ਗਗਨਦੀਪ ਅਰੋੜਾ
ਲੁਧਿਆਣਾ, 6 ਦਸੰਬਰ
ਸਨਅਤੀ ਸ਼ਹਿਰ ਦੀ ਪਛਾਣ ਜਗਰਾਉਂ ਪੁਲ ’ਤੇ ਹੁਣ ਸ਼ਹੀਦਾਂ ਦੇ ਬੁੱਤਾਂ ਦੇ ਨਾਲ 100 ਫੁੱਟ ਉੱਚਾ ਕੌਮੀ ਝੰਡਾ ਝੁਲਾਇਆ ਜਾਵੇਗਾ। ਇਸ ਸਬੰਧੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਜਗਰਾਉਂ ਪੁਲ ਦਾ ਦੌਰਾ ਕਰ ਕੇ ਤਿਰੰਗਾ ਝੰਡਾ ਲਗਾਉਣ ਦੇ ਕੰਮ ਦਾ ਨਿਰੀਖਣ ਕੀਤਾ। ਮੰਤਰੀ ਆਸ਼ੂ ਨੇ ਦੱਸਿਆ ਕਿ ਜਗਰਾਉਂ ਪੁਲ ’ਤੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਬੁੱਤਾਂ ਨੇੜੇ ਤਿਰੰਗਾ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 100 ਫੁੱਟ ਉੱਚਾ ਤਿਰੰਗਾ ਸਥਾਪਤ ਕਰਨ ਦੇ ਨਾਲ-ਨਾਲ ਉਸ ਦੀ ਦਿੱਖ ਨੂੰ ਮਨਮੋਹਕ ਬਣਾਉਣ ਲਈ ਵਿਸ਼ੇਸ਼ ਐੱਲ.ਈ.ਡੀ. ਲਾਈਟਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਸ ਦੇ ਅੰਦਰੂਨੀ ਖੇਤਰ ਦਾ ਸੁੰਦਰੀਕਰਨ ਵੀ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਅਗਲੇ ਕੁਝ ਦਿਨਾਂ ਵਿੱਚ ਇਸ ਸਬੰਧੀ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਸ੍ਰੀ ਆਸ਼ੂ ਨੇ ਦੱਸਿਆ ਕਿ ਝੰਡੇ ਦਾ ਮਾਪ 20’× 30’ ਹੋਵੇਗਾ ਤੇ ਤਿਰੰਗਾ ਲਹਿਰਾਉਣ ਲਈ ਵਿਸ਼ੇਸ਼ ਇਲੈਕਟ੍ਰੀਕਲ ਮੋਟਰ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੌਮੀ ਝੰਡੇ ਦਾ ਕੰਮ ਮੁਕੰਮਲ ਹੋ ’ਤੇ ਕੌਮੀ ਝੰਡਾ ਦੂਰੋਂ ਵੀ ਨਜ਼ਰ ਆਵੇਗਾ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ਨੂੰ ਉਜਾਗਰ ਕਰਨ ਲਈ ਵਿਸ਼ੇਸ਼ ਐਲ.ਈ.ਡੀ. ਲਾਈਟਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਵਿੱਚ ਸਾਰੇ ਸੁਤੰਤਰਤਾ ਸੈਨਾਨੀਆਂ ਅਤੇ ਉੱਘੀਆਂ ਸ਼ਖਸੀਅਤਾਂ ਦੇ ਬੁੱਤਾਂ ’ਤੇ ਵਿਸ਼ੇਸ਼ ਲਾਈਟਾਂ ਲਗਾਉਣ ਦੀ ਪ੍ਰਕਿਰਿਆ ਜਾਰੀ ਹੈ।