ਪੱਤਰ ਪ੍ਰੇਰਕ
ਦੋਰਾਹਾ, 27 ਅਕਤੂਬਰ
ਦੇਖਭਾਲ ਕਰਨ ਵਾਲੇ ਵੱਲੋਂ ਬਜ਼ੁਰਗ ਨਾਲ ਕਰੀਬ 45 ਲੱਖ ਦੀ ਠੱਗੀ ਮਾਰੀ ਗਈ। ਬਜ਼ੁਰਗ ਦੋਰਾਹਾ ਦੇ ਹੈਵਨਲੀ ਪੈਲੇਸ ਬਿਰਧ ਆਸ਼ਰਮ ਵਿਚ ਰਹਿੰਦਾ ਸੀ। ਪੁਲੀਸ ਨੇ ਇਸ ਸਬੰਧੀ ਬਜ਼ੁਰਗ ਦੀ ਧੀ ਅਨਾਮਿਕਾ ਚੰਦਰਾ ਵਾਸੀ ਨਵੀਂ ਦਿੱਲੀ ਦੀ ਸ਼ਿਕਾਇਤ ’ਤੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਦੋਰਾਹਾ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ। ਅਨਾਮਿਕਾ ਚੰਦਰਾ ਨੇ ਦੱਸਿਆ ਕਿ ਉਸ ਦੇ ਪਿਤਾ ਵੇਦ ਦੀਵਾਨ ਬਹੁਤ ਬਜ਼ੁਰਗ ਹਨ ਤੇ ਚੱਲਣ ਫ਼ਿਰਨ ਤੋਂ ਵੀ ਅਸਮਰਥ ਹਨ। ਇਸ ਕਾਰਨ ਉਹ 2018 ਤੋਂ ਹੈਵਨਲੀ ਪੈਲੇਸ ਦੋਰਾਹਾ ਵਿੱਚ ਰਹਿੰਦੇ ਹਨ। ਗੁਰਪ੍ਰੀਤ ਸਿੰਘ ਗੋਪੀ ਨੂੰ ਉਨ੍ਹਾਂ ਦੇ ਪਿਤਾ ਦੀ ਦੇਖਭਾਲ ਕਰਨ ਲਈ ਰੱਖਿਆ ਸੀ।
ਗੁਰਪ੍ਰੀਤ ਉਸ ਦੇ ਪਿਤਾ ਨੂੰ ਨਸ਼ਾ ਦੇਣ ਲੱਗਾ ਅਤੇ ਨਸ਼ੇ ਵਿਚ ਉਨ੍ਹਾਂ ਤੋਂ ਕਾਗਜ਼ਾਂ ’ਤੇ ਦਸਤਖ਼ਤ ਕਰਵਾ ਲੈਂਦਾ ਸੀ ਅਤੇ ਚੈਕ ’ਤੇ ਦਸਤਖ਼ਤ ਕਰਵਾ ਕੇ ਬੈਂਕ ਵਿਚੋਂ ਪੈਸੇ ਕਢਵਾ ਲੈਂਦਾ ਸੀ। ਹੈਵਨਲੀ ਪੈਲੇਸ ਦਾ ਇਕ ਹੋਰ ਮੁਲਾਜ਼ਮ ਗੁਰਪ੍ਰੀਤ ਸਿੰਘ ਨਾਲ ਰਲਿਆ ਹੋਇਆ ਸੀ। ਇਥੋਂ ਤੱਕ ਕਿ ਪੈਲੇਸ ਵਿਚ ਰੱਖੇ ਸੋਨੇ ਦੇ ਗਹਿਣੇ ਵੀ ਖੁਰਦ ਬੁਰਦ ਕਰ ਦਿੱਤੇ। ਅਨਾਮਿਕਾ ਅਨੁਸਾਰ ਉਸ ਦੇ ਪਿਤਾ ਦੇ ਖਾਤਿਆਂ ਵਿਚੋਂ 16 ਲੱਖ ਰੁਪਏ ਕਢਵਾ ਲਏ ਅਤੇ ਕਰੀਬ 30 ਹਜ਼ਾਰ ਰੁਪਏ ਦੇ ਸੋਨੇ ਦੇ ਗਹਿਣੇ ਹੜੱਪ ਲਏ।