ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੁਲਾਈ
ਸਨਅਤੀ ਸ਼ਹਿਰ ’ਚ ਏਡੀਜੀਪੀ ਰਾਮ ਸਿੰਘ ਅੱਜ ਸਰਪ੍ਰਾਈਜ਼ ਚੈਕਿੰਗ ਲਈ ਪੁੱਜੇ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਪਾਸੇ ਸਰਪ੍ਰਾਈਜ਼ ਚੈਕਿੰਗ ਦੀ ਗੱਲ ਕੀਤੀ ਗਈ ਤੇ ਦੂਸਰੇ ਪਾਸੇ ਸਾਰੇ ਸ਼ਹਿਰ ’ਚ ਢਿੰਡੋਰਾ ਪਿੱਟ ਦਿੱਤਾ ਗਿਆ ਕਿ ਏਡੀਜੀਪੀ ਚੈਕਿੰਗ ਲਈ ਪੁੱਜ ਰਹੇ ਹਨ। ਜਿਸ ਮਗਰੋਂ ਪੁਲੀਸ ਨੇ ਪੂਰੇ ਪ੍ਰਬੰਧ ਕੀਤੇ ਤੇ ਥਾਂ-ਥਾਂ ਨਾਕਾਬੰਦੀ ਕਰਵਾ ਦਿੱਤੀ। ਹਾਲਾਂਕਿ ਮੀਡੀਆ ਨੂੰ ਵੀ 2 ਵਜੇ ਸੁਨੇਹਾ ਭੇਜ ਦਿੱਤਾ ਗਿਆ ਕਿ ਏਡੀਜੀਪੀ ਸਰਪ੍ਰਾਈਜ਼ ਚੈਕਿੰਗ ਲਈ ਪੁੱਜ ਰਹੇ ਹਨ ਤੇ ਸਮਰਾਲਾ ਚੌਕ ’ਚ ਮੀਡੀਆ ਦੇ ਰੂ-ਬਰੂ ਹੋਣਗੇ। ਦੱਸਣਯੋਗ ਹੈ ਕਿ ਸ਼ਹਿਰਾਂ ਤੇ ਪੇਂਡੂ ਇਲਾਕਿਆਂ ’ਚ ਕਾਨੂੰਨ ਵਿਵਸਥਾ ਸਹੀ ਰੱਖਣ ਲਈ ਸਰਕਾਰ ਵੱਲੋਂ ਚਲਾਈ ਗਈ ਸਪੈਸ਼ਲ ਸਿਟੀ ਸਿਲਿੰਗ ਯੋਜਨਾ ਅਤੇ ਚੈਕਿੰਗ ਤਹਿਤ ਏਡੀਜੀਪੀ ਪੱਧਰ ਦੇ ਅਧਿਕਾਰੀਆਂ ਨੂੰ ਹਰ ਜ਼ਿਲ੍ਹੇ ਦਾ ਜ਼ਿੰਮਾ ਦਿੱਤਾ ਗਿਆ ਹੈ। ਕਾਨੂੰਨ ਵਿਵਸਥਾ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਪੁਲੀਸ ਕਮਿਸ਼ਨਰਾਂ ਦੇ ਨਾਲ ਸਥਿਤੀ ਦੀ ਮੌਨੀਟਰਿੰਗ ਕਰਨਗੇ। ਇਸੇ ਤਹਿਤ ਏਡੀਜੀਪੀ ਰਾਮ ਸਿੰਘ ਅੱਜ ਸ਼ਾਮ ਲੁਧਿਆਣਾ ਪੁੱਜੇ। ਉਨ੍ਹਾਂ ਕਿਹਾ ਕਿ ਚਾਰ ਤੋਂ 7 ਵਜੇ ਦਾ ਸਮਾਂ ਪੂਰੇ ਪੰਜਾਬ ’ਚ ਵੱਖ-ਵੱਖ ਥਾਂਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਵਿਵਸਥਾ ਸਹੀ ਰਹੇ, ਇਸ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਥਾਂਵਾਂ ’ਤੇ ਚੈਕਿੰਗ ਕੀਤੀ ਜਾਵੇਗੀ। ਜੇਕਰ ਕੋਈ ਕਮੀ ਪਾਈ ਜਾਵੇਗੀ ਤਾਂ ਉਸ ਬਾਰੇ ’ਚ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਸਣੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਤੇ ਸੁਝਾਅ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕੋਸ਼ਿਸ਼ ਕੀਤੀ ਜਾਵੇ ਕਿ ਜੋ ਕਮੀ ਪੇਸ਼ੀ ਹੈ, ਉਸਨੂੰ ਕਿਵੇਂ ਸਹੀ ਕੀਤਾ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਲੀਸ ਕਮਿਸ਼ਨਰ ਨੂੰ ਸੁਝਾਅ ਦੇਣ ਕਿ ਕਾਨੂੰਨ ਵਿਵਸਥਾ ਕਿਵੇਂ ਸਹੀ ਰਹੇਗੀ। ਇਸ ਮੌਕੇ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਹਾਜ਼ਰ ਸਨ।