ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਅਕਤੂਬਰ
ਦੀਵਾਲੀ ਦੇ ਜਸ਼ਨਾਂ ਤੋਂ ਪਹਿਲਾਂ ਫਾਇਰ ਬ੍ਰਿਗੇਡ ਵੱਲੋਂ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਲਈ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਨੇ ਰੇਲਵੇ ਸਟੇਸ਼ਨ ਨੇੜੇ ਫਾਇਰ ਬ੍ਰਿਗੇਡ ਹੈੱਡਕੁਆਰਟਰ ਦਾ ਦੌਰਾ ਕੀਤਾ। ਇਸ ਦੌਰਾਨ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਨੀਰਜ ਜੈਨ, ਸਹਾਇਕ ਡਿਵੀਜ਼ਨਲ ਫਾਇਰ ਅਫ਼ਸਰ (ਏ.ਡੀ.ਐਫ.ਓ.) ਮਨਿੰਦਰ ਸਿੰਘ, ਫਾਇਰ ਸਟੇਸ਼ਨ ਅਫ਼ਸਰ (ਐੱਫਐੱਸਓ) ਕਰਤਾਰ ਸਿੰਘ, ਸਬ-ਫਾਇਰ ਅਫ਼ਸਰ (ਐੱਸਐੱਫਓ) ਦਿਨੇਸ਼ ਕੁਮਾਰ, ਐੱਸਐੱਫਓ ਰਾਜਨ ਸਿੰਘ ਤੇ ਐੱਸਐੱਫਓ ਆਤਿਸ਼ ਰਾਏ ਆਦਿ ਹਾਜ਼ਰ ਸਨ। ਸਹਾਇਕ ਕਮਿਸ਼ਨਰ ਨੀਰਜ ਜੈਨ ਅਤੇ ਏਡੀਐੱਫਓ ਮਨਿੰਦਰ ਸਿੰਘ ਨੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਨੂੰ ਦੱਸਿਆ ਕਿ ਦੀਵਾਲੀ ਵਾਲੀ ਰਾਤ 115 ਫਾਇਰ ਫਾਈਟਰ ਡਿਊਟੀ ’ਤੇ ਰਹਿਣਗੇ ਅਤੇ ਕਿਸੇ ਵੀ ਅੱਗ ਲੱਗਣ ਦੀ ਘਟਨਾ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਿਸੇ ਵੀ ਅੱਗ ਦੀ ਘਟਨਾ ਨਾਲ ਨਜਿੱਠਣ ਲਈ ਫਾਇਰ ਸਟੇਸ਼ਨਾਂ ਵਿੱਚ 24 ਫਾਇਰ ਟੈਂਡਰ, 1 ਟਰਨਟੇਬਲ ਪੌੜੀ (56 ਮੀਟਰ ਉਚਾਈ), 1 ਬਚਾਅ ਵੈਨ, 2 ਮਿਨੀ ਫਾਇਰ ਟੈਂਡਰ ਸਮੇਤ ਹੋਰ ਮਸ਼ੀਨਰੀ/ਸਾਮਾਨ ਤਾਇਨਾਤ ਕੀਤੇ ਗਏ ਹਨ। ਫਾਇਰ ਟੈਂਡਰਾਂ ਨੂੰ ਦੁਬਾਰਾ ਭਰਨ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ 22 ਟਿਊਬਵੈੱਲਾਂ ’ਤੇ ਜਨਰੇਟਰ ਸੈੱਟ ਤਾਇਨਾਤ ਕੀਤੇ ਗਏ ਹਨ ਅਤੇ ਸਟਾਫ਼ ਵੀ ਤਾਇਨਾਤ ਕੀਤਾ ਗਿਆ ਹੈ। ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਕਿਹਾ ਕਿ ਜੇਕਰ ਸ਼ਹਿਰ ਵਿੱਚ ਅੱਗ ਲੱਗਣ ਦੀ ਕੋਈ ਵੀ ਘਟਨਾ ਦੀ ਸੂਚਨਾ ਮਿਲਦੀ ਹੈ ਤਾਂ ਅੱਗ ਬੁਝਾਊ ਦਸਤੇ ਆਧੁਨਿਕ ਫਾਇਰ ਟੈਂਡਰਾਂ ਅਤੇ ਮਸ਼ੀਨਰੀ ਨਾਲ ਲੈਸ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਦੀਵਾਲੀ ਮਨਾਉਣ ਦੀ ਅਪੀਲ ਕੀਤੀ।
ਅਸਥਾਈ ਫਾਇਰ ਸਟੇਸ਼ਨ ਸਥਾਪਤ ਹੋਣਗੇ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਸਥਿਤ ਛੇ ਫਾਇਰ ਸਟੇਸ਼ਨਾਂ ਤੋਂ ਇਲਾਵਾ ਦੀਵਾਲੀ ਦੀ ਰਾਤ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਸਥਾਪਤ ਆਰਜ਼ੀ ਸਟੇਸ਼ਨਾਂ ’ਤੇ ਵੀ ਫਾਇਰ ਟੈਂਡਰ ਤਾਇਨਾਤ ਕੀਤੇ ਜਾਣਗੇ। ਜੇ ਸ਼ਹਿਰ ਵਿੱਚ ਕਿਤੇ ਵੀ ਅੱਗ ਦੀ ਘਟਨਾ ਦੀ ਰਿਪੋਰਟ ਹੁੰਦੀ ਹੈ। ਸਮਰਾਲਾ ਚੌਕ, ਸ਼ੇਰਪੁਰ ਚੌਕ, ਜਲੰਧਰ ਬਾਈਪਾਸ ਤੇ ਮਾਡਲ ਟਾਊਨ ਵਿੱਚ ਅਸਥਾਈ ਸਟੇਸ਼ਨ ਸਥਾਪਤ ਕੀਤੇ ਜਾਣਗੇ। ਐਮਰਜੈਂਸੀ ਵਿੱਚ 0161-101 ’ਤੇ ਕਾਲ ਕੀਤੀ ਜਾਵੇ। ਇਸ ਮੌਕੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ 0161-101 ਤੋਂ ਇਲਾਵਾ, ਨਿਵਾਸੀ ਐਮਰਜੈਂਸੀ ਦੀ ਸਥਿਤੀ ਵਿੱਚ ਨਜ਼ਦੀਕੀ ਫਾਇਰ ਸਟੇਸ਼ਨ ਨਾਲ ਵੀ ਸੰਪਰਕ ਕਰ ਸਕਦੇ ਹਨ।
ਫਾਇਰ ਸਟੇਸ਼ਨਾਂ ਤੇ ਅਧਿਕਾਰੀਆਂ ਦੇ ਨੰਬਰਾਂ ਦੀ ਸੂਚੀ
ਜਾਣਕਾਰੀ ਮੁਤਾਬਕ ਫਾਇਰ ਬ੍ਰਿਗੇਡ (ਹੈੱਡਕੁਆਰਟਰ) ਦੇ ਨੰਬਰ 0161- 2749111, 2750764, 2750765 ਹਨ। ਇਸੇ ਤਰ੍ਹਾਂ ਗਿੱਲ ਰੋਡ ਫਾਇਰ ਸਟੇਸ਼ਨ ਨਾਲ 0161- 2531600, ਫੋਕਲ ਪੁਆਇੰਟ ਫਾਇਰ ਸਟੇਸ਼ਨ ਨਾਲ 0161 – 2670101, ਸੁੰਦਰ ਨਗਰ ਫਾਇਰ ਸਟੇਸ਼ਨ ਨਾਲ 0161- 2621651, ਹੈਬੋਵਾਲ ਫਾਇਰ ਸਟੇਸ਼ਨ ਨਾਲ 0161 – 2305101, ਤਾਜਪੁਰ ਰੋਡ ਫਾਇਰ ਸਟੇਸ਼ਨ ਨਾਲ 9056694940 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਏਡੀਐੱਫਓ ਮਨਿੰਦਰ ਸਿੰਘ ਨਾਲ ਮੋਬਾਈਲ ਨੰਬਰ 9971203158, ਐੱਫਐੱਸਓ ਕਰਤਾਰ ਸਿੰਘ (ਹੈੱਡਕੁਆਰਟਰ) ਨਾਲ 9041204071, ਐੱਸਐੱਫਓ ਦਿਨੇਸ਼ ਕੁਮਾਰ (ਹੈੱਡਕੁਆਰਟਰ) ਨਾਲ 9876185858, ਐੱਸਐੱਫਓ ਰਾਜਨ ਸਿੰਘ (ਗਿੱਲ ਰੋਡ) ਨਾਲ 9781815397, ਐੱਸਐੱਫਓ ਦੀਦਾਰ ਸਿੰਘ (ਹੈਬੋਵਾਲ) ਨਾਲ 7888437471 ਅਤੇ ਐੱਸਐੱਫਓ ਆਤਿਸ਼ ਰਾਏ (ਸੁੰਦਰ ਨਗਰ, ਫੋਕਲ ਪੁਆਇੰਟ ਅਤੇ ਤਾਜਪੁਰ ਰੋਡ) ਨਾਲ 9878804541 ’ਤੇ ਸੰਪਰਕ ਕੀਤਾ ਜਾ ਸਕਦਾ ਹੈ।