ਪੱਤਰ ਪ੍ਰੇਰਕ
ਗੁਰੂਸਰ ਸੁਧਾਰ, ਮੁੱਲਾਂਪੁਰ, 4 ਮਾਰਚ
ਮਾਡਲ ਥਾਣਾ ਦਾਖਾ ਦੀ ਪੁਲੀਸ ਨੇ 5 ਨੌਸਰਬਾਜ਼ਾਂ ਖ਼ਿਲਾਫ਼ ਪਿੰਡ ਮੰਡਿਆਣੀ ਦੇ ਪਰਿਵਾਰ ਨੂੰ ਬੇਹੋਸ਼ ਕਰ ਕੇ 20 ਤੋਲੇ ਸੋਨੇ ਦੇ ਗਹਿਣੇ ਅਤੇ 10 ਲੱਖ ਦੀ ਨਗਦੀ ਚੋਰੀ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਜਸਵੀਰ ਸਿੰਘ ਅਨੁਸਾਰ ਪਿੰਡ ਮੰਡਿਆਣੀ ਵਾਸੀ ਰਾਜਵਿੰਦਰ ਕੌਰ ਪਤਨੀ ਮੁਖ਼ਤਿਆਰ ਸਿੰਘ ਨੇ ਦੋਸ਼ ਲਾਇਆ ਕਿ ਕਾਰ ਸਵਾਰ 5 ਵਿਅਕਤੀ ਬਹਾਨੇ ਨਾਲ ਉਨ੍ਹਾਂ ਦੇ ਘਰ ਦੋ ਦਿਨ ਆਉਂਦੇ ਰਹੇ ਅਤੇ ਘਰ ਵਿੱਚ ਮਾੜਾ ਸਮਾਂ ਆਉਣ ਦਾ ਡਰਾਵਾ ਦੇ ਕੇ ਹਵਨ ਕਰਾਉਣ ਲਈ ਕਿਹਾ। ਮਾੜਾ ਸਮਾਂ ਟਾਲਣ ਲਈ ਹਵਨ ਕਰਨ ਆਏ ਵਿਅਕਤੀ ਪਰਿਵਾਰ ਨੂੰ ਕੋਈ ਨਸ਼ੀਲੀ ਚੀਜ਼ ਦੇ ਕੇ ਬੇਹੋਸ਼ ਕਰਨ ਉਪਰੰਤ ਘਰ ਵਿੱਚ ਪਏ 20 ਤੋਲੇ ਸੋਨੇ ਦੇ ਗਹਿਣੇ ਅਤੇ 10 ਲੱਖ ਰੁਪਏ ਦੀ ਨਗਦੀ ਚੋਰੀ ਕਰ ਕੇ ਫ਼ਰਾਰ ਹੋ ਗਏ। ਪੁਲੀਸ ਨੇ ਮੁੱਢਲੀ ਪੜਤਾਲ ਬਾਅਦ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਜਸਵੀਰ ਸਿੰਘ ਅਨੁਸਾਰ ਜਾਂਚ ਜਾਰੀ ਹੈ ਅਤੇ ਮੁਲਜ਼ਮ ਜਲਦ ਕਾਬੂ ਕਰ ਲਏ ਜਾਣਗੇ।
ਰਾਜਵਿੰਦਰ ਕੌਰ ਅਨੁਸਾਰ ਘਰ ਦੀ ਮੁਰੰਮਤ ਲਈ ਨੇੜਲੇ ਪਿੰਡ ਦਾ ਮਿਸਤਰੀ ਅਤੇ ਮਜ਼ਦੂਰ ਕੰਮ ਕਰਦੇ ਸਨ, ਕਾਰ ਸਵਾਰ ਪੰਜ ਵਿਅਕਤੀ ਉਨ੍ਹਾਂ ਨਾਲ ਆ ਕੇ ਗੱਲਾਂ ਕਰਨ ਲੱਗੇ ਅਤੇ ਚਾਹ ਪੀਣ ਬਹਾਨੇ ਘਰ ਦੇ ਅੰਦਰ ਆ ਗਏ। ਗੱਲਬਾਤ ਦੌਰਾਨ ਉਨ੍ਹਾਂ ਆਪਣੇ ਨਾਂ ਸਾਹਿਲ ਖ਼ਾਨ, ਜੁਗਨੂੰ ਪੰਡਿਤ ਅਤੇ ਮੂਸਾ ਦੱਸਿਆ ਅਤੇ ਸਾਹਿਲ ਖ਼ਾਨ ਨੇ ਖ਼ੁਦ ਨੂੰ ਕਾਲੇ ਇਲਮ ਦਾ ਮਾਹਿਰ ਦੱਸਿਆ ਅਤੇ ਘਰ ਵਿੱਚ ਆਉਣ ਵਾਲੇ ਮਾੜੇ ਵੇਲੇ ਨੂੰ ਟਾਲਣ ਦੇ ਨਾਂ ਹੇਠ ਪਰਿਵਾਰ ਨੂੰ ਬੇਹੋਸ਼ ਕਰ ਕੇ ਗਹਿਣੇ ਅਤੇ ਨਗਦੀ ਚੋਰੀ ਕਰ ਲਈ।