ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਨਵੰਬਰ
ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸੰਸਥਾ ਖਾਲਸਾ ਕਾਲਜ ਫਾਰ ਵਿਮੈਨ ਦੇ ਪੋਸਟ ਗ੍ਰੈਜੂਏਟ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਵੱਲੋਂ ‘ਪੰਜਾਬੀ ਸੂਬਾ ਦਿਵਸ’ ਮਨਾਇਆ ਗਿਆ। ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੇ ਵਿਦਿਆਰਥਣਾਂ ਅਤੇ ਪੰਜਾਬੀਆਂ ਨੂੰ ਇਸ ਦਿਹਾੜੇ ਦੀ ਮੁਬਾਰਕਬਾਦ ਦਿੱਤੀ। ਆਪਣੇ ਭਾਸ਼ਣ ਵਿੱਚ ਉਨ੍ਹਾਂ ਬਤੌਰ ਪੰਜਾਬੀ ਅਧਿਆਪਕ ਤੇ ਪ੍ਰਿੰਸੀਪਲ ਵਜੋਂ ਨਿਭਾਈਆਂ ਸੇਵਾਵਾਂ ਅਤੇ ਮਾਤ ਭਾਸ਼ਾ ਸਬੰਧੀ ਤਜਰਬਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਵਿਭਿੰਨ ਪੰਜਾਬੀ ਵਿਧਾਵਾਂ ਰਾਹੀਂ ਮਾਤ ਭਾਸ਼ਾ ਵਿੱਚ ਯੋਗਦਾਨ ਪਾਉਣ ਵਾਲੇ ਸਾਹਿਤਕਾਰਾਂ ਦਾ ਜ਼ਿਕਰ ਕਰਦਿਆਂ ਵਿਹਾਰਿਕ ਪੱਧਰ ’ਤੇ ਪੰਜਾਬੀ ਅਧਿਐਨ ਤੇ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਯਤਨ ਕਰਨ ਹਿੱਤ ਪ੍ਰੇਰਿਤ ਕੀਤਾ।
ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਇੰਦਰਜੀਤ ਕੌਰ ਨੇ ਪੰਜਾਬ ਦਿਵਸ ਦੇ ਮੌਕੇ ’ਤੇ ਸੂਬੇ ਦੇ 56 ਸਾਲ ਦੇ ਇਤਿਹਾਸ ਬਾਰੇ ਸੰਖੇਪ ਰੂਪ ਵਿੱਚ ਰੋਸ਼ਨੀ ਪਾਈ। ਡਾ. ਬਲਵਿੰਦਰ ਕੌਰ ਨੇ ਪੀਪੀਟੀ ਰਾਹੀਂ ਪੰਜਾਬੀ ਮਾਂ ਬੋਲੀ, ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰਾਂ ਦੁਆਰਾ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਪਾਏ ਯੋਗਦਾਨ ਅਤੇ ਪੰਜਾਬੀ ਭਾਸ਼ਾ ਆਧਾਰਿਤ ਰੁਜ਼ਗਾਰ ਪ੍ਰਾਪਤੀ ਦੇ ਵਸੀਲਿਆਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ।
ਜਗਰਾਉਂ (ਪੱਤਰ ਪ੍ਰੇਰਕ): ‘ਸ਼ਬਦ ਅਦਬ ਸਾਹਿਤ ਸਭਾ’ ਪਿੰਡ ਮਾਣੂੰਕੇ, ਚੇਅਰਮੈਨ ਰਾਜ ਕੁਮਾਰ ਗੋਇਲ ਮੈਮੋਰੀਅਲ ਟਰੱਸਟ ਮਾਣੂੰਕੇ ਅਤੇ ਚੇਅਰਮੈਨ ਰਾਜ ਕੁਮਰ ਗੋਇਲ ਯਾਦਗਾਰੀ ਲਾਇਬ੍ਰੇਰੀ ਟਰੱਸਟ ਵੱਲੋਂ ਸਾਂਝੇ ਤੌਰ ਤੇ ‘ਮਾਂ ਬੋਲੀ ਦਿਵਸ’ ਨੂੰ ਸਮਰਪਿਤ ਸਾਹਿਤਕ ਸਮਾਗਮ ਕੀਤਾ ਗਿਆ। ਚੇਅਰਪਰਸਨ ਪ੍ਰੇਮ ਲਤਾ, ਪ੍ਰਧਾਨ ਰਛਪਾਲ ਸਿੰਘ ਚਕਰ ਦੀ ਪ੍ਰਧਾਨਗੀ ਹੇਠ ਰੱਖੇ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਗੀਤਕਾਰ ਅਮਰੀਕ ਸਿੰਘ ਤਲਵੰਡੀ ਹਾਜ਼ਰ ਹੋਏ। ਸ੍ਰੀ ਤਲਵੰਡੀ ਨੇ ਕਿਹਾ ਕੇ ਯੂਨੈਸਕੋ ਵੱਲੋਂ ਸਾਲ 2050 ਤੱਕ ਕਈ ਭਾਸ਼ਾਵਾਂ ਖ਼ਤਮ ਹੋ ਜਾਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪੰਜਾਬੀ ਦਾ ਜ਼ਿਕਰ ਵੀ ਹੈ। ਇਸ ਸਮੇਂ ਮਹਿੰਦਰ ਸਿੰਘ ਸੰਧੂ ਨੇ ਕਿਹਾ ਕੇ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਅਤੇ ਫਰਜ਼ ਪਛਾਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਾਵਾਂ ਬੱਚਿਆਂ ਨੂੰ ਬਚਪਨ ਤੋਂ ਹੀ ਪੰਜਾਬੀ ਨਾਲ ਜੋੜ ਕੇ ਰੱਖਣ। ਘਰਾਂ ਵਿੱਚ ਪੰਜਾਬੀ ਅਖ਼ਬਾਰ ਪੜ੍ਹਨ ਦੀ ਚੇਟਕ ਲਗਾਈ ਜਾਵੇ।