ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਅਕਤੂਬਰ
ਇੱਥੇ ਡਾਬਾ ਦੇ ਮਾਇਆਪੁਰੀ ਇਲਾਕੇ ’ਚ ਰਹਿਣ ਵਾਲੇ ਜਾਮ ਕੁਮਾਰ ਚੌਧਰੀ (30) ਨੂੰ ਇੱਟਾਂ ਪੱਥਰ ਮਾਰ ਕੇ ਕਤਲ ਕਰਨ ਵਾਲੇ ਉਸ ਦੇ ਪੰਜ ਦੋਸਤਾਂ ਨੂੰ ਥਾਣਾ ਡਾਬਾ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜੂਆ ਖੇਡਣ ਨੂੰ ਲੈ ਕੇ ਮੁਲਜ਼ਮਾਂ ਨੇ ਜਾਮ ਕੁਮਾਰ ਨੂੰ ਕਤਲ ਕਰ ਦਿੱਤਾ ਸੀ ਤੇ ਫ਼ਰਾਰ ਹੋ ਗਏ ਸਨ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਪਿੰਡ ਫ਼ਰਾਰ ਹੋਣ ਦੀ ਫਿਰਾਕ ’ਚ ਸਨ, ਪਰ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਗੁਰਮੇਲ ਨਗਰ ਵਾਸੀ ਧਰਮਜੀਤ ਮਿਸ਼ਰਾ, ਅਨੁਜ, ਅਮਿਤ, ਪ੍ਰੇਮ ਨਗਰ ਵਾਸੀ ਕਾਲਾ ਤੇ ਮਾਇਆ ਨਗਰ ਵਾਸੀ ਸਾਗਰ ਦੇ ਰੂਪ ’ਚ ਹੋਈ ਹੈ। ਏਡੀਸੀਪੀ-2 ਸੋਹੇਲ ਕਾਸਿਮ ਮੀਰ ਨੇ ਦੱਸਿਆ ਕਿ ਜਾਮ ਕੁਮਾਰ ਚੌਧਰੀ ਦੇ ਪਿਤਾ ਦੀਨ ਦਿਆਲ ਚੌਧਰੀ ਆਪਣੇ ਪੁੱਤਰ ਭੀਮ ਚੌਧਰੀ ਦੇ ਨਾਲ ਉਸ ਦੀ ਦੁਕਾਨ ’ਤੇ ਗਏ ਸਨ। ਉਨ੍ਹਾਂ ਦਾ ਪੁੱਤਰ ਅਕਸਰ ਸ਼ਰਾਬ ਪੀਣ ਦਾ ਆਦੀ ਸੀ ਤੇ ਸ਼ਰਾਬ ਪੀਣ ਕਾਰਨ ਅਕਸਰ ਲੇਟ ਹੀ ਆਉਂਦਾ ਸੀ। ਦੀਵਾਲੀ ਵਾਲੀ ਰਾਤ ਕਰੀਬ ਸਾਢੇ ਕੁ 8 ਵਜੇ ਉਹ ਮੁਲਜ਼ਮਾਂ ਦੇ ਨਾਲ ਘਰ ਤੋਂ ਨਿਕਲਿਆ ਸੀ। ਜਦੋਂ ਦੀਨ ਦਿਆਲ ਚੌਧਰੀ ਘਰ ਪਰਤਿਆ ਤਾਂ ਜਾਮ ਕੁਮਾਰ ਬਾਰੇ ਪੁੱਛਿਆ, ਜਿਸ ’ਤੇ ਪਰਿਵਾਰ ਨੇ ਦੱਸਿਆ ਕਿ ਉਹ ਹਾਲੇ ਘਰ ਨਹੀਂ ਆਇਆ। ਦੇਰ ਰਾਤ ਕਰੀਬ 2 ਵਜੇ ਜਦੋਂ ਦੀਨ ਦਿਆਲ ਦੀ ਅੱਖ ਖੁੱਲ੍ਹੀ ਤਾਂ ਪਿੱਛੇ ਖਾਲੀ ਪਲਾਟ ’ਚੋਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਉਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਉਥੇਂ ਗਏ ਤਾਂ ਪਿੱਛੇ ਉਨ੍ਹਾਂ ਦੇ ਪੁੱਤਰ ’ਤੇ ਮੁਲਜ਼ਮ ਇੱਟਾਂ ਪੱਥਰ ਨਾਲ ਵਾਰ ਕਰ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਮੁਲਜ਼ਮ ਫ਼ਰਾਰ ਹੋ ਗਏ। ਜਦੋਂ ਉਹ ਪੁੱਤਰ ਨੂੰ ਹਸਪਤਾਲ ਲਿਜਾਣ ਲੱਗੇ ਤਾਂ ਉਸ ਦੀ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਜੂਆ ਖੇਡਣ ਨੂੰ ਲੈ ਕੇ ਉਨ੍ਹਾਂ ਦੀ ਆਪਸ ’ਚ ਬਹਿਸ ਹੋਈ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਜਾਮ ਕੁਮਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਚੋਰੀ ਦਾ ਦੋਪਹੀਆ ਵਾਹਨ ਵੇਚਣ ਦੇ ਦੋਸ਼ ਹੇਠ ਦੋ ਕਾਬੂ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਪਾਰਕਿੰਗ ਅਤੇ ਹੋਰ ਸਥਾਨਾਂ ਤੋਂ ਦੋਪਹੀਆ ਵਾਹਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮਾਂ ਨੂੰ ਥਾਣਾ ਡਿਵੀਜ਼ਨ ਨੰ.6 ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਪ੍ਰਤਾਪ ਚੌਕ ਕੋਲ ਉਸ ਸਮੇਂ ਕਾਬੂ ਕੀਤਾ, ਜਦੋਂ ਮੁਲਜ਼ਮ ਗਿੱਲ ਰੋਡ ਸਕੂਟਰ ਮਾਰਕੀਟ ’ਚ ਮੋਟਰਸਾਈਕਲ ਵੇਚਣ ਜਾ ਰਹੇ ਸਨ। ਪੁਲੀਸ ਨੇ ਇਸ ਮਾਮਲੇ ’ਚ ਮਾਲੇਰਕੋਟਲਾ ਦੇ ਸੱਟਾ ਬਾਜ਼ਾਰ ਸਥਿਤ ਮੁਹੱਲਾ ਚੋਰ ਮਾਰਾ ਵਾਸੀ ਮੁਹੰਮਦ ਜਾਵੇਦ ਤੇ ਹੈਦਰ ਸ਼ੇਖ ਦਰਗਾਹ ਮਾਲੇਰਕੋਟਲਾ ਕੋਲ ਰਹਿਣ ਵਾਲੇ ਨਦੀਮ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਵੱਖ-ਵੱਖ ਕੰਪਨੀਆਂ ਦੇ ਦੋ ਪਹੀਆ ਵਾਹਨ ਬਰਾਮਦ ਕੀਤੇ ਹਨ। ਏਡੀਸੀਪੀ-2 ਸੋਹੇਲ ਕਾਸਿਮ ਮੀਰ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਨਾਕੇ ਦੌਰਾਨ ਕਾਬੂ ਕਰ ਉਨ੍ਹਾਂ ਦੇ ਕਬਜ਼ੇ ’ਚੋਂ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ।