ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 29 ਅਕਤੂਬਰ
ਪੰਜਾਬ ਚੋਣਾਂ ਸਬੰਧੀ ਭਾਜਪਾ ਦੇ ਕੇਂਦਰੀ ਆਗੂਆਂ ਵੱਲੋਂ ਮੀਟਿੰਗ ਚੰਡੀਗੜ੍ਹ ਬੈਠ ਕੇ ਕਰਨ ਅਤੇ ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਨਾਅਰਾ ਦੇਣ ਦਾ ਕਿਸਾਨ ਮੋਰਚੇ ਨੇ ਮਜ਼ਾਕ ਉਡਾਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਵਿਰੋਧ ਕਰਕੇ ਇਹ ਆਗੂ ਪੰਜਾਬ ’ਚ ਵੜੇ ਨਹੀਂ। ਚੰਡੀਗੜ੍ਹ ’ਚ ਬੈਠ ਕੇ ਜਿਹੜਾ ਨਾਅਰਾ ਦੇ ਰਹੇ ਹਨ ਅਸਲ ’ਚ ਉਹ ਨਾਅਰਾ ‘ਨਵਾਂ ਪੰਜਾਬ ਭਾਜਪਾ ਦੇ ਖ਼ਿਲਾਫ਼’ ਹੈ।
ਇੱਥੇ ਰੇਲਵੇ ਪਾਰਕ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ 394ਵੇਂ ਦਿਨ ਦਾ ਧਰਨਾ ਗਦਰੀ ਬਾਬਾ ਅਰਜਨ ਸਿੰਘ ਅਗਵਾੜ ਲੋਪੋ ਦੇ ਪੋਤੇ ਮ੍ਰਿਗਰਾਜ ਸਿੰਘ ਦੀ ਪ੍ਰਧਾਨਗੀ ਹੇਠ ਲੱਗਿਆ। ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ, ‘ਭਾਜਪਾ ਨੇ ਨਾਅਰੇ ਦੇ ਕੇ ਅਸਲ ’ਚ ਨਵੇਂ ਲਾਰੇ ਦੇਣ ਦਾ ਕੰਮ ਕਰ ਰਹੀ ਹੈ। ਪਰ ਪਿੰਡ ਸ਼ਹਿਰ ਦੀ ਹਰ ਗਲੀ ’ਚ ਭਾਜਪਾ ਵਿਰੋਧੀ ਲਹਿਰ ਦੀ ਗੂੰਜ ਹੈ ਜੋ ਮੋਦੀ ਹਕੂਮਤ ਸੁਣ ਕੇ ਅਣਸੁਣੀ ਕਰਨ ਦਾ ਦਿਖਾਵਾ ਕਰ ਰਹੀ ਹੈ। ਭਾਜਪਾ ਨੂੰ ਸ਼ੇਖਚਿੱਲੀ ਦੇ ਸੁਪਨੇ ਦੇਖਣੇ ਛੱਡ ਅਸਲੀਅਤ ਨੂੰ ਹੱਥ ਮਾਰਨੇ ਚਾਹੀਦੇ ਹਨ।’ ਉਨ੍ਹਾਂ ਕਿਹਾ, ‘ਪੰਜਾਬ ਦੇ ਲੋਕ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਕਿਸੇ ਹੋਰ ਪਾਰਟੀ ਨੂੰ ਵੋਟ ਪਾਉਣ ਜਾਂ ਨਾ ਪਾਉਣ, ਭਾਜਪਾ ਨੂੰ ਮੂੰਹ ਨਹੀਂ ਲਾਉਣਗੇ। ਭਾਜਪਾ ’ਚ ਜੇ ਹਿੰਮਤ ਹੈ ਤਾਂ ਮਿਥ ਕੇ ਪੰਜਾਬ ਦੇ ਕਿਸੇ ਵੀ ਪਿੰਡ ’ਚ ਵੜ ਕੇ ਦਿਖਾਵੇ। ਭਾਜਪਾ ਦੇ ਸਾਢੇ ਸੱਤ ਸਾਲ ਦੇ ਰਾਜ ’ਚ ਲੋਕਾਂ ਨੂੰ ਅੱਤ ਦੀ ਲੱਕਤੋੜ ਮਹਿੰਗਾਈ ਨੇ ਨਿੱਸਲ ਕਰਕੇ ਰੱਖ ਦਿੱਤਾ ਹੈ। ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ, ਮੁਲਕ ’ਚ ਘੱਟ ਗਿਣਤੀਆਂ ਲਈ ਘਾਤਕ ਹੋਣ ਤੇ ਤਿੰਨੋਂ ਖੇਤੀ ਕਾਨੂੰਨਾਂ ਕਰਕੇ ਭਾਜਪਾ ਲੋਕਾਂ ਦੇ ਮੂੰਹੋਂ ਲੱਥ ਚੁੱਕੀ ਹੈ।’ ਕਿਸਾਨ ਆਗੂਆਂ ਸੁਖਦੇਵ ਸਿੰਘ ਗਾਲਬਿ, ਦਲਜੀਤ ਸਿੰਘ ਨੇ ਕਿਹਾ ਕਿ ਮੌਕਾਪ੍ਰਸਤ ਕੈਪਟਨ ਅਮਰਿੰਦਰ ਸਿੰਘ ਦੇ ਮੋਢਿਆਂ ’ਤੇ ਚੜ੍ਹ ਕੇ ਵੀ ਭਾਜਪਾ ਪੰਜਾਬ ’ਚ ਚੋਣਾਂ ’ਚ ਜਿੱਤ ਨਹੀਂ ਸਕੇਗੀ।
ਖੰਨਾ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਦਾ ਸੰਘਰਸ਼ ਜਾਰੀ
ਖੰਨਾ (ਨਿੱਜੀ ਪੱਤਰ ਪ੍ਰੇਰਕ): ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਰੇਲਵੇ ਸਟੇਸ਼ਨ ਦੇ ਬਾਹਰ ਅਰੰਭਿਆ ਸੰਘਰਸ਼ 395ਵੇਂ ਦਿਨ ਵੀ ਕਿਸਾਨ-ਮਜ਼ਦੂਰ ਸੰਘਰਸ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਲਗਾਤਾਰ ਜਾਰੀ ਰਿਹਾ। ਇਸ ਮੌਕੇ ਦਲਜੀਤ ਸਿੰਘ ਸਵੈਚ, ਹਰਮਿੰਦਰ ਸਿੰਘ ਅਤੇ ਅਵਤਾਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਕੁਝ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਖੋਹ ਕੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨਾਲ ਛੋਟੇ ਕਿਸਾਨ ਬਿਲਕੁੱਲ ਤਬਾਹ ਹੋ ਜਾਣਗੇ। ਪ੍ਰਧਾਨ ਮੰਤਰੀ ਦੇਸ਼ ਦੀ ਜਨਤਾ ਨੂੰ ਗੁਲਾਮੀ ਦੀਆਂ ਜੰਜੀਰਾਂ ’ਚ ਜਕੜਣਾ ਚਾਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਮੋਦੀ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ ਅਤੇ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਗਲਤ ਹੱਥਕੰਡੇ ਅਪਣਾਉਣੇ ਬੰਦ ਕਰੇ।
ਸ਼ਹੀਦ ਮਹਿੰਦਰ ਕੌਰ ਦੀਆਂ ਅਸਥੀਆਂ ਜਲ-ਪ੍ਰਵਾਹ ਕਰਨ ਲਈ ਰਵਾਨਾ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਈ ਮਹਿੰਦਰ ਕੌਰ ਡੇਹਲੋਂ ਦੀਆਂ ਅਸਥੀਆਂ ਜਲ-ਪ੍ਰਵਾਹ ਲਈ ਅੱਜ ਪੱਕੇ ਮੋਰਚੇ ਤੋਂ ਸ਼ਰਧਾਂਜਲੀ ਭੇਟ ਕਰਨ ਉਪਰੰਤ ਰਵਾਨਾ ਕੀਤੀਆਂ ਗਈਆਂ। ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਅਮਰੀਕ ਸਿੰਘ ਜੜਤੌਲੀ ਅਤੇ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਨੇ ਕਿਹਾ ਕਿ ਬੀਬੀ ਮਹਿੰਦਰ ਕੌਰ ਦੀ ਸ਼ਹਾਦਤ ਮੋਦੀ ਹਕੂਮਤ ਦੀ ਅਰਥੀ ਵਿਚ ਕਿੱਲ ਸਾਬਤ ਹੋਵੇਗੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਹਕੂਮਤ ਪਿਛਲੇ ਇਕ ਸਾਲ ਤੋਂ ਅੰਦੋਲਨਕਾਰੀਆਂ ਦੀ ਜਾਨ ਨਾਲ ਖਿਲਵਾੜ ਕਰ ਰਹੀ ਹੈ। ਸ਼ਹੀਦ ਬੀਬੀ ਦੇ ਪੁੱਤਰ ਲਖਵਿੰਦਰ ਸਿੰਘ ਅਤੇ ਅਵਤਾਰ ਸਿੰਘ ਜ਼ੋਰਦਾਰ ਨਾਅਰਿਆਂ ਦੀ ਗੂੰਜ ਵਿਚ ਅਸਥੀਆਂ ਲੈ ਕੇ ਰਵਾਨਾ ਹੋਏ।