ਜੋਗਿੰਦਰ ਸਿੰਘ ਓਬਰਾਏ
ਖੰਨਾ, 6 ਜਨਵਰੀ
ਕਰੀਬ 11 ਵਰ੍ਹੇ ਪਹਿਲਾਂ ਯੂਥ ਕਾਂਗਰਸ ਦੇ 30 ਕਾਰਕੁਨ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਗਏ ਸਨ, ਜਿਨ੍ਹਾਂ ਵਿੱਚੋਂ 26 ਨੌਜਵਾਨਾਂ ਨੂੰ ਵੱਖ ਵੱਖ ਧਾਰਾਵਾਂ ਤਹਿਤ ਚੰਡੀਗੜ੍ਹ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਹ ਨੌਜਵਾਨ ਲੰਬੀ ਲੜਾਈ ਪਿੱਛੋਂ ਬਰੀ ਹੋ ਗਏ ਹਨ।
ਇਸ ਸਬੰਧੀ ਅਨਾਜ ਮੰਡੀ ਖੰਨਾ ਦੇ ਆੜ੍ਹਤੀ ਆਗੂ ਯਾਦਵਿੰਦਰ ਸਿੰਘ ਲਬਿੜਾ ਨੇ ਦੱਸਿਆ ਕਿ ਸਾਲ 2011 ਵਿਚ ਰਵਨੀਤ ਸਿੰਘ ਬਿੱਟੂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਨ। ਉਨ੍ਹਾਂ ਨਸ਼ਿਆਂ, ਰੇਤ ਮਾਫ਼ੀਆ ਅਤੇ ਹੋਰ ਮਸਲਿਆਂ ਨੂੰ ਲੈ ਕੇ ਉਦੋਂ ਦੀ ਅਕਾਲੀ-ਭਾਜਪਾ ਸਰਕਾਰ ਖ਼ਿਲਾਫ਼ 17 ਮਾਰਚ 2011 ਨੂੰ ਪੰਜਾਬ ਵਿਧਾਨ ਸਭਾ ਦੇ ਘਿਰਾਓ ਦਾ ਸੱਦਾ ਦਿੱਤਾ ਸੀ। ਸ੍ਰੀ ਲਬਿੜਾ ਨੇ ਦੱਸਿਆ ਕਿ ਉਦੋਂ ਉਹ ਯੂਥ ਕਾਂਗਰਸ ਸਰਕਲ ਖੰਨਾ ਦਾ ਪ੍ਰਧਾਨ ਸਨ ਅਤੇ 30 ਨੌਜਵਾਨਾਂ ਸਮੇਤ ਇਸ ਘਿਰਾਓ ਵਿਚ ਸ਼ਾਮਲ ਹੋਏ ਸਨ। ਘਿਰਾਓ ਦੌਰਾਨ ਚੰਡੀਗੜ੍ਹ ਪੁਲੀਸ ਨੇ ਉਨ੍ਹਾਂ ਸਮੇਤ 26 ਨੌਜਵਾਨਾਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਸੀ। ਉਹ ਸਾਰੇ 12 ਦਿਨ ਬੁੜੈਲ ਜੇਲ੍ਹ ਵਿਚ ਰਹੇ ਅਤੇ ਜ਼ਮਾਨਤਾਂ ਕਰਵਾ ਕੇ ਬਾਹਰ ਆਏ।
ਲਬਿੜਾ ਅਨੁਸਾਰ ਉਹ ਲਗਾਤਾਰ ਚੰਡੀਗੜ੍ਹ ਦੀ ਅਦਾਲਤ ਵਿਚ 11 ਸਾਲ ਤਰੀਕਾਂ ਭੁਗਤਦੇ ਰਹੇ ਅਤੇ ਇਸ ਵਕਫ਼ੇ ਦੌਰਾਨ ਉਨ੍ਹਾਂ ਦੇ ਦੋ ਸਾਥੀਆਂ ਕਮਲ ਸਿੰਘ ਤੇ ਸੁਖਦੀਪ ਸਿੰਘ ਵਾਸੀ ਪਿੰਡ ਅਲੂਣਾ ਪੱਲਾ ਦੀ ਚੰਡੀਗੜ੍ਹ ਪੇਸ਼ੀ ’ਤੇ ਜਾਂਦੇ ਹੋਏ ਹਾਦਸੇ ਵਿਚ ਮੌਤ ਹੋ ਗਈ ਜਦਕਿ ਤੀਜਾ ਨੌਜਵਾਨ ਗੁਰਦੀਪ ਸਿੰਘ ਵਾਸੀ ਖੰਨਾ ਖੁਦਕਸ਼ੀ ਕਰ ਗਿਆ।
ਉਨ੍ਹਾਂ ਦੋਸ਼ ਲਾਏ ਕਿ ਇਨ੍ਹਾਂ 11 ਸਾਲਾਂ ਵਿਚ ਕਿਸੇ ਵੀ ਕਾਂਗਰਸੀ ਆਗੂ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਵਿਛੜ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਸ੍ਰੀ ਲਬਿੜਾ ਅਨੁਸਾਰ 11 ਵਰ੍ਹੇ ਤਰੀਕਾਂ ਭੁਗਤਣ ਵਾਲੇ ਨੌਜਵਾਨਾਂ ਦਾ ਭਾਰੀ ਆਰਥਿਕ ਨੁਕਸਾਨ ਵੀ ਹੋਇਆ। ਉਨ੍ਹਾਂ ਦੱਸਿਆ ਕੱਲ੍ਹ ਸਾਰੇ ਨੌਜਵਾਨਾਂ ਨੂੰ ਅਦਾਲਤ ਨੇ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਸ ਮੌਕੇ ਕਰਮਜੀਤ ਸਿਫਤੀ, ਪਵਿੱਤਰ ਹੋਲ, ਏਕਮ ਹੋਲ, ਹਰਜਿੰਦਰ ਸਿੰਘ ਤੇ ਨਿਤਿਨ ਕੌਸ਼ਲ ਆਦਿ ਵੀ ਹਾਜ਼ਰ ਸਨ।