ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 27 ਜੁਲਾਈ
ਇਥੇ ਕਿਸਾਨ ਸੰਘਰਸ਼ ਮੋਰਚੇ ਦੇ 300 ਦਿਨ ਪੂਰੇ ਹੋਣ ’ਤੇ ਪ੍ਰੋ. ਸੁਖਚਰਨਪ੍ਰੀਤ ਸਿੰਘ ਦੇ ਘਰ ਪਹਿਲੀ ਅਕਤੂਬਰ ਨੂੰ ਲਾਇਆ ਬੋਹੜ ਦਾ ਬੂਟਾ ਪੁੱਟ ਕੇ ਰੇਲਵੇ ਪਾਰਕ ’ਚ ਲਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਇਹ ਬੋਹੜ ਸਾਲਾਂ ਤੱਕ ਛਾਂ ਦੇਣ ਦੇ ਨਾਲ ਕਿਸਾਨ ਸੰਘਰਸ਼ ਦਾ ਗਵਾਹ ਬਣ ਕੇ ਖੜ੍ਹਾ ਰਹੇਗਾ। ਮਾਸਟਰ ਧਰਮ ਸਿੰਘ ਸੂਜਾਪੁਰ ਦੀ ਮੰਚ ਸੰਚਾਲਨਾ ਹੇਠ ਸਭ ਤੋਂ ਪਹਿਲਾਂ ਵਿਛੋੜਾ ਦੇ ਗਏ ਧਰਨੇ ’ਚ ਲਗਾਤਾਰ ਹਾਜ਼ਰੀ ਲਗਾਉਂਦੇ ਰਹੇ ਮਲਕ ਰੋਡ ਨਿਵਾਸੀ ਅਪਾਹਜ ਜੀਵਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਬੀਤੇ ਦਿਨ ਜੰਤਰ ਮੰਤਰ ਦਿੱਲੀ ਵਿਖੇ ਔਰਤਾਂ ਨੇ ਕਿਸਾਨ ਸੰਸਦ ਚਲਾ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਜੇਕਰ ਘਰ ਚਲਾ ਸਕਦੀਆਂ ਹਨ ਤਾਂ ਦੇਸ਼ ਚਲਾਉਣ ਦੀ ਸਮਰੱਥਾ ਵੀ ਰੱਖਦੀਆਂ ਹਨ। ਕਿਸਾਨ ਆਗੂ ਗੁਰਪ੍ਰੀਤ ਸਿੰਘ ਸਿੱਧਵਾਂ ਨੇ ਦੱਸਿਆ ਕਿ ਕਿਸਾਨ ਸੰਸਦ ’ਚ ਲੁਧਿਆਣਾ ਜ਼ਿਲ੍ਹੇ ਦੇ ਕਿਸਾਨ ਆਗੂ 30 ਜੁਲਾਈ ਨੂੰ ਸ਼ਾਮਲ ਹੋ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਚਰਚਾ ਕਰਨਗੇ।
ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਅੱਜ ਇਥੋਂ ਕਿਸਾਨ ਸੰਸਦ ਦੇ ਛੇਵੇਂ ਦਿਨ ਲਈ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦਾ ਤਿੰਨ ਮੈਂਬਰੀ ਜੱਥਾ ਰਵਾਨਾ ਹੋਇਆ। ਇਸ ਮੌਕੇ ਓਕਾਂਰ ਸਿੰਘ, ਰਾਜਿੰਦਰ ਸਿੰਘ ਅਤੇ ਪ੍ਰਗਟ ਸਿੰਘ ਨੇ ਕਿਸਾਨ ਸੰਸਦ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਕਿਵੇਂ ਕੇਂਦਰ ਸਰਕਾਰ ਏਪੀਐਮਸੀ ਐਕਟ ਨੂੰ ਕਮਜ਼ੋਰ ਕਰਕੇ ਨਵੇਂ ਖੇਤੀ ਕਾਨੂੰਨਾਂ ਰਾਹੀਂ ਕਾਰਪੋਰੇਟ ਖੇਤੀ ਦਾ ਅਰੰਭ ਕਰਨਾ ਚਾਹੁੰਦੀ ਹੈ, ਜੋ ਲੋਕ ਵਿਰੋਧੀ ਫੈਸਲਾ ਹੈ। ਇਸ ਮੌਕੇ ਭੁਪਿੰਦਰ ਸਿੰਘ, ਪਰਮਿੰਦਰ ਸਿੰਘ, ਸਤਿੰਦਰ ਸਿੰਘ, ਅਜੈਬ ਸਿੰਘ, ਨਰਿੰਦਰ ਸਿੰਘ, ਤਰਲੋਚਨ ਸਿੰਘ ਆਦਿ ਹਾਜ਼ਰ ਸਨ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਹੋਈ ਕਿਸਾਨ ਸੰਸਦ ਵਿੱਚ ਅੱਜ ਵੀ ਵਿਵਾਦਿਤ ਖੇਤੀ ਕਾਨੂੰਨ ਰੱਦ ਕਰਨ ਦਾ ਮੁੱਦਾ ਛਾਇਆ ਰਿਹਾ। ਕਿਸਾਨ ਸੰਸਦ ਅਮਨਦੀਪ ਕੌਰ ਨੂੰ ਸਪੀਕਰ, ਮਨਜੀਤ ਕੌਰ ਅਤੇ ਕਰਮਜੀਤ ਕੌਰ ਨੂੰ ਡਿਪਟੀ ਸਪੀਕਰ ਚੁਣੇ ਜਾਣ ਤੋਂ ਬਾਅਦ ਸੰਸਦ ਦੀ ਕਾਰਵਾਈ ਅਰੰਭ ਹੋਈ। ਦਿੱਲੀ ਤੋਂ ਪਰਤੀ ਖੇਤੀ ਮੰਤਰੀ ਪ੍ਰੋਫੈਸਰ ਸੁਰਿੰਦਰ ਕੌਰ, ਸੰਸਦ ਮੈਂਬਰ ਪਰਮਜੀਤ ਕੌਰ , ਪ੍ਰੋਫੈਸਰ ਪਰਮਜੀਤ ਕੌਰ ਨੇ ਆਪਣੇ ਦਿੱਲੀ ਦੇ ਤਜਰਬੇ ਸਾਂਝੇ ਕੀਤੇ।
ਦਿੱਲੀ ਕਿਸਾਨ ਸੰਸਦ ’ਚ 30 ਨੂੰ ਪੁੱਜਣਗੇ ਲੁਧਿਆਣਾ ਦੇ ਕਿਸਾਨ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਬਲਾਕ ਰਾਏਕੋਟ ਦੇ ਪਿੰਡਾਂ ਦੀ ਮੀਟਿੰਗ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿੱਚ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਆਉਣ ਵਾਲੇ ਸਮੇਂ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾਂਦੇ ਪ੍ਰੋਗਰਾਮ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਮਾ. ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਜੋ ਦਿੱਲੀ ਦੇ ਜੰਤਰ ਮੰਤਰ ਵਿੱਚ ‘ਕਿਸਾਨ ਪਾਰਲੀਮੈਂਟ’ ਚਲਾਈ ਜਾਂਦੀ ਹੈ ਉਸ ਵਿੱਚ ਜਾਣ ਲਈ ਜ਼ਿਲ੍ਹਾ ਲੁਧਿਆਣਾ ਨੂੰ 30 ਜੁਲਾਈ ਦਾ ਦਿਨ ਮਿਲਿਆ ਹੈ, ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਤਿੰਨ ਕਿਸਾਨ ਜਾਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਰਾਏਕੋਟ ਤੋਂ ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਰਵਾਨਾ ਹੋਵੇਗਾ।