ਸਤਵਿੰਦਰ ਬਸਰਾ
ਲੁਧਿਆਣਾ, 28 ਜੂਨ
ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱੱਚ ਨੌਜਵਾਨ ਸਭਾ ਬੀਆਰਐੱਸ ਨਗਰ ਅਤੇ ਕ੍ਰਾਂਤੀ ਕਲਾ ਕੇਂਦਰ ਵੱਲੋਂ 27 ਜੂਨ ਦੀ ਨਾਟਕਾਂ ਭਰੀ ਸ਼ਾਮ ਦੌਰਾਨ ਦਿੱਲੀ ਦੇ ਕਿਸਾਨੀ ਸੰਘਰਸ਼ ਅਤੇ ਉਸ ਬਾਰੇ ਨਿਭਾਏ ਜਾਂਦੇ ਗੋਦੀ ਮੀਡੀਆ ਦੇ ਨਕਾਰਾਤਮਕ ਰੋਲ ਦੀ ਨਾਟਕਾਂ ਰਾਹੀਂ ਪੇਸ਼ਕਾਰੀ ਕਰਵਾਈ ਗਈ। ਸਿਰਜਣਾ ਆਰਟ ਗਰੁੱਪ ਰਾਏਕੋਟ ਦੀ ਨਾਟਕ ਟੀਮ ਨੇ ਪ੍ਰੋ. ਸੋਮਪਾਲ ਹੀਰਾ ਦੇ ਆਪਣੇ ਹੀ ਲਿਖੇ ਇਕ ਪਾਤਰੀ ਨਾਟਕਾਂ ‘ਗੋਦੀ ਮੀਡੀਆ ਝੂਠ ਬੋਲਦਾ’ ਅਤੇ ‘ਹਾਂ ਮੈਂ ਅੰਦੋਲਨਜੀਵੀ ਹਾਂ’ ਰਾਹੀਂ ਅਸਲ ਲੋਕ ਮਸਲਿਆਂ ਉੱਪਰ ਉਂਗਲ ਰੱਖੀ। ‘ਹਾਂ ਮੈਂ ਅੰਦੋਲਨਜੀਵੀ ਹਾਂ’ ਰਾਹੀਂ ਮਨੁੱਖ ਦੇ ਸੰਘਰਸ਼ਾਂ ਦਾ ਵਿਖਿਆਨ ਕਰਦਿਆਂ ਕਿਸਾਨਾਂ ਅਤੇ ਦੇਸ਼ ਦੀਆਂ ਸਰਹੱਦਾਂ ’ਤੇ ਤਾਇਨਾਤ ਜਵਾਨਾਂ ਦੀ, ਦੇਸ਼ ਭਗਤੀ ਦੇ ਨਾਂ ਹੇਠ ਹੋ ਰਹੀ ਦੁਰਦਸ਼ਾ ਅਤੇ ਉਨ੍ਹਾਂ ਦੀਆਂ ਮਜਬੂਰੀਆਂ ਨੂੰ ਇੱਕ ਦੂਜੇ ਦੇ ਖ਼ਿਲਾਫ਼ ਭੁਗਤਣ ਦੇ ਹਕੂਮਤੀ ਹੱਥਕੰਡਿਆਂ ਨੂੰ ਵੀ ਬਾਖੂਬੀ ਬੇ-ਪਰਦ ਕੀਤਾ। ਅਧਿਆਪਕ ਆਗੂ ਤੇ ਉੱਘੇ ਰੰਗਕਰਮੀ ਸੁਰਿੰਦਰ ਸ਼ਰਮਾ ਨੇ ਦਿੱਲੀ ਸੰਘਰਸ਼ ਦੇ ਅੱਖੀਂ ਡਿੱਠੇ ਹਾਲਾਤ ਬਿਆਨ ਕਰਦਿਆਂ ਕਿਸਾਨ- ਮਜ਼ਦੂਰ ਸੰਘਰਸ਼ੀ ਯੋਧਿਆਂ ਦੇ ਬੁਲੰਦ ਹੌਸਲਿਆਂ ਨੂੰ ਇਤਿਹਾਸਿਕ ਤੱਥਾਂ ਉੱਪਰ ਪੂਰੇ ਉਤਰਨ ਲਈ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਕੀਤਾ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪ੍ਰਦਰਸ਼ਨੀ ਲਗਾਈ ਗਈ। ਮੰਚ ਸੰਚਾਲਨ ਸ਼ਹੀਦ ਬਾਬਾ ਭਾਨ ਸਿੰਘ ਟਰੱਸਟ ਦੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਬਾਖੂਬੀ ਨਿਭਾਇਆ। ਇਸ ਮੌਕੇ ਕ੍ਰਾਂਤੀ ਕਲਾ ਕੇਂਦਰ ਦੇ ਨਿਰਦੇਸ਼ਕ ਜਗਜੀਤ ਸਿੰਘ, ਬਲਦੇਵ ਸਿੰਘ ਖੰਗੂੜਾ, ਮਾ ਜਰਨੈਲ ਸਿੰਘ , ਤਰਲੋਚਨ ਸਿੰਘ ਪਨੇਸਰ , ਹਰਬਖਸ਼ ਸਿੰਘ ਗਰੇਵਾਲ਼ , ਟੇਕ ਚੰਦ ਕਾਲੀਆ, ਬਹਾਦਰ ਸਿੰਘ ਤੂਰ ਸਮੇਤ ਰਾਜਿੰਦਰ ਸਿੰਘ, ਕਰਤਾਰ ਸਿੰਘ ਪੀਏਯੂ ਹਾਜ਼ਰ ਸਨ।