ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 15 ਜੁਲਾਈ
ਸਥਾਨਕ ਲੈਂਡ ਮਾਰਗੇਜ਼ ਬੈਂਕ ਦੀ ਅੱਜ ਹੋਈ ਚੋਣ ’ਚ ਗੈਰ-ਸਿਆਸੀ ਪਿਛੋਕੜ ਵਾਲੇ ਰਾਜਿੰਦਰ ਸਿੰਘ ਤਿਹਾੜਾ ਚੇਅਰਮੈਨ ਚੁਣੇ ਗਏ। ਇਸ ਤੋਂ ਪਹਿਲਾਂ ਹੋਈ ਚੋਣ ’ਚ 9 ਡਾਇਰੈਕਟਰਾਂ ਦੀ ਚੋਣ ਹੋਈ ਸੀ। ਆਮ ਆਦਮੀ ਪਾਰਟੀ ਵੱਲੋਂ ਖੜ੍ਹੇ ਇਹ ਸਾਰੇ ਉਮੀਦਵਾਰ ਬਿਨਾਂ ਮੁਕਾਬਲਾ ਡਾਇਰੈਕਟਰ ਚੁਣੇ ਗਏ ਸਨ। ਇਨ੍ਹਾਂ ’ਚ ਪ੍ਰੀਤਮ ਸਿੰਘ ਅਖਾੜਾ, ਜਸਵਿੰਦਰ ਕੌਰ ਡਾਂਗੀਆਂ, ਹਰਜਿੰਦਰ ਸਿੰਘ ਤਰਫ ਕੋਟਲੀ, ਵਰਿੰਦਰਪਾਲ ਕੌਰ ਅੱਬੂਪੁਰਾ, ਸੁਖਮਿੰਦਰ ਸਿੰਘ ਰਾਊਵਾਲ, ਬਲਵਿੰਦਰ ਸਿੰਘ ਸਵੱਦੀ ਖੁਰਦ, ਗੁਰਪਾਲ ਸਿੰਘ ਰਾਣਕੇ, ਨਿਰਮਲ ਸਿੰਘ ਡੱਲਾ, ਕਰਮਜੀਤ ਸਿੰਘ ਛੱਜਾਵਾਲ ਦੇ ਨਾਂ ਜ਼ਿਕਰਯੋਗ ਹੈ। ਇਨ੍ਹਾਂ ’ਚੋਂ ਬਹੁਤ ਗੈਰਸਿਆਸੀ ਪਰਿਵਾਰਾਂ ’ਚੋਂ ਹੀ ਆਉਂਦੇ ਹਨ। ਇਥੇ ਤਹਿਸੀਲ ਰੋਡ ਸਥਿਤ ਲੈਂਡ ਮਾਰਗੇਜ਼ ਬੈਂਕ ਵਿੱਚ ਅੱਜ ਚੇਅਰਮੈਨ ਦੀ ਚੋਣ ਸਬੰਧੀ ਮੀਟਿੰਗ ਰੱਖੀ ਗਈ ਸੀ। ਇਸ ’ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੇਐੱਨਐੱਸ ਕੰਗਸ਼ਾਮਲ ਹੋਏ। ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਤੇ ਹੋਰ ਆਗੂ ਪ੍ਰੀਤਮ ਸਿੰਘ ਅਖਾੜਾ ਨੂੰ ਚੇਅਰਮੈਨ ਬਣਾਉਣਾ ਚਾਹੁੰਦੇ ਸਨ। ਚੁਣੇ ਗਏ ਡਾਇਰੈਕਟਰ ਵੀ ਇਹੋ ਉਮੀਦ ਲਾਈ ਬੈਠੇ ਸਨ ਕਿ ਪਾਰਟੀ ਲੀਡਰਸ਼ਿਪ ਦੀ ਸੋਚ ਮੁਤਾਬਕ ਹੀ ਅਖਾੜਾ ਚੇਅਰਮੈਨ ਬਣਨਗੇ। ਮੌਕੇ ’ਤੇ ਡਾਇਰੈਕਟਰ ਅਖਾੜਾ ਨੇ ਸਾਧਾਰਨ ਤੇ ਗੈਰਸਿਆਸੀ ਪਰਿਵਾਰ ਦੇ ਤਜਰਬੇ ਤੇ ਉਮਰ ’ਚ ਵੱਡੇ ਰਜਿੰਦਰ ਸਿੰਘ ਦਾ ਨਾਂ ਪੇਸ਼ ਕਰਕੇ ਚੇਅਰਮੈਨੀ ਉਨ੍ਹਾਂ ਦੀ ਝੋਲੀ ਪਾ ਦਿੱਤੀ। ਇਸ ਤਰ੍ਹਾਂ ਰਜਿੰਦਰ ਸਿੰਘ ਨੂੰ ਚੇਅਰਮੈਨ ਬਣਾਉਣ ਤੋਂ ਇਲਾਵਾ ਕਰਮਜੀਤ ਸਿੰਘ ਛੱਜਾਵਾਲ ਵਾਈਸ ਚੇਅਰਮੈਨ ਚੁਣੇ ਗਏ। ਕਰਜ਼ਾ ਕਮੇਟੀ ਦਾ ਮੁਖੀ ਗੁਰਪਾਲ ਸਿੰਘ ਰਾਣਕੇ ਨੂੰ ਲਾਇਆ ਗਿਆ ਹੈ। ਚੁਣੇ ਗਏ ਚੇਅਰਮੈਨ ਰਾਜਿੰਦਰ ਸਿੰਘ ਨੇ ਵਿਧਾਇਕ ਮਾਣੂੰਕੇ ਤੇ ਸ੍ਰੀ ਕੰਗ ਦਾ ਧੰਨਵਾਦ ਕਰਨ ਦੇ ਨਾਲ ਡਾਇਰੈਕਟਰ ਅਖਾੜਾ ਦਾ ਵਿਸ਼ੇਸ਼ ਧੰਨਵਾਦ ਕੀਤਾ।