ਗਗਨਦਪ ਅਰੋੜਾ
ਲੁਧਿਆਣਾ, 28 ਅਪਰੈਲ
ਕਰੋਨਾ ਦਾ ਕਹਿਰ ਲੁਧਿਆਣਾ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ, ਅੱਜ ਫਿਰ ਲੁਧਿਆਣਾ ਵਿੱਚ ਕਰੋਨਾ ਨਾਲ 15 ਲੋਕਾਂ ਦੀ ਮੌਤ ਹੋ ਗਈ ਹੈ। ਇਸਦੇ ਨਾਲ ਹੀ 952 ਨਵੇਂ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਅੱਜ ਫਿਰ ਲੁਧਿਆਣਾ ਵਿੱਚ ਪੈਡਿੰਗ ਪਈਆਂ ਰਿਪਰੋਟਾਂ ਵਿੱਚੋਂ 1052 ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਜਿਨਾਂ ਵਿੱਚੋਂ 952 ਮਰੀਜ਼ ਲੁਧਿਆਣਾ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 52444 ਹੋ ਗਈ ਹੈ, ਜਿਨ੍ਹਾਂ ਵਿੱਚੋਂ 43254 ਸਿਹਤਯਾਬ ਹੋ ਗਏ ਹਨ। ਜ਼ਿਲ੍ਹੇ ਵਿੱਚ 7853 ਮਰੀਜ਼ ਐਕਟਿਵ ਹਨ, ਜਿਨ੍ਹਾਂ ਵਿੱਚੋਂ 6021 ਮਰੀਜ਼ ਘਰਾਂ ਵਿੱਚ ਏਕਾਂਤਵਾਸ ਹਨ। 110 ਮਰੀਜ਼ ਸਰਕਾਰੀ ਹਸਪਤਾਲਾਂ ਤੇ 785 ਮਰੀਜ਼ਾਂ ਦਾ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ਼ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਕਰੋਨਾ ਨਾਲ 15 ਲੋਕਾਂ ਦੀ ਮੌਤ ਹੋ ਗਈ, ਇਸਦੇ ਨਾਲ ਹੀ ਜ਼ਿਲ੍ਹੇ ਵਿੱਚ ਕਰੋਨਾ ਨਾਲ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਹੁਣ 1337 ਹੋ ਗਈ ਹੈ। ਸਿਵਲ ਸਰਜਨ ਨੇ ਅਪੀਲ ਕੀਤੀ ਕਿ ਸ਼ਹਿਰ ਵਾਸੀ ਕਰੋਨਾ ਦੇ ਬਚਾਅ ਲਈ ਮਾਸਕ ਪਾ ਕੇ ਰੱਖਣ ਤੇ ਦੋ ਗਜ ਦੀ ਦੂਰੀ ਦਾ ਪਾਲਣ ਕਰਨ।
ਇਸੇ ਦੌਰਾਨ ਸੂਬੇ ਵਿੱਚ ਕਰੋਨਾ ਦੇ ਵਧਦੇ ਕੇਸਾਂ ਤੋਂ ਪ੍ਰੇਸ਼ਾਨ ਸਨਅਤੀ ਸ਼ਹਿਰ ਦੇ ਵਪਾਰੀਆਂ ਤੇ ਕਾਰੋਬਾਰੀਆਂ ਨੇ ਸੂਬੇ ’ਚ ਲੌਕਡਾਊਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ, ਇਸ ਸਬੰਧੀ ਇੰਡਸਟਰੀ ਐਂਡ ਟਰੇਡ ਫੋਰਮ ਦੇ ਕੌਮੀ ਪ੍ਰਧਾਨ ਬਦੀਸ਼ ਜਿੰਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਭੇਜ ਕੇ ਇੱਕ ਹਫ਼ਤੇ ਦਾ ਲੌਕਡਾਊਨ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੋਰਨਾਂ ਤਰੀਕਿਆਂ ਨਾਲ ਕਰੋਨਾ ’ਤੇ ਕਾਬੂ ਨਹੀਂ ਪਾਇਆ ਜਾ ਸਕਦਾ।
ਸਮਰਾਲਾ (ਪੱਤਰ ਪ੍ਰੇਰਕ): ਬੁੱਧਵਾਰ ਨੂੰ ਸਮਰਾਲਾ ਵਿੱਚ ਐੱਸਡੀਐੱਮ ਦਫ਼ਤਰ ਦੇ ਤਿੰਨ ਮੁਲਾਜ਼ਮਾਂ ਦੇ ਪਾਜ਼ੇਟਿਵ ਆਉਣ ਮਗਰੋਂ ਅਗਲੇ 2 ਦਿਨਾਂ ਲਈ ਦਫ਼ਤਰ ਨੂੰ ਬੰਦ ਕਰ ਦਿੱਤਾ ਗਿਆ ਹੈ। ਜਦਕਿ ਉਸ ਤੋਂ ਅਗਲੇ ਦਿਨ ਸ਼ਨਿਚਰਵਾਰ ਅਤੇ ਐਤਵਾਰ ਹੋਣ ਕਾਰਨ ਉਂਝ ਹੀ ਦੋ ਦਿਨ ਦੀ ਛੁੱਟੀ ਹੈ। ਪ੍ਰਸ਼ਾਸਨ ਵੱਲੋਂ ਜ਼ਰੂਰੀ ਇਹਤਿਆਤ ਵਰਤਦੇ ਹੋਏ ਬਾਕੀ ਮੁਲਾਜ਼ਮਾਂ ਨੂੰ ਵੀ ਰੋਟੇਸ਼ਨ ਵਾਈਜ਼ ਇੱਕ ਦਿਨ ਛੱਡ ਕੇ ਦਫ਼ਤਰ ਆਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਇਲਾਕੇ ਵਿੱਚ ਰੋਜ਼ ਕਈ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਓਧਰ ਆਮ ਲੋਕਾਂ ਵੱਲੋਂ ਵਰਤੀ ਜਾ ਰਹੀ ਲਾਪਰਵਾਹੀ ਦੇ ਚਲਦੇ ਇਲਾਕੇ ਵਿੱਚ ਤੇਜ਼ੀ ਨਾਲ ਪੈਰ ਪਸਾਰ ਰਹੀ ਕਰੋਨਾ ਲਾਗ ’ਤੇ ਕਾਬੂ ਪਾਉਣ ਵਿੱਚ ਵੱਡੀ ਦਿੱਕਤ ਪੇਸ਼ ਆ ਰਹੀ ਹੈ। ਹਾਲਾਕਿ ਪੁਲੀਸ ਪ੍ਸਾਸ਼ਨ ਵੱਲੋਂ ਕੁਝ ਸਖ਼ਤੀ ਵਿਖਾਉਂਦੇ ਹੋਏ ਬਿਨਾਂ ਮਾਸਕ ਬਾਜ਼ਾਰ ਵਿੱਚ ਘੁੰਮ ਰਹੇ ਲੋਕਾਂ ਉੱਤੇ ਕਾਰਵਾਈ ਵੀ ਕੀਤੀ ਹੈ, ਪਰ ਬਹੁਗਿਣਤੀ ਲੋਕ ਹਾਲੇ ਵੀ ਕਰੋਨਾ ਤੋਂ ਬੱਚਣ ਲਈ ਜ਼ਰੂਰੀ ਸਾਵਧਾਨੀਆਂ ਦਾ ਧਿਆਨ ਨਹੀਂ ਰੱਖ ਰਹੇ।
ਬਿੱਟੂ ਵੱਲੋਂ ਮੇਅਰ ਤੇ ਨਿਗਮ ਕਮਿਸ਼ਨਰ ਨਾਲ ਮੀਟਿੰਗ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਮੇਅਰ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਪ੍ਰਦੀਪ ਕੁਮਾਰ ਸੱਭਰਵਾਲ ਨਾਲ ਕੋਵਿਡ-19 ਮ੍ਰਿਤਕ ਮਰੀਜ਼ਾਂ ਦੇ ਸਸਕਾਰ ਦੇ ਮੁੱਦੇ ਬਾਰੇ ਮੀਟਿੰਗ ਕੀਤੀ। ਸ੍ਰੀ ਬਿੱਟੂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮੌਤਾਂ ਦਾ ਅੰਕੜਾ ਵਧਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਹੀ ਆਦੇਸ਼ ਜਾਰੀ ਕਰ ਚੁੱਕਾ ਹੈ ਕਿ ਮ੍ਰਿਤਕ ਦੇਹਾਂ ਦਾ ਸਸਕਾਰ ਸ਼ਹਿਰ ਦੇ ਕਿਸੇ ਵੀ ਸ਼ਮਸ਼ਾਨਘਾਟ ਵਿਖੇ ਕੀਤਾ ਜਾ ਸਕਦਾ ਹੈ।