ਪੱਤਰ ਪ੍ਰੇਰਕ
ਜਗਰਾਉਂ, 20 ਅਗਸਤ
ਭਾਈ ਦਾਨ ਸਿੰਘ ਪਬਲਿਕ ਸਕੂਲ (ਮਾਣੂੰਕੇ) ਹਠੂਰ ’ਚ ਪੜ੍ਹਨ ਵਾਲੇ ਬੱਚਿਆਂ ਨੂੰ ਨਾਸਾ ਅਮਰੀਕਾ ਦਾ ਟੂਰ ਲਗਵਾਉਣ ਦੀ ਆੜ ’ਚ ਅੰਮ੍ਰਿਤਸਰ ਦੀ ਅਮਰੀਕਨ ਕਰੀਅਰ ਐਂਡ ਸਟੱਡੀ ਨਾਮਕ ਫਰਮ ਵੱਲੋਂ 10.75 ਲੱਖ ਦੀ ਠੱਗੀ ਮਾਰਨ ਦੇ ਮਾਮਲੇ ਨੂੰ ਲੈ ਕੇ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੀ ਪੁਲੀਸ ਨੇ 7 ਮਹੀਨੇ ਦੀ ਲੰਬੀ ਜਾਂਚ ਉਪਰੰਤ ਦੋਸ਼ੀ ਪਾਏ ਗਏ ਉਕਤ ਫਰਮ ਦੇ ਮਾਲਕ ਦੋ ਸਕੇ ਭਰਾਵਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਭਾਈ ਦਾਨ ਸਿੰਘ ਪਬਲਿਕ ਸਕੂਲ ਦੇ ਡਾਇਰੈਕਟਰ ਗੁਰਮੁਖ ਸਿੰਘ ਸੰਧੂ ਨੇ ਪੁਲੀਸ ਕੋਲ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਕੂਲ ਦੇ ਬੱਚਿਆਂ ਦਾ ਨਾਸਾ ਦਾ ਟੂਰ ਪ੍ਰੋਗਰਾਮ ਬਣਾਉਣ ਲਈ ਉਕਤ ਫਰਮ ਦੇ ਕਰਤਾ ਧਰਤਾ ਅਨਵਰਪਾਲ ਸਿੰਘ ਅਤੇ ਉਸਦੇ ਭਰਾ ਕਨਵਰਪਾਲ ਸਿੰਘ ਨਾਲ ਪ੍ਰਤੀ ਵਿਦਿਆਰਥੀ 50 ਹਜ਼ਾਰ ਰੁਪਏ ’ਚ ਗੱਲ ਕੀਤੀ। ਸਕੂਲ ਵੱਲੋਂ ਉਨ੍ਹਾਂ ਨੂੰ 10.75 ਲੱਖ ਰੁਪਏ ਦਿੱਤੇ ਗਏ ਪਰ ਉਹ ਬੱਚਿਆਂ ਦਾ ਨਾਸਾ ਦਾ ਟੂਰ ਕਰਵਾਉਣ ’ਚ ਕਾਮਯਾਬ ਨਾ ਹੋ ਸਕੇ। ਉਪਰੰਤ ਜਦੋਂ ਸਕੂਲ ਪ੍ਰਬੰਧਕਾਂ ਨੇ ਅਮਰੀਕਨ ਕਰੀਅਰ ਐਂਡ ਸਟੱਡੀ ਦੇ ਅਨਵਰਪਾਲ ਸਿੰਘ ਅਤੇ ਕਨਵਰਪਾਲ ਸਿੰਘ ਤੋਂ ਬੱਚਿਆਂ ਤੋਂ ਇਕੱਤਰ ਕਰਕੇ ਦਿੱਤੇ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਸੀਨੀਅਰ ਪੁਲੀਸ ਕਪਤਾਨ ਨੇ ਉਪ-ਕਪਤਾਨ (ਐੱਨਡੀਪੀਐੱਸ) ਨੂੰ ਸੌਂਪੀ ਗਈ ਸੀ। ਇਸ ਤੋਂ ਬਾਅਦ ਦੋਵਾਂ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਅਤੇ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।