ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਸਤੰਬਰ
ਮਾਲ ਰੋਡ ਦੇ ਐਕਸਿਸ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਆਏ ਇੱਕ ਬਜ਼ੁਰਗ ਤੋਂ ਠੱਗ ਨੌਜਵਾਨ ਬੈਂਕ ਮੁਲਾਜ਼ਮ ਬਣਕੇ ਢਾਈ ਲੱਖ ਰੁਪਏ ਕਰੀਬ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ। ਜਦੋਂ ਤੱਕ ਜਿਊਲਰ ਦੀ ਦੁਕਾਨ ’ਤੇ ਕੰਮ ਕਰਨ ਵਾਲਾ ਰੋਸ਼ਨ ਲਾਲ ਕੁਝ ਸਮਝ ਪਾਉਂਦਾ ਉਦੋਂ ਤੱਕ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ। ਮੁਲਜ਼ਮ ਦੇ ਬੈਂਕ ’ਚ ਨਾ ਹੋਣ ਕਾਰਨ ਉਨ੍ਹਾਂ ਨੇ ਤੁਰੰਤ ਇਸਦੀ ਜਾਣਕਾਰੀ ਮਾਲਕ ਨੂੰ ਦਿੱਤੀ। ਉਨ੍ਹਾਂ ਕੰਟਰੋਲ ਰੂਮ ’ਤੇ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਨੌਸਰਬਾਜ਼ ਕੌਣ ਹੈ।
ਪ੍ਰਦੀਪ ਜਿਊਲਰਜ਼ ਦੇ ਮਾਲਕ ਪ੍ਰਦੀਪ ਜੈਨ ਅਨੁਸਾਰ ਉਨ੍ਹਾਂ ਨੇ ਕਰੀਬ ਡੇਢ ਵਜੇ ਆਪਣੇ ਮੁਲਾਜ਼ਮ ਰੋਸ਼ਨ ਲਾਲ ਨੂੰ ਢਾਈ ਲੱਖ ਰੁਪਏ ਦੇ ਕੇ ਪੈਸੇ ਜਮ੍ਹਾ ਕਰਾਉਣ ਲਈ ਭੇਜਿਆ ਸੀ। ਜਦੋਂ ਉਹ ਪੈਸੇ ਲੈ ਕੇ ਬੈਂਕ ’ਚ ਪੁੱਜੇ ਤਾਂ ਇੱਕ ਨੌਜਵਾਨ ਉਨ੍ਹਾਂ ਕੋਲ ਆਇਆ ਤੇ ਇਸ ਤਰ੍ਹਾਂ ਗੱਲ ਕਰਨ ਲੱਗਿਆ, ਜਿਵੇਂ ਉਹ ਬੈਂਕ ਦਾ ਕਰਮੀ ਹੋਵੇ। ਉਹ ਉਨ੍ਹਾਂ ਕੋਲ ਪਿਆ ਕੈਸ਼ ਚੈੱਕ ਕਰਨ ਲੱਗਿਆ ਤੇ ਬਾਅਦ ’ਚ ਬੈਂਕ ਮੁਲਾਜ਼ਮਾਂ ਨਾਲ ਗੱਲ ਵੀ ਕਰਦਾ ਰਿਹਾ। ਉਸਨੇ ਰੌਸ਼ਨ ਲਾਲ ਨੂੰ ਇਹ ਵੀ ਕਿਹਾ ਕਿ ਉਹ ਪੈਸੇ ਜਮ੍ਹਾਂ ਕਰਵਾ ਦੇਵੇਗਾ। ਰੋਸ਼ਨ ਲਾਲ ਨੇ ਸੋਚਿਆ ਕਿ ਉਹ ਸੱਚ ’ਚ ਬੈਂਕ ਮੁਲਾਜ਼ਮ ਹੈ, ਜਿਸ ਤੋਂ ਬਾਅਦ ਉਸ ਨੌਜਵਾਨ ਨੇ ਰੋਸ਼ਨ ਲਾਲ ਤੋਂ ਪੈਸੇ ਲਏ ਅਤੇ ਇੱਕਦਮ ਗਾਇਬ ਹੋ ਗਿਆ। ਰੋਸ਼ਨ ਲਾਲ ਉਸਨੂੰ ਇੱਧਰ-ਉੱਧਰ ਦੇਖਦਾ ਰਿਹਾ, ਪਰ ਮੁਲਜ਼ਮ ਬਾਹਰ ਨਿਕਲ ਚੁੱਕਾ ਸੀ। ਰੋਸ਼ਨ ਲਾਲ ਨੇ ਤੁਰੰਤ ਇਸਦੀ ਜਾਣਕਾਰੀ ਮਾਲਕ ਪ੍ਰਦੀਪ ਕੁਮਾਰ ਨੂੰ ਦਿੱਤੀ ਜਿਸ ਤੋਂ ਬਾਅਦ ਪੁਲੀਸ ਵੀ ਉੱਥੇ ਪੁੱਜ ਗਈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਅਤੇ ਫੁਟੇਜ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਦਾਅਵਾ ਹੈ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।