ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਅਗਸਤ
ਇੱਥੇ ਦੇ ਪਿੰਡ ਝਾਬੇਵਾਲ ’ਚ ਸ਼ੁੱਕਰਵਾਰ ਦੀ ਦੇਰ ਰਾਤ ਨੂੰ ਮੋਮਬੱਤੀ ਨਾਲ ਅੱਗ ਲੱਗਣ ਕਾਰਨ ਇੱਕ ਪਰਿਵਾਰ ਦੇ 7 ਜੀਅ ਝੁਲਸ ਗਏ। ਸੱਤਾਂ ਲੋਕਾਂ ’ਚ ਬੱਚੇ ਵੀ ਸ਼ਾਮਲ ਹਨ। ਅੱਗ ਦੀਆਂ ਲਪਟਾਂ ਦੇਖ ਤੇ ਉਨ੍ਹਾਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਕਿਸੇ ਤਰ੍ਹਾਂ ਝੁਲਸੇ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਦੇਖਦੇ ਹੋਏ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਪੀੜਤਾਂ ਦੀ ਪਛਾਣ ਪ੍ਰੇਮਪਾਲ (40), ਉਸਦੀ ਪਤਨੀ ਰਮਾ (36), ਲੜਕਾ ਅਨੁਜ ਕੁਮਾਰ (16), ਅਨਮੋਲ (8), ਮਨਚਕੀ (7), ਸ਼ਿਵਾਨੀ (10), ਪਵਨ (5) ਵਜੋਂ ਹੋਈ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਜਮਾਲਪੁਰ ਦੇ ਐੱਸਐੱਚਓ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪਰਵਾਸੀ ਪਰਿਵਾਰ ਨੇ ਦੇਰ ਰਾਤ ਨੂੰ ਸੌਣ ਲੱਗੇ ਤਾਂ ਲਾਈਟ ਚਲੀ ਗਈ। ਕਮਰੇ ’ਚ ਰੌਸ਼ਨੀ ਦੇ ਲਈ ਉਨ੍ਹਾਂ ਨੇ ਇੱਕ ਮੋਮਬੱਤੀ ਬਾਲ ਦਿੱਤੀ, ਜਿਸ ਤੋਂ ਬਾਅਦ ਅਚਾਨਕ ਨਾਲ ਸਾਰੇ ਸੌ ਗਏ। ਇੱਕਦਮ ਨਾਲ ਦੇਰ ਰਾਤ ਨੂੰ ਅਚਾਨਕ ਉਥੇ ਕੱਪੜਿਆਂ ’ਚ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਲਾਕੇ ਦੇ ਲੋਕਾਂ ਨੇ ਕਿਸੇ ਤਰ੍ਹਾਂ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਬਾਹਰ ਕੱਢਿਆ ਤੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਐਸਐਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਦੀ ਜਾਂਚ ’ਚ ਤਾਂ ਇਹੀ ਗੱਲ ਸਾਹਮਣੇ ਆਈ ਹੈ ਕਿ ਮੋਮਬੱਤੀ ਦੇ ਕਾਰਨ ਅੱਗ ਲੱਗੀ ਹੈ। ਬਾਕੀ ਪੁਲੀਸ ਜ਼ਖਮੀਆਂ ਨਾਲ ਗੱਲ ਕਰਕੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰੇਗੀ।