ਪੱਤਰ ਪ੍ਰੇਰਕ
ਰਾਏਕੋਟ, 18 ਫਰਵਰੀ
‘ਰਾਜਨੀਤੀ ਬਦਲਣ ਦੇ ਨਾਅਰੇ ਨੂੰ ਲੈ ਕੇ ਸੱਤਾ ਵਿੱਚ ਆਏ ਅਰਵਿੰਦ ਕੇਜਰੀਵਾਲ ਨੇ ਰਾਜਨੀਤੀ ਨੂੰ ਤਾਂ ਕੀ ਬਦਲਣਾ ਸੀ ਸਗੋਂ ਆਪ ਖੁਦ ਹੀ ਅਜਿਹਾ ਬਦਲਿਆ ਕਿ ਉਸ ਦੇ ਨਾਲ ਤੁਰੇ ਬਹੁ-ਗਿਣਤੀ ਸੀਨੀਅਰ ਆਗੂ ਤੇ ਵਰਕਰ ਅੱਜ ਹੋਰਨਾਂ ਪਾਰਟੀਆਂ ਵਿੱਚ ਜਾ ਚੁੱਕੇ ਹਨ, ਕਿਉਂਕਿ ਇਹ ਪਾਰਟੀ ਆਪਣੇ ਮੁੱਢਲੇ ਅਸੂਲਾਂ ਤੇ ਸਿਧਾਂਤਾਂ ਤੋਂ ਭੱਜ ਚੁੱਕੀ ਹੈ। ਇਸੇ ਕਾਰਨ ਹੀ ਆਪ ਦੇ 20 ਵਿਧਾਇਕ ਅਤੇ ਤਿੰਨ ਲੋਕ ਸਭਾ ਮੈਂਬਰ ਪਾਰਟੀ ਤੋਂ ਅਸਤੀਫਾ ਦੇ ਗਏ ਹਨ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਤੋਂ ਆਏ ਸੀਨੀਅਰ ਕਾਂਗਰਸੀ ਲੀਡਰ ਅਲਕਾ ਲਾਂਬਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਦੇ ਹੱਕ ਚ ਚੋਣ ਪ੍ਰਚਾਰ ਕਰਨ ਆਏ ਹੋਏ ਸਨ ਜਿਨ੍ਹਾਂ ਨਾਲ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਵੀ ਮੌਜੂਦ ਸਨ। ਮੈਡਮ ਲਾਂਬਾ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਅੰਦਰ 800 ਸ਼ਰਾਬ ਦੀਆਂ ਦੁਕਾਨਾਂ ਨਵੀਆਂ ਖੋਲ੍ਹੀਆਂ ਹਨ ਜਿਸ ਨਾਲ ਹੁਣ ਸ਼ਰਾਬ ਦੀ ਪਹੁੰਚ ਹਰ ਘਰ ਤੱਕ ਬਣਾ ਦਿੱਤੀ ਹੈ ਜਦੋਂ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵੋਟਾਂ ਮੰਗ ਰਿਹਾ ਹੈ।