ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਨਵੰਬਰ
ਸ਼ਹਿਰ ਵਿੱਚ ਕੁਝ ਵਿਅਕਤੀਆਂ ਨੇ ਸੀਬੀਆਈ ਅਤੇ ਆਰਬੀਆਈ ਦੇ ਫਰਜ਼ੀ ਅਧਿਕਾਰੀ ਬਣ ਕੇ ਇੱਕ ਕਾਰੋਬਾਰੀ ਨਾਲ 8 ਲੱਖ 8 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਉਕਤ ਵਿਅਕਤੀਆਂ ਨੇ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰਕੇ ਧਮਕਾਇਆ ਤੇ ਕੇਸ ਚੋਂ ਬਰੀ ਕਰਨ ਦੇ ਨਾਂ ’ਤੇ ਰਕਮ ਵਸੂਲੀ। ਇਸ ਸਬੰਧੀ ਭੁਪਿੰਦਰ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਦੀ ਸ਼ਿਕਾਇਤ ’ਤੇ ਥਾਣਾ ਸਦਰ ਦੇ ਸਾਈਬਰ ਸੈੱਲ ਦੀ ਟੀਮ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕਰਕੇ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਹੈ। ਭੁਪਿੰਦਰ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਵਟਸਐਪ ’ਤੇ ਇੱਕ ਕਾਲ ਆਈ ਤੇ ਫੋਨ ਕਰਨ ਵਾਲੇ ਨੇ ਆਪਣੀ ਪਛਾਣ ਸੀਬੀਆਈ ਅਧਿਕਾਰੀ ਵਜੋਂ ਦੱਸੀ। ਫੋਨ ਕਰਨ ਵਾਲੇ ਦੇ ਪਿਛਲੇ ਪਾਸੇ ਸੀਬੀਆਈ ਦਾ ਲੋਗੋ ਵੀ ਲੱਗਿਆ ਹੋਇਆ ਸੀ। ਮੁਲਜ਼ਮਾਂ ਨੇ ਉਸ ਨੂੰ ਡਰਾਇਆ ਕਿ ਉਸ ਦੇ ਆਧਾਰ ਕਾਰਡ ’ਤੇ ਇੱਕ ਮੋਬਾਈਲ ਨੰਬਰ ਲਿਆ ਗਿਆ ਹੈ ਤੇ ਉਸ ਨੰਬਰ ਨਾਲ ਕੁਝ ਲੋਕਾਂ ਨੇ ਅਪਰਾਧਕ ਗਤੀਵਿਧੀਆਂ ਕੀਤੀਆਂ ਹਨ। ਮੁਲਜ਼ਮਾ ਨੇ ਇਸ ਦੌਰਾਨ ਕਾਰੋਬਾਰੀ ’ਤੇ ਦਬਾਅ ਬਣਾਉਣ ਲਈ ਉਸ ਨੂੰ ਕਾਫ਼ੀ ਡਰਾਇਆ ਧਮਕਾਇਆ ਜਿਸ ਮਗਰੋਂ ਉਸ ਨੂੰ ਡਿਜ਼ੀਟਲ ਅਰੈਸਟ ਕਰਨ ਦਾ ਦਾਅਵਾ ਕਰਕੇ ਇਸ ਸਬੰਧੀ ਆਰਬੀਆਈ ਅਧਿਕਾਰੀਆਂ ਸੂਚਿਤ ਕਰਨ ਦੀ ਗੱਲ ਵੀ ਆਖੀ ਗਈ।
ਮੁਲਜ਼ਮਾਂ ਨੇ ਭੁਪਿੰਦਰ ਸਿੰਘ ਡਰਾ ਧਮਕਾ ਕੇ ਛੇਤੀ ਤੋਂ ਛੇਤੀ ਕੇਸ ਬੰਦ ਕਰਵਾਉਣ ਲਈ ਰਕਮ ਭੇਜਣ ਲਈ ਕਿਹਾ ਅਤੇ ਭਰੋਸਾ ਦਿਵਾਇਆ ਕੇ ਇਹ ਰਕਮ ਗਰੰਟੀ ਵਜੋਂ ਰੱਖੀ ਜਾ ਰਹੀ ਹੈ ਤੇ ਕੇਸ ’ਚੋਂ ਬਰੀ ਹੋਣ ਤੋਂ ਬਾਅਦ ਉਸ ਨੂੰ ਰਕਮ ਵਾਪਸ ਕਰ ਦਿੱਤੀ ਜਾਵੇਗੀ। ਕਾਰੋਬਾਰੀ ਨੇ ਤੁਰੰਤ ਅੱਠ ਲੱਖ ਰੁਪਏ ਉਨ੍ਹਾਂ ਵੱਲੋਂ ਦੱਸੇ ਗਏ ਅਕਾਊਂਟ ਵਿੱਚ ਜਮ੍ਹਾਂ ਕਰਵਾ ਦਿੱਤੇ। ਇਸ ਤੋਂ ਤੁਰੰਤ ਬਾਅਦ ਮੁਲਜ਼ਮਾਂ ਨੇ ਕਾਲ ਕੱਟ ਦਿੱਤੀ ਤੇ ਮੁੜ ਉਸ ਦੀ ਕਾਲ ਨਾ ਚੱਕੀ। ਥੋੜੀ ਦੇਰ ਬਾਅਦ ਉਕਤ ਮੁਲਜ਼ਮਾਂ ਦੇ ਨੰਬਰ ਬੰਦ ਆਉਣ ਲੱਗ ਪਏ ਜਿਸ ਮਗਰੋਂ ਸ਼ੱਕ ਪੈਣ ’ਤੇ ਭੁਪਿੰਦਰ ਸਿੰਘ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਹੈ। ਧਿਆਨ ਰਹੇ ਕਿ ਹਾਲੇ ਪਿਛਲੇ ਦਿਨਾਂ ਦੌਰਾਨ ਹੀ ਦੋ ਵੱਡੇ ਕਾਰੋਬਾਰੀਆਂ ਅਤੇ ਸੇਵਾਮੁਕਤ ਅਧਿਕਾਰੀਆਂ ਨੂੰ ਇਸੇ ਅੰਦਾਜ਼ ਵਿੱਚ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੈ।