ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਸਤੰਬਰ
ਬਸਤੀ ਜੋਧੇਵਾਲ ਦੇ ਗਹਿਲੇਵਾਲ ਇਲਾਕੇ ਵਿੱਚ ਸਥਿਤ ਇੱਕ ਧਾਗੇ ਦੇ ਗੁਦਾਮ ਦਾ ਤਾਲਾ ਤੋੜ ਕੇ ਚੋਰ ਗੁਦਾਮ ਦੇ ਅੰਦਰੋਂ 97 ਬੋਰੀਆਂ ਧਾਗਾ ਚੋਰੀ ਕਰ ਕੇ ਲੈ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਗੱਡੀ ਲੈ ਕੇ ਗੁਦਾਮ ਅੰਦਰ ਦਾਖਲ ਹੋਏ ਤੇ ਉਨ੍ਹਾਂ ਅੰਦਰੋਂ ਤੋਂ ਹੀ ਧਾਗੇ ਦੀਆਂ ਬੋਰੀਆਂ ਲੱਦੀਆਂ ਤੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਗੁਦਾਮ ਮਾਲਕ ਸਵੇਰੇ ਆਇਆ। ਉਸ ਨੇ ਦੇਖਿਆ ਕਿ ਗੁਦਾਮ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰੋਂ ਧਾਗਾ ਗਾਇਬ ਸੀ। ਇਸ ਸਬੰਧੀ ਸੁੰਦਰ ਨਗਰ ਵਾਸੀ ਰੋਹਨ ਨਨਚਾਹਲ ਨੇ ਤੁਰੰਤ ਪੁਲੀਸ ਥਾਣਾ ਬਸਤੀ ਜੋਧੇਵਾਲ ਨੂੰ ਸ਼ਿਕਾਇਤ ਦਿੱਤੀ। ਪੁਲੀਸ ਨੇ ਜਾਂਚ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਦਾ ਪਤਾ ਲਾਉਣ ਵਿੱਚ ਲੱਗੀ ਹੋਈ ਹੈ। ਰੋਹਨ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦਾ ਕੱਪੜੇ ਦਾ ਕਾਰੋਬਾਰ ਹੈ। ਉਸ ਨੇ ਗਹਿਲੇਵਾਲ ਇਲਾਕੇ ਵਿੱਚ ਗੁਦਾਮ ਬਣਾਇਆ ਹੋਇਆ ਹੈ। ਉਹ ਗੁਦਾਮ ਨੂੰ ਤਾਲਾ ਲਗਾ ਕੇ ਕੁਝ ਦਿਨ ਪਹਿਲਾਂ ਘਰ ਚਲਾ ਗਿਆ ਸੀ। ਪਿੱਛੇ ਤੋਂ ਅਣਪਛਾਤੇ ਮੁਲਜ਼ਮਾਂ ਨੇ ਗੁਦਾਮ ਦੇ ਤਾਲੇ ਤੋੜ ਕੇ ਅੰਦਰੋਂ ਤੋਂ ਧਾਗੇ ਨੂੰ ਬੋਰੀਆਂ ’ਚ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਗੱਡੀ ਨੂੰ ਗੁਦਾਮ ਦੇ ਅੰਦਰ ਲਿਜਾ ਕੇ ਅੰਦਰੋਂ ਹੀ 97 ਬੋਰੀਆਂ ਧਾਗਾ ਲੱਦ ਕੇ ਫ਼ਰਾਰ ਹੋ ਗਏ। ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਵਿੱਚ ਲੱਗੀ ਹੋਈ ਹੈ ਤਾਂ ਜੋ ਗੱਡੀ ਦਾ ਨੰਬਰ ਸਾਫ਼ ਹੋ ਸਕੇ ਅਤੇ ਮੁਲਜ਼ਮਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।