ਮਨਦੀਪ ਰਿੰਪੀ
ਦਮਨ ਹਮੇਸ਼ਾਂ ਆਪਣੇ ਮਨ ਦੀ ਮੰਨਦੀ, ਪਰ ਅਜਿਹਾ ਕੋਈ ਕਦਮ ਨਾ ਚੁੱਕਦੀ ਜਿਸ ਨਾਲ ਉਸ ਨੂੰ ਜਾਂ ਉਸ ਨਾਲ ਜੁੜੇ ਰਿਸ਼ਤਿਆਂ ਨੂੰ ਕਿਸੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ। ਜ਼ਿੰਦਗੀ ’ਚ ਬਹੁਤ ਤਲਖ਼ ਤਜ਼ਰਬਿਆਂ ਨਾਲ ਵਾਹ ਪਿਆ, ਫੇਰ ਵੀ ਮਨ ’ਚ ਜੋ ਉੱਘੜ ਕੇ ਸਾਹਮਣੇ ਆਉਂਦਾ ਕਾਗਜ਼ਾਂ ਨਾਲ ਸਾਂਝਾ ਕਰਦੀ। ਜਦੋਂ ਉਸ ਦੀਆਂ ਰਚਨਾਵਾਂ ਅਖ਼ਬਾਰਾਂ ਵਿੱਚ ਨਜ਼ਰ ਆਉਣ ਲੱਗੀਆਂ, ਉਸ ਦੀ ਵੱਖਰੀ ਪਛਾਣ ਬਣਨ ਲੱਗੀ। ਹੁਣ ਉਸ ਨੂੰ ਆਪਣੇ ਪਹਿਲਾਂ ਵਾਲੇ ਸ਼ੁਭਚਿੰਤਕ ਆਪਣੇ ਵਿਰੋਧੀਆਂ ਦੇ ਪਾਲੇ ’ਚ ਖੜ੍ਹੇ ਵਿਖਾਈ ਦਿੰਦੇ, ਪਰ ਉਹ ਚੁੱਪਚਾਪ ਆਪਣੀ ਕਲਮ ਸਹਾਰੇ ਅੱਗੇ ਵਧ ਰਹੀ ਸੀ।
ਕਈ ਦਿਨਾਂ ਤੋਂ ਉਹਦੇ ਪੁੱਤ ਨੇ ਜਾਨ ਖਾਧੀ ਹੋਈ ਸੀ ਨਾਨੀ ਘਰ ਜਾਣ ਲਈ, ਪਰ ਘਰ ਦੇ ਰੁਝੇਵਿਆਂ ਤੋਂ ਵਿਹਲ ਕਿੱਥੇ? ਇਕ ਕੰਮ ਮੁੱਕਦਾ ਤਾਂ ਦੂਜਾ ਖੜ੍ਹਾ ਹੁੰਦਾ। ਸਾਰਾ ਦਿਨ ਭੱਜ-ਨੱਠ ’ਚ ਵਕਤ ਹੱਥੋਂ ਖਿਸਕ ਜਾਂਦਾ। ਦਮਨ ਦਾ ਆਪਣਾ ਮਨ ਵੀ ਕਾਹਲ਼ਾ ਪੈਣ ਲੱਗਦਾ ਤਾਂ ਉਹ ਪੁੱਤ ਨੂੰ ਲਾਰੇ ਲਾਉਂਦੀ ਕਿ ਛੁੱਟੀਆਂ ਵਿੱਚ ਚੱਲਾਂਗੇ। ਇਸ ਵਾਰ ਜਦੋਂ ਤਿੰਨ ਛੁੱਟੀਆਂ ਇਕੱਠੀਆਂ ਆਈਆਂ ਤਾਂ ਉਹਦਾ ਪੁੱਤ ਪਹਿਲਾਂ ਵਾਂਗੂੰ ਨਾਨਕੇ ਜਾਣ ਦੀ ਅੜੀ ਫੜ ਕੇ ਬੈਠ ਗਿਆ, ਨਾਲ ਹੀ ਆਪਣੀ ਮਾਂ ਕੋਲ ਰੋਸੇ ਕਰਨ ਲੱਗਿਆ ਕਿ ਤੁਸੀਂ ਤਾਂ ਝੂਠੇ ਹੋ… ਹਰ ਵਾਰ ਕਹਿ ਦਿੰਦੇ ਹੋ ਛੁੱਟੀਆਂ ’ਚ ਚੱਲਾਂਗੇ…?
ਇਸ ਵਾਰ ਪੁੱਤ ਦੀ ਖ਼ੁਸ਼ੀ ਖ਼ਾਤਰ ਉਹ ਝੁਕ ਗਈ ਤੇ ਤੁਰ ਪਈ ਆਪਣੇ ਆਪਣੇ ਪੇਕੇ ਘਰ। ਉੱਥੇ ਪਹੁੰਚ ਚਾਹ ਪਾਣੀ ਪੀ ਆਪਣੀ ਮਾਂ ਨਾਲ ਦੁੱਖ ਸੁੱਖ ਸਾਂਝੇ ਕਰਦੀ ਰਹੀ। ਉਹੀ ਰੋਣੇ ਧੋਣੇ… ਮਾਂ ਤੋਂ ਵਧ ਕੇ ਕੌਣ ਸਮਝੇ ਧੀ ਨੂੰ? ਆਪਣੇ ਪੁੱਤ ਨੂੰ ਹੱਸਦਾ ਖੇਡਦਾ ਵੇਖ ਉਸ ਦੀ ਕੁਮਲਾਈ ਰੂਹ ਵੀ ਬਾਘੀਆਂ ਪਾਉਣ ਲੱਗੀ।
ਉਹ ਆਪਣੇ ਮਨ ਦੇ ਵਲਵਲਿਆਂ ਦੀ ਕਾਗਜ਼ਾਂ ਨਾਲ ਸਾਂਝ ਪਾਉਣ ਲਈ ਕਲਮ ਚੁੱਕ ਪਿਛਲੇ ਕਮਰੇ ’ਚ ਚੁੱਪਚਾਪ ਜਾ ਬੈਠੀ। ਸ਼ਾਮ ਵੇਲੇ ਜਦੋਂ ਉਸ ਦਾ ਪਿਓ ਤੇ ਭਰਾ ਕੰਮ ਤੋਂ ਆਏ ਤਾਂ ਉਨ੍ਹਾਂ ਨਾਲ ਆਪਣੇ ਕੁਝ ਕੁ ਪਲਾਂ ਦੀ ਸਾਂਝ ਪਾ ਦੁਬਾਰਾ ਆਪਣੀ ਕਲਮ ਨਾਲ ਗੱਲੀਂ ਪੈ ਗਈ। ਜਦੋਂ ਘਰ ਦੇ ਸਾਰੇ ਜੀਅ ਰੋਟੀ ਖਾਣ ਲੱਗੇ ਤਾਂ ਉਹਦੀ ਮਾਂ ਨੇ ਹਾਕ ਮਾਰੀ। ਉਹਨੇ ਨਾਂਹ ਵਿੱਚ ਸਿਰ ਹਿਲਾਉਂਦਿਆਂ ਕਿਹਾ, ‘‘ਹਾਲੇ ਭੁੱਖ ਨਹੀਂ, ਜਦੋਂ ਭੁੱਖ ਲੱਗੀ ਆਪੇ ਖਾ ਲਵਾਂਗੀ।’’ ਜਦੋਂ ਮਾਂ ਨੇ ਰਸੋਈ ਦਾ ਸਾਰਾ ਕੰਮ-ਕਾਰ ਨਬਿੇੜ ਦੁਬਾਰਾ ਰੋਟੀ ਬਾਰੇ ਪੁੱਛਿਆ ਤਾਂ ਮੁੜ ਉਸ ਦਾ ਉਹੀ ਜਵਾਬ ਸੀ ਕਿ ਹਾਲੇ ਭੁੱਖ ਨਹੀਂ।
ਉਹ ਫੋਨ ਚਾਰਜਰ ’ਤੇ ਲਾ ਕੇ ਭੁੱਲ ਗਈ। ਜਦੋਂ ਚਾਰਜਰ ਤੋਂ ਫੋਨ ਲਾਹੁਣ ਦੀ ਯਾਦ ਆਈ ਤਾਂ ਉਸ ਨੇ ਸਕਰੀਨ ’ਤੇ ਮਿਸਡ ਕਾਲ ਦੇਖੀ, ਪਰ ਹੁਣ ਸਮਾਂ ਸਾਢੇ ਕੁ ਗਿਆਰਾਂ ਵਜੇ ਦਾ ਸੀ। ਨੰਬਰ ਵੀ ਕੋਈ ਅਣਪਛਾਤਾ ਸੀ। ਜੇਕਰ ਜਾਣਿਆ ਪਛਾਣਿਆ ਹੁੰਦਾ ਤਾਂ ਬਿਨਾਂ ਕਿਸੇ ਡਰ ਭੈਅ ਮੁੜ ਫੋਨ ਕਰ ਲੈਂਦੀ, ਪਰ ਹੁਣ ਕਿਸੇ ਓਪਰੇ ਨੂੰ ਅੱਧੀ ਰਾਤ ਫੋਨ ਕਰਨਾ! ਉਸ ਦਾ ਮਨ ਜਵਾਬ ਦੇ ਗਿਆ। ਉਸ ਨੇ ਫੋਨ ਪਰ੍ਹਾਂ ਰੱਖ ਦਿੱਤਾ ਅਤੇ ਅੱਖਰਾਂ ’ਚ ਪਰੋਏ ਜਜ਼ਬਾਤ ਕਹਾਣੀ ਬਣ ਉਹਦੇ ਸਾਹਮਣੇ ਖੜ੍ਹ ਗਏ। ਹੁਣ ਲਗਪਗ ਇੱਕ ਵੱਜ ਚੁੱਕਿਆ ਸੀ। ਉਹ ਕਹਾਣੀ ਨੂੰ ਵਾਰ ਵਾਰ ਪੜ੍ਹਦੀ, ਸੋਧਦੀ, ਨਵੇਂ ਸ਼ਬਦ ਭਰਤੀ ਤੇ ਕੁਝ ਗ਼ੈਰ ਜ਼ਰੂਰੀ ਸ਼ਬਦ ਕੱਢਦੀ। ਉਸ ਨੂੰ ਨੀਂਦ ਨਹੀਂ ਆ ਰਹੀ ਸੀ। ਉਸ ਨੇ ਕਹਾਣੀ ਫੋਨ ’ਤੇ ਹੀ ਟਾਈਪ ਕਰਨ ਬਾਰੇ ਸੋਚਿਆ। ਅੱਗੇ ਵੀ ਉਹ ਅੱਧੀ ਅੱਧੀ ਰਾਤ ਤਕ ਫੋਨ ’ਤੇ ਆਪਣੀਆਂ ਕਹਾਣੀਆਂ ਟਾਈਪ ਕਰਦੀ ਰਹਿੰਦੀ ਹੈ। ਦਰਅਸਲ, ਉਸ ਨੂੰ ਬਚਪਨ ਤੋਂ ਹੀ ਆਦਤ ਹੈ ਜਦੋਂ ਤੱਕ ਆਪਣਾ ਕੰਮ ਪੂਰਾ ਨਹੀਂ ਕਰਦੀ ਉਸ ਨੂੰ ਨੀਂਦ ਨਹੀਂ ਆਉਂਦੀ। ਇਮਤਿਹਾਨਾਂ ਵੇਲੇ ਵੀ ਉਹ ਅੱਧੀ ਅੱਧੀ ਰਾਤ ਤਕ ਪੜ੍ਹਦੀ ਰਹਿੰਦੀ ਸੀ। ਉਹ ਵੀ ਫਰਸ਼ ’ਤੇ ਚਟਾਈ ਵਿਛਾ ਕੇ। ਜਦੋਂ ਮੰਮੀ ਆਖਦੇ ਕਿ ਬੈੱਡ ਜਾਂ ਕੁਰਸੀ ’ਤੇ ਬੈਠ ਕੇ ਪੜ੍ਹ ਲੈ, ਇੱਕੋ ਜਵਾਬ ਹੁੰਦਾ ਸੀ ਕਿ ਫਰਸ਼ ’ਤੇ ਬੈਠ ਕੇ ਛੇਤੀ ਨੀਂਦ ਨਹੀਂ ਆਉਂਦੀ। ਪਰ ਹੁਣ ਹੈਰਾਨ ਸੀ ਕਿ ਬੈੱਡ ’ਤੇ ਪੈ ਕੇ ਵੀ ਨੀਂਦ ਛੇਤੀ ਨਹੀਂ ਆਉਂਦੀ।
ਜਦੋਂ ਉਹ ਕਹਾਣੀ ਟਾਈਪ ਕਰ ਰਹੀ ਸੀ ਤਾਂ ਵ੍ਹੱਟਸਐਪ ’ਤੇ ਕਿਸੇ ਅਣਜਾਣ ਨੇ ਉਸ ਨੂੰ ਹੈਲੋ! ਹਾਏ! ਲਿਖ ਕੇ ਮੈਸੇਜ ਕੀਤਾ ਹੋਇਆ ਸੀ। ਉਹ ਹੈਰਾਨ ਪ੍ਰੇਸ਼ਾਨ ਹੋ ਗਈ ਕਿ ਇਹ ਕੌਣ ਹੈ? ਬਿਨਾਂ ਕੋਈ ਜਵਾਬ ਦਿੱਤਿਆਂ ਆਪਣੇ ਕੰਮ ਵਿੱਚ ਰੁੱਝੀ ਰਹੀ। ਫਿਰ ਸੋਚਣ ਲੱਗੀ ਕਿ ਉਹ ਕਿਹੜਾ ਹੁਣ ਸੋਲ੍ਹਵੇਂ ਅਠਾਰ੍ਹਵੇਂ ਸਾਲ ’ਚ ਹੈ ਜੋ ਇਸ ਤਰ੍ਹਾਂ ਦੇ ਮੈਸੇਜ ਆਉਣਗੇ! ਉਹ ਤਾਂ ਹੁਣ ਦੋ ਬੱਚਿਆਂ ਦੀ ਮਾਂ ਬਣ, ਉਮਰ ਦੇ ਉਸ ਮੋੜ ’ਤੇ ਖੜ੍ਹੀ ਹੈ ਜਿੱਥੇ ਔਰਤ ਆਪਣਾ ਆਪਾ ਭੁੱਲ ਕੇ ਆਪਣੇ ਸੁਪਨਿਆਂ ਨੂੰ ਆਪਣੇ ਬੱਚਿਆਂ ਦੀਆਂ ਅੱਖਾਂ ਵਿੱਚ ਪੜ੍ਹਨਾ ਸਿੱਖ ਜਾਂਦੀ ਹੈ ਅਤੇ ਉਨ੍ਹਾਂ ਦੀ ਪੂਰਤੀ ਲਈ ਜੱਦੋਜਹਿਦ ਕਰਦੀ ਹੈ। ਫੇਰ ਉਹ ਇੱਕ ਕਿਤਾਬ ਚੁੱਕ ਕੇ ਬੈਠ ਗਈ ਕਿਉਂਕਿ ਨੀਂਦ ਹਾਲੇ ਵੀ ਅੱਖਾਂ ਤੋਂ ਕੋਹਾਂ ਦੂਰ ਜਾਪ ਰਹੀ ਸੀ। ਕਿਤਾਬ ਪੜ੍ਹਨ ਲੱਗਿਆਂ ਵੀ ਉਹ ਸੋਚਣ ਲੱਗੀ ਕਿ ਨੰਬਰ ਕਿਸ ਦਾ ਹੈ? ਲਗਪਗ ਚਾਰ ਕੁ ਵਜੇ ਉਸ ਨੂੰ ਨੀਂਦ ਆਉਣ ਲੱਗੀ। ਉਹ ਕਿਤਾਬ ਰੱਖ ਕੇ ਬੱਤੀ ਬੁਝਾ ਸੌਂ ਗਈ। ਸਵੇਰੇ ਜਲਦੀ ਜਾਗ ਨਾ ਖੁੱਲ੍ਹੀ। ਤਕਰੀਬਨ ਅੱਠ ਵੱਜ ਗਏ। ਮਾਂ ਨੇ ਇਹ ਸੋਚ ਕੇ ਉਸ ਨੂੰ ਨਾ ਜਗਾਇਆ ਕਿ ਰਾਤੀਂ ਬਹੁਤ ਦੇਰ ਨਾਲ ਸੁੱਤੀ। ਸ਼ਾਇਦ ਹੁਣ ਵੀ ਨਾ ਜਾਗਦੀ ਜੇ ਉਸ ਦਾ ਪੁੱਤ ਸੌਰਭ ਉਸ ਦੇ ਨਾਲ ਲੱਗ ਕੇ ਪੈ ਨਾ ਜਾਂਦਾ ਤੇ ਉਸ ਦੇ ਮੂੰਹ ’ਤੇ ਹੱਥ ਰੱਖ ਕੇ ਨਾ ਆਖਦਾ, ‘‘ਮੰਮੀ ਜੀ! ਦੇਖੋ ਕਿੰਨਾ ਦਿਨ ਚੜ੍ਹ ਆਇਆ… ਅੱਗੇ ਤੁਸੀਂ ਮੈਨੂੰ ਜਗਾਉਂਦੇ ਹੋ ਅੱਜ ਮੈਂ ਜਗਾਉਣ ਲੱਗਿਆਂ।’’ ਪੁੱਤ ਦੀਆਂ ਗੱਲਾਂ ਸੁਣ ਉਹ ਮੁਸਕਰਾਉਂਦੀ ਹੋਈ ਉੱਠ ਬੈਠੀ। ਥੋੜ੍ਹੀ ਦੇਰ ਆਪਣੇ ਪੁੱਤ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਰੁੱਝੀ ਰਹੀ।
ਫਿਰ ਨਾਸ਼ਤਾ ਕਰ ਮੁੜ ਬੈਠ ਗਈ ਕਾਗਜ਼ ਕਲਮ ਨਾਲ ਸਾਂਝ ਪਾਉਣ ਲਈ, ਪਰ ਫੋਨ ਦੀ ਰਿੰਗਟੋਨ ਨੇ ਸੁਰਤੀ ਭੰਗ ਕਰ ਦਿੱਤੀ। ਉਸ ਨੇ ਨੰਬਰ ਵੇਖਿਆ ਮੁੜ ਇਹ ਕੋਈ ਅਣਜਾਣ ਨੰਬਰ ਸੀ। ਗੱਲ ਕਰਨ ਵਾਲਾ ਪੁੱਛ ਰਿਹਾ ਸੀ ਕਿ ਤੁਸੀਂ ਕਿੱਥੋਂ ਬੋਲ ਰਹੇ ਹੋ, ਕੌਣ ਬੋਲ ਰਹੇ? ਉਹ ਗੱਲ ਕਰਨ ਵਾਲੇ ਨੂੰ ਆਖਣ ਲੱਗੀ, ‘‘ਫੋਨ ਤੁਸੀਂ ਕੀਤਾ। ਕੀਹਦੇ ਨਾਲ ਗੱਲ ਕਰਨੀ?’’ ਪਰ ਦੂਸਰੇ ਪਾਸਿਓਂ ਉਲਟ ਉਲਟ ਪ੍ਰਸ਼ਨ ਪੁੱਛੇ ਜਾ ਰਹੇ ਸਨ ਜਿਸ ਕਾਰਨ ਉਹ ਖਿੱਝ ਗਈ ਤੇ ਫੋਨ ਪਰ੍ਹਾਂ ਰੱਖ ਦਿੱਤਾ। ਇਉਂ ਅਣਜਾਣ ਨੰਬਰਾਂ ਤੋਂ ਫੋਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਹ ਹੈਰਾਨ ਸੀ ਕਿ ਉਸ ਨਾਲ ਅਚਾਨਕ ਇਹ ਕੀ ਹੋ ਰਿਹਾ ਹੈ? ਉਹ ਪ੍ਰੇਸ਼ਾਨ ਹੋ ਗਈ। ਵ੍ਹੱਟਸਐਪ ’ਤੇ ਵੀ ਤਰ੍ਹਾਂ ਤਰ੍ਹਾਂ ਦੇ ਅਸ਼ਲੀਲ ਮੈਸੇਜ ਵੇਖ ਉਸ ਦੇ ਅੰਦਰ ਭਾਂਬੜ ਮੱਚ ਗਿਆ। ਇਸ ਦੇ ਧੂੰਏਂ ਦਾ ਸੇਕ ਅੰਦਰ ਹੀ ਅੰਦਰ ਮਘਣ ਲੱਗਿਆ। ਉਹ ਆਪਣੇ ਅੰਦਰ ਅਚਾਨਕ ਵਹਿ ਤੁਰੇ ਲਾਵੇ ਨਾਲ ਖ਼ੁਦ ਨੂੰ ਰਾਖ਼ ਨਹੀਂ ਸੀ ਹੋਣ ਦੇਣਾ ਚਾਹੁੰਦੀ, ਪਰ ਕੀ ਕਰੇ? ਜੇਕਰ ਆਪਣੇ ਪਤੀ ਨਾਲ ਗੱਲ ਕਰਦੀ ਤਾਂ ਪਤੀ ਨੇ ਉਲਟਾ ਉਸ ਨੂੰ ਹੀ ਦੋਸ਼ੀ ਬਣਾ ਦੇਣਾ ਸਭ ਰਿਸ਼ਤੇਦਾਰਾਂ ਸਾਹਮਣੇ। ਉਸ ਨੂੰ ਪਤਾ ਹੈ ਉੱਥੇ ਉਸ ਦੀ ਕੋਈ ਸੁਣਵਾਈ ਨਹੀਂ ਹੋਣੀ। ਉਂਜ ਵੀ ਉਸ ਨੇ ਬੜੀ ਮੁਸ਼ਕਿਲ ਨਾਲ ਤਾਂ ਕਲਮ ਫੜੀ ਸੀ ਹੱਥਾਂ ’ਚ। ਉਸ ਦਾ ਪਤੀ ਤਾਂ ਪਹਿਲਾਂ ਹੀ ਉਸ ਦੀ ਕਲਮ ਨੂੰ ਹਮੇਸ਼ਾਂ ਨਫ਼ਰਤ ਨਾਲ ਵੇਖਦਾ ਆ ਰਿਹਾ ਸੀ। ਜਦੋਂ ਵੀ ਉਸ ਦੀ ਕੋਈ ਰਚਨਾ ਕਿਸੇ ਅਖ਼ਬਾਰ ਵਿੱਚ ਛਪਦੀ ਤਾਂ ਉਹ ਉਸ ਤੋਂ ਲੁਕੋ ਲੁਕੋ ਕੇ ਰੱਖਦੀ ਸੀ।
ਉਸ ਨੂੰ ਯਾਦ ਹੈ ਜਦੋਂ ਸ਼ੁਰੂ ਸ਼ੁਰੂ ਵਿੱਚ ਉਸ ਦੀ ਇੱਕ ਕਵਿਤਾ ਨੂੰ ਔਨਲਾਈਨ ਅਖ਼ਬਾਰ ਵਿੱਚ ਥਾਂ ਮਿਲੀ ਸੀ, ਉਸ ਨੇ ਸਭ ਤੋਂ ਪਹਿਲਾਂ ਆਪਣੀ ਖ਼ੁਸ਼ੀ ਪਤੀ ਨਾਲ ਸਾਂਝੀ ਕਰਨ ਲਈ ਫੋਨ ’ਤੇ ਆਪਣੀ ਕਵਿਤਾ ਉਸ ਨੂੰ ਵਿਖਾਈ ਸੀ। ਉਸ ਦੇ ਪਤੀ ਦੇ ਚਿਹਰੇ ’ਤੇ ਖ਼ੁਸ਼ੀ ਤਾਂ ਕੀ ਉੱਘੜਣੀ ਸੀ ਸਗੋਂ ਗੁੱਸੇ ਅਤੇ ਨਫ਼ਰਤ ਵਰਗੀਆਂ ਮਿਲਦੀਆਂ ਜੁਲਦੀਆਂ ਲਕੀਰਾਂ ਉੱਭਰ ਆਈਆਂ ਤੇ ਉਹ ਆਖਣ ਲੱਗਿਆ, ‘‘ਇਹ ਕੀ ਐ? ਇਨ੍ਹਾਂ ਅਖ਼ਬਾਰਾਂ ਨੂੰ ਕੌਣ ਪੁੱਛਦੈ? ਜਦੋਂ ਕਿਸੇ ਵੱਡੇ ਅਖ਼ਬਾਰ ’ਚ ਕਹਾਣੀ ਲੱਗੀ ਫੇਰ ਗੱਲ ਕਰੀਂ।’’ ਦਮਨ ਲਈ ਖ਼ੁਸ਼ੀ ਦੇ ਪਲ ਵੀ ਇੱਕ ਹਾਉਕਾ ਬਣ ਕੇ ਰਹਿ ਗਏ। ਉਹ ਹਉਕਾ ਉਸ ਨੇ ਉਸੇ ਤਰ੍ਹਾਂ ਆਪਣੇ ਮਨ ਦੀਆਂ ਤਹਿਆਂ ਵਿੱਚ ਘੁੱਟ ਲਿਆ। ਮੁੜ ਉਸ ਦੀ ਕਦੇ ਹਿੰਮਤ ਨਾ ਪਈ ਆਪਣੇ ਪਤੀ ਨੂੰ ਆਪਣੀ ਕੋਈ ਰਚਨਾ ਵਿਖਾਉਣ ਦੀ। ਫਿਰ ਇੱਕ ਦਿਨ ਉਹ ਉੱਛਲ ਪਈ, ਜਦੋਂ ਉਸ ਨੇ ਆਪਣੀ ਰਚਨਾ ਇੱਕ ਵੱਡੇ ਅਖ਼ਬਾਰ ਵਿਚ ਦੇਖੀ। ਉਹ ਅਖ਼ਬਾਰ ਚੁੱਕ ਕੇ ਆਪਣੇ ਪਤੀ ਕੋਲ ਗਈ ਕਿ ਵੇਖੋ ਮੇਰੀ ਰਚਨਾ ਲੱਗੀ ਹੈ, ਪਰ ਇਸ ਵਾਰ ਪਤੀ ਦੇ ਮੂੰਹੋ ‘ਠੀਕ ਹੈ’ ਸੁਣ ਕੇ ਉਹ ਹੈਰਾਨ ਰਹਿ ਗਈ ਕਿਉਂਕਿ ਪਤੀ ਦੇ ਚਿਹਰੇ ਦੇ ਭਾਵ ਪਹਿਲਾਂ ਵਰਗੇ ਹੀ ਸਨ। ਇਨ੍ਹਾਂ ਵਿੱਚ ਕੋਈ ਬਦਲਾਅ ਨਹੀਂ ਸੀ। ਉਸ ਦੇ ਮਨ ਦੀਆਂ ਤਹਿਆਂ ਵਿੱਚ ਦੱਬਿਆ ਹਉਕਾ ਮੁੜ ਉਛਲਿਆ ਤੇ ਇਕ ਹੋਰ ਹਉਕੇ ਨੂੰ ਜਨਮ ਦੇ ਉੱਥੇ ਹੀ ਬੈਠ ਗਿਆ। ਉਹ ਤਾਂ ਬੜੀ ਉਮੀਦ ਨਾਲ ਅਖ਼ਬਾਰ ਲੈ ਕੇ ਆਪਣੇ ਪਤੀ ਕੋਲ ਆਈ ਕਿ ਉਹ ਖ਼ੁਸ਼ ਹੋ ਕੇ ਉਸ ਨੂੰ ਮੁਬਾਰਕਬਾਦ ਦੇਵੇਗਾ, ਪਰ ਅਜਿਹਾ ਕੁਝ ਨਹੀਂ ਹੋਇਆ। ਉਸ ਦਾ ਪਤੀ ਅਖ਼ਬਾਰ ਫੜ੍ਹ ਹੋਰ ਖ਼ਬਰਾਂ ’ਤੇ ਨਜ਼ਰ ਦੌੜਾਉਣ ਲੱਗਿਆ ਤੇ ਉਸ ਦੀ ਰਚਨਾ ਵੱਲ ਤਾਂ ਸਰਸਰੀ ਨਜ਼ਰ ਵੀ ਨਾ ਮਾਰੀ। ਉਹ ਸਮਝ ਨਾ ਸਕੀ ਕਿ ਪਤੀ ਉਸ ਨਾਲ ਖ਼ੁਸ਼ ਹੈ ਜਾਂ ਨਾਰਾਜ਼? ਜੇ ਨਾਰਾਜ਼ ਹੈ ਤਾਂ ਇੱਕ ਵਾਰੀ ਮੂੰਹੋਂ ਕੋਈ ਲਫ਼ਜ਼ ਕੱਢੇ, ਆਪਣੀ ਨਾਰਾਜ਼ਗੀ ਦਾ ਕਾਰਨ ਸਾਂਝਾ ਕਰੇ ਤਾਂ ਜੋ ਉਸ ਨੂੰ ਵੀ ਪਤਾ ਲੱਗੇ ਕਿ ਹੱਥਾਂ ’ਚ ਕਲਮ ਫੜਨ ਕਾਰਨ ਉਸ ਦੇ ਪਤੀ ਦੇ ਮਨ ਅੰਦਰ ਕਾਲਖ ਜਿਹੀ ਕਿਉਂ ਜੰਮਣ ਲੱਗੀ? ਇੱਕ ਪਾਸੇ ਪਾਠਕਾਂ ਦੇ ਮੋਹ ਦੀਆਂ ਤੰਦਾਂ ਉਸ ਦੀ ਰੂਹ ਨੂੰ ਕੱਜ ਰਹੀਆਂ ਸਨ ਤਾਂ ਦੂਜੇ ਪਾਸੇ ਉਸ ਵਿਰੁੱਧ ਕੋਝੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਸਨ। ਸਾਜ਼ਿਸ਼ਾਂ ਅਣਦੇਖੀਆਂ ਕਰ ਉਹ ਆਪਣੇ ਰਾਹਾਂ ’ਤੇ ਤੁਰਦੀ ਜਾ ਰਹੀ ਸੀ, ਪਰ ਅੱਜ ਉਸ ਦੀ ਰੂਹ ਨੂੰ ਬਹੁਤ ਧੱਕਾ ਲੱਗਿਆ ਜਦੋਂ ਉਸ ਦੇ ਫੋਨ ’ਤੇ ਕਈ ਅਣਪਛਾਣੇ ਨੰਬਰਾਂ ਤੋਂ ਗ਼ਲਤ ਮੈਸੇਜ ਆਏ ਹੋਏ ਸਨ। ਉਹ ਮੈਸੇਜ ਪੜ੍ਹ ਕੇ ਕੰਬ ਗਈ। ਉਸ ਨੂੰ ਕੁਝ ਨਹੀਂ ਸੀ ਸੁੱਝ ਰਿਹਾ ਕਿ ਕੀ ਕਰੇ? ਉਹ ਥੋੜ੍ਹੀ ਦੇਰ ਉਸੇ ਤਰ੍ਹਾਂ ਫੋਨ ਹੱਥ ’ਚ ਫੜ, ਅੱਖਾਂ ਬੰਦ ਕਰ ਚੁੱਪਚਾਪ ਬੈਠੀ ਰਹੀ।
ਥੋੜ੍ਹੀ ਦੇਰ ਬਾਅਦ ਇਕ ਹੋਰ ਅਣਪਛਾਤੇ ਨੰਬਰ ਤੋਂ ਮੈਸੇਜ ਆਇਆ। ਮੈਸੇਜ ਸੀ: ਹੈਲੋ ਜੀ! ਕੀ ਹਾਲ ਹੈ? ਕਿਵੇਂ ਹੋ? ਕੀ ਕਰਦੇ ਸੀ? ਤੁਹਾਡੇ ਨਾਲ ਗੱਲ ਕਰਨੀ ਸੀ। ਮੈਸੇਜ ਪੜ੍ਹ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਉਸ ਦਾ ਗਲਾ ਸੁੱਕਣ ਲੱਗਿਆ ਤੇ ਉਸ ਨੇ ਪਾਣੀ ਦਾ ਘੁੱਟ ਪੀਤਾ। ਹਿੰਮਤ ਜਿਹੀ ਨਾਲ ਮੈਸੇਜ ਕੀਤਾ: ਹਾਂ ਜੀ! ਕੀਹਦੇ ਨਾਲ ਗੱਲ ਕਰਨੀ ਹੈ? ਅੱਗੋਂ ਮੈਸੇਜ ਦਾ ਜੁਆਬ ਫਿਰ ਮੈਸੇਜ ਵਿੱਚ ਹੀ ਆਇਆ: ਗੱਲ ਤਾਂ ਤੁਹਾਡੇ ਨਾਲ ਹੀ ਕਰਨੀ ਹੈ ਜੀ… ਤੁਸੀਂ ਕਿੱਥੋਂ ਦੇ ਹੋ? ਦਮਨ ਨੇ ਲਿਖਿਆ: ਮੈਸੇਜ ਤੁਸੀਂ ਕੀਤਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕੀਹਦੇ ਨਾਲ ਗੱਲ ਕਰਨੀ ਹੈ? ਉਸ ਸ਼ਖ਼ਸ ਦਾ ਜਵਾਬ ਸੀ: ਜੀ ਮੈਂ ਤਾਂ ਤੁਹਾਡਾ ਨੰਬਰ ਇਕ ਗਰੁੱਪ ਵਿੱਚੋਂ ਚੁੱਕਿਆ ਹੈ। ਦਮਨ ਦੀਆਂ ਅੱਖਾਂ ਵਿੱਚ ਭੈਅ ਤਰਨ ਲੱਗਿਆ। ਕਿਹੜੇ ਗਰੁੱਪ ਵਿੱਚ? ਦੂਜੇ ਪਾਸਿਓਂ ਸ਼ਖ਼ਸ ਦਾ ਉੱਤਰ ਸੀ: ਜੀ! ਇੱਕ ਗ਼ਲਤ ਗਰੁੱਪ ਹੈ ਉਸ ਵਿੱਚ ਕਿਸੇ ਨੇ ਤੁਹਾਡਾ ਨੰਬਰ ਪਾਇਆ ਹੋਇਆ ਹੈ ਕਿ ਇਸ ਨੰਬਰ ’ਤੇ ਸੰਪਰਕ ਕਰੋ।
ਉਸ ਸ਼ਖ਼ਸ ਦੀਆਂ ਗੱਲਾਂ ਸੁਣ ਕੇ ਦਮਨ ਦਾ ਖ਼ੂਨ ਖੌਲ ਉੱਠਿਆ। ਉਸ ਨੇ ਉਸ ਸ਼ਖ਼ਸ ਨੂੰ ਫ਼ੋਨ ਲਗਾ ਲਿਆ। ਉਸ ਸ਼ਖ਼ਸ ਨੂੰ ਗੁੱਸੇ ਭਰੇ ਲਹਿਜੇ ਵਿੱਚ ਪੁੱਛਿਆ, ‘‘ਤੂੰ ਕੌਣ ਹੈਂ? ਤੈਨੂੰ ਮੇਰਾ ਨੰਬਰ ਕਿਸ ਗਰੁੱਪ ’ਚੋਂ ਮਿਲਿਆ? ਮੈਨੂੰ ਉਸ ਗਰੁੱਪ ਦਾ ਸਕ੍ਰੀਨਸ਼ੌਟ ਭੇਜ… ਉਸ ਗਰੁੱਪ ਦੇ ਐਡਮਿਨ ਦਾ ਨਾਮ ਦੱਸ… ਮੈਂ ਥਾਣੇ ਜਾ ਰਹੀ ਹਾਂ ਰਿਪੋਰਟ ਲਿਖਵਾਉਣ। ਸਭ ਤੋਂ ਪਹਿਲਾਂ ਤੇਰਾ ਨੰਬਰ ਦਰਜ ਹੋਵੇਗਾ।’’ ਦਮਨ ਦੀਆਂ ਗੱਲਾਂ ਸੁਣ ਉਹ ਸ਼ਖ਼ਸ ਘਬਰਾ ਗਿਆ ਤੇ ਮਿੰਨਤਾਂ ਤਰਲੇ ਕਰਨ ਲੱਗਿਆ, ‘‘ਮੇਰਾ ਕੋਈ ਕਸੂਰ ਨਹੀਂ। ਮੈਂ ਤੁਹਾਨੂੰ ਉਸ ਗਰੁੱਪ ਦੇ ਸਕ੍ਰੀਨਸ਼ੌਟ ਭੇਜ ਦਿੰਦਾ ਹਾਂ ਪਰ ਮੇਰਾ ਨਾਮ ਵਿੱਚ ਨਾ ਆਵੇ।’’ ਦਮਨ ਉਸ ਸ਼ਖ਼ਸ ਦੇ ਮੈਸੇਜਾਂ ਦੀ ਉਡੀਕ ਕਰਨ ਲੱਗੀ ਅਤੇ ਨਾਲ ਹੀ ਉਹ ਸੋਚਾਂ ਵਿੱਚ ਪੈ ਗਈ ਕਿ ਐਨੀ ਘਟੀਆ ਮਾਨਸਿਕਤਾ ਦੇ ਲੋਕ ਵੀ ਹੋ ਸਕਦੇ ਨੇ ਜਿਹੜੇ ਕਿਸੇ ਔਰਤ ਨੂੰ ਅੱਗੇ ਵਧਦਿਆਂ ਵੇਖ, ਉਸ ਦੇ ਹੌਸਲੇ ਢਾਹੁਣ ਲਈ ਐਨੀਆਂ ਕੋਝੀਆਂ ਸਾਜ਼ਿਸ਼ਾਂ ਰਚਣ ਤੋਂ ਵੀ ਪਿੱਛੇ ਨਹੀਂ ਹਟਦੇ। ਇਹ ਸੋਚਦਿਆਂ ਉਹ ਇੱਕ ਵਾਰ ਫੇਰ ਸਿਰ ਤੋਂ ਪੈਰਾਂ ਤਕ ਕੰਬ ਗਈ।
ਉਸ ਸ਼ਖ਼ਸ ਨੇ ਸਕ੍ਰੀਨਸ਼ੌਟ ਭੇਜ ਦਿੱਤੇ। ਸਕ੍ਰੀਨਸ਼ੌਟ ਤੇ ਨਾਲ ਭੱਦੀ ਸ਼ਬਦਾਵਲੀ ਵੇਖ ਕੇ ਦਮਨ ਨੂੰ ਗੁੱਸਾ ਵੀ ਆ ਰਿਹਾ ਸੀ ਤੇ ਉਸ ਦੇ ਮਨ ਅੰਦਰ ਇਕ ਡਰ ਵੀ ਸਿਰ ਚੁੱਕ ਰਿਹਾ ਸੀ। ਉਹ ਸੋਚਾਂ ਵਿੱਚ ਖੁੱਭ ਗਈ: ‘ਲੋਕ ਮੇਰਾ ਨੰਬਰ ਵੇਖ ਮੇਰੇ ਬਾਰੇ ਕੀ ਸੋਚਣਗੇ? ਜੇਕਰ ਪਰਿਵਾਰ ਦੇ ਕਿਸੇ ਵੀ ਜੀਅ ਨੂੰ ਮੇਰੇ ਫ਼ੋਨ ਨੰਬਰ ਦੀ ਅਜਿਹੇ ਗੰਦੇ ਗਰੁੱਪ ਵਿਚ ਹੋਣ ਦੀ ਭਿਣਕ ਵੀ ਪੈ ਗਈ ਤਾਂ ਉਨ੍ਹਾਂ ਦੀਆਂ ਨਜ਼ਰਾਂ ਸਭ ਸਾਹਮਣੇ ਨੀਵੀਂਆਂ ਹੋ ਜਾਣਗੀਆਂ। ਅੱਜ ਤੱਕ ਮੇਰੇ ਪਰਿਵਾਰ ਨੂੰ ਮੇਰੇ ’ਤੇ ਕਿੰਨਾ ਮਾਣ ਹੈ! ਪਰ ਮੇਰਾ ਨੰਬਰ ਅਜਿਹੇ ਗਰੁੱਪ ਵਿੱਚ ਵੇਖ ਕਿਤੇ ਉਹ ਮੇਰੀ ਕਲਮ ਮੇਰੇ ਹੱਥਾਂ ’ਚੋਂ ਨਾ ਖੋਹ ਲੈਣ’।
ਦਮਨ ਸੋਚਣ ਲੱਗੀ: ‘ਮੇਰਾ ਨੰਬਰ ਕਿਸੇ ਨੇ ਮੈਨੂੰ ਬਦਨਾਮ ਕਰਨ ਲਈ ਗ਼ਲਤ ਗਰੁੱਪ ਵਿੱਚ ਪਾਇਆ। ਘਟੀਆ ਗਰੁੱਪ ਵਿੱਚ ਫ਼ੋਨ ਨੰਬਰ ਵੇਖ ਮੈਥੋਂ ਬਰਦਾਸ਼ਤ ਨਹੀਂ ਹੋ ਰਿਹਾ। ਪਰ ਜਿਹੜੀਆਂ ਕੁੜੀਆਂ ਸਿਰਫਿਰਿਆਂ ਦੀਆਂ ਕੋਝੀਆਂ ਹਰਕਤਾਂ ਦਾ ਸ਼ਿਕਾਰ ਹੁੰਦੀਆਂ, ਉਹ ਕਿੰਜ ਬਰਦਾਸ਼ਤ ਕਰਦੀਆਂ ਹੋਣਗੀਆਂ? ਉਮਰ ਭਰ ਉਹ ਅਜਿਹੇ ਘਿਨੌਣੇ ਅਹਿਸਾਸਾਂ ਦੀਆਂ ਸੂਲਾਂ ਨਾਲ ਜ਼ਖ਼ਮੀ ਹੁੰਦੀਆਂ ਰਹਿੰਦੀਆਂ, ਜਦੋਂ ਬਿਨਾਂ ਕਸੂਰੋਂ ਉਨ੍ਹਾਂ ਨੂੰ ਨਜ਼ਰਾਂ ਰਾਹੀਂ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਨ੍ਹਾਂ ਦੀ ਇੱਜ਼ਤ ਹੀ ਨਹੀਂ ਉਨ੍ਹਾਂ ਦਾ ਆਤਮ ਵਿਸ਼ਵਾਸ… ਉਨ੍ਹਾਂ ਦੀ ਜਿਉਣ ਦੀ ਉਮੰਗ… ਉਨ੍ਹਾਂ ਦੀਆਂ ਸੱਧਰਾਂ, ਰੀਝਾਂ, ਸੁਪਨੇ ਸਭ ਕੁਝ ਖੋਹ ਲਿਆ ਗਿਆ ਹੈ।
ਅਚਾਨਕ ਉਹ ਆਪਣੇ ਕਾਲਜ ਦੇ ਦਿਨਾਂ ਦੀਆਂ ਯਾਦਾਂ ’ਚ ਪਹੁੰਚ ਗਈ। ਉਸ ਨੂੰ ਆਪਣੀ ਇਕ ਸਹੇਲੀ ਦੀ ਯਾਦ ਆਈ ਜਿਸ ਨੂੰ ਉਸ ਦੇ ਕਾਲਜ ਦਾ ਹੀ ਇਕ ਕਲਰਕ ਬਹੁਤ ਤੰਗ ਕਰਦਾ ਸੀ ਜਿਸ ਦੀ ਗੰਦੀ ਤੱਕਣੀ ਨਾਲ ਉਸ ਕੁੜੀ ਦੀ ਰੂਹ ਕੰਬ ਜਾਂਦੀ। ਉਹ ਆਨੇ-ਬਹਾਨੇ ਉਸ ਕੁੜੀ ਦੁਆਲੇ ਮੰਡਰਾਉਂਦਾ ਰਹਿੰਦਾ। ਇੱਥੋਂ ਤੱਕ ਕਿ ਉਹ ਕੁੜੀ ਜਦੋਂ ਘਰ ਜਾਂਦੀ ਤਾਂ ਬੱਸ ਵਿਚ ਵੀ ਉਹਦੇ ਮਗਰ ਤੁਰ ਪੈਂਦਾ। ਉਹ ਸਾਰੇ ਰਾਹ ਉਸ ਕੁੜੀ ’ਤੇ ਨਿਗ੍ਹਾ ਟਿਕਾਈ ਰੱਖਦਾ ਤੇ ਉਹ ਕੁੜੀ ਅੱਖਾਂ ਨੀਵੀਆਂ ਕਰ ਬੱਸ ਵਿੱਚ ਬੈਠੀ ਰਹਿੰਦੀ। ਉਸ ਦਾ ਕਸੂਰ ਸੀ ਕਿ ਉਹ ਸੋਹਣੀ ਸੁਨੱਖੀ ਤੇ ਲੋੜ ਤੋਂ ਵੱਧ ਸ਼ਰੀਫ਼ ਸੀ। ਉਹ ਕਾਲਜ ਵਿੱਚ ਡਰ ਡਰ ਕੇ ਰਹਿੰਦੀ ਤੇ ਉਸ ਦੀ ਗ਼ੈਰਹਾਜ਼ਰੀ ਵਧਣ ਲੱਗੀ। ਜਦੋਂ ਦਮਨ ਉਸ ਨੂੰ ਹੌਸਲਾ ਦਿੰਦੀ ਤਾਂ ਉਹ ਉਸ ਦਾ ਹੱਥ ਘੁੱਟ ਕੇ ਫੜ ਲੈਂਦੀ ਤੇ ਤਰਲੇ ਵਾਂਗ ਅੱਖਾਂ ਭਰ ਕੇ ਆਖਦੀ ਕਿ ਤੂੰ ਹਮੇਸ਼ਾਂ ਮੇਰੇ ਨਾਲ ਰਿਹਾ ਕਰ। ਜਦੋਂ ਦਮਨ ਉਸ ਨੂੰ ਪੁੱਛਦੀ ਕਿ ਤੂੰ ਐਨਾ ਕਿਉਂ ਡਰਦੀ ਹੈ? ਆਪਣੇ ਘਰ ਗੱਲ ਕਰ ਤਾਂ ਉਸ ਦੀਆਂ ਅੱਖਾਂ ਛਲਕ ਪੈਂਦੀਆਂ ਤੇ ਕਹਿਣ ਲੱਗਦੀ, ‘‘ਤੈਨੂੰ ਨਹੀਂ ਪਤਾ ਮੇਰੇ ਡੈਡੀ ਦਾ ਸੁਭਾਅ… ਉਨ੍ਹਾਂ ਮੈਨੂੰ ਪੜ੍ਹਨ ਤੋਂ ਹਟਾ ਲੈਣਾ… ਮੇਰੀਆਂ ਵੱਡੀਆਂ ਦੋ ਭੈਣਾਂ ਬਾਰ੍ਹਵੀਂ ਕਰਵਾ ਉਨ੍ਹਾਂ ਘਰ ਬਿਠਾ ਲਈਆਂ। ਮੈਂ ਮਸਾਂ ਤਰਲਿਆਂ ਨਾਲ ਕਾਲਜ ’ਚ ਦਾਖਲਾ ਲਿਆ। ਉਹ ਵੀ ਇਸ ਸ਼ਰਤ ’ਤੇ ਕਿ ਜੇਕਰ ਮੇਰੀ ਕੋਈ ਗਲ਼ਤ ਗੱਲ ਮੇਰੇ ਪਿਓ ਦੇ ਕੰਨੀਂ ਪੈ ਗਈ ਤਾਂ ਉਨ੍ਹਾਂ ਮੈਨੂੰ ਪੜ੍ਹਨ ਤੋਂ ਹਟਾ ਲੈਣਾ ਤੇ ਚੰਗਾ ਮਾੜਾ ਮੁੰਡਾ ਵੇਖ ਮੇਰਾ ਵਿਆਹ ਕਰ ਦੇਣਾ।’’ ਉਹ ਹਟਕੋਰੇ ਲੈ ਰਹੀ ਸੀ ਤੇ ਦਮਨ ਹੈਰਾਨ ਹੋ ਰਹੀ ਸੀ ਕਿ ਐਦਾਂ ਦੇ ਪਿਓ ਵੀ ਹੁੰਦੇ ਜਿਨ੍ਹਾਂ ਨੂੰ ਆਪਣੀਆਂ ਧੀਆਂ ਨਾਲੋਂ ਲੋਕਾਂ ’ਤੇ ਵੱਧ ਭਰੋਸਾ ਹੋਵੇ? ਅਜਿਹੇ ਸਮੇਂ ਵਿੱਚ ਤਾਂ ਪਿਓ ਨੂੰ ਚਾਹੀਦਾ ਹੈ ਕਿ ਆਪਣੀ ਧੀ ਦੀ ਗੱਲ ਸੁਣੇ ਅਤੇ ਸ਼ਰਾਰਤੀ ਅਨਸਰ ਖ਼ਿਲਾਫ਼ ਡਟ ਕੇ ਧੀ ਨਾਲ ਖੜ੍ਹੇ।
ਉਸ ਨੇ ਆਪਣੀ ਸਹੇਲੀ ਨੂੰ ਪ੍ਰਿੰਸੀਪਲ ਮੈਡਮ ਨਾਲ ਗੱਲ ਕਰਨ ਦੀ ਸਲਾਹ ਦਿੱਤੀ। ਪ੍ਰਿੰਸੀਪਲ ਮੈਡਮ ਦਾ ਨਾਮ ਸੁਣਦਿਆਂ ਹੀ ਉਹ ਹੋਰ ਘਬਰਾ ਗਈ ਤੇ ਕਹਿਣ ਲੱਗੀ, ‘‘ਜੇਕਰ ਉਸ ਮੁੰਡੇ ਨੂੰ ਪਤਾ ਲੱਗ ਗਿਆ ਤਾਂ ਉਹ ਮੇਰੇ ਨਾਲ ਕੁਝ ਗ਼ਲਤ…।’’ ਦਮਨ ਨੇ ਉਸ ਨੂੰ ਹੌਸਲਾ ਦਿੱਤਾ ਕਿ ਜਦੋਂ ਤਕ ਮੈਂ ਤੇਰੇ ਨਾਲ ਹਾਂ ਤੈਨੂੰ ਘਬਰਾਉਣ ਦੀ ਲੋੜ ਨਹੀਂ। ਉਹ ਦੋਵੇਂ ਪ੍ਰਿੰਸੀਪਲ ਮੈਡਮ ਦੇ ਕਮਰੇ ਵਿੱਚ ਜਾ ਖੜ੍ਹੀਆਂ। ਉਸ ਦੀ ਸਹੇਲੀ ਬਿਲਕੁਲ ਚੁੱਪ, ਬਿਨਾਂ ਕਿਸੇ ਕਸੂਰ ਤੋਂ ਨਜ਼ਰਾਂ ਨੀਵੀਆਂ ਕਰ ਬੈਠੀ ਸੀ ਜਿਵੇਂ ਕੋਈ ਬਹੁਤ ਵੱਡਾ ਗੁਨਾਹ ਕੀਤਾ ਹੋਵੇ। ਦਮਨ ਨੇ ਪ੍ਰਿੰਸੀਪਲ ਮੈਡਮ ਨਾਲ ਸਾਰੀ ਗੱਲ ਖੋਲ੍ਹੀ। ਜਦੋਂ ਪ੍ਰਿੰਸੀਪਲ ਮੈਡਮ ਗੱਲ ਕਰ ਰਹੇ ਸਨ ਤਾਂ ਉਸ ਦੀ ਸਹੇਲੀ ਦੀ ਆਵਾਜ਼ ਨਹੀਂ ਸੀ ਨਿਕਲ ਰਹੀ ਤੇ ਉਹ ਬਹੁਤ ਸਹਿਮੀ ਹੋਈ ਸੀ। ਦਮਨ ਨੇ ਪ੍ਰਿੰਸੀਪਲ ਮੈਡਮ ਨੂੰ ਵੀ ਉਸ ਦੇ ਘਰ ਦੇ ਹਾਲਾਤ ਬਾਰੇ ਜਾਣੂ ਕਰਵਾਇਆ ਕਿ ਜੇਕਰ ਇਸ ਦੇ ਪਿਤਾ ਨੂੰ ਪਤਾ ਲੱਗ ਗਿਆ ਤਾਂ ਇਸ ਦੀ ਪੜ੍ਹਾਈ ਵਿਚਾਲੇ ਛੁੱਟ ਜਾਵੇਗੀ। ਜਦੋਂ ਪ੍ਰਿੰਸੀਪਲ ਮੈਡਮ ਨੇ ਕਲਰਕ ਖ਼ਿਲਾਫ਼ ਸ਼ਿਕਾਇਤ ਲਿਖਣ ਲਈ ਆਖਿਆ ਤਾਂ ਉਸ ਕੁੜੀ ਦੇ ਹੱਥ ਕੰਬ ਰਹੇ ਸਨ। ਦਮਨ ਨੇ ਉਸ ਦੇ ਹੱਥੋਂ ਕਾਗਜ਼ ਪੈੱਨ ਲੈ ਖ਼ੁਦ ਕਲਰਕ ਖ਼ਿਲਾਫ਼ ਸ਼ਿਕਾਇਤ ਲਿਖ ਕੇ ਪ੍ਰਿੰਸੀਪਲ ਮੈਡਮ ਨੂੰ ਦਿੱਤੀ।
ਸ਼ਿਕਾਇਤ ਕਰਨ ਤੋਂ ਬਾਅਦ ਦਮਨ ਦੀ ਸਹੇਲੀ ਕਈ ਦਿਨ ਕਾਲਜ ਨਹੀਂ ਆਈ। ਉਹ ਡਰ ਗਈ ਸੀ ਕਿ ਕਿਧਰੇ ਉਹ ਕਲਰਕ ਉਸ ਨਾਲ ਕੁਝ…? ਪਰ ਫੇਰ ਪ੍ਰਿੰਸੀਪਲ ਮੈਡਮ ਨੇ ਇੱਕ ਦਿਨ ਦਮਨ ਨੂੰ ਆਪਣੇ ਦਫ਼ਤਰ ਵਿਚ ਬੁਲਾ ਦੱਸਿਆ ਕਿ ਉਸ ਕਲਰਕ ਦੀ ਬਦਲੀ ਲੁਧਿਆਣੇ ਦੀ ਹੋ ਗਈ ਹੈ। ਉਨ੍ਹਾਂ ਨੇ ਦਮਨ ਨੂੰ ਸ਼ਾਬਾਸ਼ੀ ਵੀ ਦਿੱਤੀ ਕਿ ਉਹ ਆਪਣੀ ਸਹੇਲੀ ਦਾ ਹੌਸਲਾ ਬਣੀ। ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਇਸ ਤਰ੍ਹਾਂ ਦੇ ਸਹਿਮ ਵਿੱਚ ਆ ਕੇ ਆਪਣੀ ਪੜ੍ਹਾਈ ਅੱਧਵਾਟੇ ਛੱਡ ਆਪਣਾ ਭਵਿੱਖ ਖ਼ਰਾਬ ਕਰ ਬੈਠਦੀਆਂ ਹਨ। ਜਦੋਂ ਕਲਰਕ ਦੀ ਬਦਲੀ ਦੀ ਖ਼ਬਰ ਦਮਨ ਨੇ ਆਪਣੀ ਸਹੇਲੀ ਨੂੰ ਦਿੱਤੀ ਉਹ ਪਹਿਲਾਂ ਵਾਂਗੂੰ ਕਾਲਜ ਆਉਣ ਲੱਗੀ ਤੇ ਉਸ ਦੇ ਅੰਦਰਲਾ ਮੁਰਦਾ ਵਿਸਵਾਸ਼ ਜਾਗ ਉੱਠਿਆ।
ਦਮਨ ਯਾਦਾਂ ’ਚੋਂ ਬਾਹਰ ਆਈ ਤੇ ਸੋਚਣ ਲੱਗੀ: ‘ਜਦੋਂ ਮੈਂ ਆਪਣੀ ਸਹੇਲੀ ਲਈ ਲੜ ਸਕਦੀ ਹਾਂ… ਉਸ ਦੇ ਜੀਵਨ ’ਚ ਆਈ ਉੱਥਲ-ਪੁਥਲ ਨਾਲ ਆਢਾ ਲੈ ਸਕਦੀ ਹਾਂ ਤਾਂ ਮੈਂ ਕਿਸੇ ਸਿਰਫਿਰੇ ਦੁਆਰਾ ਮੇਰਾ ਫ਼ੋਨ ਨੰਬਰ ਗ਼ਲਤ ਗਰੁੱਪ ’ਚ ਸ਼ੇਅਰ ਕਰਨ ਖ਼ਿਲਾਫ਼ ਆਵਾਜ਼ ਕਿਉਂ ਨਹੀਂ ਚੁੱਕ ਸਕਦੀ? ਕੁੜੀ ਸ਼ਰਮਿੰਦਾ ਕਿਉਂ ਹੋਵੇ? ਸ਼ਰਮਿੰਦਾ ਉਸ ਸ਼ਖ਼ਸ ਨੂੰ ਹੋਣਾ ਚਾਹੀਦਾ ਹੈ ਜਿਸ ਦੀ ਸਾਹਮਣੇ ਖੜ੍ਹ ਕੇ ਗੱਲ ਕਰਨ ਦੀ ਔਕਾਤ ਨਹੀਂ ਤੇ ਇਸ ਤਰ੍ਹਾਂ ਦੇ ਗ਼ਲਤ ਗਰੁੱਪਾਂ ਵਿੱਚ ਕਿਸੇ ਨੂੰ ‘ਬਦਨਾਮ’ ਲਿਖ ਕੇ ਮਰਦਾਨਗੀ ਦਰਸਾਉਂਦਾ ਹੈ।
ਦਮਨ ਨੇ ਹੌਸਲੇ ਤੋਂ ਕੰਮ ਲੈਂਦਿਆਂ ਆਪਣੇ ਚਾਚਾ ਜੀ ਨੂੰ ਫੋਨ ਲਗਾਇਆ ਜਿਹੜੇ ਪੁਲੀਸ ਵਿਭਾਗ ਵਿਚ ਸਨ। ਉਨ੍ਹਾਂ ਨੂੰ ਸਾਰੀ ਗੱਲ ਦੱਸੀ ਅਤੇ ਨਾਲ ਹੀ ਸਕ੍ਰੀਨਸ਼ੌਟ ਤੇ ਹੋਰ ਫੋਨ ਨੰਬਰ ਵੀ ਭੇਜੇ ਜਿਨ੍ਹਾਂ ਤੋਂ ਮੈਸੇਜ ਆਏ ਸਨ। ਹੁਣ ਦਮਨ ਨੂੰ ਅਣਪਛਾਤੇ ਨੰਬਰਾਂ ਤੋਂ ਮੈਸੇਜ ਆਉਣੇ ਬੰਦ ਹੋ ਗਏ ਅਤੇ ਉਸ ਸ਼ਖ਼ਸ ਬਾਰੇ ਛਾਣਬੀਣ ਸ਼ੁਰੂ ਹੋ ਗਈ ਸੀ ਤਾਂ ਜੋ ਉਸ ਦੀ ਇਸ ਹਰਕਤ ਨੂੰ ਸਭ ਦੇ ਸਾਹਮਣੇ ਨਸ਼ਰ ਕੀਤਾ ਜਾ ਸਕੇ।
ਸੰਪਰਕ: 98143-85918