ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਜੁਲਾਈ
ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਵੱਲੋਂ ਕਿਦਵਈ ਨਗਰ ਵਿੱਚ ਇੱਕ ਮਕਾਨ ’ਚ ਚੱਲ ਰਹੇ ਜੂਆ ਦੇ ਅੱਡੇ ’ਤੇ ਛਾਪਾ ਮਾਰ ਕੇ 11 ਜਣਿਆਂ ਨੂੰ ਲੱਖਾਂ ਦੀ ਨਗਦੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣੇਦਾਰ ਓਂਕਾਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਈਸਾ ਨਗਰ ਪੁਲੀ ’ਤੇ ਮੌਜੂਦ ਸੀ। ਇਸ ਦੌਰਾਨ ਇਤਲਾਹ ਮਿਲੀ ਕਿ ਗਲੀ ਨੰਬਰ ਜ਼ੀਰੋ ਕਿਦਵਈ ਨਗਰ ਸਥਿਤ ਇੱਕ ਮਕਾਨ ਵਿੱਚ ਜੂਆ ਚੱਲਦਾ ਹੈ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਨਿਤਿਨ ਸਿੰਘ ਵਾਸੀ ਛਾਉਣੀ ਮੁਹੱਲਾ, ਤਰੁਣ ਕੁਮਾਰ ਵਾਸੀ ਛਾਊਣੀ ਮੁਹੱਲਾ, ਸ਼ਿਵਮ ਵਾਸੀ ਨਿਊ ਸ਼ਕਤੀ ਨਗਰ, ਰੋਹਿਤ ਵਾਸੀ ਗਲੀ ਨੰਬਰ 4 ਬੇਅੰਤ ਕਾਲੋਨੀ, ਕ੍ਰਿਸ਼ਨ ਕੁਮਾਰ ਵਾਸੀ ਗਲੀ ਨੰਬਰ 9 ਪ੍ਰੇਮ ਨਗਰ, ਦਰਸ਼ਨ ਸਿੰਘ ਵਾਸੀ ਗਲੀ ਨੰਬਰ 5 ਪ੍ਰੀਤ ਨਗਰ, ਹਰਮੇਸ਼ ਅਰੋੜਾ ਵਾਸੀ ਕ੍ਰਿਸ਼ਨ ਵਿਹਾਰ, ਵਿਕਾਸ ਕੁਮਾਰ ਵਾਸੀ ਗਲੀ ਨੰਬਰ 3 ਦੌਲਤ ਕਾਲੋਨੀ, ਮੋਹਨ ਲਾਲ ਵਾਸੀ ਕਿੱਲਾ ਮੁਹੱਲਾ, ਮੁਕੇਸ਼ ਕੁਮਾਰ ਵਾਸੀ ਜਨਕਪੁਰੀ ਅਤੇ ਹਰਕੀਰਤ ਸਿੰਘ ਵਾਸੀ ਫੀਲਡ ਗੰਜ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 1,52,750 ਰੁਪਏ, 11 ਮੋਬਾਈਲ ਫੋਨ, ਡਾਇਸ ਰੋਲ, ਮੈਟ ਅਤੇ ਜੂਆ ਖੇਡਣ ਵਾਲੀ ਚੁਗਾਠ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਪਤਾ ਲੱਗਾ ਹੈ ਕਿ ਕਥਿਤ ਦੋਸ਼ੀ ਹਰਕੀਰਤ ਸਿੰਘ ਪੈਸਿਆਂ ਦਾ ਹਿਸਾਬ-ਕਿਤਾਬ ਆਪਣੇ ਪਾਸ ਰੱਖਦਾ ਹੈ ਜੋ ਕਿ ਜੂਆ ਖੇਡਣ ਦੇ ਨਾਲ ਸਰਕਾਰੀ ਲਾਟਰੀ ਦੀ ਏਜੰਸੀ ਹੋਣ ਦਾ ਝਾਂਸਾ ਦੇ ਕੇ ਪ੍ਰਾਈਵੇਟ ਤੌਰ ’ਤੇ ਵੀ ਲਾਟਰੀ ਦਾ ਕੰਮ ਕਰਦਾ ਹੈ।