ਗੁਰਿੰਦਰ ਸਿੰਘ
ਲੁਧਿਆਣਾ, 19 ਅਕਤੂਬਰ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਸਰਕਾਰੀ ਲਾਟਰੀ ਦੀ ਆੜ ਹੇਠ ਦੜਾ ਸੱਟਾ ਲਗਾ ਰਹੇ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਨਕਦੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ ਜਦਕਿ ਇਕ ਵਿਅਕਤੀ ਤੋਂ ਦੇਸੀ ਰਿਵਾਲਵਰ ਅਤੇ ਦਸ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲੀਸ ਨੇ ਕਮਲਜੀਤ ਸਿੰਘ ਵਾਸੀ ਜਵਾਹਰ ਨਗਰ ਕੈਂਪ ਨੂੰ ਬੱਸ ਸਟੈਂਡ ਦੇ ਪੁਲ ਥੱਲੇ ਸਰਕਾਰੀ ਲਾਟਰੀ ਦੀ ਆੜ ਹੇਠ ਦੜਾ ਸੱਟਾ ਲਗਾਉਂਦਿਆਂ ਕਾਬੂ ਕਰਕੇ 22 ਹਜ਼ਾਰ 700 ਰੁਪਏ ਦੀ ਨਕਦੀ, ਇਕ ਦੇਸੀ ਪਿਸਤੌਲ 10 ਜ਼ਿੰਦਾ ਕਾਰਤੂਸ ਅਤੇ 3 ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਥਾਣੇਦਾਰ ਕੁਲਬੀਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਨੇ ਬ੍ਰਿਜ ਮੋਹਨ ਵਾਸੀ ਜਵਾਹਰ ਨਗਰ ਅਤੇ ਫਕੀਰ ਚੰਦ ਵਾਸੀ ਕੁਆਲਿਟੀ ਚੌਕ ਨੂੰ ਜਵਾਹਰ ਨਗਰ ਕੈਂਪ ਸਥਿਤ ਲਾਟਰੀ ਦੀ ਦੁਕਾਨ ਵਿੱਚ ਦੜਾ ਸੱਟਾ ਲਗਾਉਂਦਿਆਂ ਕਾਬੂ ਕਰ ਕੇ 21 ਹਜ਼ਾਰ 500 ਰੁਪਏ, 3 ਮੋਬਾਈਲ ਫੋਨ, ਗੱਤਾ ਅਤੇ ਪੈੱਨ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੇ ਅਧਿਕਾਰੀ ਸੁਖਦੇਵ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਨਿਖਿਲ ਵਾਸੀ ਪ੍ਰਕਾਸ਼ਪੁਰੀ ਧੂਰੀ ਲਾਈਨ ਨੂੰ ਧੂਰੀ ਲਾਈਨ ਨੇੜੇ ਕਾਬੂ ਕਰ ਕੇ 1400 ਰੁਪਏ ਬਰਾਮਦ ਕੀਤੇ ਹਨ। ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲੀਸ ਨੇ ਜਸਬੀਰ ਸਿੰਘ ਦੀ ਅਗਵਾਈ ਹੇਠ ਰਾਜੇਸ਼ ਕੁਮਾਰ ਵਾਸੀ ਫੀਲਡ ਗੰਜ ਨੂੰ ਸ਼ਨੀ ਮੰਦਰ ਨੇੜੇ ਸਿਵਲ ਹਸਪਤਾਲ ਸਥਿਤ ਲਾਟਰੀ ਦੀ ਦੁਕਾਨ ਬਾਹਰ ਦੜਾ ਸੱਟਾ ਲਗਾਉਂਦਿਆਂ ਕਾਬੂ ਕਰ ਕੇ 9250 ਰੁਪਏ, ਪੈੱਨ ਅਤੇ ਗੱਤਾ ਬਰਾਮਦ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਨੇ ਗੁਰਜੀਤ ਸਿੰਘ ਦੀ ਅਗਵਾਈ ਹੇਠ ਇੰਦਰਪਾਲ ਸਿੰਘ ਵਾਸੀ ਪਿੰਡ ਗਿੱਲ ਅਤੇ ਸੰਜੇ ਕੁਮਾਰ ਵਾਸੀ ਗੁਰੂ ਅਰਜਨ ਦੇਵ ਨਗਰ ਨੂੰ ਸਿਵਲ ਹਸਪਤਾਲ ਨੇੜੇ ਕਾਬੂ ਕਾਬੂ ਕਰਕੇ 6900 ਰੁਪਏ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਨਿਰਮਲ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਨੇ ਮੁੰਨਾ ਕੁਮਾਰ ਵਾਸੀ ਸਟਾਰ ਸਿਟੀ ਕਾਲੋਨੀ ਟਿੱਬਾ ਰੋਡ ਨੂੰ ਸ਼ਿਵਾ ਜੀ ਨਗਰ ਤੋਂ ਕਾਬੂ ਕਰ ਕੇ 5120 ਰੁਪਏ ਬਰਾਮਦ ਕੀਤੇ ਹਨ। ਸਾਰੇ ਥਾਣਿਆਂ ਦੀ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।