ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਜੁਲਾਈ
ਸਨਅਤੀ ਸ਼ਹਿਰ ਵਿੱਚ ਕਰੋਨਾ ਦੇ ਕੇਸ ਪੂਰੀ ਤਰ੍ਹਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ। ਪਿਛਲੇ ਕੁਝ ਦਿਨਾਂ ਤੋਂ ਕਰੋਨਾਂ ਦੇ ਵੱਧ ਆ ਰਹੇ ਕੇਸਾਂ ਕਰਕੇ ਭਾਵੇਂ ਸਿਹਤ ਵਿਭਾਗ ਚਿੰਤਾ ਪ੍ਰਗਟਾਅ ਰਿਹਾ ਹੈ ਪਰ ਲੋਕ ਇਸ ਨੂੰ ਗੰਭੀਰਤਾ ਨਾਲ ਲੈਂਦੇ ਦਿਖਾਈ ਨਹੀਂ ਦੇ ਰਹੇ। ਅੱਜ ਵੀ ਜ਼ਿਲ੍ਹੇ ਵਿੱਚ ਕਰੋਨਾ ਦੇ 39 ਨਵੇਂ ਕੇਸ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਐੱਸਪੀ ਸਿੰਘ ਨੇ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਪਹਿਲਾਂ ਦੇ ਮੁਕਾਬਲੇ ਭਾਵੇਂ ਕਰੋਨਾ ਦੇ ਕੇਸ ਘੱਟ ਆ ਰਹੇ ਹਨ ਪਰ ਇਹ ਪੂਰੀ ਤਰ੍ਹਾਂ ਖਤਮ ਹੁੰਦਾ ਦਿਖਾਈ ਨਹੀਂ ਦੇ ਰਿਹਾ। ਜ਼ਿਲ੍ਹੇ ਵਿੱਚ ਕਰੋਨਾ ਕੇਸ ਪਿਛਲੇ ਕਈ ਦਿਨਾਂ ਤੋਂ ਵੱਧ ਆ ਰਹੇ ਹਨ। ਅੱਜ ਵੀ ਜ਼ਿਲ੍ਹੇ ਵਿੱਚ ਆਏ 39 ਨਵੇਂ ਕਰੋਨਾ ਕੇਸਾਂ ਵਿੱਚੋਂ 31 ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ ਜਦਕਿ 8 ਦੂਜੇ ਜ਼ਿਲ੍ਹਿਆਂ ਅਤੇ ਰਾਜਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਅੱਜ 3,948 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਸਿਵਲ ਸਰਜਨ ਡਾ. ਐੱਸਪੀ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਥ ਢੱਕ ਕਿ ਰੱਖਣ, ਸਮੇਂ ਸਮੇਂ ’ਤੇ ਇਨ੍ਹਾਂ ਨੂੰ ਸਾਫ ਕਰਦੇ ਰਹੋ, ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰੋ, ਸਿਹਤ ਖਰਾਬ ਹੋਣ ’ਤੇ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰੋ। ਇਸ ਮਹਾਮਾਰੀ ’ਤੇ ਕਾਬੂ ਕਰਨ ਲਈ ਸਿਹਤ ਵਿਭਾਗ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਕੈਂਪ ਲਗਾ ਕਿ ਕੋਵਿਡ-ਟੀਕਾਕਰਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਲੋਕਾਂ ਵੱਲੋਂ ਇਸ ਮਹਾਮਾਰੀ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ। ਸ਼ਹਿਰ ਦੇ ਬਾਜ਼ਾਰਾਂ, ਮੁਹੱਲਿਆਂ ਅਤੇ ਗਲੀਆਂ ਵਿੱਚ ਲੋਕ ਬਿਨਾਂ ਮਾਸਕ ਅਤੇ ਭੀੜ ਦੀ ਸ਼ਕਲ ਵਿੱਚ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਐਤਵਾਰ ਛੁੱਟੀ ਵਾਲਾ ਦਿਨ ਹੋਣ ਕਰਕੇ ਇਹ ਭੀੜ ਸ਼ਹਿਰ ਦੇ ਮਸ਼ਹੂਰ ਬਾਜ਼ਾਰਾਂ ਚੌੜਾ ਬਾਜ਼ਾਰ, ਘੁਮਾਰ ਮੰਡੀ, ਸ਼ਰਾਫਾ ਬਾਜ਼ਾਰ, ਫੀਲਡ ਗੰਜ ਆਦਿ ਵਿੱਚ ਆਮ ਦਿਨਾਂ ਨਾਲੋਂ ਵੀ ਕਿਤੇ ਵੱਧ ਹੋ ਜਾਂਦੀ ਹੈ।