ਬਹਾਦਰ ਸਿੰਘ ਗੋਸਲ
ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਜਦੋਂ ਮੈਡਮ ਦਲਬੀਰ ਆਪਣੀ ਸੱਤਵੀਂ ਜਮਾਤ ਵਿੱਚ ਗਈ ਤਾਂ ਪਹਿਲਾਂ ਦੀ ਤਰ੍ਹਾਂ ਹੀ ਉਸ ਨੇ ਬੱਚਿਆਂ ਨੂੰ ਕਿਹਾ, ‘‘ਬੱਚਿਓ! ਅੱਜ ਵੀ ਮੈਂ ਤੁਹਾਨੂੰ ਇੱਕ ਪ੍ਰਸ਼ਨ ਪੁੱਛਾਂਗੀ, ਪਰ ਅੱਜ ਵਾਲਾ ਪ੍ਰਸ਼ਨ ਕੁੱਝ ਹੋਰ ਕਿਸਮ ਦਾ ਹੈ ਤਾਂ ਇਸ ਲਈ ਤੁਸੀਂ ਉੱਤਰ ਦੇਣ ਦੀ ਜਲਦੀ ਨਹੀਂ ਕਰਨੀ ਸਗੋਂ ਪੂਰਾ ਸੋਚ ਵਿਚਾਰ ਕੇ ਇਸ ਪ੍ਰਸ਼ਨ ਦਾ ਉੱਤਰ ਦੇਣ ਦਾ ਯਤਨ ਕਰਨਾ। ਜਿਸਦਾ ਉੱਤਰ ਸਹੀ ਅਤੇ ਢੁੱਕਵਾ ਹੋਵੇਗਾ, ਉਸ ਨੂੰ ਪ੍ਰਿੰਸੀਪਲ ਸਾਹਿਬ ਕੋਲੋਂ ਇਨਾਮ ਦਿਵਾਇਆ ਜਾਵੇਗਾ। ਕੀ ਤੁਸੀਂ ਇਸ ਲਈ ਤਿਆਰ ਹੋ?’’
ਸਾਰੇ ਬੱਚੇ ਚੁਸਤ ਹੋ ਕੇ ਬੈਠ ਗਏ ਅਤੇ ਕਹਿਣ ਲੱਗੇ, ‘‘ਮੈਡਮ ਜੀ! ਤੁਸੀਂ ਪਹਿਲਾਂ ਪ੍ਰਸ਼ਨ ਤਾਂ ਪੁੱਛੋ, ਪਹਿਲਾਂ ਵੀ ਅਸੀਂ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਬਹੁਤ ਗੰਭੀਰਤਾ ਨਾਲ ਦਿੰਦੇ ਹਾਂ ਕਿਉਂਕਿ ਤੁਹਾਡੇ ਹਰ ਪ੍ਰਸ਼ਨ ਵਿੱਚ ਜੀਵਨ ਨੂੰ ਵਧੀਆ ਬਣਾਉਣ ਲਈ ਕੋਈ ਨਾ ਕੋਈ ਸੰਦੇਸ਼ ਛੁਪਿਆ ਹੁੰਦਾ ਹੈ।’’
ਬੱਚਿਆਂ ਦੀ ਗੰਭੀਰਤਾ ਵਾਲੀ ਗੱਲ ਸੁਣ ਮੈਡਮ ਦਲਬੀਰ ਵੀ ਗੰਭੀਰ ਹੋ ਗਈ ਅਤੇ ਉਸ ਨੇ ਕਿਹਾ, ‘‘ਬੱਚਿਓ! ਅੱਜ ਮੈਂ ਕੇਵਲ ਇੱਕ ਹੀ ਪ੍ਰਸ਼ਨ ਪੁੱਛਾਂਗੀ, ਪਰ ਸਾਰੇ ਬੱਚਿਆਂ ਨੇ ਆਪਣੀ ਆਪਣੀ ਸਮਝ ਅਨੁਸਾਰ ਉੱਤਰ ਦੇਣ ਦਾ ਯਤਨ ਕਰਨਾ ਹੈ।’’ ਮੈਡਮ ਦੀ ਗੱਲ ਸੁਣ ਜਮਾਤ ਦੇ ਸਾਰੇ ਬੱਚੇ ਬਿਲਕੁਲ ਚੁੱਪ-ਚਾਪ ਮੈਡਮ ਦੇ ਪ੍ਰਸ਼ਨ ਦੀ ਉਡੀਕ ਕਰਨ ਲੱਗੇ।
ਮੈਡਮ ਦਲਬੀਰ ਨੇ ਪੁੱਛਿਆ, ‘‘ਬੱਚਿਓ! ਦੱਸੋ, ਸਮਾਜ ਵਿੱਚ ਵੱਡਾ ਕੌਣ ਹੈ?’’ ਸਾਰੇ ਬੱਚੇ ਆਪਣੇ ਆਪਣੇ ਮਨਾਂ ਵਿੱਚ ਵਿਚਾਰ ਕਰਨ ਲੱਗੇ ਅਤੇ ਕਈਆਂ ਨੇ ਤਾਂ ਇਸ ਪ੍ਰਸ਼ਨ ਨੂੰ ਬੜਾ ਸੌਖਾ ਅਤੇ ਆਮ ਹੀ ਸਮਝਿਆ। ਕਈ ਬੱਚਿਆਂ ਨੇ ਜਲਦੀ ਸੋਚ ਕੇ ਆਪਣੇ ਹੱਥ ਵੀ ਖੜ੍ਹੇ ਕਰ ਲਏ।
ਮੈਡਮ ਨੇ ਇਸ਼ਾਰੇ ਨਾਲ ਜਗਦੀਪ ਨੂੰ ਉੱਤਰ ਦੇਣ ਲਈ ਕਿਹਾ ਤਾਂ ਉਸ ਨੇ ਕਿਹਾ, ‘‘ਮੈਡਮ ਜੀ ਅੱਜ ਦੇ ਜ਼ਮਾਨੇ ਵਿੱਚ ਜਿਸ ਕੋਲ ਸਭ ਤੋਂ ਵੱਧ ਧਨ ਹੈ, ਉਹ ਵੱਡਾ ਹੁੰਦਾ ਹੈ।’’ ਫਿਰ ਮੈਡਮ ਨੇ ਕੁਲਦੀਪ ਨੂੰ ਪੁੱਛਿਆ ਅਤੇ ਉਸ ਨੇ ਵੀ ਕਿਹਾ, ‘‘ਮੈਡਮ ਜੀ ਅੱਜਕੱਲ੍ਹ ਪੜ੍ਹਾਈ ਲਿਖਾਈ ਦਾ ਜ਼ਮਾਨਾ ਏ, ਜੋ ਚੰਗਾ ਪੜ੍ਹ ਜਾਵੇ ਉਸ ਨੂੰ ਸਮਾਜ ਵਿੱਚ ਵੱਡਾ ਕਿਹਾ ਜਾਂਦਾ ਹੈ।’’ ਕੁਲਦੀਪ ਦੀ ਗੱਲ ਸੁਣਦੇ ਹੀ ਏਕਮ ਖੜ੍ਹਾ ਹੋ ਗਿਆ ਅਤੇ ਕਿਹਾ, ‘‘ਨਹੀਂ ਮੈਡਮ ਜੀ ਜੋ ਚੰਗਾ ਪੜ੍ਹ ਲਿਖ ਕੇ ਵੱਡਾ ਅਫ਼ਸਰ ਬਣ ਜਾਵੇ, ਉਸ ਨੂੰ ਵੱਡਾ ਕਿਹਾ ਜਾਂਦਾ ਹੈ।’’ ਇਸੇ ਬਹਿਸ ਵਿੱਚ ਜੱਗੀ ਵੀ ਕਹਿਣ ਲੱਗਾ, ‘‘ਨਹੀਂ, ਮੈਡਮ ਜੀ, ਸਾਡੇ ਪਿੰਡ ਵਿੱਚ ਤਾਂ ਨੰਬਰਦਾਰ ਚੜ੍ਹਤ ਸਿੰਘ ਦੀ ਕੋਠੀ ਸਭ ਤੋਂ ਵੱਡੀ ਹੈ ਅਤੇ ਸਾਰੇ ਪਿੰਡ ਵਾਲੇ ਉਸੇ ਨੂੰ ਵੱਡਾ ਕਹਿੰਦੇ ਹਨ। ਉਹ ਨਾਲੇ ਤਾਂ ਪਿੰਡ ਦਾ ਨੰਬਰਦਾਰ ਏ ਨਾਲੇ ਸਭ ਤੋਂ ਵੱਡੀ ਕੋਠੀ, ਹੋਇਆ ਨਾ ਸਭ ਤੋਂ ਵੱਡਾ ਆਦਮੀ।’’
ਮੈਡਮ ਦਲਬੀਰ ਬੱਚਿਆਂ ਵੱਲੋਂ ਦਿੱਤੇ ਵੱਖ ਵੱਖ ਪ੍ਰਸ਼ਨਾਂ ਨੂੰ ਬਹੁਤ ਗਹੁ ਨਾਲ ਸੁਣ ਰਹੀ ਸੀ, ਪਰ ਉਸ ਨੂੰ ਅਜੇ ਬਹੁਤ ਸਾਰੇ ਹੋਰ ਉੱਤਰਾਂ ਦੀ ਵੀ ਉਮੀਦ ਸੀ। ਇੰਨੇ ਚਿਰ ਨੂੰ ਬਹੁਤ ਹੀ ਸ਼ਾਂਤ ਬੈਠੀ ਪਲਵਿੰਦਰ ਨਾਂ ਦੀ ਕੁੜੀ ਬੋਲੀ, ‘‘ਮੈਡਮ ਜੀ! ਮੇਰੇ ਅਨੁਸਾਰ ਤਾਂ ਸਮਾਜ ਵਿੱਚ ਉਹ ਵੱਡਾ ਬੰਦਾ ਹੈ ਜਿਸ ਦਾ ਸਭ ਤੋਂ ਵੱਧ ਸਤਿਕਾਰ ਹੁੰਦਾ ਹੈ।’’ ਮੈਡਮ ਬੱਚਿਆਂ ਵੱਲੋਂ ਵੱਖ ਵੱਖ ਕਿਸਮ ਦੇ ਉੱਤਰ ਸੁਣ ਮਨ ਹੀ ਮਨ ਬਹੁਤ ਖੁਸ਼ ਹੋ ਰਹੀ ਸੀ। ਉਸ ਨੂੰ ਇਸ ਦੀ ਵੀ ਖੁਸ਼ੀ ਸੀ ਕਿ ਉਸ ਵੱਲੋਂ ਪੁੱਛੇ ਪ੍ਰਸ਼ਨ ਦੇ ਉੱਤਰ ਲਈ ਬੱਚੇ ਬਹੁਤ ਦਿਲਚਸਪੀ ਲੈ ਰਹੇ ਸਨ। ਫਿਰ ਮੈਡਮ ਨੇ ਇੱਕ ਕੋਨੇ ਵਿੱਚ ਬੈਠੇ ਮਨਦੀਪ ਨੂੰ ਵੀ ਕੁੱਝ ਦੱਸਣ ਲਈ ਕਿਹਾ। ਮਨਦੀਪ ਵੀ ਕਾਫ਼ੀ ਸਮੇਂ ਤੋਂ ਬੜੀ ਗੰਭੀਰਤਾ ਨਾਲ ਕੋਈ ਨਾ ਕੋਈ ਉੱਤਰ ਮਿਲਣ ਦੀ ਉਡੀਕ ਵਿੱਚ ਸੀ, ਆਖਰ ਉਸ ਨੇ ਕਿਹਾ, ‘‘ਹਾਂ! ਮੈਡਮ ਜੀ, ਇੱਕ ਦਾਨੀ ਪੁਰਸ਼ ਸਭ ਤੋਂ ਵੱਡਾ ਹੁੰਦਾ ਹੈ, ਦਾਨ ਵੀ ਉਹੀ ਵਿਅਕਤੀ ਕਰਦਾ ਹੈ ਜਿਸ ਦਾ ਦਿਲ ਵੱਡਾ ਹੋਵੇ ਅਤੇ ਗ਼ਰੀਬਾਂ ਦੀ ਮਦਦ ਕਰਨ ਦਾ ਚਾਹਵਾਨ ਹੋਵੇ।’’
ਮੈਡਮ ਨੇ ਕਿਹਾ, ‘‘ਮਨਦੀਪ ਦੀ ਗੱਲ ਵੀ ਠੀਕ ਹੈ, ਪਰ ਅਜੇ ਹੋਰ ਉੱਤਰਾਂ ਦੀ ਉਮੀਦ ਹੈ।’’ ਮੈਡਮ ਦੀ ਗੱਲ ਨੂੰ ਵਿੱਚੋਂ ਟੋਕਦਿਆਂ ਪ੍ਰੀਤਮ ਬੋਲ ਪਿਆ, ‘‘ਮੈਡਮ ਜੀ, ਲੋਕਤੰਤਰੀ ਦੇਸ਼ ਵਿੱਚ ਤਾਂ ਨੇਤਾ ਲੋਕ ਵੱਡੇ ਹੁੰਦੇ ਹਨ, ਇਸ ਤਰ੍ਹਾਂ ਜੋ ਮੰਤਰੀ, ਮੁੱਖ ਮੰਤਰੀ ਬਣਦੇ ਹਨ ਉਹ ਸਮਾਜ ਅਤੇ ਰਾਜਨੀਤੀ ਵਿੱਚ ਵੱਡੇ ਹੁੰਦੇ ਹਨ। ਅਜੋਕੇ ਸਮਾਜ ਵਿੱਚ ਉਨ੍ਹਾਂ ਦੀ ਵੱਡੀ ਪੁੱਛ ਹੈ। ਕਿੰਨੇ ਸਕਿਊਰਿਟੀ ਗਾਰਡ ਨਾਲ ਲੈ ਕੇ ਚੱਲਦੇ ਹਨ।’’ ਪ੍ਰੀਤਮ ਦੀ ਗੱਲ ਨੂੰ ਵਿਚਕਾਰ ਹੀ ਟੋਕਦੇ ਹੋਏ ਰਣਬੀਰ ਨੇ ਕਿਹਾ, ‘‘ਨਹੀਂ ਮੈਡਮ ਜੀ! ਨੇਤਾ ਲੋਕ ਵੱਡੇ ਨਹੀਂ ਹੁੰਦੇ, ਉਹ ਤਾਂ ਸਭ ਤੋਂ ਵੱਧ ਝੂਠ ਬੋਲਦੇ ਹਨ, ਉਨ੍ਹਾਂ ਦੀ ਵਡਿਆਈ ਤਾਂ ਵੋਟਰਾਂ ਹੱਥ ਹੁੰਦੀ ਹੈ।’’
ਹੁਣ ਸਾਰੀ ਜਮਾਤ ਦੇ ਬੱਚੇ ਸੋਚ ਰਹੇ ਸਨ ਕਿ ਮੈਡਮ ਤਾਂ ਕਿਸੇ ਵੀ ਗੱਲ ਨਾਲ ਵੀ ਸਹਿਮਤ ਨਹੀਂ ਲੱਗਦੇ। ਸ਼ਾਇਦ ਇਸ ਪ੍ਰਸ਼ਨ ਦਾ ਕੋਈ ਪੱਕਾ ਉੱਤਰ ਹੈ ਹੀ ਨਹੀਂ। ਤਾਂ ਮੈਡਮ ਨੇ ਸੁਖਦੀਪ ਨੂੰ ਵੀ ਕੁੱਝ ਉੱਤਰ ਦੇਣ ਲਈ ਕਿਹਾ ਜੋ ਸਭ ਦੇ ਉੱਤਰਾਂ ਨੂੰ ਬੜੀ ਹੀ ਸੋਚ ਵਿਚਾਰ ਨਾਲ ਸੁਣ ਰਹੀ ਸੀ। ਸੁਖਦੀਪ ਵੀ ਖੜ੍ਹੀ ਹੋ ਗਈ ਅਤੇ ਕਹਿਣ ਲੱਗੀ, ‘‘ਮੈਡਮ ਜੀ, ਤੁਹਾਡੇ ਪ੍ਰਸ਼ਨ ਦਾ ਉੱਤਰ ਮੇਰੇ ਪਾਸ ਹੈ ਅਤੇ ਉਹ ਇਹ ਹੈ ਕਿ ਸਭ ਤੋਂ ਵੱਡਾ ਆਦਮੀ ਉਹ ਹੁੰਦਾ ਹੈ ਜਿਸ ਦੀ ਸੰਗਤ ਵਿੱਚ ਬੈਠਿਆਂ ਅਸੀਂ ਆਪਣੇ ਆਪ ਨੂੰ ਛੋਟੇ ਮਹਿਸੂਸ ਕਰੀਏ। ਉਹ ਵਿਅਕਤੀ ਗੁਣਾਂ ਦਾ ਭੰਡਾਰ ਹੁੰਦਾ ਹੈ ਅਤੇ ਉਸ ਤੋਂ ਅਸੀਂ ਬਹੁਤ ਗੁਣਾਂ ਦੀ ਪ੍ਰਾਪਤੀ ਕਰ ਸਕਦੇ ਹਾਂ। ਅਜਿਹੇ ਵਿਅਕਤੀ ਪਾਸ ਬੈਠਿਆਂ ਸਾਨੂੰ ਆਪਣੇ ਛੋਟੇਪਣ ਦਾ ਅਹਿਸਾਸ ਹੁੰਦਾ ਹੈ।’’
ਸੁਖਦੀਪ ਦੀ ਗੱਲ ਸੁਣ ਮੈਡਮ ਦਲਬੀਰ ਕੌਰ ਨੇ ਤਾੜੀ ਵਜਾਉਣੀ ਸ਼ੁਰੂ ਕਰ ਦਿੱਤੀ ਅਤੇ ਕਿਹਾ, ‘‘ਸੁਖਦੀਪ ਦਾ ਉੱਤਰ ਬਿਲਕੁਲ ਸਹੀ ਅਤੇ ਸਚਾਈ ਵਾਲਾ ਹੈ।’’ ਉਸ ਤੋਂ ਬਾਅਦ ਮੈਡਮ ਪੂਰੀ ਜਮਾਤ ਨੂੰ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਵਿੱਚ ਲੈ ਗਈ ਅਤੇ ਸੁਖਦੀਪ ਨੂੰ ਪ੍ਰਿੰਸੀਪਲ ਜੀ ਤੋਂ ਇੱਕ ਵਧੀਆ ਤੋਹਫ਼ਾ ਇਨਾਮ ਦੇ ਰੂਪ ਵਿੱਚ ਦਿਵਾਇਆ। ਸਾਰੇ ਬੱਚਿਆਂ ਨੇ ਤਾੜੀਆਂ ਨਾਲ ਇਨਾਮ ਲਈ ਸੁਖਦੀਪ ਦਾ ਸਵਾਗਤ ਕੀਤਾ।
ਸੰਪਰਕ: 98764-52223