ਸੰਤੋਖ ਗਿੱਲ
ਗੁਰੂਸਰ ਸੁਧਾਰ, 23 ਜਨਵਰੀ
ਥਾਣਾ ਜੋਧਾਂ ਅਧੀਨ ਪੁਲੀਸ ਚੌਕੀ ਛਪਾਰ ਦੀ ਪੁਲੀਸ ਨੇ ਪਿੰਡ ਲਤਾਲਾ ਵਿਚ ਛਾਪਾ ਮਾਰ ਕੇ 77 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ, 3 ਬਜਾਜ ਸਕੂਟਰ, ਇਕ ਮੋਟਰਸਾਈਕਲ ਅਤੇ ਇੱਕ ਆਲਟੋ ਕਾਰ ਬਰਾਮਦ ਕੀਤੀ ਹੈ, ਜਦਕਿ ਦੋ ਔਰਤਾਂ ਸਮੇਤ ਅੱਧੀ ਦਰਜਨ ਤੋਂ ਵਧੇਰੇ ਮੁਲਜ਼ਮ ਫ਼ਰਾਰ ਹੋ ਗਏ ਹਨ। ਜਾਂਚ ਅਫ਼ਸਰ ਥਾਣੇਦਾਰ ਗੁਰਸੇਵਕ ਸਿੰਘ ਅਨੁਸਾਰ ਇਸ ਸਬੰਧੀ ਕੇਸ ਦਰਜ ਕਰ ਕੇ ਅਗਲੀ ਜਾਂਚ ਆਰੰਭ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਵਿਚ ਦੋ ਔਰਤਾਂ ਵੀ ਨਾਮਜ਼ਦ ਕੀਤੀਆਂ ਗਈਆਂ ਹਨ ਅਤੇ ਮੁਲਜ਼ਮ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ।
ਪਿੰਡ ਲਤਾਲਾ ਵਿਚ ਮਨਪ੍ਰੀਤ ਸਿੰਘ ਉਰਫ਼ ਮੰਨਾ ਦੇ ਘਰ ਅਤੇ ਆਸਪਾਸ ਬੇਅਬਾਦ ਕਮਰਿਆਂ ਵਿਚ ਛਾਪੇਮਾਰੀ ਕੀਤੀ ਗਈ। ਪੁਲੀਸ ਨੂੰ ਦੇਖ ਕੇ ਉੱਥੇ ਮੌਜੂਦ ਤਿੰਨ ਸਕੂਟਰਾਂ ਅਤੇ ਇਕ ਕਾਰ ਲਾਗੇ ਖੜ੍ਹੇ ਚਾਰ ਮੁਲਜ਼ਮ ਫ਼ਰਾਰ ਹੋ ਗਏ। ਆਬਕਾਰੀ ਅਫ਼ਸਰ ਦੀ ਮੌਜੂਦਗੀ ਵਿਚ ਘਰ, ਆਸਪਾਸ ਦੇ ਕਮਰਿਆਂ ਅਤੇ ਗੱਡੀਆਂ ਦੀ ਤਲਾਸ਼ੀ ਦੌਰਾਨ ਹਰਿਆਣਾ ਮਾਰਕਾ ਫ਼ਸਟ ਚੁਆਇਸ ਮਾਰਕਾ ਸ਼ਰਾਬ ਦੀਆਂ 16 ਪੇਟੀਆਂ (192 ਬੋਤਲਾਂ), ਹੀਰ ਸੋਂਫ਼ੀਆ ਮਾਰਕਾ 3 ਪੇਟੀਆਂ (36 ਬੋਤਲਾਂ), ਫ਼ੌਜੀ ਨੰਬਰ 1 ਦੀਆਂ 58 ਪੇਟੀਆਂ (696 ਬੋਤਲਾਂ) ਸ਼ਰਾਬ, 3 ਬਜਾਜ ਸਕੂਟਰ, ਪੀਬੀ 10 ਸੀਵਾਈ 5497 ਆਲਟੋ ਕਾਰ ਅਤੇ ਇਕ ਮੋਟਰ ਸਾਈਕਲ ਕਬਜ਼ੇ ਵਿਚ ਲਏ ਗਏ। ਮਨਪ੍ਰੀਤ ਸਿੰਘ ਉਰਫ਼ ਮੰਨਾ, ਗਗਨਦੀਪ ਸਿੰਘ ਗਗਨਾ, ਜਸਪ੍ਰੀਤ ਸਿੰਘ ਜੱਸੀ, ਜਗਦੀਪ ਸਿੰਘ ਉਰਫ਼ ਜੱਗਾ ਅਤੇ ਉਸ ਦੀ ਮਾਤਾ ਦਰਸ਼ਨਾਂ ਦੇਵੀ ਅਤੇ ਜਸਵਿੰਦਰ ਕੌਰ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ।