ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 25 ਸਤੰਬਰ
ਪੁਲੀਸ ਥਾਣਾ ਸਦਰ ਨੇ ਦੋ ਫਰਜ਼ੀ ਏਜੰਟਾਂ ਖ਼ਿਲਾਫ਼ ਜਾਅਲੀ ਵੀਜ਼ਾ ਲਗਵਾਉਣ ਅਤੇ 16 ਲੱਖ ਦੀ ਠੱਗੀ ਮਾਰਨ ਦਾ ਕੇਸ ਦਰਜ ਕੀਤਾ ਹੈ । ਪੀੜਤ ਸੁਰਿੰਦਰ ਕੁਮਾਰ ਵਾਸੀ ਰਾਏਪੁਰ ਬੇਟ (ਲੁਧਿਆਣਾ) ਅਤੇ ਪੜਤਾਲੀ ਅਫਸਰ ਸਬ-ਇੰਸਪੈਕਟਰ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਉਰਫ ਮਾਨ ਉਰਫ ਲੀਲਾ ਵਾਸੀ ਪਿੰਡ ਢੋਲਣ ਅਤੇ ਉਸ ਦੇ ਸਾਥੀ ਡਾਕਟਰ ਸਵਰਨਜੀਤ ਸਿੰਘ ਵਾਸੀ ਪਿੰਡ ਰਸੂਲਪੁਰ (ਮੱਲਾ) ਨੇ ਆਪਸੀ ਮਿਲੀਭੁਗਤ ਕਰ ਸੁਰਿੰਦਰ ਕੁਮਾਰ ਦੇ ਬੱਚਿਆਂ ਨੂੰ ਇਟਲੀ ਭੇਜਣ ਦਾ 16 ਲੱਖ ਰੁਪਏ ਲੈ ਲਿਆ। ਦੋਵਾਂ ਨੇ ਸੁਰਿੰਦਰ ਕੁਮਾਰ ਨੂੰ ਇਟਲੀ ਦਾ ਜਾਅਲੀ ਵੀਜ਼ਾ ਲਗਵਾ ਕੇ ਦੇ ਦਿੱਤਾ । ਪੀੜਤ ਨੇ ਇਸ ਦੀ ਸ਼ਿਕਾਇਤ ਸੀਨੀਅਰ ਪੁਲੀਸ ਕਪਤਾਨ ਗੁਰਦਿਆਲ ਸਿੰਘ ਕੋਲ ਕੀਤੀ । ਜਾਂਚ ਉਪਰੰਤ ਰਾਜਵਿੰਦਰ ਸਿੰਘ ਉਰਫ ਮਾਨ ਅਤੇ ਡਾਕਟਰ ਸਵਰਨਜੀਤ ਸਿੰਘ ਦੋਸ਼ੀ ਪਾਏ ਗਏ। ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫਤਾਰੀ ਲਈ ਟੀਮ ਦਾ ਗਠਨ ਕੀਤਾ ਗਿਆ ਹੈ ।