ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਨਵੰਬਰ
ਪਿੰਡ ਕੁੱਬੇ ਵਿੱਚ ਖਤਮ ਹੋਈਆਂ ਪ੍ਰਾਇਮਰੀ ਸਕੂਲਾਂ ਦੀਆਂ ਅੰਡਰ-11 ਸਾਲ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਥਰੀਕੇ ਨੇ 51 ਤਗ਼ਮੇ ਜਿੱਤ ਕੇ ਜ਼ਿਲ੍ਹੇ ਵਿੱਚੋਂ ਮੋਹਰੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਸਕੂਲ ਦੇ ਖਿਡਾਰੀਆਂ ਨੇ 20 ਸੋਨ ਤਗ਼ਮੇ, 29 ਚਾਂਦੀ ਤੇ 2 ਕਾਂਸੇ ਦੇ ਤਗ਼ਮੇ ਜਿੱਤੇ ਹਨ। ਸਕੂਲ ਦੇ ਹੈੱਡ ਟੀਚਰ ਹਰਦੇਵ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਸਕੂਲ ਦੀਆਂ ਯੋਗ ਦੀਆਂ ਤਿੰਨੋਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਰਿਧਮਿਕ ਜਿਮਨਾਸਟਿਕ ਵਿੱਚ ਲੜਕੀਆਂ ਦੀ ਟੀਮ ਨੇ ਪਹਿਲਾ, ਲੜਕਿਆਂ ਦੀ ਕਬੱਡੀ ਨੈਸ਼ਨਲ ਸਟਾਈਲ ਟੀਮ ਅਤੇ ਲੜਕੀਆਂ ਦੀ ਫੁੱਟਬਾਲ ਟੀਮ ਨੇ ਜ਼ਿਲ੍ਹੇ ’ਚੋਂ ਦੂਜਾ, ਕਰਾਟੇ ਤੇ ਐਥਲੈਟਿਕਸ ਵਿੱਚੋਂ ਵੀ ਤਗ਼ਮੇ ਹਾਸਲ ਕੀਤੇ। ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਅਤੇ ਜ਼ਿਲ੍ਹਾ ਟੂਰਨਾਮੇਂਟ ਕਮੇਟੀ ਵੱਲੋਂ ਟਰਾਫੀਆਂ ਤੇ ਤਗ਼ਮੇ ਦੇ ਕੇ ਸਨਮਾਨਿਆ ਗਿਆ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਸੁਧਾਰ ਨੇ ਕਿਹਾ ਕਿ ਬਲਾਕ ਲੁਧਿਆਣਾ-2 ਨੇ ਜ਼ਿਲ੍ਹੇ ਵਿੱਚੋਂ ਓਵਰਆਲ ਟਰਾਫੀ ਜਿੱਤ ਕੇ ਨਾਮ ਚਮਕਾਇਆ ਹੈ।