ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਸਤੰਬਰ
ਸਨਅਤੀ ਸ਼ਹਿਰ ਦੇ ਪੌਸ਼ ਇਲਾਕੇ ਸਰਾਭਾ ਨਗਰ ਦੀ ਮਲਹਾਰ ਰੋਡ ’ਤੇ ਸਥਿਤ ਵਨ ਪਲੱਸ ਮੋਬਾਈਲ ਸ਼ੋਅਰੂਮ ਵਿਚੋਂ ਚੋਰਾਂ ਨੇ 30 ਮੋਬਾਈਲ ਫੋਨ ਚੋਰੀ ਕਰ ਲਏ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸ਼ਾਪਿੰਗ ਮਾਲ ਦੇ ਬਾਹਰ ਸ਼ੋਅਰੂਮ ਬਣਿਆ ਹੈ, ਉੱਥੇ ਚਾਰ ਚਾਰ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿੰਦੇ ਹਨ ਤੇ ਉਹ ਸਾਰੇ ਰਾਤ ਸਮੇਂ ਡਿਊਟੀ ਦੌਰਾਨ ਸੌਂ ਗਏ ਦੱਸੇ ਜਾ ਰਹੇ ਹਨ। ਸ਼ੀਸ਼ਾ ਤੋੜ ਕੇ ਚੋਰ ਗਰੋਹ ਦੇ ਦੋ ਮੈਂਬਰ ਸ਼ੋਅਰੂਮ ਦੇ ਅੰਦਰ ਚਲੇ ਗਏ ਜਦੋਂਕਿ ਪੰਜ ਪਰਦੇ ਦੀ ਓਟ ’ਚ ਬਹਾਰ ਖੜ੍ਹੇ ਪਹਿਰਾ ਦਿੰਦੇ ਰਹੇ। ਉਹ ਕਰੀਬ ਅੱਧਾ ਘੰਟਾ ਉੱਥੇ ਰਹੇ ਤੇ ਸੁਰੱਖਿਆ ਮੁਲਾਜ਼ਮ ਸੁੱਤੇ ਰਹੇ। ਘਟਨਾ ਦਾ ਪਤਾ ਲੱਗਣ ’ਤੇ ਸ਼ੋਅਰੂਮ ਮੈਨੇਜਰ ਨੇ ਕੰਪਨੀ ਦੇ ਅਧਿਕਾਰੀਆਂ ਅਤੇ ਪੁਲੀਸ ਨੂੰ ਫੋਨ ਕੀਤਾ।
ਜਾਣਕਾਰੀ ਅਨੁਸਾਰ ਮਲਹਾਰ ਸਿਨੇਮਾ ਰੋਡ ’ਤੇ ਵਨ ਪਲੱਸ ਮੋਬਾਈਲ ਦਾ ਸ਼ੋਅਰੂਮ ਹੈ। ਜਿਸ ਮਾਲ ਦੇ ਬਾਹਰ ਸ਼ੋਅਰੂਮ ਹੈ, ਉੱਥੇ ਸਰੁੱਖਿਆ ਕਰਮੀ ਤਾਇਨਾਤ ਰਹਿੰਦੇ ਹਨ। ਸਵੇਰੇ ਪੰਜ ਵਜੇ ਚੋਰ ਗਰੋਹ ਦੇ ਕਰੀਬ ਸੱਤ ਮੈਂਬਰ ਸ਼ੋਅਰੂਮ ਕੋਲ ਪੁੱਜੇ। ਪੰਜ ਮੁਲਜ਼ਮ ਪਰਦਾ ਲਾ ਕੇ ਖੜ੍ਹੇ ਰਹੇ ਜਦੋਂਕਿ ਦੋ ਮੁਲਜ਼ਮ ਸ਼ੀਸ਼ਾ ਤੋੜ ਕੇ ਅੰਦਰ ਦਾਖ਼ਲ ਹੋ ਗਏ। ਉਨ੍ਹਾਂ ਅੰਦਰੋਂ ਲੱਖਾਂ ਰੁਪਏ ਦੇ ਮੋਬਾਈਲ ਇਕੱਠੇ ਕੀਤੇ ਅਤੇ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਸੁਰੱਖਿਆ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਅੰਦਰ ਗਏ ਅਤੇ ਮੋਬਾਈਲ ਫੋਨ ਕੱਢ ਕੇ ਡੱਬੇ ਅਤੇ ਚਾਰਜ਼ਰ ਉੱਥੇ ਹੀ ਸੁੱਟ ਗਏ। ਜਦੋਂ ਕੰਪਨੀ ਦੇ ਮੁਲਾਜ਼ਮ ਪੁੱਜੇ ਅਤੇ ਸਾਮਾਨ ਖਿਲਰਿਆ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਜਦੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਲੱਗਿਆ ਕਿ ਅਣਪਛਾਤੇ ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਥਾਣਾ ਡਿਵੀਜ਼ਨ ਨੰਬਰ-5 ਦੀ ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।