ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 7 ਮਾਰਚ
ਧਾਮ ਤਲਵੰਡੀ ਖੁਰਦ ਵਿਚ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਵੱਲੋਂ ਗਰੀਬਦਾਸ ਬਾਣੀ ’ਚੋਂ ਰਤਨ ਪੋਥੀ ਜਾਰੀ ਕੀਤੀ ਗਈ। ਇਸ ਤੋਂ ਪਹਿਲਾਂ ਅਸ਼ਟਮੀ ਸਬੰਧੀ ਮਹੀਨਾਵਾਰ ਸਮਾਗਮ ਹੋਇਆ। ਬਾਬਾ ਗਰੀਬਦਾਸ ਦੀ ਬਾਣੀ ਦੇ ਰਖਾਏ ਅਖੰਡ ਪਾਠਾਂ ਦੇ ਭੋਗ ਪਾਏ ਗਏ। ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਕਿਹਾ ਕਿ ਮੌਜੂਦਾ ਦੌਰ ’ਚ ਵਿਗਿਆਨਕ ਖੋਜਾਂ ਦਾ ਫ਼ਾਇਦਾ ਉਠਾ ਰਹੇ ਮਨੁੱਖਾ ਜੀਵ ਦਾ ਅਧਿਆਤਮਕ ਪੱਖ ਕਮਜ਼ੋਰ ਹੋ ਰਿਹਾ ਹੈ, ਜਿਸ ਕਾਰਨ ਉਹ ਗੁਰੂ ਅਤੇ ਗੁਰਬਾਣੀ ਸਿਧਾਂਤਾਂ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਜੀਵਨ ਨੂੰ ਦੁੱਖਾਂ ’ਚ ਪਾ ਰਿਹਾ ਹੈ। ਗੁਰਬਾਣੀ ਇੱਕ ਅਜਿਹਾ ਅਨਮੋਲ ਸਾਧਨ ਹੈ, ਜਿਸ ਨੂੰ ਪੜ੍ਹਨ, ਸੁਣਨ ਵਾਲੇ ਜੀਵ ਦਾ ਹਿਰਦਾ ਸ਼ੁੱਧ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਬਾਬਾ ਗਰੀਬਦਾਸ ਜੀ ਦੀ ਬਾਣੀ ’ਚ ਸੋਧ ਕਰ ਕੇ ਨਵੇਂ ਗ੍ਰੰਥਾਂ ਦੀਆਂ ਪ੍ਰਕਾਸ਼ਨਾ ਉਪਰੰਤ ਅੱਜ ਸੰਗਤ ਦੀ ਮੰਗ ’ਤੇ ਨਿੱਤਨੇਮ ਨਾਲ ਸਬੰਧਿਤ ‘ਸ੍ਰੀ ਰਤਨ ਸਾਗਰ’ ਦੀ ਪੋਥੀ ਸੰਗਤ ਨੂੰ ਸਮਰਪਿਤ ਕੀਤੀ ਹੈ। ਇਸ ਮੌਕੇ ਸਵਾਮੀ ਸੁਰੇਸ਼ਵਰਾ ਨੰਦ, ਸਵਾਮੀ ਓਮਾ ਨੰਦ, ਸਵਾਮੀ ਹੰਸਾ ਨੰਦ ਧਾਮ ਗੰਗੋਤਰੀ, ਜਸਬੀਰ ਕੌਰ ਪ੍ਰਧਾਨ ਫਾਊਂਡੇਸ਼ਨ, ਸਕੱਤਰ ਕੁਲਦੀਪ ਸਿੰਘ ਮਾਨ, ਏਕਮਦੀਪ ਕੌਰ ਅਡਾਪਸ਼ਨ ਕੋਆਰਡੀਨੇਟਰ, ਆੜ੍ਹਤੀ ਸੇਵਾ ਸਿੰਘ ਖੇਲਾ, ਸਵਾਮੀ ਬਲਦੇਵ ਦਾਸ, ਭਾਈ ਬਲਜਿੰਦਰ ਸਿੰਘ ਲਿੱਤਰ, ਭਾਈ ਗੁਰਮੀਤ ਸਿੰਘ ਬੈਂਸ, ਮਨਿੰਦਰ ਸਿੰਘ ਮਾਜਰੀ, ਸਿਮਰਜੀਤ ਸਿੰਘ ਕੁਹਾੜਾ ਆਦਿ ਮੌਜੂਦ ਸਨ।