ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੁਲਾਈ
ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਤੋਂ ਗਊ ਸੈੱਸ ਦੇ ਨਾਂ ’ਤੇ 12 ਵੱਖ-ਵੱਖ ਕੈਟਾਗਿਰੀਆਂ ਤੋਂ ਟੈਕਸ (ਸੈੱਸ) ਵਸੂਲਿਆ ਜਾਂਦਾ ਹੈ, ਪਰ ਨਗਰ ਨਿਗਮ ਦੇ ਲੇਖਾਕਾਰ ਨੇ ਬਿਨਾਂ ਉੱਚ ਅਧਿਕਾਰੀਆਂ ਦੀ ਮਨਜ਼ੂਰੀ ਲਿਆਂ ਗਊ ਸੈੱਸ ’ਚੋਂ 15 ਕਰੋੜ ਰੁਪਏ ਜਨਰਲ ਫੰਡਾਂ ਦੇ ਰਾਹੀਂ ਖ਼ਰਚ ਕਰ ਦਿੱਤੇ ਹਨ। ਹੁਣ ਜਦੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਲੇਖਾਕਾਰ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ। ਦਰਅਸਲ, ਸ਼ਹਿਰੀ ਹਿੱਸਿਆਂ ’ਚ ਵਸੂਲੇ ਗਏ ਗਊ ਸੈੱਸ ਦਾ ਪੈਸਾ ਨਗਰ ਨਿਗਮ ਦੇ ਇੱਕ ਵੱਖਰੇ ਖਾਤੇ ’ਚ ਜਮ੍ਹਾਂ ਹੁੰਦਾ ਹੈ ਤੇ ਉਸ ਪੈਸੇ ਦੀ ਵਰਤੋਂ ਸਿਰਫ਼ ਬੇਸਹਾਰਾ ਪਸ਼ੂਆਂ ਦੇ ਪ੍ਰਬੰਧਾਂ ਲਈ ਹੀ ਕੀਤੇ ਜਾਣ ਦਾ ਨਿਯਮ ਹੈ। ਜਾਂਚ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਤਤਕਾਲੀ ਅਕਾਊਂਟੈਂਟ ਨੇ ਕਰੀਬ 15 ਕਰੋੜ ਰੁਪਏ ਬਿਨਾਂ ਮਨਜ਼ੂਰੀ ਲਿਆਂ ਗਊ ਸੈੱਸ ਦੇ ਖਾਤੇ ’ਚੋਂ ਕਢਵਾਏ ਹਨ। ਹੁਣ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਅਕਾਊਟੈਂਟ ਅਫ਼ਸਰ ਨੂੰ 7 ਦਿਨਾਂ ’ਚ ਇਸ ਲਾਪਰਵਾਹੀ ਦੇ ਸਬੰਧ ’ਚ ਨੋਟਿਸ ਜਾਰੀ ਕਰਦਿਆਂ ਸਪੱਸ਼ਟੀਕਰਨ ਮੰਗਿਆ ਹੈ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਗਊਸ਼ਲਾਵਾਂ ਵੱਲੋਂ ਬਿੱਲ ਭੇਜੇ ਗਏ ਤੇ ਬਿੱਲਾਂ ਨੂੰ ਮਨਜ਼ੂਰੀ ਲਈ ਜਦੋਂ ਅਕਾਊਟੈਂਟ ਦੀ ਰਿਪੋਰਟ ਚੈੱਕ ਕੀਤੀ ਗਈ ਤਾਂ ਪਤਾ ਲੱਗਿਆ ਕਿ ਅਕਾਊਟੈਂਟ ਨੇ ਬਿਨਾਂ ਮਨਜ਼ੂਰੀ ਲਿਆਂ 15 ਕਰੋੜ ਰੁਪਏ ਜਨਰਲ ਕੰਮਾਂ ਲਈ ਵਰਤੇ ਲਏ ਸਨ ਜਿਸ ਕਰਕੇ ਗਊਆਂ ਦੇ ਪ੍ਰਬੰਧਾਂ ਲਈ ਕੀਤੇ ਗਏ ਕੰਮਾਂ ਦੇ ਬਿੱਲ ਰੋਕੇ ਗਏ ਸਨ।