ਮਾਛੀਵਾੜਾ (ਪੱਤਰ ਪ੍ਰੇਰਕ): ਬਲਾਕ ਦੀਆਂ 116 ਪੰਚਾਇਤਾਂ ਦੀਆਂ ਚੋਣਾਂ ਸਬੰਧੀ ਦੂਜੇ ਦਿਨ ਵੀ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੰਮ ਮੱਧਮ ਰਿਹਾ। ਚੋਣਾਂ ਲੜਨ ਦੇ ਇਛੁੱਕ ਵਿਅਕਤੀ ਬਲਾਕ ਪੰਚਾਇਤ ਦਫ਼ਤਰ ਵਿੱਚ ਆਪਣੇ ਦਸਤਾਵੇਜ਼ ਮੁਕੰਮਲ ਕਰਦੇ ਦਿਖਾਈ ਦਿੱਤੇ। ਜਾਣਕਾਰੀ ਅਨੁਸਾਰ ਦੂਜੇ ਦਿਨ 32 ਵਿਅਕਤੀਆਂ ਨੇ ਸਰਪੰਚ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਦਕਿ 68 ਨੇ ਪੰਚਾਇਤ ਮੈਂਬਰ ਵਜੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ। ਭਲਕੇ 2 ਤੇ 3 ਅਕਤੂਬਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਹੁਣ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੰਮ ਬੰਦ ਰਹੇਗਾ ਅਤੇ 4 ਅਕਤੂਬਰ ਨੂੰ ਅੰਤਿਮ ਮਿਤੀ ਹੈ। ਇਸ ਦੌਰਾਨ ਕਈ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਹੋਣ ਦਾ ਅਮਲ ਵੀ ਜਾਰੀ ਹੈ।