ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਸਤੰਬਰ
ਥਾਣਾ ਸ਼ਿਮਲਾਪੁਰੀ ਦੀ ਪੁਲੀਸ ਵੱਲੋਂ ਇੱਕ ਬਜ਼ੁਰਗ ਨਾਲ ਹਜ਼ਾਰਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਇੱਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਹੈ ਕਿ ਕੁਆਲਿਟੀ ਚੌਕ ਸ਼ਿਮਲਾਪੁਰੀ ਵਾਸੀ ਰਾਜ ਕੁਮਾਰ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦੇ ਸਹੁਰੇ ਨੂੰ ਇੱਕ ਵਿਅਕਤੀ ਨੇ ਵਿਦੇਸ਼ ਦੇ ਨੰਬਰ ਤੋਂ ਵਟਸਐਪ ਕਾਲ ਕਰ ਕੇ ਦੂਰ ਦਾ ਰਿਸ਼ਤੇਦਾਰ ਦੱਸਿਆ ਅਤੇ ਕੁਝ ਪੈਸਿਆਂ ਦੀ ਮੰਗ ਕੀਤੀ। ਉਸ ਨੇ 14 ਲੱਖ 70 ਹਜ਼ਾਰ 400 ਰੁਪਏ ਦੀ ਨਕਲੀ ਰਸੀਦ ਭੇਜ ਕੇ ਦੱਸਿਆ ਕਿ ਇਹ ਰਕਮ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਕਰਾ ਦਿੱਤਾ ਗਈ ਹੈ। ਇੱਕ ਹੋਰ ਵਿਅਕਤੀ ਨੇ ਆਪਣੇ ਆਪ ਨੂੰ ਬੈਂਕ ਦਾ ਮੈਨੇਜਰ ਦੱਸਦਿਆਂ ਉਕਤ ਰਕਮ ਉਸ ਦੇ ਖਾਤੇ ਵਿੱਚ ਜਮ੍ਹਾਂ ਹੋਣ ਦੀ ਤਸਦੀਕ ਕੀਤੀ। ਬਾਅਦ ਵਿੱਚ ਫੋਨ ਕਰਨ ਵਾਲੇ ਨੇ 50 ਹਜ਼ਾਰ ਰੁਪਏ ਦੀ ਰਕਮ ਆਪਣੇ ਰਿਸ਼ਤੇਦਾਰ ਦੇ ਇਲਾਜ ਲਈ ਕਿਸੇ ਖਾਤੇ ਵਿੱਚ ਜਮ੍ਹਾਂ ਕਰਾ ਲਏ। ਪੁਲੀਸ ਵੱਲੋਂ ਜਾਂਚ ਉਪਰੰਤ ਸੌਰਵ ਕੁਮਾਰ ਵਾਸੀ ਪਾਵਰ ਕਲੋਨੀ ਰੋਡ ਰਾਂਚੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਵਪਾਰ ਦੇ ਮਾਮਲੇ ਵਿੱਚ ਕਰੋੜਾਂ ਦੀ ਠੱਗੀ ਦਾ ਦੋਸ਼
ਲੁਧਿਆਣਾ(ਨਿੱਜੀ ਪੱਤਰ ਪ੍ਰੇਰਕ): ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਵਪਾਰ ਦੇ ਮਾਮਲੇ ਵਿੱਚ ਧੋਖਾਧੜੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਰਾਇਲ ਵਿਊ ਹੋਮਜ਼ ਪੱਖੋਵਾਲ ਰੋਡ ਵਾਸੀ ਅਮਿਤ ਕੁਮਾਰ ਨੇ ਦੱਸਿਆ ਹੈ ਕਿ ਉਸ ਦਾ ਦਲਵੀਰਪਾਲ ਸਿੰਘ ਵਾਸੀ ਸਲੇਮ ਟਾਬਰੀ ਨਾਲ ਕੱਪੜਿਆਂ ਦੇ ਲੈਣ ਦੇਣ ਦਾ ਵਪਾਰ ਸੀ। ਉਹ ਸਿਲਾਈ ਕਰਨ ਲਈ ਉਸ ਤੋਂ ਕੱਪੜਾ ਲੈਂਦਾ ਸੀ ਅਤੇ ਬਾਅਦ ਵਿੱਚ ਉਹ ਵਾਪਸ ਕਰ ਦਿੰਦਾ ਸੀ। ਉਨ੍ਹਾਂ ਜਦੋਂ ਹਿਸਾਬ ਕਿਤਾਬ ਚੈੱਕ ਕੀਤਾ ਤਾਂ ਦਲਵੀਰਪਾਲ ਸਿੰਘ ਵੱਲ ਫੈਕਟਰੀ ਦੇ 1 ਕਰੋੜ 40 ਲੱਖ 85 ਹਜ਼ਾਰ 539 ਰੁਪਏ ਦਾ ਬਕਾਇਆ ਨਿਕਲਿਆ। ਜਦੋਂ ਉਨ੍ਹਾਂ ਇੰਨੀ ਰਕਮ ਦਾ ਕੱਪੜਾ ਵਾਪਸ ਮੰਗਿਆ ਤਾਂ ਗਾਲੀ ਗਲੋਚ ਕਰਦਿਆਂ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਧੋਖਾਧੜੀ ਦਾ ਕੇਸ ਦਰਜ ਕਰ ਕੇ ਉਸਦੀ ਭਾਲ ਕੀਤੀ ਜਾ ਰਹੀ ਹੈ।