ਵਿਸ਼ਵਨਾਥ ਪ੍ਰਸਾਦ ਤਿਵਾੜੀ ਦਾ ਜਨਮ 1940 ਵਿਚ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਵਿਚ ਹੋਇਆ। ਇਨ੍ਹਾਂ ਦਾ ਨਾਮ ਹਿੰਦੀ ਸਾਹਿਤ ਵਿਚ ਇਕ ਕਵੀ, ਆਲੋਚਕ ਅਤੇ ਸੰਪਾਦਕ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਚੀਜ਼ੋਂ ਕੋ ਦੇਖਕਰ, ਸਾਥ ਚਲਤੇ ਹੂਏ, ਬਿਹਤਰ ਦੁਨੀਆਂ ਕੇ ਲੀਏ, ਆਖਰ ਅਨੰਤ, ਫਿਰ ਭੀ ਕੁਛ ਰਹਿ ਜਾਏਗਾ, ਕਵੀ ਨੇ ਕਹਾ ਇਨ੍ਹਾਂ ਦੀਆਂ ਕਵਿਤਾ ਪੁਸਤਕਾਂ ਹਨ।
ਇਸ ਦੇ ਨਾਲ ਇਨ੍ਹਾਂ ਦੀਆਂ ਅਨੇਕ ਆਲੋਚਨਾ ਪੁਸਤਕਾਂ ਅਤੇ ਸਫ਼ਰਨਾਮੇ ਵੀ ਪ੍ਰਕਾਸ਼ਿਤ ਹੋਏ। 1978 ਤੋਂ ਲੈ ਕੇ ਹੁਣ ਤਕ ਹਿੰਦੀ ਵਿਚ ਇਕ ਮੈਗਜ਼ੀਨ ਦਸਤਾਵੇਜ਼ ਦਾ ਸੰਪਾਦਨ ਵੀ ਕਰ ਰਹੇ ਹਨ। ਬਹੁਤ ਸਾਰੀਆਂ ਕਵਿਤਾਵਾਂ ਰੂਸੀ, ਨੇਪਾਲੀ, ਅੰਗਰੇਜ਼ੀ, ਗੁਜਰਾਤੀ, ਮਲਿਆਲਮ, ਉੜੀਆ, ਤੇਲਗੂ ਭਾਸ਼ਾਵਾਂ ਵਿਚ ਵੀ ਅਨੁਵਾਦ। ਵਿਸ਼ਵਨਾਥ ਪ੍ਰਸਾਦ ਤਿਵਾੜੀ ਦੀਆਂ ਕਵਿਤਾਵਾਂ ਵਿਚ ਸਮਕਾਲੀਨਤਾ ਅਤੇ ਸੰਸਕ੍ਰਿਤੀ ਰਲੀਆਂ ਮਿਲੀਆਂ ਮਿਲਦੀਆਂ ਹਨ। ਆਮ ਸਾਧਾਰਨ ਲੋਕਾਂ ਦੀ ਭਾਸ਼ਾ ਵਿਚ ਲਿਖੀਆਂ ਇਹ ਕਵਿਤਾਵਾਂ ਸਮਾਜਿਕ ਜਨ ਜੀਵਨ ਦੇ ਗਹਿਰੇ ਮਸਲਿਆਂ ਨੂੰ ਬੇਹੱਦ ਬਾਰੀਕਬੀਨੀ ਨਾਲ ਰੇਖਾਂਕਿਤ ਕਰਨ ਦੇ ਸਮਰੱਥ ਹਨ। ਪੇਸ਼ ਹੈ ਉਨ੍ਹਾਂ ਦੀਆਂ ਚੋਣਵੀਆਂ ਕਵਿਤਾਵਾਂ ਦਾ ਪੰਜਾਬੀ ਅਨੁਵਾਦ:
ਕਿਤਾਬਾਂ
ਨਹੀਂ ਇਸ ਕਮਰੇ ਵਿਚ ਨਹੀਂ
ਉਧਰ
ਉਸ ਪੌੜੀ ਦੇ ਥੱਲੇ
ਉਸ ਗੈਰਾਜ ਦੇ ਕੋਨੇ ਵਿਚ ਲੈ ਜਾਓ
ਕਿਤਾਬਾਂ
ਉੱਥੇ ਜਿੱਥੇ ਨਹੀਂ ਫਸ ਸਕਦੀ ਫਰਿੱਜ
ਜਿੱਥੇ ਨਹੀਂ ਲੱਗ ਸਕਦਾ ਆਦਮਕੱਦ ਸ਼ੀਸ਼ਾ
ਬੋਰੀ ਵਿਚ ਬੰਨ੍ਹ ਕੇ
ਪੱਲੀ ਨਾਲ ਢਕ ਕੇ
ਕੁਝ ਦੀਵਾਨ ਦੇ ਥੱਲੇ
ਕੁਝ ਟੁੱਟੇ ਗਮਲਿਆਂ ਦੇ ਉੱਤੇ
ਰੱਖ ਦਿਉ ਕਿਤਾਬਾਂ
ਲੈ ਜਾਓ ਇਨ੍ਹਾਂ ਨੂੰ
ਤਕਸ਼ਿਲਾ ਵਿਕ੍ਰਮਸ਼ਿਲਾ
ਸਾਨੂੰ ਵਿਰਸੇ ਵਿਚ ਨਹੀਂ ਚਾਹੀਦੀਆਂ ਪੁਸਤਕਾਂ
ਕੋਈ ਝਪਟੇਗਾ ਪਾਸਬੁਕ ’ਤੇ
ਕੋਈ ਲੱਭੇਗਾ ਲਾਕਰ ਦੀ ਚਾਬੀ
ਕਿਸੇ ਦੀਆਂ ਅੱਖਾਂ ਵਿਚ
ਚਮਕਣਗੇ ਖੇਤ
ਕੋਈ ਲੱਭੇਗਾ ਗੱਡੇ ਹੋਏ ਸਿੱਕੇ
ਬੁੱਢੀ ਦਾਦੀ ਵਾਂਗ ਉਦਾਸ ਹੋ ਜਾਣਗੀਆਂ
ਕਿਤਾਬਾਂ
ਕਿਤਾਬੋ!
ਜਿੱਥੇ ਵੀ ਰੱਖ ਦੇਣ ਉਹ
ਪਈਆਂ ਰਹਿਣਾ ਉੱਥੇ ਹੀ
ਆਏਗਾ ਕੋਈ ਨਾ ਕੋਈ
ਰਾਹ ਭਟਕਿਆ ਬਾਲਕ
ਕਿਸੇ ਸਦੀ ਵਿਚ
ਹਨ੍ਹੇਰੇ ਵਿਚ ਲੱਭਦਾ ਆਪਣਾ ਰਾਹ
ਉਸਦੀ ਛੋਹ ਤੋਂ ਪਹਿਚਾਣ ਲੈਣਾ ਉਸਨੂੰ
ਹੌਲੀ ਹੌਲੀ ਖੋਲ੍ਹ ਦੇਣਾ ਆਪਣਾ ਮਨ
ਜਿਸ ਵਿਚ ਸੁੱਤਾ ਪਿਆ ਹੈ ਅਨੰਤ ਸਮਾਂ
ਤੇ ਥੱਕਿਆ ਹੋਇਆ ਸੱਚ
ਦੱਬਿਆ ਹੋਇਆ ਗੁੱਸਾ
ਤੇ ਗੂੰਗਾ ਪਿਆਰ
ਦੁਸ਼ਮਣਾਂ ਦੇ ਮੈਟਲ ਡਿਟੇਕਟਰ
ਫੜ੍ਹ ਨਹੀਂ ਸਕੇ ਜਿਸਨੂੰ…
ਔਰਤ ਦੀ ਤੀਰਥ ਯਾਤਰਾ
ਸਵੇਰੇ ਸਵੇਰੇ
ਸਾਫ਼ ਕੀਤੇ ਉਸਨੇ
ਸਾਰੇ ਘਰ ਦੇ ਜੂਠੇ ਭਾਂਡੇ
ਝਾੜੂ ਪੋਚੇ ਤੋਂ ਬਾਅਦ
ਧੀਆਂ ਨੂੰ ਤਿਆਰ ਕਰ ਕੇ
ਸਕੂਲ ਭੇਜਿਆ
ਸਾਰਿਆਂ ਲਈ ਬਣਾਈ ਚਾਹ
ਜਦੋਂ ਛੋਟਾ ਬੱਚਾ ਉੱਚੀ ਉੱਚੀ ਰੋਣ ਲੱਗਿਆ
ਤਾਂ ਵਿਚਾਲੇ ਛੱਡ ਕੇ ਪੂਜਾ
ਉੱਠੀ ਉਹ
ਉਸਦਾ ਸੂ ਸੂ ਸਾਫ਼ ਕੀਤਾ
ਦੁਪਿਹਰੇ ਖਾਣਾ ਖਾ ਕੇ ਹਟੇ ਤਾਂ
ਆ ਗਿਆ ਕੋਈ ਪ੍ਰਾਹੁਣਾ
ਦਾਲ ਵਿਚ ਪਾਣੀ ਪਾ ਕੇ
ਕੀਤਾ ਉਸਨੇ ਪ੍ਰਾਹੁਣੇ ਦਾ ਸਤਿਕਾਰ
ਤੇ ਖ਼ੁਦ ਬੈਠ ਗਈ ਚਟਣੀ ਦੇ ਨਾਲ
ਬਚੀ ਹੋਈ ਰੋਟੀ ਲੈ ਕੇ
ਪਲ ਕੁ ਲਈ ਚਾਹੁੰਦੀ ਸੀ ਉਹ ਆਰਾਮ
ਕਿ ਆ ਗਈਆਂ ਧੀਆਂ ਸਕੂਲ ਤੋਂ
ਮੁਰਝਾਈਆਂ ਹੋਈਆਂ
ਉਨ੍ਹਾਂ ਦਾ ਕੰਮ ਧੰਦਾ ਕਰਦੀ
ਫਿਰ ਜੁਟ ਗਈ
ਸ਼ਾਮ ਦੀ ਰਸੋਈ ਵਿਚ
ਰਾਤ ਨੂੰ ਸਭ ਤੋਂ ਮਗਰੋਂ
ਰੋਟੀ ਖਾਣ ਬੈਠੀ
ਹੁਣ ਰੋਟੀ ਦੇ ਨਾਲ ਸੀ ਸਬਜੀ ਵੀ
ਇਸ ਨੂੰ ਪਤੀ ਨੇ
ਆਪਣੀ ਪਸੰਦ ਨਾਲ ਖਰੀਦਿਆ ਸੀ
ਬਿਸਤਰੇ ’ਤੇ ਡਿੱਗਣ ਤੋਂ ਪਹਿਲਾਂ
ਉਹ ਇਕੱਲੀ ਥੋੜ੍ਹੀ ਦੇਰ ਰੋਈ
ਆਪਣੇ ਸਵਰਗੀ ਪਿਤਾ ਦੀ ਯਾਦ ਵਿਚ
ਫਿਰ ਪਤੀ ਦੀਆਂ ਬਾਹਾਂ ਵਿਚ
ਸੋਚਦੇ ਸੋਚਦੇ ਧੀਆਂ ਦੇ ਵਿਆਹ ਬਾਰੇ
ਗੁਆਚ ਗਈ
ਸੁਪਨਿਆਂ ਦੀ ਦੁਨੀਆਂ ਵਿਚ
ਤੇ ਨੀਂਦ ਵਿਚ ਹੀ ਪੂਰੀ ਕਰ ਲਈ ਉਸਨੇ
ਸਾਰੇ ਤੀਰਥਾਂ ਦੀ ਯਾਤਰਾ…
ਕਨਾਟ ਪਲੇਸ
ਲੋਕ ਇਉਂ ਭੱਜ ਰਹੇ ਹਨ
ਕਿ ਲੱਗਦਾ ਹੈ ਕੁਝ ਹੀ ਘੰਟਿਆਂ ਦੇ ਵਿਚ
ਖਾਲੀ ਹੋ ਜਾਏਗਾ
ਕਨਾਟ ਪਲੇਸ
ਸਾਰਿਆਂ ਨੂੰ ਉਮੀਦ ਹੈ
ਕਿ ਸਾਰਿਆਂ ਨੂੰ ਮਿਲ ਜਾਏਗੀ ਗੱਡੀ
ਸਾਰਿਆਂ ਨੂੰ ਡਰ ਹੈ
ਕਿ ਸਭ ਦੀ ਨਿਕਲ ਜਾਏਗੀ ਗੱਡੀ
ਕਿਸਨੂੰ ਕਹਾਂ
ਕਿ ਮੇਰੇ ਨਾਲ ਚੱਲੋ
ਸਾਰੇ ਜਾਣਦੇ ਨੇ
ਕਿ ਹੁਣੇ ਡਿੱਗਣ ਵਾਲਾ ਹੈ ਐਟਮ ਬੰਬ
ਸਾਰੇ ਜਾਣਦੇ ਨੇ
ਕਿ ਹੁਣੇ ਜਾਂ ਫਿਰ ਕਦੇ ਨਹੀਂ
ਮੈਨੂੰ ਕੋਈ ਜਲਦੀ ਨਹੀਂ ਹੈ
ਹੌਲੀ ਹੌਲੀ ਫੜ ਹੀ ਲਵਾਂਗਾ
ਆਖ਼ਰੀ ਬੱਸ
ਤੇ ਬੱਸ ਵਿਚ ਮਿਲ ਹੀ ਜਾਣਗੇ ਉਹ ਲੋਕ
ਜਿਨ੍ਹਾਂ ਨੂੰ ਕੋਈ ਜਲਦੀ ਨਹੀਂ ਹੈ
ਮੈਂ ਜਾਣਦਾ ਹਾਂ ਇਨ੍ਹਾਂ ਖ਼ੌਫ਼ਨਾਕ ਪਲਾਂ ਵਿਚ
ਬਚਣ ਦਾ ਰਸਤਾ
ਮੈਂ ਭੱਜ ਰਹੇ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਹਾਂ
ਲੁਕਣ ਦਾ ਰਸਤਾ
ਪਰ ਇਸਦਾ ਕੀ ਕਰਾਂ
ਕਿ ਉਹ ਲੋਕ
ਇਕੱਲੇ ਇਕੱਲੇ ਬਚਣਾ ਚਾਹੁੰਦੇ ਹਨ…
ਸੜਕ ’ਤੇ ਇੱਕ ਲੰਬਾ ਆਦਮੀ
ਅੱਜ ਅਚਾਨਕ ਦਿਸ ਗਿਆ
ਸੜਕ ’ਤੇ ਇੱਕ ਲੰਬਾ ਆਦਮੀ
ਲੋਕ ਆਪਣੀਆਂ ਦੁਕਾਨਾਂ ਵਿਚ
ਅੱਡੀਆਂ ਚੁੱਕ ਚੁੱਕ ਘੂਰ ਰਹੇ ਸਨ ਉਸਨੂੰ
ਬੱਚੇ ਨੱਚ ਰਹੇ ਸਨ
ਤਾੜੀਆਂ ਮਾਰ ਮਾਰ ਕੇ
ਹਵਲਦਾਰ ਬੁੜਬੁੜਾ ਰਿਹਾ ਸੀ
“ਹਜ਼ੂਰ! ਹਵਾਲਾਤ ਦੇ ਦਰਵਾਜ਼ੇ ਤੋਂ ਵੀ
ਉੱਚਾ ਹੈ ਇਹ ਆਦਮੀ’’
ਜੋਕਰ ਮਸ਼ਕਰੀ ਕਰ ਰਹੇ ਸਨ
“ਜਹਾਂਪਨਾਹ! ਤੁਹਾਡੀ ਕੁਰਸੀ ਤੋਂ ਵੀ
ਵੱਡਾ ਹੈ ਇਹ ਆਦਮੀ’’
ਚੌਰਾਹੇ ਵਿਚ ਖੜ੍ਹਾ ਸਿਪਾਹੀ
ਅੱਖਾਂ ਪਾੜੀ ਦੇਖ ਰਿਹਾ ਸੀ
“ਬਾਪ ਰੇ! ਸੜਕ ’ਤੇ ਇੰਨਾ ਲੰਬਾ ਆਦਮੀ’’
ਸਿੱਧਾ ਤਣ ਕੇ ਤੁਰਿਆ ਜਾ ਰਿਹਾ ਸੀ ਉਹ
ਰਾਜਪਥ ’ਤੇ ਦ੍ਰਿੜ੍ਹ
ਨਿਮਰ ਤੇ ਬੇਪਰਵਾਹ
ਸ਼ਹਿਰ ਵਿਚ ਅੱਗ ਦੇ ਵਾਂਗ
ਫੈਲ ਗਈ ਸੀ ਇਹ ਖ਼ਬਰ
ਨਿਕਲ ਪਏ ਸਨ ਸਾਰੇ
ਆਪਣੇ ਆਪਣੇ ਘਰਾਂ ਤੋਂ
ਬੌਣੇ ਲੋਕ
ਚੌਕੰਨੇ ਹੋ ਗਏ ਸਨ ਅਖ਼ਬਾਰ
ਫ਼ੌਜ ਨੂੰ ਕਰ ਦਿੱਤਾ ਗਿਆ ਹੁਸ਼ਿਆਰ
ਮੰਤਰੀ ਪਰਿਸ਼ਦ ਵਿਚ ਚੱਲ ਰਹੀ ਸੀ ਚਰਚਾ
ਇੱਕ ਬੁੱਢੀ
ਆਪਣੇ ਪੋਤੇ ਪੋਤੀਆਂ ਨੂੰ ਕਰ ਕੇ ਇਕੱਠੇ
ਦਿਖਾ ਰਹੀ ਸੀ
ਕਿ ਸਤਯੁਗ ਵਿਚ ਹੁੰਦੇ ਸਨ
ਅਜਿਹੇ ਹੀ ਲੰਬੇ ਆਦਮੀ…
ਸ਼ਰਾਰਤੀ ਬੱਚਾ
ਠੰਢੀ ਸਵੇਰ
ਵਿੰਗੇ ਟੇਢੇ ਪੈਰ ਰਖਦਾ
ਤੁਰਿਆ ਜਾ ਰਿਹਾ ਹੈ ਬੱਚਾ
ਪਿੱਠ ’ਤੇ ਬਸਤਾ ਚੁੱਕੀ
ਜਿਵੇਂ ਲੱਦੀ ਹੋਵੇ ਧਰਤੀ
ਜਾ ਰਿਹਾ ਹੈ ਬੱਚਾ
ਸਵੇਰੇ ਦੀ ਸੈਰ ’ਤੇ ਨਿਕਲੇ
ਮਰੀਅਲ ਰਾਜ ਪੁਰਸ਼ਾਂ
ਤੇ ਢਿੱਡਲ ਔਰਤਾਂ ਨੂੰ
ਮੂੰਹ ਚਿੜਾਉਂਦਾ
ਮੰਦਿਰ, ਮਸਜਿਦਾਂ ’ਤੇ ਵੱਟੇ ਮਾਰਦਾ
ਤੁਰਿਆ ਜਾ ਰਿਹਾ ਹੈ ਬੱਚਾ
ਸਕੂਲੋਂ ਮੁੜੇਗਾ ਉਹ
ਜਾਵੇਗਾ ਖੇਡ ਦੇ ਮੈਦਾਨ
ਲੰਗੜੀ ਮਾਰੇਗਾ ਸਾਥੀਆਂ ਨੂੰ
ਚੂੰਢੀਆਂ ਵੱਢੇਗਾ
ਮਾਰੇਗਾ ਸੀਟੀਆਂ
ਖਿਝਾਏਗਾ ਆਪਣੇ
ਗੁਰੂਜਨਾਂ ਬੁਧਜਨਾਂ ਨੂੰ
ਇਹ ਸ਼ਰਾਰਤੀ ਬੱਚਾ
ਖੇਡ ਖੇਡ ਵਿਚ ਬਣਾ ਲੈਂਦਾ ਹੈ
ਰਾਜਾ ਰਾਣੀ ਮੰਤਰੀ ਸਿਪਾਹੀ
ਛੱਡ ਦਿਉ ਪਿਤਾ!
ਇਸ ਸ਼ਰਾਰਤੀ ਬੱਚੇ ਨੂੰ ਨਾ ਮਾਰੋ
ਅਗਲੇ ਰਾਜਪਰਵ ’ਤੇ
ਜਦੋਂ ਨਿਕਲੇਗਾ ਰਾਜਾ ਬਿਨਾਂ ਕੱਪੜਿਆਂ ਤੋਂ
ਤੇ ਉਸਦੇ ਅਦਿੱਖ ਅਲੋਕਾਰ ਕੱਪੜਿਆਂ ਦੀ
ਕਰਨਗੇ ਜੈ ਜੈ ਕਰ
ਬੁੱਧੀਮਾਨ ਕਲਾਕਾਰ
ਤਾਂ ਇਹੀ ਬੱਚਾ ਟੋਕੇਗਾ ਚੀਕ ਕੇ
“ਉਏ ਰਾਜਾ ਤਾਂ ਨੰਗਾ ਹੈ’’
ਆਰਾ ਮਸ਼ੀਨ
ਚਲ ਰਹੀ ਹੈ ਆਰਾ ਮਸ਼ੀਨ
ਏਨੇ ਘਮੰਡ ਵਿਚ ਕਿ
ਚੰਗਿਆੜੇ ਨਿਕਲਦੇ ਨੇ ਉਸ ਵਿਚੋਂ
ਭੱਜੇ ਆ ਰਹੇ ਨੇ
ਨੇੜੇ ਤੇੜੇ ਦੇ ਯੁਕਲਿਪਟਸ
ਤੇ ਹਿਮਾਚਲ ਦੇ ਦੇਵਦਾਰ
ਉਸਦੇ ਡਰ ਨਾਲ ਖਿੱਚੇ ਹੋਏ
ਦੂਰ ਦੂਰ ਤੱਕ ਅੰਬ ਦੇ ਬਾਗ਼ਾਂ ਵਿਚ
ਪੰਛੀਆਂ ਦਾ ਸੰਗੀਤ ਖ਼ਤਮ ਹੋ ਗਿਆ ਹੈ
ਗੁਠਲੀਆਂ ਬਾਂਝ ਹੋ ਗਈਆਂ ਨੇ
ਉਸਦੀ ਅਵਾਜ਼ ਨਾਲ
ਮੇਰਾ ਛੋਟਾ ਪੁੱਤਰ ਦੇਖ ਰਿਹਾ ਹੈ ਉਸਨੂੰ
ਹੈਰਾਨੀ ਨਾਲ
ਕਿ ਕਿਵੇਂ ਚਲਦੀ ਹੈ ਇਹ
ਕਿਵੇਂ ਆਪਣੇ ਆਪ ਇੱਕ ਲੱਕੜੀ
ਦੂਜੀ ਨੂੰ ਧੱਕ ਕੇ ਅੱਗੇ ਨਿਕਲ ਜਾਂਦੀ ਹੈ
ਤੇ ਆਪਣਾ ਕਲੇਜਾ ਕੱਢ ਕੇ
ਸੰਗਮਰਮਰ ਵਾਂਗ ਚਮਕਣ ਲੱਗਦੀ ਹੈ
ਮੇਰਾ ਬੱਚਾ ਦੇਖ ਰਿਹਾ ਹੈਰਾਨੀ ਨਾਲ
ਆਪਣੇ ਸਮੇਂ ਦਾ ਸਭ ਤੋਂ ਵੱਡਾ ਚਮਤਕਾਰ
ਤੇਜ਼ ਨੁਕੀਲੇ ਦੰਦ
ਘੁੰਮਦਾ ਹੋਇਆ ਪਹੀਆ ਤੇ ਪਟਾ
ਬੱਚਾ ਚੀਕ ਮਾਰਦਾ ਹੈ
ਤਾੜੀ ਮਾਰ ਕੇ
ਮੈਂ ਡਰ ਜਾਂਦਾ ਹਾਂ
ਹੁਣੇ ਉਹ
ਮੇਰੇ ਸੀਨੇ ਵਿਚੋਂ ਨਿਕਲੇਗੀ
ਮੇਰੇ ਅੰਦਰੋਂ ਇੱਕ ਕੁਰਸੀ ਨਿਕਲੇਗੀ
ਰਾਜੇ ਦੇ ਬੈਠਣ ਲਈ
ਰਾਜਾ ਬੈਠੇਗਾ ਸਿੰਘਾਸਣ ’ਤੇ
ਅਤੇ ਵਣ ਮਹਾਉਤਸਵ ਮਨਾਏਗਾ…
ਸੁਪਨੇ
ਕਿਵੇਂ ਕੱਟਦੀਆਂ ਨੇ ਉਨ੍ਹਾਂ ਦੀਆਂ ਰਾਤਾਂ
ਜਿਹੜੇ ਸੁਪਨੇ ਨਹੀਂ ਦੇਖਦੇ
ਸੁਪਨੇ ਆਕਾਸ਼ ਵਰਗੇ ਅਨੰਤ
ਸੁਪਨੇ ਖਲਾਅ ਵਰਗੇ ਅਜਨਬੀ
ਸੁਪਨੇ ਬੱਚਿਆਂ ਵਾਂਗ ਮੁਲਾਇਮ
ਸੁਪਨੇ ਪਰੀਆਂ ਵਾਂਗ ਖੰਭ ਫੈਲਾਈ
ਸੁਪਨੇ ਧੁੰਦ ਵਿਚ ਸੁੱਤੇ ਜੰਗਲਾਂ ਵਾਂਗ
ਉਗਦੇ ਦਿਨ ਵਰਗੇ ਸੁਪਨੇ
ਕਹਿੰਦੇ ਨੇ ਉਹ
ਆਪਣੇ ਸੁਪਨੇ ਵੇਚ ਦਿਉ
ਪਰ ਕੀ ਖਰੀਦਾਂਗਾ ਮੈਂ
ਆਪਣੇ ਸੁਪਨੇ ਵੇਚ ਕੇ…
ਹਾਥੀ
ਸਾਰੀ ਸਮੱਸਿਆ ਦੰਦਾਂ ਦੀ ਸੀ
ਉਹ ਉਸਦੇ ਦੰਦ ਕੱਢ ਲੈਣਾ ਚਾਹੁੰਦੇ ਸਨ
ਉਹ ਆਪਣੇ ਝੁੰਡ ਵਿਚ ਤੁਰਿਆ ਜਾ ਰਿਹਾ ਸੀ
ਮਸਤੀ ਵਿਚ ਝੂਮਦਾ
ਸੁੰਡ ਹਿਲਾਉਂਦਾ
ਸਾਥੀਆਂ ਨਾਲ ਘੁੰਮਦਾ
ਲਾਡ ਪਿਆਰ ਕਰਦਾ
ਠਾਹ ਠਾਹ ਠਾਹ
ਸ਼ਿਕਾਰੀਆਂ ਦੀਆਂ ਸਧੀਆਂ ਹੋਈਆਂ ਗੋਲੀਆਂ
ਉਸਦੇ ਫੈਲੇ ਹੋਏ ਮੱਥੇ ਵਿਚ ਧਸ ਗਈਆਂ
ਉਹ ਪਾਗਲਾਂ ਦੇ ਵਾਂਗ ਭੱਜਿਆ
ਮੁੜਿਆ
ਪਿੱਛੇ ਹਟਿਆ
ਲੜਖੜਾਇਆ
ਤੇ ਜੰਗਲ ਨੂੰ ਕੰਬਾ ਦੇਣ ਵਾਲੀ
ਇਕ ਦਿਲ ਚੀਰ ਦੇਣ ਵਾਲੀ ਚੀਕ ਨਾਲ
ਡਿੱਗ ਪਿਆ ਇਕੱਲਾ
ਤੇ ਫਿਰ ਉਹ ਆਏ ਘਾਹ ਵਿਚ ਲੁਕੇ ਹੋਏ ਸ਼ਿਕਾਰੀ
ਉਨ੍ਹਾਂ ਦੇ ਚਿਹਰੇ ’ਤੇ
ਜਿੱਤ ਦਾ ਨਸ਼ਾ ਸੀ
ਉਨ੍ਹਾਂ ਨੇ ਉਸਦੇ ਦੰਦ ਕੱਢ ਲਏ
(ਜੋ ਸ੍ਰੇਸ਼ਟ ਸੀ ਉਸ ਕੋਲ,
ਜਿਸਦੇ ਲਈ ਉਹ ਮਾਰਿਆ ਗਿਆ)
ਬਾਕੀ ਸਰੀਰ ਉਨ੍ਹਾਂ ਨੇ ਸੌਂਪ ਦਿੱਤਾ
ਨੰਗੇ ਭੁੱਖੇ ਆਦਿਵਾਸੀਆਂ ਨੂੰ
ਜੋ ਸਿਰਫ਼ ਆਪਣੇ ਪੇਟ ਦੇ ਲਈ ਉਨ੍ਹਾਂ ਦੇ ਨਾਲ ਸਨ
ਆਪਣੇ ਹੀ ਜੰਗਲ ਦੇ ਖ਼ਿਲਾਫ਼…
ਇੱਕ ਨਾ ਮੰਨਣਯੋਗ ਸੁਪਨਾ
ਇਕ ਦਿਨ ਉਸਨੇ ਸੁਪਨਾ ਦੇਖਿਆ
ਬਿਨਾ ਵੀਜ਼ਾ ਪਾਸਪੋਰਟ
ਸਾਰੀ ਦੁਨੀਆਂ ਵਿਚ ਘੁੰਮ ਰਿਹਾ ਹੈ ਉਹ
ਨਾ ਕੋਈ ਸਰਹੱਦ ਨਾ ਕੋਈ ਚੈੱਕਪੋਸਟ
ਸਮੁੰਦਰਾਂ ਤੇ ਪਹਾੜਾਂ ਤੇ ਨਦੀਆਂ ਤੇ ਜੰਗਲਾਂ ਵਿਚੋਂ
ਗੁਜ਼ਰਦੇ ਹੋਏ ਉਸਨੇ ਹੈਰਾਨੀਜਨਕ ਦ੍ਰਿਸ਼ ਦੇਖੇ
ਆਕਾਸ਼ ਦੇ ਬੱਦਲਾਂ ਦੇ ਤੇ ਰੰਗਾਂ ਦੇ
ਆਪਣੇ ਪੂਰੇ ਜੋਬਨ ’ਤੇ ਕੁਦਰਤ ਉਸਦੇ ਸਾਹਮਣੇ ਸੀ
ਨਿਡਰ ਘੁੰਮ ਰਹੇ ਸਨ ਪਸ਼ੂ ਪੰਛੀ
ਪੁਰਸ਼ ਔਰਤਾਂ ਤੇ ਬੱਚੇ
ਕਿੰਨੇ ਸੋਹਣੇ ਸ਼ਹਿਰ ਸਨ ਤੇ ਕਿੰਨੇ ਸੋਹਣੇ ਪਿੰਡ
ਕੋਈ ਰਾਜਾ ਕੋਈ ਸਿਪਾਹੀ
ਕੋਈ ਜੇਹਲ ਕੋਈ ਬੰਦੂਕ ਨਹੀਂ
ਚਾਰੋ ਪਾਸੇ ਖਿੜੇ ਖਿੜੇ ਚਿਹਰੇ
ਤੇ ਫੁੱਟਦੇ ਹੋਏ ਅੰਕੁਰ
ਤੇ ਉੱਡਦੀਆਂ ਤਿਤਲੀਆਂ
ਉਸਨੂੰ ਹੈਰਾਨੀ ਹੋਈ
ਉਸਨੂੰ ਸੁਪਨੇ ਵਿਚ ਵੀ ਲੱਗਿਆ
ਕਿ ਇਹ ਸੁਪਨਾ ਹੈ
ਉਦੋਂ ਹੀ ਇੱਕ ਧਮਾਕਾ ਹੋਇਆ ਇੱਕ ਜ਼ੋਰ ਦਾ
ਇਕ ਤਾਨਾਸ਼ਾਹ ਦੀ ਤਲਵਾਰ ਚਮਕੀ
ਉਹ ਕੰਬਦਾ ਹੋਇਆ ਉੱਠ ਬੈਠਾ
ਹੁਣ ਉਹ ਫਿਰ ਕੋਸ਼ਿਸ਼ ਕਰ ਰਿਹਾ ਸੀ
ਉਸੇ ਸੁਪਨੇ ਵਿਚ ਪਰਤ ਜਾਣ ਦੀ…
– ਚੋਣ ਅਤੇ ਅਨੁਵਾਦ : ਡਾ. ਅਮਰਜੀਤ ਕੌਂਕੇ
ਸੰਪਰਕ: 98142-31698
ਅਮਰਜੀਤ ਕੌਂਕੇ ਦੇ ਪੰਜਾਬੀ ਵਿਚ ਛੇ ਕਾਵਿ-ਸੰਗ੍ਰਹਿ ਅਤੇ ਚਾਰ ਕਾਵਿ-ਸੰਗ੍ਰਹਿ ਹਿੰਦੀ ਵਿਚ ਪ੍ਰਕਾਸ਼ਤ ਹਨ। ਹਿੰਦੀ
ਤੋਂ ਪੰਜਾਬੀ ਅਤੇ ਪੰਜਾਬੀ ਤੋਂ ਹਿੰਦੀ ਵਿਚ 40 ਤਕਰੀਬਨ ਪੁਸਤਕਾਂ ਦਾ ਅਨੁਵਾਦ। ਸਾਹਿਤਕ ਮੈਗਜ਼ੀਨ ‘ਪ੍ਰਤਿਮਾਨ’
ਦੇ ਸੰਪਾਦਕ।