. ਲੋਗਨ ਦੇ ਨਿਵਾਸ ਉੱਤੇ ਮਹਾਰਾਜੇ ਨੂੰ ਮਿਲਣ ਆਈ ਅਤੇ ਮਹਾਰਾਜਾ ਵੀ ਦੋ ਵਾਰ ਰਾਜਕੁਮਾਰੀ ਅਤੇ ਮਿਸਜ਼ ਡਰੂਮੋਂਡ ਨੂੰ ਮਿਲਣ ਗਿਆ। ਡਾ. ਲੋਗਨ ਵੀ ਭਰਪੂਰ ਇੱਛਕ ਅਤੇ ਯਤਨਸ਼ੀਲ ਸੀ ਕਿ ਮਹਾਰਾਜਾ ਦਲੀਪ ਸਿੰਘ ਰਾਜਕੁਮਾਰੀ ਵਿਕਟੋਰੀਆ ਗੌਰਮਾ ਪ੍ਰਤੀ ਆਪਣੀ ਪਿਆਰ ਭਾਵਨਾ ਦਾ ਪ੍ਰਗਟਾਵਾ ਕਰੇ, ਪਰ ਉਸ ਨੇ ਰਾਜਕੁਮਾਰੀ ਦੀ ਸੰਗਤ ਵਿਚ ਖ਼ੁਸ਼ੀ ਦੇ ਭਾਵ ਪ੍ਰਗਟਾਉਣ ਦੇ ਬਾਵਜੂਦ ਰਾਜਕੁਮਾਰੀ ਪਾਸੋਂ ਬਣਦੀ ਦੂਰੀ ਬਣਾਈ ਰੱਖੀ। ਮਿਸਿਜ਼ ਲੋਗਨ ਦੀ ਆਸ ਦੇ ਉਲਟ ਮਹਾਰਾਜੇ ਨੇ ਉਸ ਨੂੰ ਸਪਸ਼ਟ ਕੀਤਾ ਕਿ ਉਹ ਆਪਣੇ ਵਿਆਹ ਨਾਲ ਸੰਬੰਧਤ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਨ ਉਪਰੰਤ ਇਸ ਨਤੀਜੇ ਉੱਤੇ ਪਹੁੰਚਿਆ ਹੈ ਕਿ ਕੋਈ ਅੰਗਰੇਜ਼ ਮੁਟਿਆਰ ਹੀ ਉਸ ਦੇ ਮਨ ਵਿਚ ਬਣੇ ਆਦਰਸ਼ਕ ਪਤਨੀ ਦੇ ਮਿਆਰ ਉੱਤੇ ਪੂਰੀ ਉਤਰ ਸਕਦੀ ਹੈ। ਸ੍ਰੀਮਤੀ ਲੋਗਨ ਵੀ ਜਾਣਦੀ ਸੀ ਕਿ ਇੰਗਲੈਂਡ ਦੇ ਅਨੇਕ ਪਤਵੰਤਿਆਂ ਨੇ ਮਹਾਰਾਜੇ ਨੂੰ ਆਪਣੀਆਂ ਬੇਟੀਆਂ ਨਾਲ ਵਿਆਹ ਬੰਧਨ ਵਿੱਚ ਬੱਝਣ ਲਈ ਉਤਸ਼ਾਹਿਤ ਕੀਤਾ ਹੈ, ਇਸ ਲਈ ਉਹ ਮਹਾਰਾਜੇ ਦੀ ਸੋਚ ਨੂੰ ਅਮਲੀ ਰੂਪ ਧਾਰਨ ਦੇ ਰਾਹ ਵਿਚ ਕੋਈ ਔਕੜ ਨਹੀਂ ਸੀ ਵੇਖਦੀ।
ਮਹਾਰਾਜਾ ਦਲੀਪ ਸਿੰਘ ਸਾਲ 1861 ਦੇ ਸ਼ੁਰੂ ਵਿਚ ਹਿੰਦੋਸਤਾਨ ਆਇਆ ਅਤੇ ਆਪਣੀ ਮਾਤਾ ਮਹਾਰਾਣੀ ਜਿੰਦਾਂ ਨੂੰ ਨਾਲ ਲੈ ਕੇ ਇੰਗਲੈਂਡ ਵਾਪਸ ਆ ਗਿਆ ਜਿੱਥੇ ਪਹਿਲੀ ਅਗਸਤ 1863 ਨੂੰ ਮਹਾਰਾਣੀ ਜਿੰਦਾਂ ਦਾ ਦੇਹਾਂਤ ਹੋ ਗਿਆ। ਮਹਾਰਾਜੇ ਨੇ ਮਹਾਰਾਣੀ ਜਿੰਦਾਂ ਦੀਆਂ ਅੰੰਤਿਮ ਰਸਮਾਂ ਪੂਰੀਆਂ ਕਰਨ ਲਈ ਹਿੰਦੋਸਤਾਨ ਆਉਣਾ ਸੀ। ਅਕਤੂਬਰ 1863 ਵਿਚ ਹੀ ਡਾ. ਲੋਗਨ ਚਲਾਣਾ ਕਰ ਗਿਆ। ਹਿੰਦੋਸਤਾਨ ਨੂੰ ਚੱਲਣ ਤੋਂ ਪਹਿਲਾਂ ਮਹਾਰਾਜਾ ਦਲੀਪ ਸਿੰਘ ਗ਼ਮਗੀਨ ਲੇਡੀ ਲੋਗਨ ਦਾ ਦੁੱਖ ਵੰਡਾਉਣ ਲਈ ਕੁਝ ਦਿਨ ਉਸ ਪਾਸ ਠਹਿਰਿਆ। ਇਸ ਸਮੇਂ ਤੱਕ ਮਹਾਰਾਜੇ ਦੀ ਸੋਚ ਵਿਚ ਸਿਫ਼ਤੀ ਤਬਦੀਲੀ ਆ ਚੁੱਕੀ ਸੀ। ਉਸ ਨੇ ਹਿੰਦੋਸਤਾਨ ਲਈ ਆਪਣੀ ਰਵਾਨਗੀ ਤੋਂ ਪਹਿਲਾਂ ਮਿਸਿਜ਼ ਲੋਗਨ ਨੂੰ ਦੱਸਿਆ ਕਿ ਉਸ ਨੇ ਆਪਣਾ ਬਾਕੀ ਜੀਵਨ ਇਕ ਧਾਰਮਿਕ ਇਸਾਈ ਵਿਅਕਤੀ ਵਜੋਂ ਗੁਜ਼ਾਰਨ ਦਾ ਮਨ ਬਣਾਇਆ ਹੈ। ਇਸ ਲਈ ਉਹ ਅਜਿਹੀ ਮੁਟਿਆਰ ਨਾਲ ਵਿਆਹ ਕਰਵਾਉਣਾ ਚਾਹੇਗਾ ਜੋ ਇਸ ਕਾਰਜ ਵਿਚ ਉਸ ਦੀ ਸਹਾਇਕ ਬਣ ਸਕੇ। ਮਹਾਰਾਜੇ ਨੇ ਪਿਛਲੀ ਵਾਰ ਹਿੰਦੋਤਸਾਨ ਤੋਂ ਇੰਗਲੈਂਡ ਨੂੰ ਆਉਂਦਿਆਂ ਰਸਤੇ ਵਿੱਚ ਕਾਹਿਰਾ ਵਿਖੇ ਇਸਾਈ ਮਿਸ਼ਨਰੀ ਸਕੂਲ ਵੇਖਿਆ ਸੀ ਅਤੇ ਉਹ ਇੱਥੇ ਕੀਤੇ ਜਾ ਰਹੇ ਸੇਵਾ ਕਾਰਜ ਤੋਂ ਬੇਹੱਦ ਪ੍ਰਭਾਵਿਤ ਹੋਇਆ ਸੀ। ਇਸ ਲਈ ਉਸ ਨੇ ਆਪਣਾ ਮਨ ਖੋਲ੍ਹਦਿਆਂ ਲੇਡੀ ਲੋਗਨ ਨੂੰ ਦੱਸਿਆ ਕਿ ਉਹ ਹਿੰਦੋਸਤਾਨ ਤੋਂ ਵਾਪਸੀ ਸਮੇਂ ਕਾਹਿਰਾ ਦੇ ਮਿਸ਼ਨਰੀ ਸਕੂਲ ਵਿਚ ਜਾ ਕੇ ਮਿਸ਼ਨਰੀਆਂ ਨੂੰ ਆਪਣੇ ਲਈ ਢੁੱਕਵੀਂ ਪਤਨੀ ਦੀ ਖੋਜ ਕਰਨ ਵਿੱਚ ਮਦਦ ਕਰਨ ਲਈ ਕਹੇਗਾ।
ਲੇਡੀ ਲੋਗਨ ਨੇ ਮਹਾਰਾਜਾ ਦਲੀਪ ਸਿੰਘ ਨੂੰ ਅਜਿਹਾ ਕਦਮ, ਜਿਸ ਨੇ ਮਹਾਰਾਜੇ ਦੇ ਅਗਲੇ ਸਾਰੇ ਜੀਵਨ ਨੂੰ ਪ੍ਰਭਾਵਿਤ ਕਰਨਾ ਸੀ, ਚੁੱਕਣ ਤੋਂ ਪਹਿਲਾਂ ਇਸ ਬਾਰੇ ਪੁਨਰ-ਵਿਚਾਰ ਕਰ ਲੈਣ ਲਈ ਆਖਿਆ ਪਰ ਉਹ ਆਪਣਾ ਮਨ ਬਣਾ ਚੁੱਕਾ ਸੀ। ਇਸ ਲਈ ਹਿੰਦੋਸਤਾਨ ਵਿਚ ਮਹਾਰਾਣੀ ਜਿੰਦਾਂ ਦੀਆਂ ਅੰਤਿਮ ਰਸਮਾਂ ਨਿਪਟਾਉਣ ਉਪਰੰਤ ਬਰਤਾਨੀਆ ਲਈ ਵਾਪਸੀ ਯਾਤਰਾ ਦੌਰਾਨ ਉਸ ਨੇ ਆਪਣੇ ਲਈ ਢੁੱਕਵੀਂ ਲਾੜੀ ਦੀ ਸ਼ਨਾਖਤ ਕਰਨ ਲਈ ਕਾਹਿਰਾ ਵਿਖੇ ਅਮਰੀਕੀ ਪ੍ਰੈਸਬੀਟੀਰੀਅਨ ਮਿਸ਼ਨ ਸਕੂਲ ਦਾ ਦੌਰਾ ਕੀਤਾ। ਇਸ ਸਕੂਲ ਵਿਚ ਅਧਿਆਪਕਾ ਵਜੋਂ ਕੰਮ ਕਰ ਰਹੀ ਇਕ ਮੁਟਿਆਰ ਬੰਬਾ ਮੂਲਰ ਮਹਾਰਾਜੇ ਦੇ ਮਨ ਨੂੰ ਭਾਅ ਗਈ। ਇਸ ਸਮੇਂ ਬੰਬਾ ਮੂਲਰ ਦੀ ਉਮਰ ਪੰਦਰਾਂ-ਸੋਲਾਂ ਵਰ੍ਹਿਆਂ ਦੇ ਦਰਮਿਆਨ ਸੀ। ਜਰਮਨ ਬਾਪ ਲੁਡਵਿੰਗ ਮੂਲਰ ਅਤੇ ਐਬੀਸੀਨੀਆਈ ਪਿਛੋਕੜ ਵਾਲੀ ਮਾਂ ਦੇ ਸੰਜੋਗ ਤੋਂ ਜਨਮੀ ਇਸ ਮੁਟਿਆਰ ਨੇ ਇਸਾਈ ਧਰਮ ਗ੍ਰਹਿਣ ਕੀਤਾ ਹੋਇਆ ਸੀ ਅਤੇ ਉਸ ਨੇ ਉਸੇ ਮਿਸ਼ਨ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ ਜਿੱਥੇ ਉਹ ਉਨ੍ਹੀਂ ਦਿਨੀਂ ਪੜ੍ਹਾ ਰਹੀ ਸੀ। 7 ਜੂਨ 1864 ਨੂੰ ਸਿਕੰਦਰੀਆ ਸਥਿਤ ਬਰਤਾਨਵੀ ਕੌਂਸਲਖਾਨੇ ਵਿੱਚ ਮਹਾਰਾਜਾ ਦਲੀਪ ਸਿੰਘ ਅਤੇ ਬੰਬਾ ਮੂਲਰ ਦੇ ਵਿਆਹ ਦੀ ਰਸਮ ਪੂਰੀ ਕੀਤੀ ਗਈ।
ਵਿਆਹ ਸਮੇਂ ਬੰਬਾ ਮੂਲਰ ਕੇਵਲ ਅਰਬੀ ਭਾਸ਼ਾ ਬੋਲਣ ਅਤੇ ਸਮਝਣ ਦੇ ਸਮਰੱਥ ਸੀ। ਇਸ ਲਈ ਲੰਡਨ ਪਹੁੰਚ ਕੇ ਮਹਾਰਾਜਾ ਦਲੀਪ ਸਿੰਘ ਨੇ ਉਸ ਨੂੰ ਅੰਗਰੇਜ਼ੀ ਪੜ੍ਹਾਉਣ ਦਾ ਪ੍ਰਬੰਧ ਕੀਤਾ। ਇਸ ਜੋੜੇ ਦਾ ਅਗਲਾ ਵਿਆਹੁਤਾ ਜੀਵਨ ਕੋਈ ਭੇਤ ਦੀ ਗੱਲ ਨਹੀਂ। ਸਾਰੇ ਜਾਣਦੇ ਹਨ ਕਿ ਮਹਾਰਾਣੀ ਬੰਬਾ ਮੂਲਰ ਦੇ ਪੇਟੋਂ ਮਹਾਰਾਜਾ ਦਲੀਪ ਸਿੰਘ ਦੇ ਛੇ ਬੱਚਿਆਂ – ਤਿੰਨ ਲੜਕੇ ਅਤੇ ਤਿੰਨ ਲੜਕੀਆਂ ਨੇ ਜਨਮ ਲਿਆ। ਲਗਭਗ 23 ਸਾਲ ਦਾ ਵਿਆਹੁਤਾ ਜੀਵਨ ਭੋਗਣ ਉਪਰੰਤ ਮਹਾਰਾਣੀ ਬੰਬਾ 18 ਸਤੰਬਰ 1887 ਨੂੰ ਅਕਾਲ ਚਲਾਣਾ ਕਰ ਗਈ।
ਮਹਾਰਾਣੀ ਬੰਬਾ ਦੇ ਦੇਹਾਂਤ ਉਪਰੰਤ ਮਹਾਰਾਜਾ ਦਲੀਪ ਸਿੰਘ ਨੇ ਇਕ ਹੋਰ ਵਿਆਹ 21 ਮਈ 1889 ਨੂੰ ਅਡਾਡੋਗਲਸ ਵਿਦਰਲ ਨਾਂ ਦੀ ਅੰਗਰੇਜ਼ ਔਰਤ ਨਾਲ ਕੀਤਾ। ਉਸ ਸਮੇਂ ਉਹ ਫਰਾਂਸ ਵਿਚ ਰਹਿ ਰਿਹਾ ਸੀ। ਇਸ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਮਹਾਰਾਜਾ ਦਲੀਪ ਸਿੰਘ 22 ਅਕਤੂਬਰ 1893 ਨੂੰ ਫਰਾਂਸ ਵਿੱਚ ਹੀ ਸੁਰਗਵਾਸ ਹੋ ਗਿਆ।
ਸੰਪਰਕ: 94170-49417