ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਫਰਵਰੀ
ਹੋਟਲ ਦੇ ਕਮਰੇ ਕਿਰਾਏ ’ਤੇ ਦੇਣ ਦਾ ਬਹਾਨਾ ਬਣਾ ਉਸ ’ਚ ਹਾਈਪ੍ਰੋਫਾਈਲ ਜੂਏ ਦਾ ਅੱਡਾ ਚਲਾਉਣ ਵਾਲੇ ਹੋਟਲ ਮਾਲਕ ਤੇ ਉਸ ਦੇ ਮੈਨੇਜਰ ’ਤੇ ਥਾਣਾ ਸਦਰ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪੁਲੀਸ ਨੇ ਹੋਟਲ ਵਿੱਚ ਛਾਪਾ ਮਾਰ ਕੇ ਕੁਝ ਵਿਅਕਤੀਆਂ ਨੂੰ ਜੂਆ ਖੇਡਦੇ ਹੋਏ ਗ੍ਰਿਫ਼ਤਾਰ ਕੀਤਾ ਹੇ ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਸਾਢੇ 9 ਲੱਖ ਕੈਸ਼ ਵੀ ਬਰਾਮਦ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ’ਚ ਪੱਖੋਵਾਲ ਰੋਡ ਦੇ ਹੋਟਲ ਜੈਡ ਗ੍ਰੈਂਡ ਦੇ ਮਾਲਕ ਓਮੈਕਸ ਫਲੈਟ ਵਾਸੀ ਹੈਦਰ ਪੱਖੋਵਾਲ ਰੋਡ ਸਥਿਤ ਹੋਟਲ ਜੈਡ ਗ੍ਰੈਂਡ ਦੇ ਮੈਨੇਜਰ ਦੀਪ ਯਾਦਵ, ਮਾਡਲ ਟਾਊਨ ਵਾਸੀ ਓਮੇਸ਼ ਕੁਮਾਰ, ਜਗਰਾਉਂ ਦੇ ਸਾਸ਼ਤਰੀ ਨਗਰ ਵਾਸੀ ਨਵਲ ਕੁਮਾਰ, ਅਮਰਪ੍ਰੀਤ ਸਿੰਘ, ਅਮਿਤ ਬਾਂਸਲ, ਅਮਨ ਕੁਮਾਰ, ਭਾਰਤ ਨਗਰ ਵਾਸੀ ਮੁਕੇਸ਼ ਕੁਮਾਰ, ਨਿਊ ਅਮਰ ਨਗਰ ਵਾਸੀ ਮਨਦੀਪ ਸਿੰਘ, ਦਿਓਲ ਇਨਕਲੇਵ ਵਾਸੀ ਪੰਕਜ ਜੈਨ ਤੇ ਦੁਰਗਾ ਪੁਰੀ ਵਾਸੀ ਅਰੁਣ ਗੁਪਤਾ ਦੇ ਖਿਲਾਫ਼ ਗੈਬਲਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐੱਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਇਲਾਕੇ ਵਿੱਚ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਹੈਦਰ ਦਾ ਪੱਖੋਵਾਲ ਰੋਡ ’ਤੇ ਹੋਟਲ ਹੈ ਅਤੇ ਉਹ ਹੋਟਲ ਦੇ ਕਮਰੇ ਕਿਰਾਏ ’ਤੇ ਦੇਣ ਦੀ ਆੜ ’ਚ ਜੂਏ ਦਾ ਅੱਡਾ ਚਲਾਉਂਦਾ ਹੈ। ਜਦੋਂ ਪੁਲੀਸ ਨੇ ਸੂਚਨਾ ਮਿਲਣ ਤੋਂ ਬਾਅਦ ਛਾਪਾ ਮਾਰਿਆ ਤਾਂ ਉੱਥੇ ਇੱਕ ਹਾਈ ਪ੍ਰੋਫਾਈਲ ਅੱਡਾ ਚੱਲ ਰਿਹਾ ਸੀ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਸਾਢੇ 9 ਲੱਖ ਦੀ ਨਗਦੀ ਬਰਾਮਦ ਕੀਤੀ ਹੈ। ਪੁਲੀਸ ਅਨੁਸਾਰ ਉਕਤ ਨਗਦੀ ਮੁਲਜ਼ਮਾਂ ਦੀ ਹੈ ਤੇ ਸਾਰੇ ਪੈਸੇ ਲਾ ਕੇ ਜੂਆ ਖੇਡ ਰਹੇ ਸਨ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ।
ਅਕਾਲਗੜ੍ਹ ਦੇ ਕਬੱਡੀ ਟੂਰਨਾਮੈਂਟ ਮੌਕੇ ਮੋਟਰਸਾਈਕਲ ਚੋਰੀ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਥਾਣਾ ਸੁਧਾਰ ਅਧੀਨ ਪਿੰਡ ਅਕਾਲਗੜ੍ਹ ਵਿਚ ਚੱਲ ਰਹੇ ਕਬੱਡੀ ਟੂਰਨਾਮੈਂਟ ਮੌਕੇ ਚੋਰ ਦਰਸ਼ਕਾਂ ਦੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ। ਅਕਾਲਗੜ੍ਹ ਵਾਸੀ ਜਗਦੇਵ ਸਿੰਘ ਨੇ ਨੀਲੇ-ਕਾਲੇ ਰੰਗ ਦਾ ਮੋਟਰਸਾਈਕਲ ਪੀਬੀ-10 ਐਫਐਨ 2350 ਹੀਰੋ ਡੀਲਕਸ ਖੇਡ ਮੈਦਾਨ ਦੇ ਨੇੜੇ ਖੜ੍ਹਾ ਸੀ ਅਤੇ ਉਹ ਖ਼ੁਦ ਕਬੱਡੀ ਮੈਚ ਦੇਖਣ ਚਲਾ ਗਿਆ। ਮੈਚ ਖ਼ਤਮ ਹੋਣ ਬਾਅਦ ਜਦੋਂ ਜਗਦੇਵ ਸਿੰਘ ਮੋਟਰਸਾਈਕਲ ਲੈਣ ਪੁੱਜਿਆ ਤਾਂ ਉਸ ਦੇ ਹੋਸ਼ ਉੱਡ ਗਏ। ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਨੇੜੇ ਮੌਜੂਦ ਲੋਕਾਂ ਤੋਂ ਪੁੱਛ-ਪੜਤਾਲ ਵੀ ਕੀਤੀ ਅਤੇ ਖ਼ੁਦ ਵੀ ਕਾਫ਼ੀ ਭਾਲ ਕੀਤੀ ਪਰ ਮੋਟਰਸਾਈਕਲ ਨਾ ਮਿਲਿਆ। ਜਗਦੇਵ ਸਿੰਘ ਨੇ ਮੋਟਰਸਾਈਕਲ ਚੋਰੀ ਬਾਰੇ ਥਾਣਾ ਸੁਧਾਰ ਦੀ ਪੁਲੀਸ ਨੂੰ ਸੂਚਿਤ ਕੀਤਾ ਹੈ। ਪੁਲੀਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਅਰੰਭ ਦਿੱਤੀ ਗਈ ਹੈ।