ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਮਾਰਚ
ਕੇਂਦਰੀ ਸਚਿਵਾਲਿਆ ਹਿੰਦੀ ਪਰਿਸ਼ਦ ਵੱਲੋਂ ਵਿਸ਼ੇਸ਼ ਸਾਹਿਤਕ ਯੋਗਦਾਨ ਪਾਉਣ ਵਾਲਿਆਂ ਨੂੰ ਸ਼ਬਦ ਸਾਧਕ ਸਨਮਾਨ ਦਿੱਤਾ ਜਾਂਦਾ ਹੈ, ਇਸ ਵਾਰੀ (2021) ਦਾ ਸਨਮਾਨ ਪ੍ਰਸਿੱਧ ਪੰਜਾਬੀ ਕਹਾਣੀਕਾਰ ਸੁਰਿੰਦਰ ਕੈਲੇ ਨੂੰ ਦਿੱਤਾ ਗਿਆ। ਇਹ ਸਨਮਾਨ ‘ਪੁਸਤਕ ਪੱਥ’ ਪ੍ਰਕਾਸ਼ਨ ਸਮੂਹ, ‘ਸਰਜਨ ਭਾਰਤੀ ਸੰਸਕ੍ਰਿਤ ਸੰਸਥਾ ਅਤੇ ‘ਮਾਧਿਅਮ’ ਸਾਹਿਤਕ ਪੱਤਰਕਾ (ਭਾਰਤ ਸਰਕਾਰ ਦੇ ਰਾਜ ਭਾਸ਼ਾ ਵਿਭਾਗ, ਗ੍ਰਹਿ ਮੰਤਰਾਲਿਆ ਮਾਨਤਾ ਪ੍ਰਾਪਤ) ਵਲੋਂ ਪ੍ਰਦਾਨ ਕੀਤਾ ਗਿਆ ਹੈ। ਸਨਮਾਨ ਪ੍ਰਦਾਨ ਕਰਦਿਆਂ ਕੇਂਦਰੀ ਸਚਿਵਾਲਿਆ ਹਿੰਦੀ ਪਰਿਸ਼ਦ ਦੇ ਸਕੱਤਰ ਦਿਨੇਸ਼ ਸ਼ਰਮਾ ਨੇ ਕਿਹਾ ਕਿ ਸ੍ਰੀ ਕੈਲੇ ਪੰਜਾਬੀ ਕਥਾ ਦੇ ਚਰਚਿਤ ਹਸਤਾਖ਼ਰ ਹਨ। ਰੌਚਿਕਤਾ ਭਰਪੂਰ ਕਲਾਤਮਿਕ ਲਘੂਕਥਾਵਾਂ ਦੇ ਇਸ ਸੰਗ੍ਰਹਿ ਨੂੰ ਮਾਨਤਾ ਦਿੰਦਿਆਂ ਕੇਂਦਰੀ ਸਚਿਵਾਲਿਆ ਹਿੰਦੀ ਪਰਿਸ਼ਦ ਵੱਲੋਂ ‘ਸ਼ਬਦ ਸਾਧਕ ਸਨਮਾਨ 2021’ ਸੁਰਿੰਦਰ ਕੈਲੇ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ। ਸ੍ਰੀ ਕੈਲੇ ਨੂੰ ‘ਸ਼ਬਦ ਸਾਧਕ ਸਨਮਾਨ 2021’ ਮਿਲਣ ’ਤੇ ਅਦਾਰਾ ਮਿਨੀ ਕਹਾਣੀ ਲੇਖਕ ਮੰਚ, ਛਿਣ, ਅਣੂ ਮੰਚ, ਨਜ਼ਰੀਆ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।