ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਅਗਸਤ
ਲੁਧਿਆਣਾ ਵਿੱਚ ਆਪਣੀ ਤੇਜ਼ ਕੋਵਿਡ ਟੀਕਾਕਰਨ ਮੁਹਿੰਮ ਦੇ ਤਹਿਤ ਇੱਕ ਵੱਡੀ ਪੁਲਾਂਘ ਪੁੱਟਦਿਆਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋ ਅੱਜ 20 ਲੱਖ ਕੋਵਿਡ ਖੁਰਾਕਾਂ ਦਾ ਆਂਕੜਾ ਪਾਰ ਕੀਤਾ ਗਿਆ, ਜੋ ਕਿ 16 ਜਨਵਰੀ ਨੂੰ ਸ਼ੁਰੂ ਕੀਤੀ ਗਈ ਸੀ। 20 ਲੱਖ ਟੀਕਿਆਂ ਵਿੱਚੋਂ ਪਿਛਲੇ 5 ਲੱਖ ਲੋਕਾਂ ਨੂੰ ਸਿਰਫ 30 ਦਿਨਾਂ ਵਿੱਚ ਟੀਕਾ ਲਗਾਇਆ ਗਿਆ ਹੈ। ਪਹਿਲੇ 10 ਲੱਖ ਟੀਕਾਕਰਨ ਦਾ ਟੀਚਾ 22 ਜੂਨ ਨੂੰ ਪ੍ਰਾਪਤ ਕੀਤਾ ਅਤੇ ਅਗਲੀਆਂ 5 ਲੱਖ ਖੁਰਾਕਾਂ ਦਾ ਆਂਕੜਾ 1 ਅਗਸਤ ਨੂੰ ਪਾਰ ਕੀਤਾ ਗਿਆ। ਇਸੇ ਸਬੰਧ ਵਿੱਚ ਅੱਜ ਸਿਵਲ ਹਸਪਤਾਲ ਵਿੱਚ ਸਮਾਗਮ ਕੀਤਾ ਗਿਆ। ਇਸ ਵਿੱਚ ਮੁੱਖ ਮਹਿਮਾਨ ਵੱਜੋਂ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ, ਨਿਗਮ ਕੌਂਸਲਰ ਮਮਤਾ ਆਸ਼ੂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਟੀਕਾਕਰਨ ਮੁਹਿੰਮ ਦੀ ਇਹ ਹੁਣ ਤੱਕ ਦੀ ਸਭ ਤੋਂ ਤੇਜ਼ ਗਤੀ ਹੈ। ਉਨ੍ਹਾਂ ਟੀਕਾਕਰਨ ਕਰਵਾ ਕੇ ਮੁਹਿੰਮ ਨੂੰ ਸਫਲ ਬਣਾਉਣ ਵਾਲੇ ਲੋਕਾਂ ਅਤੇ ਖਾਸ ਕਰਕੇ ਸਿਹਤ ਟੀਮਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹੇ ਵਿੱਚ ਹੋਰ ਕੈਂਪ ਲਗਾਏ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਯੋਗ ਲਾਭਪਾਤਰੀਆਂ ਨੂੰ ਤੀਜੀ ਲਹਿਰ ਦੇ ਆਉਣ ਤੋਂ ਪਹਿਲਾਂ ਟੀਕਾ ਲਗਾਇਆ ਜਾ ਸਕੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਿਵੇਕ ਕੁਮਾਰ, ਐਸ.ਐਮ.ਓ. ਡਾ. ਅਮਰਜੀਤ ਕੌਰ, ਐਸ.ਐਮ.ਓ. ਡਾ. ਰਣਧੀਰ ਸਿੰਘ ਚਾਹਲ, ਐਸ.ਐਮ.ਓ ਏ.ਆਰ.ਟੀ. ਡਾ. ਹਰਿੰਦਰ ਸਿੰਘ ਸੂਦ, ਡਾ. ਹਰਜੀਤ ਸਿੰਘ ਮੌਜੂਦ ਸਨ।