ਗਗਨ ਅਰੋੜਾ
ਲੁਧਿਆਣਾ, 18 ਅਕਤੂਬਰ
ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਅੱਜ ਬੁੱਢੇ ਨਾਲੇ ’ਤੇ ਚਾਰ ਪੁਲੀਆਂ ਬਣਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਇਹ ਪ੍ਰਾਜੈਕਟ ਕਰੀਬ 8.40 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਤੇ ਇਹ ਚਾਰ ਪੁਲੀਆਂ ਮਹਾਵੀਰ ਡਾਇੰਗ ਨੇੜੇ, ਮਨਜੀਤ ਨਗਰ ਨੇੜੇ, ਰਾਧਾ ਸੁਆਮੀ ਸੰਤਸੰਗ ਘਰ ਅਤੇ ਅੰਮ੍ਰਿਤ ਧਰਮ ਕੰਡਾ ਪੁਆਇੰਟ ਨੇੜੇ ਬਣਾਈਆਂ ਜਾਣਗੀਆਂ।
ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਕਰਦਿਆਂ ਵਿਧਾਇਕ ਭੋਲਾ ਗਰੇਵਾਲ ਅਤੇ ਡੇਚਲਵਾਲ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਬੁੱਢੇ ਨਾਲੇ ਦੇ ਆਲੇ-ਦੁਆਲੇ ਪੈਂਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਵਿਸ਼ੇਸ਼ ਤੌਰ ’ਤੇ ਬਰਸਾਤਾਂ ਦੇ ਮੌਸਮ ਵਿੱਚ ਵੱਡੀ ਸਹੂਲਤ ਮਿਲੇਗੀ। ਨਾਲੇ ਨੂੰ ਪਾਰ ਕਰਨ ਲਈ ਉਨ੍ਹਾਂ ਨੂੰ ਲੰਬਾ ਚੱਕਰ ਨਹੀਂ ਲਗਾਉਣਾ ਪਵੇਗਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰਾਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਵਿਧਾਇਕ ਭੋਲਾ ਗਰੇਵਾਲ ਨੇ ਦੱਸਿਆ ਕਿ ਇਲਾਕਾ ਵਾਸੀ ਲੰਮੇ ਸਮੇਂ ਤੋਂ ਇਨ੍ਹਾਂ ਚਾਰ ਪੁਲੀਆਂ ਦੀ ਉਸਾਰੀ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਾਲੇ ਦੇ ਦੂਜੇ ਪਾਸੇ ਇੱਕ ਸੜਕ ਵੀ ਬਣਾਈ ਜਾਵੇਗੀ ਜੋ ਇਲਾਕੇ ਵਿੱਚ ਆਵਾਜਾਈ ਨੂੰ ਹੋਰ ਸੁਚਾਰੂ ਬਣਾਏਗੀ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਲੁਧਿਆਣਾ ਪੂਰਬੀ ਹਲਕੇ ’ਚ ਕਰੋੜਾਂ ਰੁਪਏ ਦੇ ਪ੍ਰਾਜੈਕਟ ਮੁਕੰਮਲ ਹੋ ਚੁੱਕੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਦਾ ਧਿਆਨ ਵੱਡੇ ਪੱਧਰ ’ਤੇ ਵਸਨੀਕਾਂ ਦੀ ਸਹੂਲਤ ਲਈ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ’ਤੇ ਹੈ। ਇਸ ਉਦਘਾਟਨੀ ਸਮਾਹੋਰ ਦੌਰਾਨ ਨਗਰ ਨਿਗਮ ਨਿਗਰਾਨ ਇੰਜਨਿਅਰ ਪਰਵੀਨ ਸਿੰਗਲਾ, ਪ੍ਰਿੰਸੀਪਲ ਇੰਦਰਜੀਤ ਕੌਰ, ਵਾਰਡ ਪ੍ਰਧਾਨ ਅਨੂ ਚੌਧਰੀ, ਬੈਂਕ ਮੈਨੇਜਰ ਦਲਵਿੰਦਰ ਸਿੰਘ, ਅਮਰੀਕ ਸਿੰਘ ਸੈਣੀ, ਜਗਜੀਤ ਪੱਪੂ ਗਰੇਵਾਲ, ਰਾਜ ਗਰੇਵਾਲ, ਬਖਸ਼ੀਸ਼ ਹੀਰ, ਨਿਧੀ ਗੁਪਤਾ, ਵਿਪਨ ਵੈਦ, ਬਿੱਟੂ ਪ੍ਰਧਾਨ, ਗੱਗੀ ਸ਼ਰਮਾ ਤੇ ਦਫ਼ਤਰ ਇੰਚਾਰਜ ਅਸ਼ਵਨੀ ਸ਼ਰਮਾ ਮੌਜੂਦ ਸਨ।