ਪੱਤਰ ਪ੍ਰੇਰਕ
ਜਗਰਾਉਂ, 30 ਮਾਰਚ
ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਆਰੰਭੀ ਮੁਹਿੰਮ ਤਹਿਤ ਪੁਲੀਸ (ਦਿਹਾਤੀ) ਨੇ ਦੋ ਥਾਵਾਂ ਤੋਂ ਸ਼ਰਾਬ ਦੀਆਂ ਬੋਤਲਾਂ ਅਤੇ ਲਾਹਣ ਨਸ਼ਟ ਕਰਵਾਇਆ ਹੈ। ਇਨ੍ਹਾਂ ਮਾਮਲਿਆਂ ’ਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਇੱਕ ਪੁਲੀਸ ਦੇ ਹੱਥ ਨਹੀਂ ਲੱਗਾ। ਏ.ਐੱਸ.ਆਈ. ਸੁਰਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਮੁਖਬਰ ਵੱਲੋਂ ਦਿੱਤੀ ਸੂਚਨਾ ’ਤੇ ਕਾਰਵਾਈ ਕਰਦਿਆਂ ਅਗਵਾੜ ਖੁਆਜ਼ਾ ਬਾਜ਼ੂ ਖਾਲੀ ਪਲਾਟ ’ਚੋਂ ਆਫੀਸਰ ਚੁਆਇਸ ਹਰਿਆਣਾ ਮਾਰਕਾ ਸ਼ਰਾਬ ਵੇਚ ਰਹੇ ਹਰਬੰਸ ਸਿੰਘ ਬਬਲੀ ਨੂੰ ਹਿਰਾਸਤ ’ਚ ਲਿਆ ਹੈ। ਏ.ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਸ਼ਰਾਬ ਦੀਆਂ 30 ਬੋਤਲਾਂ ਮਿਲੀਆਂ ਹਨ। ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਦੂਸਰੇ ਮਾਮਲੇ ’ਚ ਐੱਸ.ਆਈ. ਕੁਲਵਿੰਦਰ ਸਿੰਘ ਨੇ ਖਾਸ ਸੂਹੀਏ ਤੋਂ ਪ੍ਰਾਪਤ ਸੂਚਨਾ ’ਤੇ ਸਤਲੁਜ ਦਰਿਆ ਪਿੰਡ ਬਾਘੀਆਂ ਨੇੜੇ ਕਿਸੇ ਅਣਪਛਾਤੇ ਦੀ ਸ਼ਰਾਬ ਬਣਾਉਣ ਲਈ ਪਈ 25 ਹਜ਼ਾਰ ਲਿਟਰ ਦੇ ਕਰੀਬ ਲਾਹਣ ਬਰਾਮਦ ਕਰਕੇ ਮੌਕੇ ’ਤੇ ਹੀ ਨਸ਼ਟ ਕੀਤੀ ਗਈ ਹੈ। ਐੱਸ.ਆਈ. ਕੁਲਵਿੰਦਰ ਸਿੰਘ ਅਨੁਸਾਰ ਲਾਹਣ ਪਾਉਣ ਵਾਲੇ ਵਿਅਕਤੀ ਨੂੰ ਸ਼ਨਾਖਤ ਉਪਰੰਤ ਹਿਰਾਸਤ ’ਚ ਲੈਣ ਲਈ ਯਤਨ ਤੇਜ਼ ਕਰ ਦਿੱਤੇ ਹਨ।