ਸਤਵਿੰਦਰ ਬਸਰਾ
ਲੁਧਿਆਣਾ, 23 ਅਗਸਤ
ਪੀਏਯੂ ਦੇ ਗੇਟ ਨੰਬਰ ਇੱਕ ਦੇ ਨੇੜੇ ਪਿਛਲੇ ਕਈ ਦਿਨਾਂ ਤੋਂ ਰੋਸ ਧਰਨੇ ’ਤੇ ਬੈਠੇ ਵਿਦਿਆਰਥੀਆਂ ਦੇ ਸਮਰਥਨ ਵਿੱਚ ਅੱਜ ਦੂਜੀ ਵਾਰ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਲੁਧਿਆਣਾ ਪੁੱਜੇ। ਉਨ੍ਹਾਂ ਸਰਕਾਰੀ ਅਦਾਰਿਆਂ ਦੀ ਤਰਸਯੋਗ ਹਾਲਤ ਲਈ ਵੱਡੇ ਪੂੰਜੀਪਤੀ ਘਰਾਣਿਆਂ ਨੂੰ ਦੋਸ਼ੀ ਕਰਾਰ ਦਿੱਤਾ। ਚੜੂਨੀ ਨੇ ਕਿਹਾ ਕਿ ਹਰ ਪਾਸੇ ਵਧ ਰਹੇ ਨਿੱਜੀਕਰਨ ਕਰਕੇ ਸਰਕਾਰੀ ਅਦਾਰਿਆਂ ਹੌਲੀ-ਹੌਲੀ ਖਤਮ ਹੁੰਦੇ ਜਾ ਰਹੇ ਹਨ। ਹੁਣ ਪੰਜਾਬ ਦੀ ‘ਆਪ’ ਸਰਕਾਰ ਵੀ ਕੇਂਦਰ ਦੇ ਪਾਏ ਪੂਰਨਿਆਂ ’ਤੇ ਚੱਲਦਿਆਂ ਸਰਕਾਰੀ ਅਦਾਰਿਆਂ ਨੂੰ ਢਾਹ ਲਾ ਰਹੀ ਹੈ।
ਉਨ੍ਹਾਂ ਕਿਹਾ ਕਿ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਵਿੱਚ ਅਨੇਕਾਂ ਹੀ ਅਸਾਮੀਆਂ ਖਾਲੀ ਪਈਆਂ ਹਨ ਅਤੇ ਧਰਨਾ ਦੇ ਰਹੇ ਬੇਰੁਜ਼ਗਾਰਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਖੇਤੀ ਅਫ਼ਸਰਾਂ ਦੇ ਪੁੱਜਣ ਤੋਂ ਪਹਿਲਾਂ ਹੀ ਵੱਡੀਆਂ ਕੰਪਨੀਆਂ ਆਪਣੇ ਬੰਦੇ ਭੇਜ ਕੇ ਸਪਰੇਆਂ ਕਰਵਾ ਰਹੀਆਂ ਹਨ। ਕਈ ਵਾਰ ਕਿਸਾਨ ਬਿਨਾਂ ਕਿਸੇ ਮਾਹਿਰ ਦੀ ਸਲਾਹ ਲੈਣ ਦੇ ਅਜਿਹੇ ਪੂੰਜੀਪਤੀਆਂ ਦੇ ਧੱਕੇ ਚੜ੍ਹ ਕੇ ਆਪਣੀ ਫ਼ਸਲ ਦਾ ਨੁਕਸਾਨ ਕਰਵਾ ਬੈਠਦੇ ਹਨ। ਉਨ੍ਹਾਂ ਕਿਹਾ ਕਿ ਜੇ ਵਿਭਾਗ ਵਿੱਚ ਅਸਾਮੀਆਂ ਪੂਰੀਆਂ ਹੋਣਗੀਆਂ ਤਾਂ ਉਹ ਸਮੇਂ-ਸਮੇਂ ’ਤੇ ਕਿਸਾਨਾਂ ਨੂੰ ਸਹੀ ਜਾਣਕਾਰੀ ਦੇਣ ਦੇ ਸਮਰੱਥ ਹੋਣਗੇ ਅਤੇ ਕਿਸਾਨੀ ਅਜਿਹੇ ਨੁਕਸਾਨਾਂ ਤੋਂ ਬਚ ਸਕਦੀ ਹੈ। ਕਿਸਾਨ ਆਗੂ ਨੇ ਧੜਾਧੜ ਵਧ ਰਹੇ ਨਿੱਜੀ ਹਸਪਤਾਲਾਂ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਗਰੀਬਾਂ ਦੀ ਸਹੂਲਤ ਲਈ ਬਣੇ ਸਰਕਾਰੀ ਹਸਪਤਾਲਾਂ ਦੀ ਹਾਲਤ ਤਰਸਯੋਗ ਹੈ, ਜਿਸ ਕਰਕੇ ਉਨ੍ਹਾਂ ਨੂੰ ਮਜਬੂਰੀਵੱਸ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਜਾਣਾ ਪੈਂਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਖੇਤੀਬਾੜੀ ਅਫ਼ਸਰਾਂ ਦੀ ਭਰਤੀ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਤਰਜੀਹ ਦੇਣੀ ਬੰਦ ਕਰੇ।
ਵਰਕਸ਼ਾਪ ਵਿੱਚ ਕਾਲੇ ਬਿੱਲੇ ਲਾ ਕੇ ਸ਼ਾਮਲ ਹੋਏ ਖੇਤੀ ਮਾਹਿਰ
ਪੀਏਯੂ ਦੇ ਗੇਟ ਅੱਗੇ ਜਾਰੀ ਧਰਨੇ ਦੀ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ, ਪੰਜਾਬ ਅਤੇ ਖੇਤੀ ਟੈਕਨੋਕਰੇਟਸ ਐਕਸ਼ਨ ਕਮੇਟੀ ਐਗਟੈਕ, ਪੰਜਾਬ ਦੇ ਸੱਦੇ ’ਤੇ ਅੱਜ ਸੂਬੇ ਦੇ ਸਾਰੇ ਟੈਕਨੋਕਰੇਟਸ ਨੇ ਹਾੜੀ ਦੀਆਂ ਫ਼ਸਲਾਂ ਸਬੰਧੀ ਪੀਏਯੂ ਵਿੱਚ ਚੱਲ ਰਹੀ ਦੋ ਰੋਜ਼ਾ ਵਰਕਸ਼ਾਪ ਦੌਰਾਨ ਐਗਟੈਕ ਆਗੂ ਡਾ. ਸੁਖਬੀਰ ਸਿੰਘ ਸੰਧੂ, ਡਾ. ਕਿਰਪਾਲ ਸਿੰਘ ਢਿੱਲੋਂ ਅਤੇ ਡਾ. ਹਰਿੰਦਰ ਸਿੰਘ ਦੀ ਅਗਵਾਈ ਹੇਠ ਕਾਲੇ ਬਿੱਲੇ ਲਾ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਪੀਏਯੂ ਦੇ ਵਿਗਿਆਨੀਆਂ ਅਤੇ ਖੇਤੀਬਾੜੀ ਵਿਭਾਗ ਦੇ ਪਸਾਰ ਮਾਹਿਰਾਂ ਨੂੰ ਸੰਬੋਧਨ ਕਰਦਿਆਂ ਅਜੋਕੇ ਖੇਤੀ ਸੰਕਟ ਦੇ ਮੱਦੇਨਜ਼ਰ ਖੇਤੀਬਾੜੀ ਯੂਨੀਵਰਸਿਟੀ, ਖੇਤੀਬਾੜੀ ਬਾਗਬਾਨੀ ਤੇ ਭੂਮੀ ਰੱਖਿਆ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਪਹਿਲ ਦੇ ਆਧਾਰ ’ਤੇ ਭਰਨ, ਗੈਰ ਨਿਯਮਿਤ ਕੀਤੀਆਂ ਬਦਲੀਆਂ ਰੱਦ ਕਰਨ, ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਸਭ ’ਤੇ ਲਾਗੂ ਕਰਨ ਅਤੇ ਖੇਤੀ ਟੈਕਨੋਕਰੇਟਸ ਦੀ ਪ੍ਰੋਫੈਸ਼ਨਲ ਪੇ ਪੈਰਿਟੀ ਬਹਾਲ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਸੰਧੂ ਨੇ ਕਿਹਾ ਕਿ ਵਰਕਸ਼ਾਪ ਦੌਰਾਨ ਦੱਸੇ ਤਕਨੀਕੀ ਨੁਕਤੇ ਧੁਰ ਥੱਲੇ ਕਿਸਾਨਾਂ ਦੇ ਖੇਤ ਪੱਧਰ ਤੱਕ ਪਹੁੰਚਾਉਣ ਲਈ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਪਹਿਲ ਦੇ ਅ;ਧਾਰ ’ਤੇ ਭਰੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਨੂੰ ਅਣਦੇਖਿਆ ਕਰਕੇ ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ ਖਾਲੀ ਪਈਆਂ ਅਸਾਮੀਆਂ ’ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਸਿੱਧੀ ਭਰਤੀ ਕਰਨ ਦੀ ਥਾਂ ਪੰਜਾਬ ਸਰਕਾਰ ਵੱਲੋਂ ਕਿਸਾਨ ਵਿਰੋਧੀ ਫੈਸਲਾ ਕਰਦਿਆਂ ਦੋ ਸਾਲਾ ਡਿਪਲੋਮਾ ਹੋਲਡਰ ਉਪ ਨਿਰੀਖਕ ਤੋਂ ਪਦਉਨਤ ਹੋਏ ਖੇਤੀ ਵਿਸਥਾਰ ਅਫਸਰਾਂ ਦੀਆਂ ਕੀਤੀਆਂ ਬਦਲੀਆਂ ਤੁਰੰਤ ਰੱਦ ਕੀਤੀਆਂ ਜਾਣ।